Latest News
ਰੁਜ਼ਗਾਰ ਨਾ ਮਿਲਿਆ ਤਾਂ ਲੋਕ ਪ੍ਰਧਾਨ ਮੰਤਰੀ ਤੋਂ ਅਸਤੀਫਾ ਮੰਗ ਸਕਦੇ ਹਨ : ਸ਼ਿਵ ਸੈਨਾ

Published on 02 Aug, 2020 10:28 AM.


ਮੁੰਬਈ : ਸ਼ਿਵ ਸੈਨਾ ਸਾਂਸਦ ਸੰਜੇ ਰਾਉਤ ਨੇ ਕਿਹਾ ਹੈ ਕਿ ਜੇ ਨੌਕਰੀਆਂ ਜਾਣ ਦੀ ਸਮੱਸਿਆ ਨਾ ਸੁਲਝੀ ਤਾਂ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਸਤੀਫਾ ਮੰਗ ਸਕਦੇ ਹਨ। ਰਾਉਤ ਨੇ ਪਾਰਟੀ ਅਖਬਾਰ 'ਸਾਮਨਾ' ਵਿਚ ਆਪਣੇ ਹਫਤਾਵਾਰੀ ਕਾਲਮ 'ਰੋਕਟੋਕ' ਵਿਚ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ 10 ਕਰੋੜ ਲੋਕਾਂ ਨੇ ਰੁਜ਼ਗਾਰ ਗੁਆਇਆ ਹੈ ਅਤੇ ਇਸ ਸੰਕਟ ਨਾਲ 40 ਕਰੋੜ ਤੋਂ ਵੱਧ ਪਰਵਾਰ ਪ੍ਰਭਾਵਤ ਹੋਏ ਹਨ। ਰਾਜ ਸਭਾ ਮੈਂਬਰ ਰਾਉਤ ਨੇ ਕਿਹਾ ਹੈ ਕਿ ਮੱਧਵਰਗੀ ਤਨਖਾਹਦਾਰ ਲੋਕਾਂ ਦੀਆਂ ਨੌਕਰੀਆਂ ਚਲੇ ਗਈਆਂ, ਜਦਕਿ ਵਪਾਰ ਤੇ ਉਦਯੋਗਾਂ ਨੂੰ ਕਰੀਬ ਚਾਰ ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਲੋਕਾਂ ਦੇ ਸਬਰ ਦੀ ਇਕ ਹੱਦ ਹੈ, ਉਹ ਸਿਰਫ ਉਮੀਦ ਤੇ ਵਾਅਦਿਆਂ 'ਤੇ ਜਿਊਂਦੇ ਨਹੀਂ ਰਹਿ ਸਕਦੇ। ਪ੍ਰਧਾਨ ਮੰਤਰੀ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਭਗਵਾਨ ਰਾਮ ਦਾ ਬਨਵਾਸ ਤਾਂ ਖਤਮ ਹੋ ਗਿਆ ਸੀ, ਪਰ ਮੌਜੂਦਾ ਹਾਲਾਤ ਮੁਸ਼ਕਲ ਹਨ। ਕਿਸੇ ਨੇ ਵੀ ਆਪਣੀ ਜ਼ਿੰਦਗੀ ਬਾਰੇ ਪਹਿਲਾਂ ਕਦੇ ਏਨਾ ਅਸੁਰੱਖਿਅਤ ਮਹਿਸੂਸ ਨਹੀਂ ਕੀਤਾ ਹੋਵੇਗਾ। ਰਾਉਤ ਨੇ ਲਿਖਿਆ ਹੈ, 'ਇਸਰਾਈਲ ਵਿਚ ਪ੍ਰਧਾਨ ਮੰਤਰੀ ਬੈਂਜਾਮਿਨ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਤੇ ਆਰਥਕ ਸੰਕਟ ਨਾਲ ਨਿਬੜਨ ਵਿਚ ਨਾਕਾਮੀ ਨੂੰ ਲੈ ਕੇ ਉਨ੍ਹਾ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤ ਵਿਚ ਵੀ ਅਜਿਹਾ ਹੀ ਦੇਖਣ ਨੂੰ ਮਿਲ ਸਕਦਾ ਹੈ।' ਕੋਰੋਨਾ ਵਾਇਰਸ ਨਾਲ ਪੈਦਾ ਹਾਲਾਤ ਤੇ ਆਰਥਕ ਸੰਕਟ ਨਾਲ ਨਿਬੜਨ ਲਈ ਪ੍ਰਧਾਨ ਮੰਤਰੀ ਵੱਲੋਂ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਰਾਉਤ ਨੇ ਕਿਹਾ ਕਿ ਪੰਜ ਰਾਫੇਲ ਜਹਾਜ਼ਾਂ ਦੀ ਸੁਰੱਖਿਆ ਲਈ ਅੰਬਾਲਾ ਹਵਾਈ ਅੱਡੇ ਦੇ ਆਲੇ-ਦੁਆਲੇ ਧਾਰਾ 144 ਲਾਈ ਗਈ।
ਰਾਫੇਲ ਤੋਂ ਪਹਿਲਾਂ ਸੁਖੋਈ ਤੇ ਮਿਗ ਜਹਾਜ਼ ਵੀ ਭਾਰਤ ਆਏ, ਪਰ ਇਸ ਤਰ੍ਹਾਂ ਦਾ ਜਸ਼ਨ ਪਹਿਲਾਂ ਕਦੇ ਨਹੀਂ ਮਨਾਇਆ ਗਿਆ। ਉਨ੍ਹਾ ਪੁੱਛਿਆ ਹੈ ਕਿ ਕੀ ਬੰਬ ਤੇ ਮਿਜ਼ਾਈਲਾਂ ਦੀ ਸਮਰੱਥਾ ਨਾਲ ਲੈਸ ਰਾਫੇਲ ਜਹਾਜ਼ਾਂ ਵਿਚ ਬੇਰੁਜ਼ਗਾਰੀ ਤੇ ਆਰਥਕ ਚੁਣੌਤੀਆਂ ਦੇ ਸੰਕਟ ਨੂੰ ਖਤਮ ਕਰਨ ਦੀ ਸਮਰੱਥਾ ਹੈ। ਭਾਜਪਾ ਆਗੂ ਸਾਧਵੀ ਪ੍ਰਗਿਆ ਠਾਕੁਰ ਨੇ ਕਿਹਾ ਹੈ ਕਿ ਰੋਜ਼ ਹਨੂੰਮਾਨ ਚਲੀਸਾ ਪੜ੍ਹਨ ਨਾਲ ਕੋਵਿਡ-19 ਮਹਾਂਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇਗਾ। ਸੋਨਾ ਪ੍ਰਤੀ ਤੋਲਾ 51 ਹਜ਼ਾਰ ਰੁਪਏ ਤੱਕ ਪੁੱਜ ਗਿਆ ਹੈ। ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਕਿਹਾ ਹੈ ਕਿ ਉਨ੍ਹਾ ਦੀ ਪਾਰਟੀ ਮਹਾਰਾਸ਼ਟਰ ਵਿਚ ਆਪਣੇ ਦਮ 'ਤੇ ਸੱਤਾ ਵਿਚ ਆਏਗੀ। ਉਨ੍ਹਾ ਅੱਗੇ ਕਿਹਾ ਕਿ ਕੋਈ ਸੰਕਟ ਦੀ, ਰੁਜ਼ਗਾਰ ਦੀ ਗੱਲ ਨਹੀਂ ਕਰ ਰਿਹਾ। ਕਹਿਣਾ ਆਸਾਨ ਹੈ ਕਿ ਬਿਪਤਾ ਵਿਚ ਮੌਕਾ ਮਿਲਦਾ ਹੈ, ਪਰ ਇਹ ਕੋਈ ਨਹੀਂ ਜਾਣਦਾ ਕਿ ਲੋਕ ਸੰਕਟ ਨਾਲ ਕਿਵੇਂ ਜੂਝ ਰਹੇ ਹਨ।

133 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper