Latest News
ਮਹਿਬੂਬਾ ਦੀ ਨਜ਼ਰਬੰਦੀ 'ਚ ਤਿੰਨ ਮਹੀਨੇ ਦਾ ਇਜ਼ਾਫਾ

Published on 31 Jul, 2020 11:15 AM.


ਸ੍ਰੀਨਗਰ : ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀ ਡੀ ਪੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਦੀ ਪਬਲਿਕ ਸੇਫਟੀ ਐਕਟ ਤਹਿਤ ਨਜ਼ਰਬੰਦੀ ਤਿੰਨ ਹੋਰ ਮਹੀਨਿਆਂ ਲਈ ਵਧਾ ਦਿੱਤੀ ਗਈ ਹੈ। ਨਜ਼ਰਬੰਦੀ 5 ਅਗਸਤ ਨੂੰ ਖਤਮ ਹੋਣ ਵਾਲੀ ਸੀ। ਗ੍ਰਹਿ ਵਿਭਾਗ ਦੇ ਨਵੇਂ ਹੁਕਮਾਂ ਮੁਤਾਬਕ ਉਹ ਤਿੰਨ ਹੋਰ ਮਹੀਨੇ ਆਪਣੀ ਸਰਕਾਰੀ ਰਿਹਾਇਸ਼ਗਾਹ ਫੇਅਰਵਿਊ ਬੰਗਲੋ ਵਿਚ ਨਜ਼ਰਬੰਦ ਰਹਿਣਗੇ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਨਜ਼ਰਬੰਦੀ ਵਧਾਉਣ ਦੀ ਸਿਫਾਰਸ਼ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਦਿੱਤੀ ਹੈ। ਇਸੇ ਦੌਰਾਨ ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਤੇ ਸਾਬਕਾ ਮੰਤਰੀ ਸੱਜਾਦ ਲੋਨ ਨੂੰ ਲੱਗਭੱਗ ਇਕ ਸਾਲ ਦੀ ਨਜ਼ਰਬੰਦੀ ਤੋਂ ਬਾਅਦ ਸ਼ੁੱਕਰਵਾਰ ਆਜ਼ਾਦ ਕਰ ਦਿੱਤਾ ਗਿਆ। ਫਾਰੂਕ ਅਬਦੁੱਲਾ ਤੇ ਉਮਰ ਅਬਦੁੱਲਾ ਪਹਿਲਾਂ ਹੀ ਛੱਡੇ ਜਾ ਚੁੱਕੇ ਹਨ। ਪੀ ਡੀ ਪੀ ਪ੍ਰਧਾਨ ਮਹਿਬੂਬਾ ਮੁਫਤੀ ਅਜੇ ਵੀ ਨਜ਼ਰਬੰਦ ਹਨ। ਪਿਛਲੇ ਸਾਲ 5 ਅਗਸਤ ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਖਤਮ ਕਰਨ ਵੇਲੇ ਕਈ ਆਗੂ ਨਜ਼ਰਬੰਦ ਕਰ ਦਿੱਤੇ ਗਏ ਸਨ।
ਲੋਨ ਨੇ ਟਵਿਟਰ 'ਤੇ ਨਜ਼ਰਬੰਦੀ ਖਤਮ ਹੋਣ ਦੀ ਜਾਣਕਾਰੀ ਦਿੰਦਿਆਂ ਕਿਹਾ, 'ਪਹਿਲਾਂ ਜੇਲ੍ਹ ਵਿਚ ਸਰੀਰਕ ਤਸੀਹੇ ਝਲਦਾ ਰਿਹਾ, ਪਰ ਐਤਕੀਂ ਸਾਲ ਭਰ ਮਾਨਸਿਕ ਤਸੀਹੇ ਝੱਲੇ। ਇਸ ਬਾਰੇ ਛੇਤੀ ਹੀ ਗੱਲਾਂ ਸਾਂਝੀਆਂ ਕਰਾਂਗਾ।' ਲੋਨ ਨੂੰ 6 ਫਰਵਰੀ ਨੂੰ ਐੱਮ ਐੱਲ ਏ ਹੋਸਟਲ ਤੋਂ ਕੱਢ ਕੇ ਘਰ ਵਿਚ ਨਜ਼ਰਬੰਦ ਕੀਤਾ ਗਿਆ ਸੀ। 2002 ਵਿਚ ਦਹਿਸ਼ਤਗਰਦਾਂ ਹੱਥੋਂ ਮਾਰੇ ਗਏ ਅਬਦੁਲ ਗਨੀ ਲੋਨ ਦੇ ਬੇਟੇ ਸੱਜਾਦ ਲੋਨ ਪੀ ਡੀ ਪੀ-ਭਾਜਪਾ ਸਰਕਾਰ ਵਿਚ ਭਾਜਪਾ ਦੇ ਕੋਟੇ ਵਿਚੋਂ ਮੰਤਰੀ ਬਣਾਏ ਗਏ ਸਨ। ਉਨ੍ਹਾ ਪਿਛਲੇ ਸਾਲ ਨੈਸ਼ਨਲ ਕਾਨਫਰੰਸ ਤੇ ਪੀ ਡੀ ਪੀ ਵੱਲੋਂ ਬਾਈਕਾਟ ਦੇ ਬਾਅਦ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਕਰਾਉਣ ਵਿਚ ਰੋਲ ਨਿਭਾਇਆ ਸੀ। ਜਦੋਂ ਕੇਂਦਰ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਖਤਮ ਕਰਨ ਦੀ ਚਾਲ ਚੱਲੀ ਤਾਂ ਉਹ ਇਸ ਦੇ ਵਿਰੋਧ ਵਿਚ ਸ੍ਰੀਨਗਰ 'ਚ ਹੋਈ ਆਲ ਪਾਰਟੀਜ਼ ਮੀਟਿੰਗ ਵਿਚ ਸ਼ਾਮਲ ਹੋਏ ਸਨ।

226 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper