Latest News
ਰਾਮ ਮੰਦਰ 'ਚ ਮੋਦੀ ਦਾ ਕੋਈ ਯੋਗਦਾਨ ਨਹੀਂ : ਸਵਾਮੀ

Published on 02 Aug, 2020 10:31 AM.


ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜ ਅਗਸਤ ਨੂੰ ਰਾਮ ਮੰਦਰ ਦੀ ਉਸਾਰੀ ਲਈ ਅਯੁੱਧਿਆ ਵਿਚ ਕੀਤੇ ਜਾ ਰਹੇ ਭੂਮੀ ਪੂਜਨ ਦੇ ਮੌਕੇ ਸੱਤਾਧਾਰੀ ਭਾਜਪਾ ਦੇ ਸਾਂਸਦ ਡਾ. ਸੁਬਰਾਮਨੀਅਮ ਸਵਾਮੀ ਨੇ ਕਿਹਾ ਹੈ ਕਿ ਰਾਮ ਮੰਦਰ ਦੀ ਉਸਾਰੀ ਵਿਚ ਮੋਦੀ ਦਾ ਕੋਈ ਯੋਗਾਦਾਨ ਨਹੀਂ ਹੈ। ਉਨ੍ਹਾ ਇਹ ਵੀ ਕਿਹਾ ਕਿ ਰਾਮ ਸੇਤੂ ਦੀ ਫਾਈਲ ਪੰਜ ਸਾਲ ਤੋਂ ਉਨ੍ਹਾ ਦੇ ਟੇਬਲ 'ਤੇ ਪਈ ਹੋਈ ਹੈ।
ਇਕ ਟੀ ਵੀ ਚੈਨਲ 'ਤੇ ਚਰਚਾ ਦਰਮਿਆਨ ਡਾ. ਸਵਾਮੀ ਨੂੰ ਪੁੱਛਿਆ ਗਿਆ ਸੀ ਕਿ ਭੂਮੀ ਪੂਜਨ ਮੌਕੇ ਕਿਨ੍ਹਾਂ-ਕਿਨ੍ਹਾਂ ਨੂੰ ਸੱਦਿਆ ਜਾਣਾ ਚਾਹੀਦਾ ਸੀ, ਉਨ੍ਹਾ ਕਿਹਾ, 'ਰਾਮ ਮੰਦਰ ਵਿਚ ਪ੍ਰਧਾਨ ਮੰਤਰੀ ਦਾ ਕੋਈ ਯੋਗਦਾਨ ਨਹੀਂ ਹੈ। ਸਾਰੀ ਬਹਿਸ ਅਸੀਂ ਕੀਤੀ। ਜਿੱਥੋਂ ਤੱਕ ਮੈਂ ਜਾਣਦਾ ਹਾਂ, ਮੋਦੀ ਨੇ ਸਰਕਾਰ ਵੱਲੋਂ ਅਜਿਹਾ ਕੋਈ ਕੰਮ ਨਹੀਂ ਕੀਤਾ, ਜਿਸ ਦੇ ਆਧਾਰ 'ਤੇ ਉਹ ਕਹਿ ਸਕਣ ਕਿ ਉਨ੍ਹਾ ਦੀ ਵਜ੍ਹਾ ਨਾਲ ਸੁਪਰੀਮ ਕੋਰਟ ਦਾ ਮੰਦਰ ਦੇ ਹੱਕ ਵਿਚ ਫੈਸਲਾ ਆਇਆ ਹੈ।'
ਡਾ. ਸਵਾਮੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ, ਉਨ੍ਹਾਂ ਵਿਚ ਰਾਜੀਵ ਗਾਂਧੀ, ਪੀ ਵੀ ਨਰਸਿਮ੍ਹਾ ਰਾਓ ਅਤੇ ਅਸ਼ੋਕ ਸਿੰਘਲ ਸ਼ਾਮਲ ਹਨ। ਸਿੰਘਲ ਨੇ ਉਨ੍ਹਾ ਨੂੰ ਦੱਸਿਆ ਸੀ ਕਿ ਅਟਲ ਬਿਹਾਰੀ ਵਾਜਪਾਈ ਨੇ ਵੀ ਅੜਿੱਕਾ ਡਾਹਿਆ ਸੀ। ਡਾ. ਸਵਾਮੀ ਨੇ ਕਿਹਾ, 'ਰਾਮ ਸੇਤੂ ਨੂੰ ਕੌਮੀ ਵਿਰਾਸਤ ਕਰਾਰ ਦੇਣ ਦੀ ਫਾਈਲ ਪ੍ਰਧਾਨ ਮੰਤਰੀ ਦੇ ਟੇਬਲ 'ਤੇ ਪੰਜ ਸਾਲ ਦੀ ਪਈ ਹੈ, ਪਰ ਉਨ੍ਹਾ ਅਜੇ ਤੱਕ ਉਸ 'ਤੇ ਦਸਤਖਤ ਨਹੀਂ ਕੀਤੇ। ਮੈਂ ਕੋਰਟ ਜਾ ਕੇ ਹੁਕਮ ਦਿਲਵਾ ਸਕਦਾ ਹਾਂ, ਪਰ ਮੈਨੂੰ ਬੁਰਾ ਲੱਗਦਾ ਹੈ ਕਿ ਸਾਡੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਸਾਨੂੰ ਕੋਰਟ ਜਾਣਾ ਪੈਂਦਾ ਹੈ।' ਡਾ. ਸਵਾਮੀ ਨੇ ਕਿਹਾ ਕਿ ਰਾਜੀਵ ਗਾਂਧੀ ਦੁਬਾਰਾ ਪ੍ਰਧਾਨ ਮੰਤਰੀ ਬਣਦੇ ਤਾਂ ਅਯੁੱਧਿਆ ਵਿਚ ਰਾਮ ਮੰਦਰ ਦਾ ਨਿਰਮਾਣ ਹੋ ਚੁੱਕਾ ਹੁੰਦਾ। ਰਾਜੀਵ ਗਾਂਧੀ ਨੇ ਵਿਵਾਦ ਵਾਲੀ ਥਾਂ ਦਾ ਤਾਲਾ ਖੁੱਲ੍ਹਵਾ ਦਿੱਤਾ ਸੀ ਅਤੇ ਰਾਮ ਮੰਦਰ ਦੇ ਸ਼ਿਲਾਨਿਆਸ ਦੀ ਆਗਿਆ ਵੀ ਦੇ ਦਿੱਤੀ ਸੀ, ਪਰ ਉਨ੍ਹਾ ਦੀ ਬੇਵਕਤ ਮੌਤ ਨਾਲ ਹਾਲਤਾਂ ਬਦਲ ਗਈਆਂ। ਇਸੇ ਦੌਰਾਨ ਲੋਕਮਤ ਦੀ ਰਿਪੋਰਟ ਮੁਤਾਬਕ ਨਰਸਿਮ੍ਹਾ ਰਾਓ ਦੇ ਕਰੀਬੀ ਰਹੇ ਇਕ ਕੇਂਦਰੀ ਮੰਤਰੀ ਨੇ ਖੁਲਾਸਾ ਕੀਤਾ ਹੈ ਕਿ 1992 ਵਿਚ ਬਾਬਰੀ ਮਸਜਿਦ ਢਾਹੁਣ ਤੋਂ ਪਹਿਲਾਂ ਹੀ ਰਾਓ ਰਾਮ ਮੰਦਰ ਦਾ ਨਿਰਮਾਣ ਕਰਾਉਣਾ ਚਾਹੁੰਦੇ ਸਨ। ਉਨ੍ਹਾ ਕਾਰਜ ਯੋਜਨਾ ਵੀ ਤਿਆਰ ਕਰ ਲਈ ਸੀ, ਪਰ ਮੱਠਾਂ ਦੇ ਸ਼ੰਕਰਾਚਾਰੀਆਂ ਤੇ ਪੀਠਾਧੀਸ਼ਾਂ ਵਿਚਾਲੇ ਮਤਭੇਦਾਂ ਦੇ ਚਲਦਿਆਂ ਉਹ ਸਫਲ ਨਹੀਂ ਹੋ ਸਕੀ।

138 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper