Latest News
ਜਸ਼ਨ ਕਿਸ ਖੁਸ਼ੀ 'ਚ

Published on 29 Jul, 2020 10:14 AM.


ਲੰਮਾ ਸਮਾਂ ਭਾਰਤੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਰਹੇ 5 ਰਾਫ਼ੇਲ ਜੰਗੀ ਜਹਾਜ਼ ਬੁੱਧਵਾਰ ਬਾਅਦ ਦੁਪਹਿਰ ਅੰਬਾਲਾ ਦੇ ਫ਼ੌਜੀ ਏਅਰਬੇਸ ਉੱਤੇ ਉੱਤਰ ਗਏ। ਪਿਛਲੇ ਕੁਝ ਦਿਨਾਂ ਤੋਂ ਭਾਰਤੀ ਮੀਡੀਆ, ਖਾਸ ਕਰਕੇ ਟੀ ਵੀ ਨਿਊਜ਼ ਚੈਨਲਾਂ ਉੱਤੇ ਸਿਰਫ਼ ਰਾਫ਼ੇਲ-ਰਾਫ਼ੇਲ ਹੀ ਹੁੰਦੀ ਰਹੀ ਹੈ। ਚੈਨਲਾਂ ਦੇ ਐਂਕਰ ਇੱਕ-ਦੂਜੇ ਤੋਂ ਵਧ ਕੇ ਰਾਫ਼ੇਲ ਦਾ ਗੁਣਗਾਨ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਕੋਈ ਪਾਕਿਸਤਾਨ ਨੂੰ ਕੰਬਣੀ ਛੇੜੀ ਜਾ ਰਿਹਾ ਹੈ ਤੇ ਕੋਈ ਚੀਨ ਵਿਰੁੱਧ ਲਲਕਾਰੇ ਮਾਰ ਰਿਹਾ ਹੈ। ਕੋਈ ਇਸ ਦੀ ਰਫ਼ਤਾਰ ਦੀਆਂ ਤਾਰੀਫ਼ਾਂ ਕਰ ਰਿਹਾ ਹੈ, ਕੋਈ ਇਸ ਉੱਤੇ ਫਿੱਟ ਹੋਣ ਵਾਲੀਆਂ ਮਿਜ਼ਾਈਲਾਂ ਦੀ ਤਬਾਹਕੁੰਨ ਸਮਰੱਥਾ ਨੂੰ ਵਧਾ-ਚੜ੍ਹਾਅ ਕੇ ਪੇਸ਼ ਕਰਦਾ ਹੋਇਆ ਦੱਸ ਰਿਹਾ ਹੈ ਕਿ ਇਹ ਕਿਸ-ਕਿਸ ਗੁਆਂਢੀ ਦੇ ਕਿਹੜੇ-ਕਿਹੜੇ ਸ਼ਹਿਰ ਨੂੰ ਨਿਸ਼ਾਨਾ ਬਣਾ ਸਕਦੀਆਂ ਹਨ। ਇਸ ਦਿਨ ਨੂੰ ਇੱਕ ਇਤਿਹਾਸਕ ਦਿਨ ਦੱਸ ਕੇ ਲੋਕਾਂ ਦੇ ਦਿਮਾਗਾਂ ਵਿੱਚ ਜੰਗੀ ਜਨੂੰਨ ਦਾ ਫਤੂਰ ਭਰਿਆ ਜਾ ਰਿਹਾ ਹੈ। ਜੰਗ ਦਾ ਸਾਮਾਨ, ਉਹ ਵੀ ਦੂਜਿਆਂ ਤੋਂ ਖਰੀਦ ਕੇ, ਨੂੰ ਮੋਦੀ ਸਰਕਾਰ ਦੀ ਮਹਾਨ ਪ੍ਰਾਪਤੀ ਵਜੋਂ ਪੇਸ਼ ਕਰਕੇ ਲੋਕਾਂ ਵਿੱਚ ਅੰਧ-ਰਾਸ਼ਟਰਵਾਦ ਦਾ ਧੁੰਦਲਕਾ ਹੋਰ ਸੰਘਣਾ ਕੀਤਾ ਜਾ ਰਿਹਾ ਹੈ।
ਅੱਜ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਸਾਨੂੰ ਰਾਫੇਲ ਨਹੀਂ, ਹਸਪਤਾਲਾਂ ਦੀ ਲੋੜ ਹੈ, ਵੈਂਟੀਲੇਟਰਾਂ ਦੀ ਲੋੜ ਹੈ ਤੇ ਜੰਗ ਨਹੀਂ ਅਮਨ ਦੀ ਲੋੜ ਹੈ। ਅਜ਼ਾਦੀ ਮਿਲਣ ਤੋਂ ਬਾਅਦ ਸਾਡੇ ਦੇਸ਼ ਨੇ ਗੁੱਟ-ਨਿਰਲੇਪ ਲਹਿਰ ਦੇ ਆਗੂ ਵਜੋਂ ਨਿਸ਼ਸਤਰੀਕਰਨ ਦਾ ਰਾਹ ਚੁਣਿਆ ਸੀ। 1961 ਵਿੱਚ ਭਾਰਤ ਨੇ ਦੂਜੇ ਗੁੱਟ ਨਿਰਲੇਪ ਦੇਸ਼ਾਂ ਨਾਲ ਮਿਲ ਕੇ ਸੰਯੁਕਤ ਰਾਸ਼ਟਰ ਮਹਾਂ ਸਭਾ ਵਿੱਚ ਮਤਾ ਰੱਖਿਆ ਸੀ ਕਿ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨੂੰ ਸੰਯੁਕਤ ਰਾਸ਼ਟਰ ਚਾਰਟਰ ਦੀ ਉਲੰਘਣਾ ਕਰਾਰ ਦਿੱਤਾ ਜਾਵੇ। ਉਸ ਤੋਂ ਬਾਅਦ 1964 ਵਿੱਚ ਭਾਰਤ ਨੇ ਨਿਊਕਲੀਅਰ ਹਥਿਆਰਾਂ ਦੇ ਪ੍ਰਸਾਰ ਉੱਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ ਸੀ। ਭਾਰਤ ਹਮੇਸ਼ਾ ਜ਼ੋਰ ਦਿੰਦਾ ਰਿਹਾ ਹੈ ਕਿ ਸੰਸਾਰ ਪੱਧਰ ਉੱਤੇ ਅਜਿਹੀ ਸੰਧੀ ਹੋਣੀ ਚਾਹੀਦੀ ਹੈ, ਜਿਹੜੀ ਸਭ ਦੇਸ਼ਾਂ ਉੱਤੇ ਲਾਗੂ ਹੋਵੇ, ਪਰ ਪ੍ਰਮਾਣੂ ਹਥਿਆਰ ਯੁਕਤ ਵੱਡੇ ਦੇਸ਼ ਇਸ ਲਈ ਰਜ਼ਾਮੰਦ ਨਹੀਂ ਹੋ ਰਹੇ।
ਇਸ ਤੋਂ ਬਾਅਦ 1998 ਵਿੱਚ ਅਸੀਂ ਪੋਖਰਨ ਵਿੱਚ ਨਿਊਕਲੀਅਰ ਧਮਾਕਾ ਕੀਤਾ ਤੇ ਨਿਊਕਲੀਅਰ ਬੰਬ ਬਣਾ ਲਿਆ ਤਾਂ ਇਹ ਸਾਡੀ ਨਿਸ਼ਸਤਰੀਕਰਨ ਦੀ ਨੀਤੀ ਤੋਂ ਪਿਛਲਪੁਰੀ ਮੁੜਨ ਦੀ ਸ਼ੁਰੂਆਤ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਵੀ ਇਹੋ ਕੁਝ ਕਰਕੇ ਤਾਕਤਾਂ ਦਾ ਤੋਲ ਮੁੜ ਬਰਾਬਰ ਕਰ ਦਿੱਤਾ। ਇਸ ਦੇ ਬਾਵਜੂਦ ਭਾਰਤ ਹਮੇਸ਼ਾ ਕੋਸ਼ਿਸ਼ ਕਰਦਾ ਰਿਹਾ ਕਿ ਸੰਸਾਰ ਪੱਧਰ ਉੱਤੇ ਅਜਿਹੀ ਵਿਵਸਥਾ ਲਾਗੂ ਹੋਵੇ, ਜਿਸ ਨਾਲ ਹਥਿਆਰਾਂ ਦੀ ਦੌੜ ਉੱਤੇ ਰੋਕ ਲਾਈ ਜਾ ਸਕੇ। ਸੰਯੁਕਤ ਰਾਸ਼ਟਰ ਦੇ 66ਵੇਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਵੇਲੇ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਨਿਊਕਲੀਅਰ ਹਥਿਆਰ ਰਹਿਤ ਤੇ ਅਹਿੰਸਕ ਵਿਸ਼ਵ ਦੀ ਕਾਰਜ ਯੋਜਨਾ ਪੇਸ਼ ਕਰਦਿਆਂ ਕਿਹਾ ਸੀ ਕਿ ਸਾਨੂੰ ਇਸ ਨੂੰ ਸਮਾਂਬੱਧ ਢੰਗ ਨਾਲ ਤੇ ਬਿਨਾਂ ਭੇਦਭਾਵ ਦੇ ਲਾਗੂ ਕਰਨ ਲਈ ਇੱਕ ਰੋਡਮੈਪ ਤਿਆਰ ਕਰਨਾ ਚਾਹੀਦਾ ਹੈ।
ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਵਰਗੇ ਗਰੀਬ ਮੁਲਕਾਂ ਅੱਗੇ ਸਭ ਤੋਂ ਵੱਡੀ ਲੋੜ ਆਪਣੇ ਲੋਕਾਂ ਦੀ ਸਿਹਤ, ਸਿੱਖਿਆ, ਖੁਰਾਕ ਤੇ ਵਸੇਬੇ ਦੀ ਹੈ। ਸਾਡੇ ਦੇਸ਼ ਦੇ ਕਰੋੜਾਂ ਲੋਕ ਭੁੱਖੇ ਢਿੱਡ ਸੜਕਾਂ ਉੱਤੇ ਸੌਣ ਲਈ ਮਜਬੂਰ ਹਨ। ਮਹਿੰਗੀ ਵਿਦਿਆ ਤੇ ਸਿਹਤ ਸਹੂਲਤਾਂ ਲੋਕਾਂ ਦੇ ਵਿੱਤੋਂ ਬਾਹਰ ਹਨ। ਹਰ ਸਾਲ ਲੱਖਾਂ ਲੋਕ ਇਲਾਜ ਖੁਣੋਂ ਬਿਮਾਰੀਆਂ ਨਾਲ ਮਰ ਜਾਂਦੇ ਹਨ। ਬੇਰੁਜ਼ਗਾਰ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਕੇ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ, ਖੇਤੀ ਘਾਟੇ ਦਾ ਸੌਦਾ ਹੋ ਚੁੱਕੀ ਹੈ, ਜਿਸ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਇਸ ਲਈ ਹਥਿਆਰਾਂ ਦੀ ਹੋੜ ਮਜਬੂਰੀ ਤਾਂ ਹੋ ਸਕਦੀ ਹੈ, ਪਰ ਜਸ਼ਨ ਦਾ ਮੌਕਾ ਨਹੀਂ, ਪਰ ਅਜੋਕੇ ਹਾਕਮ ਤਾਂ ਮੁਸੀਬਤ ਵਿੱਚੋਂ ਵੀ ਮੌਕਾ ਢੂੰਡਣ ਜਾਣਦੇ ਹਨ। ਉਨ੍ਹਾਂ ਲਈ ਜੰਗੀ ਜਨੂੰਨ ਅੰਧ-ਰਾਸ਼ਟਰਵਾਦ ਫੈਲਾਉਣ ਦਾ ਸਭ ਤੋਂ ਕਾਰਗਰ ਹਥਿਆਰ ਹੈ। ਉਂਜ ਵੀ ਸਾਡੇ ਅਜੋਕੇ ਹਾਕਮਾਂ ਦਾ ਰਾਹ-ਦਸੇਰਾ ਇਸ ਸਮੇਂ ਡੋਨਾਲਡ ਟਰੰਪ ਹੈ। ਡੋਨਾਲਡ ਟਰੰਪ ਨੇ ਅਮਰੀਕਾ ਦਾ ਰਾਸ਼ਟਰਪਤੀ ਬਣਦਿਆਂ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਸੀ ਕਿ ਰੂਸ ਨਾਲ ਨਿਊਕਲੀਅਰ ਹਥਿਆਰਾਂ ਸੰਬੰਧੀ ਸੰਧੀ ਨੂੰ ਤੋੜ ਦਿੱਤਾ ਸੀ। ਇਹ ਉਹ ਇਤਿਹਾਸਕ ਸੰਧੀ ਸੀ, ਜਿਹੜੀ 1987 ਵਿੱਚ ਰੀਗਨ ਤੇ ਗੋਰਬਾਚੇਵ ਵਿਚਕਾਰ ਹੋਈ ਸੀ। ਇਸ ਅਧੀਨ ਉਸ ਸਮੇਂ ਰੂਸ ਵੱਲੋਂ 2692 ਤੇ ਅਮਰੀਕਾ ਵੱਲੋਂ 846 ਮਿਜ਼ਾਈਲਾਂ ਨੂੰ ਨਸ਼ਟ ਕੀਤਾ ਗਿਆ ਸੀ। ਇਸ ਕਦਮ ਨਾਲ ਦੁਨੀਆ ਭਰ ਦੇ ਦੇਸ਼ਾਂ ਵਿੱਚ ਖੁਸ਼ੀ ਦੀ ਲਹਿਰ ਛਾ ਗਈ ਸੀ। ਡੋਨਾਲਡ ਟਰੰਪ ਸਿਰਫ਼ ਇਸ ਸੰਧੀ ਵਿੱਚੋਂ ਬਾਹਰ ਹੀ ਨਹੀਂ ਨਿਕਲਿਆ, ਸਗੋਂ ਅਮਰੀਕੀ ਸੈਨਾ ਨੇ ਮੁੜ ਕਰੂਜ਼ ਮਿਜ਼ਾਈਲਾਂ ਦੇ ਤਜਰਬੇ ਸ਼ੁਰੂ ਕਰ ਦਿੱਤੇ ਹਨ। ਇਹ ਸਿਰਫ਼ ਟਰੰਪ ਹੀ ਨਹੀਂ, ਸਾਡੇ ਸਮੇਤ ਦੁਨੀਆ ਦੇ ਹੋਰ ਬਹੁਤ ਸਾਰੇ ਦੇਸ਼ਾਂ ਦੇ ਟਰੰਪ ਦੇ ਪਿਛਲੱਗ ਆਪਣੇ-ਆਪਣੇ ਖਿੱਤੇ ਵਿੱਚ ਜੰਗੀ ਜਨੂੰਨ ਭੜਕਾਉਣ ਦੇ ਰਾਹ ਪਏ ਹੋਏ ਹਨ, ਤਾਂ ਜੋ ਅੰਧ-ਰਾਸ਼ਟਰਵਾਦ ਦੀ ਭੱਠੀ ਮਘਾ ਕੇ ਸਿਆਸੀ ਰੋਟੀਆਂ ਸੇਕੀਆਂ ਜਾ ਸਕਣ।
-ਚੰਦ ਫਤਿਹਪੁਰੀ

393 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper