Latest News
ਫਸਲੀ ਵਿਭਿੰਨਤਾ

Published on 26 Jul, 2020 09:45 AM.


ਪੰਜਾਬ ਨੇ ਇਸ ਸਾਲ ਕਰੀਬ 3 ਲੱਖ 25 ਹਜ਼ਾਰ ਹੈਕਟੇਅਰ (8 ਲੱਖ 2 ਹਜ਼ਾਰ ਏਕੜ) ਰਕਬਾ ਝੋਨੇ ਹੇਠਲੇ ਰਕਬੇ ਵਿਚੋਂ ਕਢਾ ਕੇ ਉਸ ਵਿਚ ਕਪਾਹ, ਮੱਕੀ ਤੇ ਬਾਸਮਤੀ ਆਦਿ ਦੀ ਬਿਜਾਈ ਕਰਾਉਣ ਦਾ ਟੀਚਾ ਮਿੱਥਿਆ ਸੀ। ਸਾਉਣੀ ਦੀ ਬਿਜਾਈ ਆਖਰੀ ਪੜਾਅ ਵਿਚ ਹੈ ਤੇ ਟੀਚਾ ਸਿਰਫ 59 ਫੀਸਦੀ ਹੀ ਪੂਰਾ ਹੋਇਆ ਹੈ। ਹਾਲਾਂਕਿ ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਬਿਜਾਈ ਮੁਕੰਮਲ ਹੋਣ ਤੱਕ ਉਹ ਟੀਚਾ ਪੂਰਾ ਕਰ ਲੈਣਗੇ। ਮਹਿਕਮੇ ਨੇ ਪਿਛਲੇ ਸਾਲ ਦੇ ਇਕ ਲੱਖ 59 ਹਜ਼ਾਰ ਹੈਕਟੇਅਰ ਦੇ ਮੁਕਾਬਲੇ ਐਤਕੀਂ 3 ਲੱਖ ਹੈਕਟੇਅਰ ਵਿਚ ਮੱਕੀ, 3 ਲੱਖ 92 ਹਜ਼ਾਰ ਹੈਕਟੇਅਰ ਦੇ ਮੁਕਾਬਲੇ 5.15 ਹਜ਼ਾਰ ਹੈਕਟੇਅਰ ਵਿਚ ਕਪਾਹ ਤੇ 6 ਲੱਖ 29 ਹਜ਼ਾਰ ਹੈਕਟੇਅਰ ਦੇ ਮੁਕਾਬਲੇ 7 ਲੱਖ ਹੈਕਟੇਅਰ ਵਿਚ ਬਾਸਮਤੀ ਲੁਆਉਣ ਦਾ ਟੀਚਾ ਮਿੱਥਿਆ ਸੀ। ਝੋਨੇ ਦਾ ਟੀਚਾ 27 ਲੱਖ ਹੈਕਟੇਅਰ ਸੀ, ਜਿਸ ਵਿਚ 20 ਲੱਖ ਵਿਚ ਗੈਰ-ਬਾਸਮਤੀ ਤੇ 7 ਲੱਖ ਹੈਕਟੇਅਰ ਵਿਚ ਬਾਸਮਤੀ ਦੀ ਬਿਜਾਈ ਕਰਨੀ ਸੀ। ਪਿਛਲੇ ਸਾਲ ਗੈਰ-ਬਾਸਮਤੀ ਦਾ ਰਕਬਾ 29 ਲੱਖ 20 ਹਜ਼ਾਰ ਹੈਕਟੇਅਰ ਸੀ। ਹੁਣ ਤੱਕ ਦੇ ਅੰਕੜਿਆਂ ਮੁਤਾਬਕ ਕਪਾਹ ਦੀ ਬਿਜਾਈ 5 ਲੱਖ ਇਕ ਹਜ਼ਾਰ ਹੈਕਟੇਅਰ (ਇਕ ਲੱਖ 9 ਹਜ਼ਾਰ ਹੈਕਟੇਅਰ ਦਾ ਵਾਧਾ) ਵਿਚ ਹੋਈ ਹੈ, ਜਿਹੜੀ ਟੀਚੇ ਤੋਂ ਕਰੀਬ 13 ਹਜ਼ਾਰ ਹੈਕਟੇਅਰ ਘੱਟ ਹੈ। ਮੱਕੀ ਦਾ ਰਕਬਾ 83 ਹਜ਼ਾਰ ਹੈਕਟੇਅਰ ਵਧਿਆ ਹੈ, ਪਰ ਟੀਚੇ ਤੋਂ ਅਜੇ ਵੀ 58 ਹਜ਼ਾਰ ਹੈਕਟੇਅਰ ਘੱਟ ਹੈ। ਇਸੇ ਤਰ੍ਹਾਂ ਕਰੀਬ 6 ਲੱਖ ਹੈਕਟੇਅਰ ਵਿਚ ਬਾਸਮਤੀ ਬੀਜੀ ਜਾ ਚੁੱਕੀ ਹੈ। ਇਨ੍ਹਾਂ ਗਿਣਤੀਆਂ-ਮਿਣਤੀਆਂ ਦੇ ਹਿਸਾਬ ਨਾਲ ਪੰਜਾਬ ਇਕ ਲੱਖ 92 ਹਜ਼ਾਰ ਹੈਕਟੇਅਰ ਰਕਬਾ ਝੋਨੇ ਹੇਠੋਂ ਕੱਢ ਕੇ ਹੋਰਨਾਂ ਫਸਲਾਂ ਹੇਠ ਲਿਆਉਣ ਵਿਚ ਸਫਲ ਹੋਇਆ ਹੈ, ਜੋ ਕਿ 3 ਲੱਖ 25 ਹਜ਼ਾਰ ਹੈਕਟੇਅਰ ਦੇ ਟੀਚੇ ਦਾ ਕਰੀਬ 59 ਫੀਸਦੀ ਬਣਦਾ ਹੈ। ਮਹਿਕਮੇ ਦਾ ਮੰਨਣਾ ਹੈ ਕਿ ਜਦੋਂ ਮਹੀਨੇ ਦੇ ਅਖੀਰ ਤੱਕ ਬਿਜਾਈ ਮੁਕੰਮਲ ਹੋ ਜਾਵੇਗੀ ਤਾਂ ਟੀਚਾ ਪੂਰਾ ਹੋ ਜਾਵੇਗਾ। ਉਸ ਨੂੰ ਹੋਰ ਇਕ ਲੱਖ ਹੈਕਟੇਅਰ ਵਿਚ ਬਾਸਮਤੀ ਲੱਗ ਜਾਣ ਦੀ ਆਸ ਹੈ।
ਕਪਾਹ, ਮੱਕੀ ਤੇ ਬਾਸਮਤੀ ਨੂੰ ਆਮ ਝੋਨੇ ਨਾਲੋਂ ਕਿਤੇ ਘੱਟ ਪਾਣੀ ਦੀ ਲੋੜ ਹੁੰਦੀ ਹੈ, ਜਿਸ ਦਾ ਕਿ ਸੂਬੇ ਵਿਚ ਗੰਭੀਰ ਸੰਕਟ ਬਣਿਆ ਹੋਇਆ ਹੈ। ਪੰਜਾਬ ਦਾ ਕਿਸਾਨ ਦੇਸ਼ ਵਿਚ ਸਭ ਤੋਂ ਸਿਆਣਾ ਮੰਨਿਆ ਜਾਂਦਾ ਹੈ ਅਤੇ ਉਹ ਪਿਤਾ ਸਮਾਨ ਪਾਣੀ ਦੀ ਬਰਬਾਦੀ ਨਹੀਂ ਚਾਹੁੰਦਾ, ਪਰ ਕਣਕ ਤੇ ਝੋਨੇ ਤੋਂ ਇਲਾਵਾ ਹੋਰ ਫਸਲਾਂ ਕੌਡੀਆਂ ਦੇ ਭਾਅ ਵੇਚਣ ਲਈ ਮਜਬੂਰ ਹੋਣ ਕਰਕੇ ਉਹ ਝੋਨਾ ਲਾਉਣ ਲਈ ਮਜਬੂਰ ਹੈ। ਫਸਲੀ ਚੱਕਰ ਬਦਲਣ ਲਈ ਸਰਕਾਰਾਂ ਦੇ ਸੱਦਿਆਂ ਦਾ ਉਸ ਨੇ ਹਮੇਸ਼ਾ ਹੁੰਗਾਰਾ ਭਰਿਆ, ਪਰ ਜਦੋਂ ਫਸਲ ਮੰਡੀ ਵਿਚ ਲੈ ਕੇ ਗਿਆ ਤਾਂ ਸਰਕਾਰਾਂ ਨੇ ਉਸ ਦਾ ਸਾਥ ਨਹੀਂ ਦਿੱਤਾ। ਨਤੀਜਾ ਫਿਰ ਉਸ ਦੇ ਕਣਕ-ਝੋਨੇ ਦੇ ਚੱਕਰਵਿਊ ਵਿਚ ਫਸਣ 'ਚ ਨਿਕਲਿਆ। ਕਪਾਹ ਦੇ ਭਾਅ ਹੇਠਾਂ ਡਿਗਣ ਵੇਲੇ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਮੰਡੀਆਂ ਵਿਚ ਦਾਖਲ ਤਾਂ ਹੁੰਦੀ ਹੈ, ਪਰ ਉਦੋਂ ਤੱਕ ਕਿਸਾਨ ਨਿੱਜੀ ਵਪਾਰੀਆਂ ਹੱਥੋਂ ਲੁੱਟ ਹੋ ਗਿਆ ਹੁੰਦਾ ਹੈ। ਮੱਕੀ ਤੇ ਬਾਸਮਤੀ ਦੇ ਉਤਪਾਦਕ ਤਾਂ ਪੂਰੀ ਤਰ੍ਹਾਂ ਨਿੱਜੀ ਵਪਾਰੀਆਂ ਦੇ ਰਹਿਮੋ-ਕਰਮ 'ਤੇ ਰਹਿੰਦੇ ਹਨ। ਸਰਕਾਰ ਉਨ੍ਹਾਂ ਦੀ ਮਦਦ ਲਈ ਬਹੁੜਦੀ ਨਹੀਂ। ਹਾਲਾਂਕਿ ਨਿੱਜੀ ਵਪਾਰੀ ਬਹੁਤ ਹੀ ਘੱਟ ਕੀਮਤ 'ਤੇ ਫਸਲ ਖਰੀਦਣ ਤੋਂ ਬਾਅਦ ਭਾਰੀ ਮੁਨਾਫਾ ਕਮਾਉਂਦੇ ਹਨ। ਕੇਂਦਰ ਸਰਕਾਰ ਕਣਕ ਤੇ ਝੋਨੇ ਵਾਂਗ ਮੱਕੀ ਦਾ ਘੱਟੋ-ਘੱਟ ਇਮਦਾਦੀ ਭਾਅ ਐਲਾਨਦੀ ਹੈ, ਪਰ ਕਣਕ ਤੇ ਝੋਨੇ ਵਾਂਗ ਇਸ ਦੀ ਖਰੀਦ ਨਹੀਂ ਕਰਦੀ। ਹਾਲਾਂਕਿ ਟੀਚਾ ਪੂਰਾ ਨਹੀਂ ਹੋਇਆ, ਪਰ ਕਿਸਾਨਾਂ ਨੇ ਐਤਕੀਂ ਵੀ ਝੋਨੇ ਦਾ ਰਕਬਾ ਘਟਾ ਕੇ ਹੋਰ ਫਸਲਾਂ ਬੀਜੀਆਂ ਹਨ। ਉਹ ਇਨ੍ਹਾਂ ਦੇ ਰਕਬੇ ਵਿਚ ਹੋਰ ਵਾਧਾ ਕਰ ਸਕਦੇ ਸਨ, ਜੇ ਉਨ੍ਹਾਂ ਨੂੰ ਸਰਕਾਰਾਂ 'ਤੇ ਭਰੋਸਾ ਹੁੰਦਾ ਕਿ ਉਹ ਉਨ੍ਹਾਂ ਦੀਆਂ ਇਨ੍ਹਾਂ ਫਸਲਾਂ ਦਾ ਲਾਹੇਵੰਦਾ ਮੁੱਲ ਯਕੀਨੀ ਬਣਾ ਦੇਣਗੀਆਂ। ਦਰਅਸਲ ਸੂਬੇ ਵਿਚ ਪਾਣੀ ਦਾ ਪੱਧਰ ਹੇਠਾਂ ਜਾਣ ਲਈ ਕਿਸਾਨ ਨਹੀਂ, ਸਗੋਂ ਸਰਕਾਰਾਂ ਹੀ ਜ਼ਿੰਮੇਦਾਰ ਹਨ, ਜਿਹੜੀਆਂ ਉਨ੍ਹਾਂ ਨੂੰ ਲਾਹੇਵੰਦ ਭਾਅ ਨਾ ਦੁਆ ਕੇ ਝੋਨਾ ਲਾਉਣ ਲਈ ਮਜਬੂਰ ਕਰਦੀਆਂ ਹਨ।

448 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper