Latest News
ਸੂਬੇ 'ਚੋਂ ਨਸ਼ਿਆਂ ਦੇ ਮੁੱਢੋਂ ਖਾਤਮੇ ਲਈ ਸਾਰੇ ਜ਼ਿਲ੍ਹਿਆਂ 'ਚ ਨਸ਼ਾ ਛੁਡਾਊ ਸੁਸਾਇਟੀਆਂ ਬਣਾਈਆਂ ਜਾਣਗੀਆਂ : ਬਾਦਲ
ਪੰਜਾਬ ਸਰਕਾਰ ਵੱਲੋਂ ਸੂਬੇ ਵਿਚੋਂ ਨਸ਼ਿਆਂ ਦੇ ਮੁੱਢੋਂ ਖਾਤਮੇ ਲਈ ਵਿੱਢੀ ਗਈ ਮੁਹਿੰਮ ਤਹਿਤ ਸਾਰੇ ਜ਼ਿਲ੍ਹਾ ਸਦਰ ਮੁਕਾਮਾਂ \'ਤੇ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਨਸ਼ਾ ਛੁਡਾਊ ਸੁਸਾਇਟੀਆਂ ਬਣਾਈਆਂ ਜਾਣਗੀਆਂ, ਜਿਸ ਵਿਚ ਪੁਲਸ, ਸਿਹਤ, ਸਮਾਜਸੇਵੀ ਸੰਸਥਾਵਾਂ, ਮਨੋਰੋਗ ਮਾਹਰ ਡਾਕਟਰਾਂ, ਸਮਾਜਿਕ ਕਾਰਕੁਨਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਸਰਕਾਰ ਵੱਲੋਂ ਇਨ੍ਹਾਂ ਕਮੇਟੀਆਂ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ ਅਤੇ ਇਨ੍ਹਾਂ ਵਿਚ ਕਿਸੇ ਕਿਸਮ ਦੀ ਰਾਜਨੀਤਕ ਦਖਲ-ਅੰਦਾਜ਼ੀ ਨਹੀਂ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਮੁੱਖ ਮੰਤਰੀ ਨੇ ਫਿਰੋਜ਼ਪੁਰ ਸਿਵਲ ਹਸਪਤਾਲ ਵਿਚ ਇਲਾਜ ਕਰਵਾ ਰਹੇ 20 ਮਰੀਜ਼ਾਂ ਨਾਲ ਨਿੱਜੀ ਤੌਰ \'ਤੇ ਮੁਲਾਕਾਤ ਕਰਕੇ ਨਸ਼ਿਆਂ ਵਿਚ ਫਸਣ ਦੇ ਕਾਰਨਾਂ ਦੀ ਜਾਣਕਾਰੀ ਹਾਸਲ ਕੀਤੀ। ਪੰਜਾਬ ਦੇ ਵੱਡੇ ਸ਼ਹਿਰਾਂ ਅੰਮ੍ਰਿਤਸਰ, ਫਰੀਦਕੋਟ, ਬਠਿੰਡਾ, ਪਟਿਆਲਾ ਵਿਚ 50-50 ਬਿਸਤਰਿਆਂ ਦੇ ਨਸ਼ਾ ਛੁਡਾਊ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਹਸਪਤਾਲਾਂ ਵਿਚ ਮਨੋਰੋਗ ਮਾਹਰ ਡਾਕਟਰਾਂ ਦੀ ਘਾਟ ਦੀ ਪੂਰਤੀ ਲਈ ਕੇਂਦਰੀ ਸਿਹਤ ਮੰਤਰੀ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਅਤੇ ਪੰਜਾਬ ਤੇ ਦਿੱਲੀ ਵਿਚ ਮਨੋਰੋਗ ਮਾਹਰ ਡਾਕਟਰਾਂ ਦੀ ਵਿਸ਼ੇਸ਼ ਭਰਤੀ ਕੀਤੀ ਜਾ ਰਹੀ ਹੈ। ਸਾਰੇ ਮੌਜੂਦਾ ਚੱਲ ਰਹੇ 10 ਬਿਸਤਰਿਆਂ ਵਾਲੇ ਨਸ਼ਾ ਛੁਡਾਊ ਕੇਂਦਰਾਂ ਨੂੰ ਅਪਗ੍ਰੇਡ ਕਰਕੇ 20 ਬਿਸਤਰਿਆਂ ਵਾਲਾ ਕੀਤਾ ਜਾ ਰਿਹਾ ਹੈ। ਸ. ਬਾਦਲ ਨੇ ਇਸ ਮੌਕੇ \'ਤੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਕੈਂਸਰ ਦੇ ਇਲਾਜ ਲਈ ਸੂਚੀ ਦਰਜ ਕੀਤੇ ਗਏ ਪ੍ਰਾਈਵੇਟ ਹਸਪਤਾਲਾਂ ਦੀ ਤਰਜ਼ \'ਤੇ ਨਸ਼ਾ ਮੁਕਤੀ ਲਈ ਨਿੱਜੀ ਹਸਪਤਾਲਾਂ ਨੂੰ ਵੀ ਸੂਚੀਬੱਧ ਕੀਤਾ ਜਾਵੇਗਾ।rnਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਰਹਿਤ ਕਰਨ ਤੋਂ ਬਾਅਦ ਉਨ੍ਹਾਂ ਦੇ ਮੁੜ ਵਸੇਬੇ ਲਈ 22 ਮੁੜ ਵਸੇਬਾ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਇਸ ਲਈ ਲੋੜੀਂਦੀਆਂ ਇਮਾਰਤਾਂ ਦੀ ਉਸਾਰੀ ਲਈ ਨੈਸ਼ਨਲ ਬਿਲਡਿੰਗ ਕੰਸਟਰੱਕਸ਼ਨ ਕੰਪਨੀ ਨੂੰ ਕੰਮ ਦਿੱਤਾ ਜਾ ਰਿਹਾ ਹੈ ਅਤੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਮੁੜ ਵਸੇਬਾ ਕੇਂਦਰਾਂ ਦੀ ਉਸਾਰੀ ਕਰ ਦਿੱਤੀ ਜਾਵੇਗੀ, ਜਿਸ ਵਿਚ ਮਨੋਰੋਗ ਮਾਹਰ ਡਾਕਟਰਾਂ ਵੱਲੋਂ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਮਾਨਸਿਕ ਤੌਰ \'ਤੇ ਮਜ਼ਬੂਤ ਕਰਨ (ਸਾਈਕੋਥ੍ਰੈਪੀ) ਦੇ ਨਾਲ-ਨਾਲ ਖੇਡਾਂ, ਮਨੋਰੰਜਨ, ਕਿੱਤਾ ਟ੍ਰੇਨਿੰਗ ਦਾ ਪ੍ਰਬੰਧ ਕਰਕੇ ਇਕ ਸਾਜ਼ਗਾਰ ਮਾਹੌਲ ਸਿਰਜਿਆ ਜਾਵੇਗਾ।rnਇਸ ਤੋਂ ਇਲਾਵਾ ਨਰਸਾਂ, ਕੌਂਸਲਰਜ਼ ਅਤੇ ਹੋਰ ਲੋੜੀਂਦੇ ਸਟਾਫ ਦੀ ਭਰਤੀ ਵੀ ਆਉਂਦੇ ਕੁਝ ਦਿਨਾਂ ਦੇ ਅੰਦਰ-ਅੰਦਰ ਕਰ ਦਿੱਤੀ ਜਾਵੇਗੀ ਅਤੇ ਭਰਤੀ ਉਪਰੰਤ ਸਟਾਫ ਨੂੰ 2 ਮਹੀਨੇ ਦੀ ਵਿਸ਼ੇਸ਼ ਟਰੇਨਿੰਗ ਦਿੱਤੀ ਜਾਵੇਗੀ। ਹੋਰ ਲੋੜ ਪੈਣ \'ਤੇ ਸਰਕਾਰ ਵੱਲੋਂ ਦੱਖਣੀ ਸੂਬਿਆਂ ਤੋਂ ਵੀ ਮਨੋਰੋਗ ਡਾਕਟਰ ਭਰਤੀ ਕੀਤੇ ਜਾਣਗੇ। ਬਾਦਲ ਨੇ ਸਾਰੇ ਹਸਪਤਾਲਾਂ ਅਤੇ ਸਬ-ਡਵੀਜ਼ਨਾਂ ਵਿਚ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਦੇ ਕੰਮਕਾਜ ਪ੍ਰਤੀ ਤਸੱਲੀ ਪ੍ਰਗਟ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਬੀਤੇ ਦੋ ਦਿਨਾਂ ਤੋਂ ਸਾਰੇ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ਅਤੇ ਜੇਲ੍ਹਾਂ ਦਾ ਨਿੱਜੀ ਤੌਰ \'ਤੇ ਮੁੱਢਲੀ ਜਾਣਕਾਰੀ ਪ੍ਰਾਪਤ ਕਰਨ ਲਈ ਦੌਰਾ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਕੇਂਦਰਾਂ ਵਿਚ ਕਿਹੜੀ ਘਾਟ ਹੈ ਅਤੇ ਹੋਰ ਕੀ ਸੁਧਾਰ ਕੀਤਾ ਜਾ ਸਕਦਾ ਹੈ। ਪੰਜਾਬ ਦੇ ਸਾਰੇ ਨਸ਼ਾ ਛੁਡਾਊ ਕੇਂਦਰਾਂ ਵਿਚ ਬੀ.ਪੀ.ਐੱਲ. ਅਤੇ ਨੀਲਾ ਕਾਰਡ ਧਾਰਕਾਂ ਨੂੰ ਮੁਫਤ ਦਵਾਈ ਮੁਹੱਈਆ ਕਰਵਾਈ ਜਾਵੇਗੀ ਅਤੇ ਜੇਕਰ ਕਿਸੇ ਰੋਗੀ ਕੋਲ ਕਾਰਡ ਨਹੀਂ, ਪਰੰਤੂ ਹਕੀਕੀ ਰੂਪ ਵਿਚ ਗਰੀਬ ਹੈ ਤਾਂ ਉਸ ਦਾ ਮੁਫਤ ਇਲਾਜ ਕਰਨ ਲਈ ਵੀ ਡਾਕਟਰਾਂ ਨੂੰ ਅਧਿਕਾਰਤ ਕੀਤਾ ਗਿਆ ਹੈ।rnਪੱਤਰਕਾਰਾਂ ਵੱਲੋਂ ਨਸ਼ੇ ਦੇ ਖਾਤਮੇ ਲਈ ਰਾਜ ਅਤੇ ਕੇਂਦਰ ਸਰਕਾਰ ਦੀਆਂ ਖੁਫੀਆ ਏਜੰਸੀਆਂ ਵਿਚ ਆਪਸੀ ਤਾਲਮੇਲ ਦੀ ਘਾਟ ਦੇ ਕੀਤੇ ਸਵਾਲ ਦੇ ਜਵਾਬ ਵਿਚ ਸ.ਬਾਦਲ ਨੇ ਕਿਹਾ ਕਿ ਰਾਜ ਦੀਆਂ ਖੁਫੀਆ ਏਜੰਸੀਆਂ ਪੂਰਨ ਮੁਸ਼ਤੈਦੀ ਨਾਲ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਦਾ ਕੇਂਦਰੀ ਏਜੰਸੀਆਂ ਨਾਲ ਮੁਕੰਮਲ ਤਾਲਮੇਲ ਹੈ, ਜਿਸ ਦੇ ਸਿੱਟੇ ਵਜੋਂ ਪਿਛਲੇ ਦਿਨਾਂ ਵਿਚ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਹੋਈ ਹੈ। ਸਰਕਾਰੀ ਦਫ਼ਤਰਾਂ ਵਿਚ ਭ੍ਰਿਸ਼ਟਾਚਾਰ ਅਤੇ ਦਫ਼ਤਰਾਂ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਘਾਟ ਦੇ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਅਤਿ ਜ਼ਰੂਰੀ ਹੈ ਅਤੇ ਜੇਕਰ ਕੋਈ ਵੀ ਵਿਅਕਤੀ ਸਬੂਤਾਂ ਸਮੇਤ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕਰਦਾ ਹੈ ਤਾਂ ਉਸ ਵਿਰੁੱਧ ਤੁਰੰਤ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਪੰਜਾਬ ਵਿਚ ਪੀ.ਸੀ.ਐੱਸ. ਅਧਿਕਾਰੀਆਂ ਦੀ ਪਿਛਲੇ ਲੰਮੇਂ ਸਮੇਂ ਤੋਂ ਭਰਤੀ ਨਾ ਹੋਣ ਕਰਕੇ ਅਫ਼ਸਰਾਂ ਦੀ ਘਾਟ ਰਹੀ ਹੈ ਅਤੇ ਹੁਣ ਸਰਕਾਰ ਵੱਲੋਂ ਹਰ ਸਾਲ ਭਰਤੀ ਕੀਤੀ ਜਾ ਰਹੀ ਹੈ ਅਤੇ ਅਗਲੇ ਬੈਂਚ ਦੀ ਭਰਤੀ ਉਪਰੰਤ ਸਰਕਾਰੀ ਦਫ਼ਤਰਾਂ ਵਿਚ ਅਧਿਕਾਰੀਆਂ ਦੀ ਘਾਟ ਨਹੀਂ ਰਹੇਗੀ। ਮੁੱਖ ਮੰਤਰੀ ਨੇ ਇਸ ਮੌਕੇ \'ਤੇ ਡਿਪਟੀ ਕਮਿਸ਼ਨਰ ਇੰਜੀਨੀਅਰ ਡੀ.ਪੀ.ਐੱਸ. ਖਰਬੰਦਾ ਅਤੇ ਐੱਸ.ਐੱਸ.ਪੀ. ਸ੍ਰੀ ਗੁਰਪ੍ਰੀਤ ਸਿੰਘ ਗਿੱਲ ਨੂੰ ਹਦਾਇਤ ਕੀਤੀ ਕਿ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਜੇਲ੍ਹਾਂ ਵਿਚ ਭੇਜਣ ਦੀ ਬਜਾਏ ਉਨ੍ਹਾਂ ਦਾ ਨਸ਼ਾ ਛੁਡਾਊ ਕੇਂਦਰਾਂ ਵਿਚ ਇਲਾਜ ਕਰਵਾਉਣਾ ਯਕੀਨੀ ਬਣਾਇਆ ਜਾਵੇ ਅਤੇ ਹਰੇਕ ਵਿਅਕਤੀ ਦੀ ਨਿੱਜੀ ਫਾਇਲ ਤਿਆਰ ਕੀਤੀ ਜਾਵੇ ਅਤੇ ਇਲਾਜ ਕਰਵਾਉਣ ਉਪਰੰਤ ਉਨ੍ਹਾਂ ਦੀ ਨਿਗਰਾਨੀ ਰੱਖੀ ਜਾਵੇ। ਪੰਜਾਬ ਦੇ ਸਮੂਹ ਲੋਕਾਂ, ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ, ਸਮਾਜਸੇਵੀ, ਧਾਰਮਿਕ ਸੰਗਠਨਾਂ ਅਤੇ ਖਾਸ ਤੌਰ \'ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ ਵੱਲੋਂ ਵਿੱਢੀ ਇਸ ਸਾਰਥਕ ਮੁਹਿੰਮ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਤਾਂ ਜੋ ਗੁਰੂਆਂ-ਪੀਰਾਂ ਤੇ ਪੈਗੰਬਰਾਂ ਦੀ ਇਸ ਧਰਤੀ ਤੋਂ ਨਸ਼ਾਖੋਰੀ ਨੂੰ ਜੜ੍ਹੋਂ ਪੁੱਟਿਆ ਜਾ ਸਕੇ।rnਇਸ ਮੌਕੇ ਸ੍ਰੀ ਸ਼ੇਰ ਸਿੰਘ ਘੁਬਾਇਆ ਮੈਂਬਰ ਪਾਰਲੀਮੈਂਟ, ਸ੍ਰੀ ਕਮਲ ਸ਼ਰਮਾ ਪੰਜਾਬ ਪ੍ਰਧਾਨ ਭਾਜਪਾ, ਸ੍ਰੀ ਜੁਗਿੰਦਰ ਸਿੰਘ ਜਿੰਦੂ ਐੱਮ.ਐੱਲ.ਏ. ਵਿਧਾਇਕ ਹਲਕਾ ਦਿਹਾਤੀ ਫਿਰੋਜ਼ਪੁਰ, ਸ੍ਰੀ ਵੀ.ਕੇ. ਸ਼ਰਮਾ ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ, ਸ੍ਰੀ ਕੇ.ਜੀ.ਐੱਸ. ਚੀਮਾ ਪ੍ਰਮੁੱਖ ਸਕੱਤਰ, ਸ੍ਰੀਮਤੀ ਵਿੰਨੀ ਮਹਾਜਨ ਪ੍ਰਮੁੱਖ ਸਕੱਤਰ ਸਿਹਤ, ਪੀ.ਜੀ.ਆਈ. ਦੇ ਮਨੋਰੋਗਾਂ ਦੇ ਮਾਹਰ ਡਾਕਟਰ ਆਵਸਤੀ, ਡਾ. ਵਾਈ.ਕੇ. ਗੁਪਤਾ ਸਿਵਲ ਸਰਜਨ, ਸੁਖਪਾਲ ਸਿੰਘ ਨੰਨੂ ਸਾਬਕਾ ਵਿਧਾਇਕ, ਪ੍ਰੀਤਮ ਸਿੰਘ ਮਲਸੀਆਂ, ਦਰਸ਼ਨ ਸਿੰਘ ਦੋਵੇਂ ਮੈਂਬਰ ਐੱਸ.ਜੀ.ਪੀ.ਸੀ., ਮਾਸਟਰ ਗੁਰਨਾਮ ਸਿੰਘ ਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।

388 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper