Latest News
ਭਰੋਸੇ ਦੀ ਬਹਾਲੀ ਹੀ ਸੰਕਟ ਦਾ ਹੱਲ

Published on 31 Jul, 2020 11:02 AM.


ਵਰਲਡ ਬੈਂਕ ਦੇ ਸਾਬਕਾ ਮੁੱਖ ਅਰਥ ਸ਼ਾਸ਼ਤਰੀ ਅਤੇ ਭਾਰਤ ਸਰਕਾਰ ਦੇ ਸਾਬਕਾ ਆਰਥਿਕ ਸਲਾਹਕਾਰ ਪ੍ਰੋਫ਼ੈਸਰ ਕੌਸ਼ਿਕ ਬਸੂ ਨੇ ਕਿਹਾ ਹੈ ਕਿ ਭਾਰਤ ਨੇ ਪਿਛਲੇ 70 ਸਾਲਾਂ ਵਿੱਚ ਜੋ ਕਮਾਇਆ ਸੀ, ਅੱਜ ਉਸ ਨੂੰ ਬਰਬਾਦ ਕੀਤਾ ਜਾ ਰਿਹਾ ਹੈ।
ਕੋਰੋਨਾ ਮਹਾਂਮਾਰੀ ਦੇ ਸੰਕਟ ਦਾ ਭਾਰਤ ਤੇ ਦੁਨੀਆ ਦੀ ਅਰਥ -ਵਿਵਸਥਾ ਉੱਤੇ ਪ੍ਰਭਾਵ, ਕੰਮਕਾਜ ਦੇ ਤਰੀਕੇ ਵਿੱਚ ਤਬਦੀਲੀ ਤੇ ਇਸ ਦਾ ਆਮ ਲੋਕਾਂ ਦੀ ਜ਼ਿੰਦਗੀ ਉੱਤੇ ਅਸਰ ਬਾਰੇ ਹੋਈ ਇੱਕ ਚਰਚਾ ਵਿੱਚ ਬੋਲਦਿਆਂ ਉਨ੍ਹਾ ਕਿਹਾ ਕਿ ਅਸੀਂ ਸਭ ਕੋਰੋਨਾ ਕਾਰਨ ਪੈਦਾ ਹੋਈ ਸਥਿਤੀ ਨੂੰ ਦੇਖ ਰਹੇ ਹਾਂ, ਪ੍ਰੰਤੂ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਅਜਿਹੇ ਮੌਕੇ ਪਹਿਲਾਂ ਵੀ ਆਉਂਦੇ ਰਹੇ ਹਨ। ਸੰਨ 1968 ਵਿੱਚ ਹਾਂਗਕਾਂਗ ਫਲੂ ਨਾਲ ਕਰੀਬ 10 ਲੱਖ ਲੋਕਾਂ ਦੀ ਮੌਤ ਹੋਈ ਸੀ, 1958 ਵਿੱਚ ਏਸ਼ੀਆਈ ਫਲੂ ਨਾਲ 15 ਤੋਂ 20 ਲੱਖ ਲੋਕ ਮਰ ਗਏ ਸਨ ਤੇ 1980 ਵਿੱਚ ਆਏ ਸਪੈਨਿਸ਼ ਫਲੂ ਨੇ ਵੀ ਲੱਖਾਂ ਜਾਨਾਂ ਨਿਗਲ ਲਈਆਂ ਸਨ। ਇਸੇ ਲਿਹਾਜ਼ ਨਾਲ ਦੁਨੀਆ ਨੇ ਅਜਿਹੇ ਕਈ ਝਟਕੇ ਪਹਿਲਾਂ ਵੀ ਝੱਲੇ ਹਨ, ਪਰ ਉਦੋਂ ਨਾਲੋਂ ਫਰਕ ਇਹ ਹੈ ਕਿ ਅੱਜ ਸੋਸ਼ਲ ਮੀਡੀਆ ਦੇ ਆਉਣ ਨਾਲ ਪਲ-ਪਲ ਦੀ ਖ਼ਬਰ ਮਿਲਣ ਕਾਰਨ ਡਰ ਦਾ ਮਹੌਲ ਬਣਾ ਦਿੱਤਾ ਗਿਆ ਹੈ, ਜਿਸ ਕਾਰਣ ਸਮੱਸਿਆ ਹੋਰ ਵੱਡੀ ਬਣ ਗਈ ਹੈ।
ਭਾਰਤ ਦੀ ਵਿਕਾਸ ਦਰ ਸੰਬੰਧੀ ਗੱਲ ਕਰਦਿਆਂ ਕੌਸ਼ਿਕ ਬਸੂ ਨੇ ਕਿਹਾ ਕਿ 2003 ਤੋਂ ਲੈ ਕੇ 2008 ਤੱਕ ਭਾਰਤ ਦੀ ਵਿਕਾਸ ਦਰ ਤੇਜ਼ੀ ਨਾਲ ਵਧੀ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਇਹ ਲਗਾਤਾਰ ਹੇਠਾਂ ਡਿੱਗ ਰਹੀ ਹੈ। 2016-17 ਵਿੱਚ ਭਾਰਤ ਦੀ ਵਿਕਾਸ ਦਰ 8.2% ਫੀਸਦੀ ਸੀ, ਜੋ 2019-20 ਵਿੱਚ ਡਿੱਗ ਕੇ 4.2 ਫ਼ੀਸਦੀ ਉੱਤੇ ਆ ਗਈ ਸੀ। ਕੋਰੋਨਾ ਸੰਕਟ ਤੋਂ ਬਾਅਦ ਹੁਣ ਇਹ ਲਾਲ ਲਕੀਰ ਤੋਂ ਵੀ ਹੇਠਾਂ ਆ ਗਈ ਹੈ ਤੇ ਇਸ ਮਨਫ਼ੀ 5.8 ਫ਼ੀਸਦੀ ਤੱਕ ਪੁੱਜ ਚੁੱਕੀ ਹੈ। ਇਹ ਸਮੁੱਚੇ ਦੇਸ਼ ਵਾਸੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ।
ਇਸ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਉਨ੍ਹਾ ਕਿਹਾ ਕਿ ਕੋਰੋਨਾ ਦੀ ਰੋਕਥਾਮ ਦੇ ਨਾਂਅ ਉੱਤੇ ਭਾਰਤ ਨੇ ਬਿਨਾਂ ਨੋਟਿਸ ਤੇ ਤਿਆਰੀ ਦੇ ਲਾਕਡਾਊਨ ਲਾ ਦਿੱਤਾ। ਸਰਕਾਰ ਕੋਲ ਕੋਈ ਯੋਜਨਾ ਨਹੀਂ ਸੀ ਕਿ ਨੌਕਰੀਪੇਸ਼ਾ ਲੋਕਾਂ ਦਾ ਕੀ ਹੋਵੇਗਾ ਤੇ ਦਿਹਾੜੀ ਮਜ਼ਦੂਰ ਗੁਜ਼ਾਰਾ ਕਿਵੇਂ ਕਰਨਗੇ। ਪ੍ਰਧਾਨ ਮੰਤਰੀ ਨੇ ਜਿਹੜੇ ਪੈਕੇਜ ਦਾ ਐਲਾਨ ਕੀਤਾ, ਉਸ ਨੇ ਵੀ ਲੋਕਾਂ ਨੂੰ ਨਿਰਾਸ਼ ਕੀਤਾ। ਹੁਣ ਸਰਕਾਰ ਕੋਲ ਇੱਕੋ ਹੱਲ ਹੈ ਕਿ ਧੜਾਧੜ ਨੋਟ ਛਾਪੇ, ਇਸ ਨਾਲ ਸਿੱਕੇ ਦਾ ਫੈਲਾਅ ਹੋਵੇਗਾ ਤੇ ਮਹਿੰਗਾਈ ਵਧੇਗੀ, ਪਰ ਹੋਰ ਕੋਈ ਰਾਹ ਵੀ ਨਹੀਂ ਹੈ।
ਕੌਸ਼ਿਕ ਬਸੂ ਨੇ ਦੇਸ਼ ਦੀ ਰਾਜਨੀਤਕ ਹਾਲਤ ਬਾਰੇ ਬੋਲਦਿਆਂ ਕਿਹਾ ਕਿ ਇਸ ਵੇਲੇ ਸੰਸਥਾਵਾਂ ਦੀ ਸਥਿਤੀ ਬੇਹੱਦ ਖਰਾਬ ਹੈ, ਜੇ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਇਹ ਦੇਸ਼ ਲਈ ਘਾਤਕ ਹੋਵੇਗਾ। ਅਰਥ ਵਿਵਸਥਾ ਦੀ ਕਾਮਯਾਬੀ ਲਈ ਭਰੋਸੇ ਦੀ ਲੋੜ ਹੁੰਦੀ ਹੈ, ਪਰ ਨਫ਼ਰਤ ਤੇ ਵੰਡਪਾਊ ਸਿਆਸਤ ਨਾਲ ਲੋਕਾਂ ਦਾ ਭਰੋਸਾ ਟੁੱਟ ਰਿਹਾ ਹੈ, ਜੋ ਸਫ਼ਲਤਾ ਦੀ ਬੁਨਿਆਦ ਹੁੰਦਾ ਹੈ। ਜਦੋਂ ਤੱਕ ਲੋਕ ਸੁਰੱਖਿਅਤ ਮਹਿਸੂਸ ਨਹੀਂ ਕਰਦੇ, ਉਹ ਨਿਵੇਸ਼ ਨਹੀਂ ਕਰਦੇ। ਅੱਜ ਨਿਵੇਸ਼ ਵਿੱਚ ਜੋ ਗਿਰਾਵਟ ਆਈ ਹੈ, ਉਹ ਭਰੋਸੇ ਵਿੱਚ ਗਿਰਾਵਟ ਆਉਣ ਦਾ ਨਤੀਜਾ ਹੈ।
ਕਸ਼ਮੀਰ ਬਾਰੇ ਗੱਲ ਕਰਦਿਆਂ ਬਸੂ ਨੇ ਕਿਹਾ ਕਿ ਬਤੌਰ ਭਾਰਤੀ ਮੈਂ ਚਾਹੁੰਦਾ ਹਾਂ ਕਿ ਕਸ਼ਮੀਰ ਭਾਰਤ ਦਾ ਅੰਗ ਰਹੇ, ਪਰ ਮੈਂ ਕਸ਼ਮੀਰੀ ਲੋਕਾਂ ਦੇ ਦਿਲ ਵਿੱਚ ਥਾਂ ਬਣਾ ਕੇ ਅਜਿਹਾ ਕਰਨਾ ਚਾਹੁੰਦਾ ਹਾਂ। ਬਤੌਰ ਸਰਕਾਰ ਸਾਨੂੰ ਧਰਮ, ਜਾਤੀ, ਰੰਗ, ਭਾਸ਼ਾ ਤੇ ਇਲਾਕਾਵਾਦ ਤੋਂ ਉਪਰ ਉੱਠ ਕੇ ਸਭ ਨਾਲ ਬਰਾਬਰ ਦਾ ਵਰਤਾਅ ਕਰਨਾ ਚਾਹੀਦਾ ਹੈ, ਆਰਥਿਕ ਵਿਕਾਸ ਦੀ ਇਹੋ ਗਰੰਟੀ ਹੈ।
ਕੌਸ਼ਿਕ ਬਸੂ ਨੇ ਇਸ ਮੌਕੇ ਆਪਣੀ ਇੱਕ ਯਾਦ ਤਾਜ਼ਾ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦਾ ਮੁੱਖ ਆਰਥਿਕ ਸਲਾਹਕਾਰ ਹੁੰਦਿਆਂ 2011 ਵਿੱਚ ਇੱਕ ਅਖ਼ਬਾਰ ਵਿੱਚ ਮੇਰਾ ਇੱਕ ਲੇਖ ਛਪਿਆ, ਜਿਸ ਵਿੱਚ ਮੈਂ ਕਿਹਾ ਸੀ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਵਿੱਚ ਸੋਧ ਹੋਣੀ ਚਾਹੀਦੀ ਹੈ ਤੇ ਰਿਸ਼ਵਤ ਦੇਣ ਵਾਲੇ ਦੀ ਥਾਂ ਸਿਰਫ਼ ਰਿਸ਼ਵਤ ਲੈਣ ਵਾਲੇ ਅਧਿਕਾਰੀ ਜਾਂ ਕਰਮਚਾਰੀ ਨੂੰ ਹੀ ਸਜ਼ਾ ਹੋਣੀ ਚਾਹੀਦੀ ਹੈ। ਮੇਰੇ ਇਸ ਵਿਚਾਰ 'ਤੇ ਤੂਫਾਨ ਖੜ੍ਹਾ ਹੋ ਗਿਆ ਤੇ ਮੰਗ ਹੋਣ ਲੱਗ ਪਈ ਕਿ ਇਸ ਨੂੰ ਸਰਕਾਰ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ। ਇਸੇ ਦੌਰਾਨ ਇੱਕ ਟੀ ਵੀ ਚੈਨਲ ਨੇ ਮੈਨੂੰ ਇਸੇ ਵਿਸ਼ੇ 'ਤੇ ਵਿਚਾਰ ਕਰਨ ਲਈ ਸੱਦ ਲਿਆ। ਮੈਂ ਇਸ ਸੰਬੰਧੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਪੁੱਛ ਲਿਆ। ਉਨ੍ਹਾ ਕਿਹਾ ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਹੀਂ, ਪਰ ਤੁਹਾਨੂੰ ਆਪਣੇ ਵਿਚਾਰ ਟੀ ਵੀ ਉੱਤੇ ਜ਼ਰੂਰ ਪੇਸ਼ ਕਰਨੇ ਚਾਹੀਦੇ ਹਨ। ਕੌਸ਼ਿਕ ਨੇ ਕਿਹਾ ਕਿ ਇਹ ਮੇਰੇ ਲਈ ਇੱਕ ਯਾਦਗਾਰੀ ਪਲ ਸਨ। ਭਾਰਤ ਨੂੰ ਅਜਿਹੀਆਂ ਘਟਨਾਵਾਂ ਲਈ ਮਾਣ ਹੋਣਾ ਚਾਹੀਦਾ ਹੈ। ਭਾਰਤ ਨੂੰ ਇੱਕ ਖੁੱਲ੍ਹਾ ਸਮਾਜ ਚਾਹੀਦਾ ਹੈ, ਜਿਸ ਵਿੱਚ ਵੱਖ-ਵੱਖ ਵਿਚਾਰਾਂ ਉੱਤੇ ਚਰਚਾ ਹੋਵੇ। ਅਜਿਹਾ ਸਮਾਜ ਸਿਰਜ ਕੇ ਹੀ ਅਸੀਂ ਇਸ ਸੰਕਟ ਦੀ ਘੜੀ ਨੂੰ ਪਾਰ ਕਰ ਸਕਦੇ ਹਾਂ।

334 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper