Latest News
ਸਰਕਾਰੀ ਬੁਰਛਾਗਰਦੀ ਵਿਰੁੱਧ ਉੱਠਣ ਦਾ ਵੇਲਾ

Published on 28 Jul, 2020 10:06 AM.

ਤਿੰਨ ਸਾਲ ਪਹਿਲਾਂ ਗੋਰਖਪੁਰ ਦੇ ਬੀ ਆਰ ਡੀ ਮੈਡੀਕਲ ਕਾਲਜ ਵਿੱਚ ਆਕਸੀਜਨ ਦੀ ਕਮੀ ਕਾਰਨ ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਚਰਚਾ ਦਾ ਕੇਂਦਰ ਰਹੇ ਡਾ. ਕਫੀਲ ਖਾਨ ਪਿਛਲੇ 6 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹਨ। ਉਸ ਸਮੇਂ ਉਤਰ ਪ੍ਰਦੇਸ਼ ਸਰਕਾਰ ਵੱਲੋਂ ਡਾ. ਕਫ਼ੀਲ ਖਾਨ ਨੂੰ ਲਾ-ਪਰਵਾਹੀ ਵਰਤਣ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਮੁਅੱਤਲ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਸੀ। ਹਾਲਾਂਕਿ ਸਰਕਾਰ ਵੱਲੋਂ ਬਿਠਾਈ ਜਾਂਚ ਵਿੱਚ ਉਹ ਦੋਸ਼ ਮੁਕਤ ਹੋ ਗਏ ਤੇ ਜ਼ਮਾਨਤ ਵੀ ਮਿਲ ਗਈ, ਪਰ ਉਨ੍ਹਾ ਦੀ ਮੁਅੱਤਲੀ ਖ਼ਤਮ ਨਹੀਂ ਕੀਤੀ ਗਈ।
ਇਸ ਸਮੇਂ ਉਹ ਇਸ ਦੋਸ਼ ਵਿੱਚ ਜੇਲ੍ਹਬੰਦ ਹਨ ਕਿ ਉਨ੍ਹਾ ਨਾਗਰਿਕ ਸੋਧ ਕਾਨੂੰਨ ਖ਼ਿਲਾਫ਼ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਇੱਕ ਭੜਕਾਊ ਭਾਸ਼ਣ ਦਿੱਤਾ ਸੀ। ਇਸ ਮਾਮਲੇ ਵਿੱਚ ਡਾ. ਕਫ਼ੀਲ ਵਿਰੁੱਧ ਅਲੀਗੜ੍ਹ ਦੇ ਸਿਵਲ ਲਾਈਨ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾ ਨੂੰ ਯੂ ਪੀ ਪੁਲਸ ਵੱਲੋਂ 29 ਜਨਵਰੀ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਮਥੁਰਾ ਜੇਲ੍ਹ ਵਿੱਚ ਬੰਦ ਡਾ. ਕਫ਼ੀਲ ਨੂੰ ਇਸ ਕੇਸ ਵਿੱਚ 10 ਫ਼ਰਵਰੀ ਨੂੰ ਜ਼ਮਾਨਤ ਮਿਲ ਗਈ ਸੀ, ਪਰ ਤਿੰਨ ਦਿਨਾਂ ਤੱਕ ਉਨ੍ਹਾ ਨੂੰ ਜੇਲ੍ਹ ਤੋਂ ਰਿਹਾਅ ਨਾ ਕੀਤਾ ਗਿਆ ਤੇ ਇਸ ਦੌਰਾਨ ਅਲੀਗੜ੍ਹ ਪ੍ਰਸ਼ਾਸਨ ਨੇ ਉਨ੍ਹਾ ਉੱਤੇ ਕੌਮੀ ਸੁਰੱਖਿਆ ਕਾਨੂੰਨ ਲਾ ਕੇ ਜੇਲ੍ਹ ਦੇ ਦਰਵਾਜ਼ੇ ਮੁੜ ਬੰਦ ਕਰ ਦਿੱਤੇ। ਸਵਾਲ ਇਹ ਹੈ ਕਿ ਜ਼ਮਾਨਤ ਮਿਲਣ ਦੇ ਬਾਵਜੂਦ ਉਨ੍ਹਾ ਦੀ ਰਿਹਾਈ ਤਿੰਨ ਦਿਨਾਂ ਤੱਕ ਕਿਉਂ ਨਾ ਹੋ ਸਕੀ ਤੇ ਫਿਰ ਜ਼ਮਾਨਤ ਹੋ ਜਾਣ ਉੱਤੇ ਰਾਸੁਕਾ ਕਿਵੇਂ ਲਾ ਦਿੱਤਾ ਗਿਆ, ਜਦੋਂ ਕਿ ਸੁਪਰੀਮ ਕੋਰਟ ਦਾ ਹੁਕਮ ਹੈ ਕਿ ਜ਼ਮਾਨਤ ਮਿਲਣ ਤੋਂ ਬਾਅਦ ਰਾਸੁਕਾ ਨਹੀਂ ਲਾਇਆ ਜਾ ਸਕਦਾ।
ਅਸਲ ਵਿੱਚ ਡਾ. ਕਫ਼ੀਲ ਖਾਨ ਦਾ ਦੋਸ਼ ਇਹ ਹੈ ਕਿ ਉਹ ਖਾਨ ਹੈ ਤੇ ਯੂ ਪੀ ਸਰਕਾਰ ਦੀ ਨਜ਼ਰ ਵਿੱਚ ਖਾਨ ਹੋਣਾ ਹੀ ਇੱਕ ਅਪਰਾਧ ਹੈ, ਨਹੀਂ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਨ੍ਹਾ ਦੀ ਜ਼ਮਾਨਤ ਲਈ ਅਲਾਹਾਬਾਦ ਹਾਈ ਕੋਰਟ ਵਿੱਚ ਉਨ੍ਹਾ ਦੇ ਭਰਾ ਵੱਲੋਂ ਦਾਇਰ ਕੇਸ ਵਿੱਚ 27 ਜੁਲਾਈ ਨੂੰ 12ਵੀਂ ਵਾਰ ਸੁਣਵਾਈ ਅੱਗੇ ਪਾ ਦਿੱਤੀ ਗਈ ਹੈ।
ਡਾ. ਕਫੀਲ ਦੇ ਭਰਾ ਆਦਿਲ ਖਾਨ ਦਾ ਕਹਿਣਾ ਹੈ ਕਿ 10 ਫ਼ਰਵਰੀ ਨੂੰ ਅਦਾਲਤ ਨੇ ਸ਼ਾਮ ਚਾਰ ਵਜੇ ਕਫੀਲ ਖਾਨ ਨੂੰ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ, ਪਰ ਉਨ੍ਹਾ ਨੂੰ ਰਿਹਾਅ ਨਹੀਂ ਕੀਤਾ ਗਿਆ। ਡਾ. ਕਫੀਲ ਖਾਨ ਵਿਰੁੱਧ ਦਰਜ ਸਭ ਕੇਸਾਂ ਵਿੱਚ ਉਨ੍ਹਾ ਨੂੰ ਜ਼ਮਾਨਤ ਮਿਲ ਚੁੱਕੀ ਹੈ, ਫਿਰ ਵੀ ਉਨ੍ਹਾ 'ਤੇ ਰਾਸੁਕਾ ਲਗਾ ਦਿੱਤਾ ਗਿਆ ਹੈ।
ਕੌਮੀ ਸੁਰੱਖਿਆ ਐਕਟ ਅਧੀਨ ਸਰਕਾਰ ਕਿਸੇ ਵੀ ਵਿਅਕਤੀ ਨੂੰ ਇੱਕ ਸਾਲ ਲਈ ਜੇਲ੍ਹ ਬੰਦ ਰੱਖ ਸਕਦੀ ਹੈ, ਪਰ ਹਰ ਤਿੰਨ ਮਹੀਨੇ ਤੋਂ ਬਾਅਦ ਇਸ ਦੀ ਸਲਾਹਕਾਰ ਬੋਰਡ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਡਾ. ਕਫੀਲ ਦੇ ਕੇਸ ਵਿੱਚ ਇੱਕ ਵਾਰ ਇਹ ਮਨਜ਼ੂਰੀ ਲਈ ਜਾ ਚੁੱਕੀ ਹੈ। ਡਾ. ਕਫੀਲ ਦੇ ਭਰਾ ਨੇ ਦੋਸ਼ ਲਾਇਆ ਹੈ ਕਿ ਸਰਕਾਰੀ ਵਕੀਲ ਕਿਸੇ ਨਾ ਕਿਸੇ ਬਹਾਨੇ ਤਰੀਕ ਉੱਤੇ ਤਰੀਕ ਲੈ ਰਿਹਾ ਹੈ, ਤਾਂ ਜੋ ਕਫੀਲ ਖਾਨ ਰਿਹਾਅ ਨਾ ਹੋ ਸਕਣ।
ਡਾ. ਕਫੀਲ ਨੇ ਜੇਲ੍ਹ ਵਿੱਚ ਰਹਿੰਦਿਆਂ ਇੱਕ ਪੱਤਰ ਲਿਖ ਕੇ ਜੇਲ੍ਹ ਅੰਦਰ ਉਨ੍ਹਾ ਨਾਲ ਹੋ ਰਹੇ ਅਣਮਨੁੱਖੀ ਵਿਹਾਰ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਸੀ। ਇਸ ਵਿੱਚ ਡਾ. ਕਫੀਲ ਨੇ ਲਿਖਿਆ ਸੀ ਕਿ 150 ਕੈਦੀਆਂ ਲਈ ਸਿਰਫ਼ ਇੱਕ ਪਖਾਨਾ ਹੈ, ਜਿੱਥੇ ਵਾਰੀ ਆਉਣੀ ਵੀ ਮੁਸ਼ਕਲ ਹੈ। ਉਨ੍ਹਾ ਨੂੰ ਦਿਲ ਸੰਬੰਧੀ ਸਮੱਸਿਆਵਾਂ ਹਨ, ਜਿਸ ਲਈ ਬੇਨਤੀ ਕਰਨ ਦੇ ਬਾਵਜੂਦ ਲੋੜੀਂਦੀਆਂ ਇਲਾਜ ਸੁਵਿਧਾਵਾਂ ਮੁਹੱਈਆ ਨਹੀਂ ਕਰਾਈਆਂ ਜਾ ਰਹੀਆਂ।
ਡਾ. ਕਫੀਲ ਦੀ ਰਿਹਾਈ ਲਈ ਪਿਛਲੇ ਦਿਨੀਂ ਸੋਸ਼ਲ ਮੀਡੀਆ ਉੱਤੇ ਮੁਹਿੰਮ ਚਲਾਈ ਗਈ ਸੀ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ। ਕਾਂਗਰਸ ਦੇ ਘੱਟ-ਗਿਣਤੀ ਸੈੱਲ ਵੱਲੋਂ ਵੀ ਕਫ਼ੀਲ ਦੀ ਰਿਹਾਈ ਲਈ ਦੇਸ਼-ਵਿਆਪੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਅਧੀਨ ਘਰ-ਘਰ ਜਾ ਕੇ ਦਸਤਖਤ ਇਕੱਠੇ ਕੀਤੇ ਜਾ ਰਹੇ ਹਨ। ਇਸ ਸਮੇਂ ਸਿਰਫ਼ ਡਾ. ਕਫ਼ੀਲ ਹੀ ਨਹੀਂ, ਵਰਵਰਾ ਰਾਓ, ਤੇਲਤੁੰਬੜੇ, ਨਵਲੱਖਾ ਸਮੇਤ ਕਈ ਦਰਜਨਾਂ ਬੁੱਧੀਜੀਵੀ ਤੇ ਸਮਾਜਿਕ ਕਾਰਕੁਨ ਜੇਲ੍ਹਾਂ ਵਿੱਚ ਸੜ ਰਹੇ ਹਨ। ਇਨ੍ਹਾਂ ਸਭ ਦੀ ਰਿਹਾਈ ਲਈ ਇੱਕ ਸਾਂਝੀ ਮੁਹਿੰਮ ਸਮੇਂ ਦੀ ਵੱਡੀ ਲੋੜ ਹੈ। ਨਰਿੰਦਰ ਮੋਦੀ ਹਕੂਮਤ ਆਪਣੇ ਫਾਸ਼ੀਵਾਦੀ ਨਿਜ਼ਾਮ ਦੀ ਸਥਾਪਨਾ ਵੱਲ ਕਦਮ-ਦਰ-ਕਦਮ ਅੱਗੇ ਵਧ ਰਹੀ ਹੈ। ਉਹ ਉਸ ਵਿਰੁੱਧ ਉੱਠਣ ਵਾਲੀ ਹਰ ਅਵਾਜ਼ ਨੂੰ ਕੁਚਲਣ ਦੇ ਰਾਹ ਪੈ ਚੁੱਕੀ ਹੈ। ਇਸ ਲਈ ਦੇਸ਼ ਦੇ ਹਰ ਜਾਗਰੂਕ ਨਾਗਰਿਕ ਨੂੰ ਇਸ ਹਕੂਮਤੀ ਬੁਰਛਾਗਰਦੀ ਵਿਰੁੱਧ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਹ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ, ਇਸ ਵਿੱਚ ਦੇਰੀ ਘਾਤਕ ਸਿੱਧ ਹੋ ਸਕਦੀ ਹੈ।

425 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper