Latest News
ਮੁੱਛਲ ਵਾਇਰਸ ਨੇ 36 ਜਾਨਾਂ ਲਈਆਂ

Published on 31 Jul, 2020 11:16 AM.


ਤਰਨ ਤਾਰਨ/ਮਾਨਾਂਵਾਲਾ (ਬਲਦੇਵ ਸਿੰਘ ਪਨੂੰ, ਪਵਨ ਕੁਮਾਰ/ਸਰਬਜੀਤ ਜੰਜੂਆ) : ਮਾਝੇ ਵਿਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਸ਼ੁੱਕਰਵਾਰ 36 ਹੋ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਨੂੰ ਮੈਜਿਸਟ੍ਰੇਟੀ ਜਾਂਚ ਕਰਨ ਲਈ ਕਿਹਾ ਹੈ। ਮੌਤਾਂ ਅੰਮ੍ਰਿਤਸਰ, ਬਟਾਲਾ ਤੇ ਤਰਨ ਤਾਰਨ ਦੇ ਇਲਾਕਿਆਂ ਵਿਚ ਹੋਈਆਂ ਹਨ। ਕਈ ਲਾਸ਼ਾਂ ਦਾ ਬਿਨਾਂ ਪੋਸਟਮਾਰਟਮ ਦੇ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ। ਇਹ ਤ੍ਰਾਸਦੀ ਉਦੋਂ ਵਾਪਰੀ ਹੈ ਜਦੋਂ ਖਜ਼ਾਨੇ ਨੂੰ ਪੈ ਰਹੇ ਘਾਟੇ ਕਾਰਨ ਮੁੱਖ ਮੰਤਰੀ ਨੇ ਦੋ ਮਹੀਨੇ ਪਹਿਲਾਂ ਨਾਜਾਇਜ਼ ਸ਼ਰਾਬ ਕੱਢਣ ਵਾਲਿਆਂ 'ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ।
ਪੁਲਸ ਨੇ ਪਿੰਡ ਮੁੱਛਲ ਦੀ ਬਲਵਿੰਦਰ ਕੌਰ ਨੂੰ ਤਾਜ਼ੀਰਾਤੇ ਹਿੰਦ ਦੀ ਦਫਾ 304 ਤੇ ਐਕਸਾਈਜ਼ ਐਕਟ ਦੇ ਸੈਕਸ਼ਨ 61/1/14 ਤਹਿਤ ਗ੍ਰਿਫਤਾਰ ਕੀਤਾ ਹੈ। ਡੀ ਜੀ ਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪਹਿਲੀਆਂ 5 ਮੌਤਾਂ 29 ਜੁਲਾਈ ਦੀ ਰਾਤ ਅੰਮ੍ਰਿਤਸਰ ਦਿਹਾਤੀ ਦੇ ਤਰਸਿੱਕਾ ਥਾਣੇ ਦੇ ਪਿੰਡਾਂ ਮੁੱਛਲ ਤੇ ਟਾਂਗਰਾਂ ਵਿਚ ਹੋਈਆਂ। 30 ਜੁਲਾਈ ਨੂੰ ਮੁੱਛਲ ਦੇ 4 ਹੋਰ ਵਿਅਕਤੀ ਦਮ ਤੋੜ ਗਏ। ਬਟਾਲਾ ਸ਼ਹਿਰ ਵਿਚ ਵੀ ਦੋ ਮਰ ਗਏ। 31 ਜੁਲਾਈ ਨੂੰ ਬਟਾਲਾ ਵਿਚ 5 ਹੋਰ ਮਰ ਗਏ। ਤਰਨ ਤਾਰਨ ਤੋਂ ਵੀ ਚਾਰ ਹੋਰ ਮੌਤਾਂ ਦੀ ਖਬਰ ਮਿਲੀ ਹੈ।
ਤਰਨ ਤਾਰਨ ਵਿਚ ਜ਼ਹਿਰੀਲੀ ਸ਼ਰਾਬ ਦੇ ਸੇਵਨ ਨਾਲ 12 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਦੇ ਸੇਵਨ ਨਾਲ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਮੌਤ ਹੋਈ ਹੈ। ਹਾਲਾਂਕਿ ਇਸ ਸੰਬੰਧ ਵਿੱਚ ਪੁਲਸ ਵੱਲੋਂ ਅਧਿਕਾਰਤ ਤੌਰ 'ਤੇ ਕੇਵਲ 3 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਸਿਵਲ ਹਸਪਤਾਲ ਤਰਨ ਤਾਰਨ ਦੇ ਐੱਸ ਐੱਮ ਓ. ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਉਨ੍ਹਾ ਕੋਲ 6 ਮਰੀਜ਼ ਦਾਖਲ ਹੋਣ ਲਈ ਆਏ ਸਨ, ਜਿਨ੍ਹਾਂ ਵਿੱਚ ਇੱਕੋ ਜਿਹੇ ਲੱਛਣ ਪਾਏ ਜਾ ਰਹੇ ਸਨ। ਚੈੱਕਅੱਪ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਲੋਕਾਂ ਵੱਲੋਂ ਕਿਸੇ ਜ਼ਹਿਰੀਲੀ ਵਸਤੂ ਦਾ ਸੇਵਨ ਕੀਤਾ ਗਿਆ ਸੀ। ਸਿਵਲ ਹਸਪਤਾਲ ਤਰਨ ਤਾਰਨ ਵਿੱਚ 4 ਲੋਕਾਂ ਨੇ ਦਮ ਤੋੜਿਆ ਹੈ। ਥਾਣਾ ਸਿਟੀ ਦੇ ਸਬ-ਇੰਸਪੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਤਰਨ ਤਾਰਨ ਦੇ ਗੁਰੂ ਤੇਗ ਬਹਾਦਰ ਨਗਰ, ਪਿੰਡ ਭੁੱਲਰ ਤੇ ਪਿੰਡ ਬਚੜੇ ਦੇ ਵਸਨੀਕਾਂ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਉਨਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਸ਼ਰਾਬ ਦਾ ਸੇਵਨ ਕੀਤਾ ਹੈ, ਜਿਸ ਦੇ ਚਲਦਿਆਂ ਉਨ੍ਹਾਂ ਦੀ ਮੌਤ ਹੋਈ ਹੈ। ਤਰਨ ਤਾਰਨ ਦੇ ਪਿੰਡ ਨੌਰੰਗਾਬਾਦ, ਕਿਰਤੋਵਾਲ, ਪੰਡੋਰੀ ਗੋਲਾ ਤੇ ਸੱਚਖੰਡ ਰੋਡ ਤੋਂ ਵੀ ਕੁਝ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਦੇ ਸੇਵਨ ਨਾਲ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ, ਪਰ ਇਸ ਸੰਬੰਧ ਵਿੱਚ ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲਦੀ ਅਤੇ ਮਰਨ ਵਾਲੇ ਲੋਕਾਂ ਦਾ ਪੋਸਟ-ਮਾਰਟਮ ਨਹੀਂ ਹੁੰਦਾ, ਤਦ ਤੱਕ ਇਨ੍ਹਾਂ ਲੋਕਾਂ ਦੀ ਮੌਤ ਨੂੰ ਜ਼ਹਿਰੀਲੀ ਸ਼ਰਾਬ ਨਾਲ ਨਹੀਂ ਜੋੜਿਆ ਜਾ ਸਕਦਾ।
ਐਸਐਸਪੀ ਅੰਮ੍ਰਿਤਸਰ ਦਿਹਾਤੀ ਵਿਕਰਮ ਜੀਤ ਦੁੱਗਲ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਾਮਲੇ ਦੀ ਜਾਂਚ ਲਈ 4 ਮੈਂਬਰੀ ਐਸਆਈਟੀ ਗਠਿਤ ਕਰ ਦਿੱਤੀ ਗਈ ਹੈ।ਜਿਸ ਵਿੱਚ ਗੌਰਵ ਤੂਰਾ ਐਸਪੀ ਇਨਵੈਸਟੀਗੇਸ਼ਨ, ਅੰਮ੍ਰਿਤਸਰ ਦਿਹਾਤੀ, ਦੀ ਦੇਖ-ਰੇਖ ਹੇਠ ਓੁਂਕਾਰ ਸਿੰਘ ਡੀਐਸਪੀ ਹੋਮੀਸਾਈਡ ਫੋਰੈਨਸਿਕ, ਮਨਜੀਤ ਸਿੰਘ ਡੀਐਸਪੀ ਜੰਡਿਆਲਾ ਗੁਰੂ ਅਤੇ ਇੰਸਪੈਕਟਰ ਕਮਲਮੀਤ ਸਿੰਘ ਸ਼ਾਮਲ ਹਨ।ਇਸ ਟੀਮ ਵੱਲੋਂ ਮਾਮਲੇ ਦੀ ਟੈਕਨੀਕਲ ਅਤੇ ਫੋਰੈਂਸਿਕ ਤਰੀਕੇ ਨਾਲ ਜਾਂਚ ਕੀਤੀ ਜਾਵੇਗਾ।ਇਸ ਘਟਨਾ ਕਾਰਨ ਐਸਐਚਓ ਤਰਸਿੱਕਾ ਐਸਆਈ ਬਿਕਰਮਜੀਤ ਸਿੰਘ ਨੂੰ ਨੋਕਰੀ ਤੋਂ ਮੁਅਤਲ ਕਰ ਦਿੱਤਾ ਹੈ।ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਐਸਪੀ ਗੌਰਵ ਤੁਰਾ ਨੇ ਕਿਹਾ ਇਸ ਮਾਮਲੇ ਦੀ ਪੜਤਾਲ ਜਾਰੀ ਹੈ।ਮੌਤਾਂ ਦੇ ਸਹੀ ਕਾਰਨਾਂ ਦਾ ਪਤਾ ਲਾਉਣ ਲਈ ਚਾਰ ਵਿਅਕਤੀਆਂ ਜਸਵਿੰਦਰ ਸਿੰਘ, ਕਸ਼ਮੀਰ ਸਿੰਘ, ਕਿਰਪਾਲ ਸਿੰਘ ਅਤੇ ਜਸਵੰਤ ਸਿੰਘ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।ਐਸਪੀ ਨੇ ਕਿਹਾ ਤਰਨਤਾਰਨ ਅਤੇ ਬਟਾਲੇ ਵਿਖੇ ਵੀ ਜ਼ਹਿਰੀਲੀ ਸ਼ਰਾਨ ਪੀਣ ਕਾਰਣ ਮੌਤਾਂ ਸਾਹਮਣੇ ਆਈਆਂ ਹਨ ਅਤੇ ਇਸ ਸਾਰੇ ਮਾਮਲੇ ਨੁੰ ਜੋੜ ਕੇ ਪੜਤਾਲ ਜਾਰੀ ਹੈ।
ਇਸ ਤੋਂ ਇਲਾਵਾ ਸ਼ੁੱਕਰਵਾਰ ਮੁੱਛਲ ਵਿਖੇ ਦਿਹਾਤੀ ਕਿਸਾਨ ਕਿਸਾਨ ਸਭਾ ਅਤੇ ਕਾਮਰੇਡਾਂ ਵੱਲੋਂ ਰੋਸ ਮੁਜ਼ਾਹਰਾ ਵੀ ਕੀਤਾ ਗਿਆ ਅਤੇ ਦੋਸ਼ੀਆਂ ਖਿਲਾਫ ਸੱਖਤ ਕਾਰਵਾਈ ਦੀ ਮੰਗ ਕੀਤੀ ਗਈ।ਇਸ ਤੋਂ ਇਲਾਵਾ ਅਕਾਲੀ ਦਲ ਤੋਂ ਸਾਬਕਾ ਵਿਧਾਇਕ ਮਲਕੀਅਤ ਸਿੰਘ ਏਆਰ ਹਲਕਾ ਇੰਚਾਰਜ ਦੀ ਅਗਵਾਈ ਹੇਠ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ, ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਸੰਦੀਪ ਸਿੰਘ ਏਆਰ, ਹਰਜਾਪ ਸਿੰਘ, ਬਾਵਾ ਸਿੰਘ ਗੁਮਾਨਪੁਰਾ, ਅਮਰਜੀਤ ਸਿੰਘ (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ), ਚੇਅਰਮੈਨ ਸਕੱਤਰ ਸਿੰਘ, ਸੁਖਰਾਜ ਸਿੰਘ ਮੁੱਛਲ ਸਾਬਕਾ ਸਰਪੰਚ ਅਤੇ ਹੋਰ ਅਕਾਲੀ ਵਰਕਰਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਕੈਪਟਨ ਸਰਕਾਰ ਨੂੰ ਇਸ ਸਭ ਲਈ ਦੋਸ਼ੀ ਕਿਹਾ।

455 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper