Latest News
ਭਾਜਪਾ ਪ੍ਰਭਾਵਤ ਕਰ ਸਕਦੀ ਹੈ ਸਪੀਕਰ ਦਾ ਫ਼ੈਸਲਾ : ਕਮਲਨਾਥ
ਕਾਂਗਰਸ ਦੇ ਸੀਨੀਅਰ ਨੇਤਾ ਕਮਲਨਾਥ ਨੇ ਕਿਹਾ ਹੈ ਕਿ ਵਿਰੋਧੀ ਧਿਰ ਦੇ ਆਗੂ ਬਾਰੇ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਦਾ ਫ਼ੈਸਲਾ ਭਾਜਪਾ ਅਤੇ ਨਰਿੰਦਰ ਮੋਦੀ ਵੱਲੋਂ ਪ੍ਰਭਾਵਤ ਹੋ ਸਕਦਾ ਹੈ। ਨਾਥ ਦੇ ਬਿਆਨ ਨਾਲ ਨਵਾਂ ਵਿਵਾਦ ਖੜਾ ਹੋ ਸਕਦਾ ਹੈ। ਸ੍ਰੀ ਨਾਥ ਨੇ ਕਿਹਾ ਕਿ ਅਜਿਹਾ ਕੋਈ ਨਿਯਮ ਨਹੀਂ, ਜਿਸ ਦੇ ਅਧਾਰ \'ਤੇ ਕਿਹਾ ਜਾ ਸਕੇ ਕਿ ਕੋਈ ਵੀ ਪਾਰਟੀ 543 ਮੈਂਬਰੀ ਲੋਕ ਸਭਾ \'ਚ 10 ਫ਼ੀਸਦੀ ਗਿਣਤੀ ਹੋਣ \'ਤੇ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਪ੍ਰਾਪਤ ਕਰ ਸਕਦੀ ਹੈ। ਉਨ੍ਹਾ ਕਿਹਾ ਕਿ ਸੰਸਦੀ ਪ੍ਰਕ੍ਰਿਆ ਦਾ ਪਾਲਣ ਕਰਨ ਵੇਲੇ ਸਪੀਕਰ ਆਮ ਤੌਰ \'ਤੇ ਨਿਰਪੱਖ ਹੁੰਦਾ ਹੈ, ਪਰ ਅਜਿਹੀ ਹਾਲਤ \'ਚ ਉਹ ਪ੍ਰਭਾਵ ਹੇਠ ਵੀ ਫ਼ੈਸਲਾ ਲੈ ਸਕਦਾ ਹੈ। ਉਨ੍ਹਾ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਲੋਕ ਸਭਾ ਸਪੀਕਰ ਭਾਜਪਾ ਤੋਂ ਹੈ ਅਤੇ ਲੋਕ ਸਭਾ ਸਪੀਕਰ ਦੀ ਨਿਯੁਕਤੀ ਇੱਕ ਸਿਆਸੀ ਪਾਰਟੀ ਵੱਲੋਂ ਕੀਤੀ ਜਾਂਦੀ ਹੈ, ਪਰ ਜਦੋਂ ਸਥਿਤੀ ਵਿਵਾਦਗ੍ਰਸਤ ਹੈ ਤਾਂ ਸਪੱਸ਼ਟ ਹੈ ਕਿ ਇਸ ਬਾਰੇ ਸਪੀਕਰ ਦਾ ਫ਼ੈਸਲਾ ਮੋਦੀ ਅਤੇ ਭਾਜਪਾ ਤੋਂ ਪ੍ਰਭਾਵਤ ਹੋਵੇਗਾ। ਆਪਣੀ ਗੱਲ ਨੂੰ ਅੱਗੇ ਵਧਾਉਂਦਿਆਂ ਉਨ੍ਹਾ ਕਿਹਾ ਕਿ ਉਨ੍ਹਾ ਦਾ ਇਹ ਮਤਲਬ ਨਹੀਂ ਕਿ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਕਿਸੇ ਧਿਰ ਲਈ ਕੰਮ ਕਰ ਰਹੀ ਹੈ, ਪਰ ਹਮੇਸ਼ਾ ਇੱਕ ਤਰ੍ਹਾਂ ਦਾ ਪ੍ਰਭਾਵ ਤਾਂ ਹੁੰਦਾ ਹੀ ਹੈ। ਕਮਲਨਾਥ ਨੇ ਕਿਹਾ ਕਿ ਜੇ ਲੋਕ ਸਭਾ ਸਪੀਕਰ ਵਿਰੋਧੀ ਧਿਰ ਦੇ ਆਗੂ ਦੇ ਮੁੱਦੇ \'ਤੇ ਕਾਂਗਰਸ ਵਿਰੁੱਧ ਫ਼ੈਸਲਾ ਕਰਦੀ ਹੈ ਤਾਂ ਕਾਂਗਰਸ ਲਈ ਅਦਾਲਤ \'ਚ ਜਾਣਾ ਸਹੀ ਹੋਵੇਗਾ। ਉਨ੍ਹਾ ਕਿਹਾ ਕਿ ਪਾਰਟੀ ਕੋਲ ਇਸ ਬਾਰੇ ਬਦਲ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਸ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਦਾ ਦਰਜਾ ਨਾ ਮਿਲਣ \'ਤੇ ਕਾਂਗਰਸ ਸੰਸਦ \'ਚ ਡੈਡਲਾਕ ਪੈਦਾ ਨਹੀਂ ਕਰੇਗੀ, ਕਿਉਂਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਜਿਹਾ ਨਹੀਂ ਚਾਹੁੰਦੀ। ਉਨ੍ਹਾ ਇਸ ਦਲੀਲ ਨੂੰ ਖਾਰਜ ਕਰ ਦਿੱਤਾ ਕਿ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਆਗੂ ਦੀ ਜ਼ਿੰਮੇਵਾਰੀ ਲੈਣ ਲਈ ਇਛੁੱਕ ਨਹੀਂ ਸਨ। ਪਿਛਲੇ 30 ਸਾਲਾਂ ਦੇ ਕਈ ਉਦਾਹਰਣ ਪੇਸ਼ ਕਰਦਿਆਂ ਉਨ੍ਹਾ ਕਿਹਾ ਕਿ ਬਹੁਤ ਵਾਰ ਵਿਰੋਧੀ ਧਿਰ ਦਾ ਆਗੂ ਅਤੇ ਪਾਰਟੀ ਪ੍ਰਧਾਨ ਵੱਖ-ਵੱਖ ਆਗੂ ਹੁੰਦੇ ਸਨ। ਰਾਹੁਲ ਗਾਂਧੀ ਦੀ ਲੀਡਰਸ਼ਿਪ ਸੰਬੰਧੀ ਯੋਗਤਾ ਦੇ ਸੰਬੰਧ \'ਚ ਕਮਲਨਾਥ ਨੇ ਕਿਹਾ ਕਿ ਰਾਹੁਲ ਨਾਕਾਮ ਨਹੀਂ ਹਨ।

342 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper