Latest News
ਸੰਘੀ ਸਿਆਸਤ : ਲਾਸ਼ਾਂ ਵਿਛਾਓ, ਤਰੱਕੀ ਪਾਓ

Published on 24 Jul, 2020 11:03 AM.


ਰਾਸ਼ਟਰੀ ਸੋਇਮ ਸੇਵਕ ਇੱਕ ਫਿਰਕੂ-ਫਾਸ਼ੀ ਵਿਚਾਰਧਾਰਾ ਨੂੰ ਅਪਣਾਈ ਜਥੇਬੰਦੀ ਹੈ। ਵੱਖ-ਵੱਖ ਭਾਈਚਾਰਿਆਂ ਵਿੱਚ ਨਫ਼ਰਤ ਫੈਲਾ ਕੇ 'ਜਿਸ ਦੀ ਲਾਠੀ ਉਸ ਦੀ ਭੈਂਸ' ਵਾਲਾ ਸਮਾਜ ਸਿਰਜਣਾ ਇਸ ਦਾ ਮੁੱਖ ਏਜੰਡਾ ਰਿਹਾ ਹੈ। ਇਸ ਨਿਸ਼ਾਨੇ ਦੀ ਪੂਰਤੀ ਲਈ ਜ਼ਰੂਰੀ ਹੈ ਕਿ ਹਰ ਪੱਧਰ ਉੱਤੇ ਅਜਿਹੇ ਗੁੰਡਾ ਗਰੋਹ ਪੈਦਾ ਕੀਤੇ ਜਾਣ, ਜਿਹੜੇ ਡਾਂਗ ਦੇ ਜ਼ੋਰ ਉੱਤੇ ਆਪਣੀ ਹਕੂਮਤ ਚਲਾ ਸਕਣ। ਇਨ੍ਹਾਂ ਗੁੰਡਾ-ਗਰੋਹਾਂ ਦੇ ਸਰਦਾਰਾਂ ਸਾਹਮਣੇ ਉਸ ਪਿੰਡ ਜਾਂ ਮੁਹੱਲੇ ਦੇ ਲੋਕ ਕੁੱਸਕ ਨਾ ਸਕਣ ਤੇ ਉਨ੍ਹਾਂ ਦੇ ਹੁਕਮ ਨੂੰ ਇਲਾਹੀ ਬਚਨ ਮੰਨ ਕੇ ਉਸ 'ਤੇ ਫੁੱਲ ਚੜ੍ਹਾਉਂਦੇ ਰਹਿਣ। ਬੀਤੇ 6 ਸਾਲਾਂ ਤੋਂ ਭਾਜਪਾ ਦੀ ਅਗਵਾਈ ਵਿੱਚ ਹਰ ਰਾਜ ਤੇ ਖਾਸ ਤੌਰ 'ਤੇ ਭਾਜਪਾ ਸ਼ਾਸਤ ਸੂਬਿਆਂ ਵਿੱਚ ਇਹ ਵਰਤਾਰਾ ਚਲਦਾ ਆ ਰਿਹਾ ਹੈ। ਭੀੜਤੰਤਰੀ ਹਿੰਸਾ ਦੀਆਂ ਘਟਨਾਵਾਂ ਇਸ ਸਮਾਜਿਕ ਅਪਰਾਧੀਕਰਨ ਦੀ ਨੀਤੀ ਦਾ ਸਿੱਟਾ ਸਨ। ਅਸਲ ਵਿੱਚ ਇਹ ਸਭ ਘਟਨਾਵਾਂ ਭਾਜਪਾ ਆਗੂਆਂ ਦੀ ਸ਼ਹਿ 'ਤੇ ਹਰ ਪੱਧਰ ਉੱਤੇ ਗੁੰਡਾ ਗਰੋਹ ਪੈਦਾ ਕਰਨ ਲਈ ਕੀਤੀਆਂ ਜਾ ਰਹੀਆਂ ਸਨ। ਨਹੀਂ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਅਲੀਮੂਦੀਨ ਅੰਸਾਰੀ ਦੇ ਹਤਿਆਰੇ ਜਦੋਂ ਜ਼ਮਾਨਤ ਉੱਤੇ ਛੁੱਟ ਕੇ ਜੇਲ੍ਹੋਂ ਬਾਹਰ ਆਉਣ, ਤਦ ਵੇਲੇ ਦਾ ਕੇਂਦਰੀ ਮੰਤਰੀ ਜੈਅੰਤ ਸਿਨਹਾ ਉਨ੍ਹਾਂ ਦੇ ਗਲਾਂ ਵਿੱਚ ਹਾਰ ਪਾ ਕੇ ਤੇ ਮਠਿਆਈ ਨਾਲ ਮੂੰਹ ਮਿੱਠਾ ਕਰਾ ਕੇ ਉਨ੍ਹਾਂ ਦਾ ਸਵਾਗਤ ਕਰੇ। ਇਸ ਮੌਕੇ ਉੱਤੇ ਬੰਦੇ ਮਾਤਰਮ ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਾਏ ਗਏ। ਅਸਲ ਵਿੱਚ ਇੰਜ ਕਰਕੇ ਸਮੁੱਚੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਸੀ ਕਿ ਉਹ ਵੀ ਹੱਤਿਆ, ਦੰਗੇ ਤੇ ਲਿੰਚਿੰਗ ਕਰਕੇ ਹੀਰੋ ਬਣ ਸਕਦੇ ਹਨ।
ਭਾਜਪਾ ਦੇ ਕੇਂਦਰ ਵਿੱਚ ਸੱਤਾ ਹਾਸਲ ਕਰ ਲੈਣ ਤੋਂ ਬਾਅਦ ਭੀੜਤੰਤਰੀ ਹਿੰਸਾ ਦੀ ਪਹਿਲੀ ਘਟਨਾ ਦਾਦਰੀ ਵਿਖੇ ਮੁਹੰਮਦ ਅਖਲਾਕ ਨੂੰ ਗਊ ਮਾਸ ਰੱਖਣ ਦੇ ਦੋਸ਼ ਵਿੱਚ ਕੋਹ-ਕੋਹ ਕੇ ਮਾਰ ਦੇਣ ਦੀ ਵਾਪਰੀ ਸੀ। ਇਸ ਹੱਤਿਆ ਕਾਂਡ ਵਿੱਚ ਸ਼ਾਮਲ 15 ਹਤਿਆਰਿਆਂ ਨੂੰ ਜ਼ਮਾਨਤ ਉੱਤੇ ਆਉਣ ਤੋਂ ਬਾਅਦ ਸਰਕਾਰੀ ਮਾਲਕੀ ਵਾਲੀ ਦਾਦਰੀ ਵਿੱਚ ਸਥਿਤ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਵਿੱਚ ਨੌਕਰੀ ਦੇ ਕੇ ਇੱਕ ਮੁਸਲਿਮ ਨੂੰ ਕਤਲ ਕੀਤੇ ਜਾਣ ਦਾ ਇਨਾਮ ਦੇ ਦਿੱਤਾ ਗਿਆ ਹੈ। ਦਸੰਬਰ 2018 ਵਿੱਚ ਬੁਲੰਦ ਸ਼ਹਿਰ ਦੇ ਸਿਆਣਾ ਪਿੰਡ ਵਿੱਚ ਗਿਣੀ-ਮਿੱਥੀ ਸਾਜ਼ਿਸ਼ ਅਧੀਨ ਫਿਰਕੂ ਦੰਗੇ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਝਗੜੇ ਵਿੱਚ ਮੌਕੇ ਉੱਤੇ ਪੁੱਜੇ ਪੁਲਸ ਇੰਸਪੈਕਟਰ ਸੁਬੋਧ ਸਿੰਘ ਨੂੰ ਦੰਗਾਈਆਂ ਨੇ ਕਤਲ ਕਰ ਦਿੱਤਾ ਸੀ। ਇਸ ਕੇਸ ਵਿੱਚ ਹਿੰਦੂ ਸੰਗਠਨਾਂ ਨਾਲ ਜੁੜੇ ਸ਼ਿਖਰ ਅਗਰਵਾਲ, ਜੀਤੂ ਫੌਜੀ, ਹੇਮੂ, ਉਪੇਂਦਰ ਰਾਘਵ, ਸੌਰਵ ਤੇ ਰੋਹਿਤ ਰਾਘਵ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। 26 ਅਗਸਤ 2019 ਨੂੰ ਇਹ ਦੋਸ਼ੀ ਜਦੋਂ ਜ਼ਮਾਨਤ ਉੱਤੇ ਜੇਲ੍ਹੋਂ ਬਾਹਰ ਆਏ ਤਾਂ ਹਿੰਦੂ ਸੰਗਠਨਾਂ ਦੇ ਲੋਕਾਂ ਵੱਲੋਂ ਬੈਂਡ ਵਾਜਿਆਂ ਨਾਲ ਫੁੱਲ-ਮਾਲਾਵਾਂ ਪਾ ਕੇ ਉਨ੍ਹਾਂ ਦਾ ਜਲੂਸ ਕੱਢਿਆ ਗਿਆ। ਇਸ ਗਰੋਹ ਦੇ ਸਰਗਣਾ ਸ਼ਿਖਰ ਅਗਰਵਾਲ ਨੂੰ ਹੁਣ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਕਲਿਆਣਕਾਰੀ ਯੋਜਨਾ ਜਾਗਰੂਕਤਾ ਪ੍ਰੋਗਰਾਮ ਦਾ ਜਨਰਲ ਸਕੱਤਰ ਮੁਕੱਰਰ ਕਰ ਦਿੱਤਾ ਗਿਆ ਹੈ।
ਯੋਗੀ ਅਦਿੱਤਿਆ ਨਾਥ ਨੇ ਯੂ ਪੀ ਦੇ ਮੁੱਖ ਮੰਤਰੀ ਦੀ ਗੱਦੀ ਸੰਭਾਲਦਿਆਂ ਐਲਾਨ ਕੀਤਾ ਸੀ ਕਿ ਉਹ ਪ੍ਰਦੇਸ਼ ਨੂੰ ਅਪਰਾਧੀਆਂ ਤੋਂ ਮੁਕਤ ਕਰ ਦੇਣਗੇ। ਇਸ ਪਿੱਛੇ ਉਨ੍ਹਾਂ ਦਾ ਅਸਲ ਮਕਸਦ ਭਾਜਪਾ ਵਿਰੋਧੀ ਨਿਮਨ ਵਰਗ ਦੇ ਲੋਕਾਂ ਵਿੱਚ ਦਹਿਸ਼ਤ ਪਾ ਕੇ ਉੱਚ ਵਰਗ ਦੇ ਗੁੰਡਾ ਅਨਸਰਾਂ ਨੂੰ ਉਤਸ਼ਾਹਤ ਕਰਨਾ ਸੀ। ਇਸ ਮੁਹਿੰਮ ਅਧੀਨ ਆਏ ਦਿਨ ਪੁਲਸ ਮੁਕਾਬਲੇ ਬਣਾ ਕੇ ਅਨੇਕਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਨ੍ਹਾਂ ਵਿੱਚ ਬਹੁਤੇ ਨੀਵੀਆਂ ਜਾਤਾਂ ਤੇ ਮੁਸਲਿਮ ਧਰਮ ਦੇ ਲੋਕ ਸਨ। ਇਸ ਦੌਰਾਨ ਉੱਚ ਵਰਗ ਦੇ ਵਿਕਾਸ ਦੂਬੇ ਵਰਗੇ ਲੋਕ ਆਪਣੀ ਬਾਦਸ਼ਾਹਤ ਬੇਖੌਫ਼ ਹੋ ਕੇ ਚਲਾਉਂਦੇ ਤੇ ਵਧਾਉਂਦੇ ਰਹੇ। ਵਿਕਾਸ ਦੂਬੇ ਦਾ ਤਾਂ ਕਸੂਰ ਇਹ ਸੀ ਕਿ ਤਾਕਤ ਦੇ ਨਸ਼ੇ ਵਿੱਚ ਉਸ ਨੇ ਸੱਤਾ ਦੇ ਸਭ ਤੋਂ ਭਰੋਸੇਮੰਦ ਪੁਰਜ਼ੇ ਪੁਲਸ ਨਾਲ ਹੀ ਟੱਕਰ ਲੈ ਲਈ ਤੇ ਮਾਰਿਆ ਗਿਆ, ਨਹੀਂ ਤਾਂ ਉਸ ਦਾ ਵਾਲ ਵੀ ਵਿੰਗਾ ਨਹੀਂ ਸੀ ਹੋਣਾ। ਇਹੋ ਨਹੀਂ ਜੇਕਰ ਉਹ ਪੁਲਸ ਵਾਲਿਆਂ ਨੂੰ ਮਾਰਨ ਵਾਲਾ ਗੁਨਾਹ ਨਾ ਕਰਦਾ ਤਾਂ ਇੱਕ ਦਿਨ ਉਸ ਨੇ ਜ਼ਰੂਰ ਵਿਧਾਇਕ ਜਾਂ ਸਾਂਸਦ ਦੀ ਕੁਰਸੀ ਉੱਤੇ ਬਿਰਾਜਮਾਨ ਹੋਣਾ ਸੀ।
ਇਸ ਸਮੇਂ ਭਾਜਪਾ ਜਿਸ ਰਾਹੇ ਉੱਤੇ ਚੱਲ ਰਹੀ ਹੈ, ਉਸ ਵਿੱਚ ਅਪਰਾਧੀ ਹੋਣਾ ਗੁਨਾਹ ਨਹੀਂ, ਸਗੋਂ ਨੇਤਾ ਬਣਨ ਦੀ ਯੋਗਤਾ ਹੈ। ਮਾਲੇਗਾਂਵ ਬੰਬ ਧਮਾਕੇ ਦੀ ਮਾਸਟਰ ਮਾਈਂਡ ਸਾਧਵੀ ਪ੍ਰਗਿਆ ਭਾਜਪਾ ਦੀ ਟਿਕਟ ਉੱਤੇ ਸੰਸਦ ਵਿੱਚ ਪਹੁੰਚ ਚੁੱਕੀ ਹੈ। ਮੁਜ਼ੱਫਰਪੁਰ ਦੰਗਿਆਂ ਦਾ ਦੋਸ਼ੀ ਸੁਰੇਸ਼ ਰਾਣਾ ਯੋਗੀ ਸਰਕਾਰ ਵਿੱਚ ਕੈਬਨਿਟ ਮੰਤਰੀ ਹੈ। ਸੰਗੀਤ ਸੋਮ ਉੱਤੇ ਯੂ ਪੀ ਦੇ 6 ਥਾਣਿਆਂ ਵਿੱਚ ਦੰਗੇ ਭੜਕਾਉਣ ਦੇ ਕੇਸ ਦਰਜ ਹਨ, ਉਹ ਯੂ ਪੀ ਤੋਂ ਭਾਜਪਾ ਵਿਧਾਇਕ ਹੈ।
ਭਾਜਪਾ ਵਿੱਚ ਲਾਲ ਕ੍ਰਿਸ਼ਨ ਅਡਵਾਨੀ, ਰਾਜਨਾਥ, ਸੁਸ਼ਮਾ ਸਵਰਾਜ, ਅਰੁਣ ਜੇਤਲੀ ਤੇ ਨਿਤਿਨ ਗਡਕਰੀ ਦੇ ਮੁਕਾਬਲੇ ਨਰਿੰਦਰ ਮੋਦੀ ਦਾ ਸਿਆਸੀ ਕੱਦ ਬਹੁਤ ਨੀਵਾਂ ਸੀ। ਇਸ ਦੇ ਬਾਵਜੂਦ ਉਸ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਕਿਉਂਕਿ ਲਾਸ਼ਾਂ ਦੀ ਕਮਾਈ ਦੇ ਮਾਮਲੇ ਵਿੱਚ ਉਹ ਸਭ ਤੋਂ ਅੱਗੇ ਸਨ। ਅਸਲ ਵਿੱਚ ਆਰ ਐੱਸ ਐੱਸ ਦਾ ਆਗੂ ਚੁਣਨ ਦਾ ਆਪਣਾ ਇੱਕ ਵੱਖਰਾ ਪੈਮਾਨਾ ਹੈ, ਭਾਜਪਾ ਵਿੱਚ ਕੌਣ ਜ਼ਿਆਦਾ ਨਫ਼ਰਤੀ ਹੈ? ਕੌਣ ਵੱਧ ਤੋਂ ਵੱਧ ਦੰਗੇ ਭੜਕਾ ਸਕਦਾ ਹੈ? ਮੁਸਲਮਾਨਾਂ ਵਿਰੁੱਧ ਕੌਣ ਵੱਧ ਜ਼ਹਿਰ ਉਗਲ ਸਕਦਾ ਹੈ? ਆਦਿ ਆਦਿ। ਇਸ ਸਮੇਂ ਕਪਿਲ ਮਿਸ਼ਰਾ ਦਿੱਲੀ ਵਿੱਚ ਨਰਿੰਦਰ ਮੋਦੀ ਨੂੰ ਟੱਕਰ ਦੇ ਰਿਹਾ ਹੈ। ਉਸ ਨੇ ਗੁਜਰਾਤ ਮਾਡਲ ਨੂੰ ਦਿੱਲੀ ਵਿੱਚ ਸਫ਼ਲਤਾ-ਪੂਰਵਕ ਲਾਗੂ ਕਰਕੇ 53 ਲਾਸ਼ਾਂ ਦਾ ਅੰਕੜਾ ਹਾਸਲ ਕਰਕੇ ਆਰ ਐੱਸ ਐੱਸ ਦੀਆਂ ਨਜ਼ਰਾਂ ਵਿੱਚ ਆਪਣੀ ਉੱਚੀ ਥਾਂ ਬਣਾ ਲਈ ਹੈ। ਕੱਲ-ਕਲੋਤਰ ਨੂੰ ਜੇਕਰ ਉਸ ਨੂੰ ਦਿੱਲੀ ਭਾਜਪਾ ਦੀ ਕੁਰਸੀ ਮਿਲ ਜਾਵੇ ਤਾਂ ਇਸ ਵਿੱਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ।
-ਚੰਦ ਫਤਿਹਪੁਰੀ

528 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper