Latest News
ਦੇਸ਼ 'ਚ ਕੋਰੋਨਾ ਕੇਸਾਂ ਦੀ ਗਿਣਤੀ 17 ਲੱਖ ਨੂੰ ਢੁੱਕੀ

Published on 01 Aug, 2020 11:00 AM.


ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਵਾਇਰਸ ਦੇ ਦੋ ਦਿਨਾਂ 'ਚ ਇੱਕ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਦਾ ਸਿਲਸਿਲਾ ਜਾਰੀ ਹੈ। ਇਸ ਕੜੀ 'ਚ ਸ਼ਨੀਵਾਰ ਨੂੰ ਇਸ ਬਿਮਾਰੀ ਦੀ ਲਪੇਟ 'ਚ ਆਉਣ ਵਾਲਿਆਂ ਦੀ ਗਿਣਤੀ 17 ਲੱਖ ਦੇ ਪਾਰ ਪਹੁੰਚ ਗਈ ਹੈ। ਇਸ ਦੇ ਨਾਲ ਹੀ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 11 ਲੱਖ ਦੇ ਕਰੀਬ ਪਹੁੰਚ ਗਈ ਹੈ। ਸੂਬਿਆ ਦੇ ਸਿਹਤ ਵਿਭਾਗਾਂ ਤੋਂ ਮਿਲੇ ਅੰਕੜਿਆਂ ਅਨੁਸਾਰ ਦੇਸ਼ 'ਚ ਹੁਣ ਤੱਕ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਵਧ ਕੇ 17,01489 ਹੋ ਗਈ ਹੈ, ਜਦਕਿ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ 10, 96893 'ਤੇ ਪਹੁੰਚ ਗਈ ਹੈ। ਕੋਰੋਨਾ ਨਾਲ ਹੁਣ ਤੱਕ 36, 587 ਲੋਕਾਂ ਦੀ ਮੌਤ ਹੋਈ ਹੈ। ਫਿਲਹਾਲ ਪੂਰੇ ਦੇਸ਼ 'ਚ 5,67583 ਪ੍ਰਭਾਵਤ ਮਰੀਜ਼ ਵੱਖ-ਵੱਖ ਹਸਪਤਾਲਾਂ 'ਚ ਇਲਾਜ ਅਧੀਨ ਹਨ।
ਜਲੰਧਰ : ਸ਼ਨੀਵਾਰ ਨੂੰ ਜ਼ਿਲ੍ਹੇ 'ਚ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ। ਜ਼ਿਲ੍ਹੇ 'ਚ ਸ਼ਨੀਵਾਰ ਨੂੰ 70 ਨਵੇਂ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਰਿਪੋਰਟ ਫਰੀਦਕੋਟ ਮੈਡੀਕਲ ਕਾਲਜ ਤੋਂ ਆਈ ਹੈ, ਜਦੋਂ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਸਵੇਰੇ ਹੀ 17 ਲੋਕਾਂ ਦੀ ਰਿਪੋਰਟ ਪ੍ਰਾਈਵੇਟ ਲੈਬਾਰਟਰੀ ਤੋਂ ਆਈ ਸੀ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਜ਼ਿਲ੍ਹੇ 'ਚ 87 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆ ਚੁੱਕੀ ਹੈ ਅਤੇ 4 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਗਈ ਹੈ। ਸਿਹਤ ਮਹਿਕਮੇ ਮੁਤਾਬਕ ਜ਼ਿਲ੍ਹੇ 'ਚ ਇਸ ਸਮੇਂ 561 ਐਕਟਿਵ ਕੇਸ ਹਨ, ਜਿਨ੍ਹਾਂ 'ਚੋਂ 113 ਆਪਣੇ ਘਰਾਂ 'ਚ ਆਈਸੋਲੇਟ, 76 ਸਿਵਲ ਹਸਪਤਾਲ 'ਚ, 152 ਮੈਰੀਟੋਰੀਅਸ ਸਕੂਲ 'ਚ, 17 ਮਿਲਟਰੀ ਹਸਪਤਾਲ 'ਚ, 39 ਬੀ ਐੱਸ ਐੱਫ ਹਸਪਤਾਲ 'ਚ, 14 ਆਈ ਐੱਮ ਏ ਦੇ ਸ਼ਾਹਕੋਟ ਸਥਿਤ ਹਸਪਤਾਲ 'ਚ, 22 ਲੁਧਿਆਣਾ ਦੇ ਹਸਪਤਾਲਾਂ 'ਚ, 3 ਪੀ ਜੀ ਆਈ ਚੰਡੀਗੜ੍ਹ 'ਚ, 2 ਕਪੂਰਥਲਾ ਦੇ ਹਸਪਤਾਲ 'ਚ, 26 ਨਿੱਜੀ ਹਸਪਤਾਲਾਂ 'ਚ ਦਾਖਲ ਹਨ ਅਤੇ 97 ਪਾਜ਼ੀਟਿਵ ਮਰੀਜ਼ਾਂ ਨੂੰ ਘਰਾਂ 'ਚੋਂ ਸ਼ਿਫਟ ਕੀਤਾ ਜਾਣਾ ਹੈ। ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 16320 ਤੋਂ ਪਾਰ ਹੋ ਗਈ ਹੈ।
ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ ਸਿੰਘ) : ਸਥਾਨਕ ਖਜੂਰਾਂ ਵਾਲੀ ਗਲੀ ਦੀ ਵਸਨੀਕ ਇਕ ਬੀਬੀ ਦੀ ਬੀਤੀ ਕੱਲ੍ਹ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਬੀਬੀ ਦਾ ਕੋਰੋਨਾ ਟੈਸਟ ਹੋਣ ਲਈ ਗਿਆ ਹੋਇਆ ਸੀ, ਪਰ ਰਿਪੋਰਟ ਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਬੀਬੀ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਅਤੇ ਅੰਤਿਮ ਸੰਸਕਾਰ ਦੀਆਂ ਰਸਮਾਂ 'ਚ ਆਮ ਲੋਕ ਅਤੇ ਪਰਵਾਰਕ ਮੈਂਬਰ ਸ਼ਾਮਲ ਹੋਏ, ਪਰ ਇਸ ਬਜ਼ੁਰਗ ਬੀਬੀ ਦੇ ਅੰਤਿਮ ਸੰਸਕਾਰ ਤੋਂ ਬਾਅਦ ਆਈ ਕੋਰੋਨਾ ਪਾਜ਼ੀਟਿਵ ਰਿਪੋਰਟ ਨੇ ਸਿਹਤ ਵਿਭਾਗ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ। ਰਿਪੋਰਟ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਜਿੱਥੇ ਬਜ਼ੁਰਗ ਬੀਬੀ ਦੇ ਪਰਵਾਰਕ ਮੈਂਬਰਾਂ ਨੂੰ ਹੋਮ ਆਈਸੋਲੇਟ ਕਰ ਦਿੱਤਾ ਗਿਆ, ਉੱਥੇ ਹੀ ਸੰਪਰਕ ਵਿਚ ਆਏ ਆਸ-ਪਾਸ ਦੇ ਲੋਕਾਂ ਅਤੇ ਸਕੇ-ਸੰਬੰਧੀਆਂ ਦੇ ਸੈਂਪਲ ਲਏ ਜਾ ਰਹੇ ਹਨ। ਮ੍ਰਿਤਕ ਬਜ਼ੁਰਗ ਬੀਬੀ ਆਸ਼ਾ ਰਾਣੀ ਦੀ ਉਮਰ 74 ਸਾਲ ਸੀ। ਵਰਨਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਨਾਲ ਇਹ ਦੂਜੀ ਮੌਤ ਹੈ। ਇਸ ਤੋਂ ਇਲਾਵਾ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਹੋਰ ਕੋਰੋਨਾ ਪਾਜ਼ੇਟਿਵ ਕੇਸ ਆਏ ਹਨ, ਜਿਨ੍ਹਾਂ 'ਚੋਂ ਇਕ ਕੇਸ ਵਾਦੀਆ ਪਿੰਡ ਤੇ ਇਕ ਗਿੱਦੜਬਾਹਾ ਨਾਲ ਸੰਬੰਧਤ ਹੈ।
ਡੀ ਐੱਸ ਪੀ ਤੇ ਡਰਾਈਵਰ ਕੋਰੋਨਾ ਪਾਜ਼ੀਟਿਵ
ਡੇਰਾ ਬਾਬਾ ਨਾਨਕ (ਰਮੇਸ਼ ਸ਼ਰਮਾ) : ਸਬ-ਡਵੀਜ਼ਨ ਡੇਰਾ ਬਾਬਾ ਨਾਨਕ ਦੇ ਡੀ ਐੱਸ ਪੀ ਅਤੇ ਉਨ੍ਹਾ ਦੇ ਡਰਾਈਵਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਡੀ ਐੱਸ ਪੀ ਡੇਰਾ ਬਾਬਾ ਨਾਨਕ ਅਤੇ ਉਨ੍ਹਾ ਦੇ ਡਰਾਈਵਰ ਦਾ ਬੀਤੀ 28 ਜੁਲਾਈ ਨੂੰ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਵਿਖੇ ਕੋਰੋਨਾ ਟੈਸਟ ਹੋਇਆ ਸੀ, ਜਿਸ ਦੀ ਰਿਪੋਰਟ ਆਉਣ ਮਗਰੋਂ ਉਹ ਪਾਜ਼ੀਟਿਵ ਪਾਏ ਗਏ ਹਨ। ਡੀ ਐੱਸ ਪੀ ਨੂੰ ਗੁਰੂ ਲਾਲ ਕਲੋਨੀ ਫਤਿਹਗੜ੍ਹ ਚੂੜੀਆਂ ਵਿਚ ਸਥਿਤ ਉਨ੍ਹਾ ਦੇ ਘਰ ਵਿਚ ਇਕਾਂਤਵਾਸ ਕਰ ਦਿੱਤਾ ਗਿਆ ਹੈ, ਜਦਕਿ ਉਕਤ ਡੀ ਐੱਸ ਪੀ ਦੇ ਸੰਪਰਕ ਵਿਚ ਆਉਣ ਵਾਲੇ ਉਨ੍ਹਾ ਦੇ ਡਰਾਈਵਰ, ਜੋ ਕਿ ਏ ਐੱਸ ਆਈ ਹੈ, ਨੂੰ ਵੀ ਗੁਰੂ ਨਾਨਕ ਐਵੀਨਿਊ ਅਜਨਾਲਾ ਰੋਡ ਫਤਿਹਗੜ੍ਹ ਚੂੜੀਆਂ ਸਥਿਤ ਉਸ ਦੇ ਘਰ ਵਿਚ ਇਕਾਂਤਵਾਸ ਕਰ ਦਿੱਤਾ ਗਿਆ ਹੈ।
ਬੇਕਰੀ ਮਾਲਕ ਸਕੇ ਭਰਾ ਕੋਰੋਨਾ ਪਾਜ਼ੀਟਿਵ
ਮਮਦੋਟ (ਜਸਬੀਰ ਕੰਬੋਜ, ਹਰਪਾਲ ਸੋਢੀ) : ਮਮਦੋਟ ਕਸਬੇ ਵਿੱਚ ਬੇਕਰੀ ਸਟੋਰ ਮਾਲਕ ਦੋ ਸਕੇ ਭਰਾਵਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਨਾਲ ਕਸਬਾ ਵਾਸੀਆਂ ਦੀ ਚਿੰਤਾ ਵਿੱਚ ਵੀ ਵਾਧਾ ਹੋਇਆ ਹੈ। ਬੀਤੇ ਦਿਨੀਂ ਕਰਵਾਏ ਟੈਸਟਾਂ ਦੇ ਸ਼ਨੀਵਾਰ ਆਏ ਰਿਜ਼ਲਟ ਵਿੱਚ ਬੇਕਰੀ ਸਟੋਰ ਮਾਲਕ ਜਿਨ੍ਹਾਂ ਦੀ ਉਮਰ 32 ਤੇ 38 ਸਾਲ ਹੈ, ਦੋਵਾਂ ਭਰਾਵਾਂ ਦੀ ਰਿਪੋਰਟ ਪਾਜ਼ੀਟਿਵ ਪਾਏ ਜਾਣ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਕਤ ਸਟੋਰ ਮਾਲਕ ਕੁਝ ਦਿਨ ਪਹਿਲਾਂ ਉਤਰਾਖੰਡ ਦੇ ਟੂਰ ਪ੍ਰੋਗਰਾਮ ਤੋਂ ਵਾਪਸ ਪਰਤਿਆ ਸੀ।

72 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper