Latest News
ਪ੍ਰੋਫੈਸਰ ਹੈਨੀ ਬਾਬੂ ਦੀ ਗ੍ਰਿਫਤਾਰੀ ਤੋਂ ਬਾਅਦ ਪਤਨੀ ਦੇ ਘਰ ਦੀ ਤਲਾਸ਼ੀ

Published on 02 Aug, 2020 10:33 AM.


ਨਵੀਂ ਦਿੱਲੀ : ਐਲਗਾਰ ਪ੍ਰੀਸ਼ਦ-ਭੀਮਾ ਕੋਰੇਗਾਓਂ ਮਾਮਲੇ ਵਿਚ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਹੈਨੀ ਬਾਬੂ ਐੱਮ ਟੀ ਨੂੰ ਗ੍ਰਿਫਤਾਰ ਕਰਨ ਦੇ ਬਾਅਦ ਕੌਮੀ ਜਾਂਚ ਏਜੰਸੀ (ਅੱੈਨ ਆਈ ਏ) ਨੇ ਐਤਵਾਰ ਉਨ੍ਹਾ ਦੀ ਪਤਨੀ ਡਾ. ਜੈਨੀ ਰੋਵੇਨਾ ਦੇ ਨੋਇਡਾ ਸਥਿਤ ਘਰ ਵਿਚ ਛਾਪਾ ਮਾਰਿਆ। ਡਾ. ਰੋਵੇਨਾ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਕਾਲਜ ਵਿਚ ਐਸੋਸੀਏਟ ਪ੍ਰੋਫੈਸਰ ਹੈ। ਏਜੰਸੀ ਦੀ 8 ਮਰਦਾਂ ਤੇ 2 ਮਹਿਲਾਵਾਂ ਦੀ ਟੀਮ ਨੇ ਸਵੇਰੇ ਸਾਢੇ 7 ਵਜੇ ਤੋਂ 11 ਵਜੇ ਤੱਕ ਘਰ ਦੀ ਤਲਾਸ਼ੀ ਲਈ।
ਡਾ. ਰੋਵੇਨਾ ਨੇ ਦੱਸਿਆ ਕਿ ਟੀਮ ਅਚਾਨਕ ਪੁੱਜੀ। ਉਸ ਵੇਲੇ ਉਹ ਤੇ ਬੇਟੀ ਘਰ ਵਿਚ ਸਨ। ਟੀਮ ਜੀ ਐੱਨ ਸਾਈ ਬਾਬਾ ਡਿਫੈਂਸ ਕਮੇਟੀ ਨਾਲ ਜੁੜੀਆਂ ਕੁਝ ਹਾਰਡ ਡਿਸਕਾਂ ਤੇ ਹੋਰ ਸਮਾਨ ਲੈ ਗਈ। ਟੀਮ ਮੁੰਬਈ ਤੋਂ ਸਰਚ ਵਾਰੰਟ ਲੈ ਕੇ ਆਈ ਸੀ। ਡਾ. ਰੋਵੇਨਾ ਨੇ ਕਿਹਾ, 'ਮੈਂ ਦਿੱਲੀ ਯੂਨੀਵਰਸਿਟੀ ਕੈਂਪਸ ਤੋਂ ਦੂਰ ਰਹਿੰਦੀ ਹਾਂ। ਸ਼ਾਇਦ ਹੀ ਉਥੇ ਕਿਸੇ ਨੂੰ ਜਾਣਦੀ ਹਾਂ। ਐੱਨ ਆਈ ਏ ਨੇ ਜਿਹੜੇ ਦਸਤਾਵੇਜ਼ ਜ਼ਬਤ ਕੀਤੇ ਹਨ, ਉਹ ਸਾਰੇ ਜੀ ਅੱੈਨ ਸਾਈ ਬਾਬਾ ਡਿਫੈਂਸ ਕਮੇਟੀ ਨਾਲ ਸੰਬੰਧਤ ਹਨ। ਇਹ ਸਾਰੇ ਦਸਤਾਵੇਜ਼ ਪਹਿਲਾਂ ਹੀ ਪਬਲਿਕ ਵਿਚ ਹਨ। ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਈ ਬਾਬਾ ਦੀ ਹਮਾਇਤ ਵਿਚ ਆਯੋਜਿਤ ਮੁਜ਼ਾਹਰਿਆਂ ਤੇ ਚਰਚਾ ਦੌਰਾਨ ਇਨ੍ਹਾਂ ਨੂੰ ਵੰਡਿਆ ਗਿਆ ਹੈ।'
90 ਫੀਸਦੀ ਅਪਾਹਜ ਸਾਈ ਬਾਬਾ ਮਾਓਵਾਦੀਆਂ ਨਾਲ ਜੁੜੇ ਹੋਣ ਦੇ ਦੋਸ਼ ਵਿਚ ਨਾਗਪੁਰ ਸੈਂਟਰਲ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਭੀਮਾ-ਕੋਰੇਗਾਓਂ ਹਿੰਸਾ ਮਾਮਲੇ ਵਿਚ ਗ੍ਰਿਫਤਾਰ ਹੋਣ ਵਾਲੇ ਬਾਰ੍ਹਵੇਂ ਸ਼ਖਸ ਹੈਨੀ ਬਾਬੂ ਚਾਰ ਅਗਸਤ ਤੱਕ ਐੱਨ ਆਈ ਏ ਦੀ ਹਿਰਾਸਤ ਵਿਚ ਹਨ। ਇਸ ਤੋਂ ਪਹਿਲਾਂ ਪੁਣੇ ਦੀ ਪੁਲਸ ਨੇ ਸਤੰਬਰ 2019 ਵਿਚ ਹੈਨੀ ਬਾਬੂ ਦੇ ਨੋਇਡਾ ਸਥਿਤ ਘਰ ਵਿਚ ਛਾਪਾ ਮਾਰਿਆ ਸੀ। ਇਹ ਮਾਮਲਾ 31 ਦਸੰਬਰ 2017 ਵਿਚ ਪੁਣੇ ਦੇ ਸ਼ਨੀਵਾਰਵਾੜਾ ਵਿਚ ਐਲਗਾਰ ਪ੍ਰੀਸ਼ਦ ਦੇ ਪ੍ਰੋਗਰਾਮ ਵਿਚ ਕਥਿਤ ਭੜਕਾਊ ਭਾਸ਼ਣ ਨਾਲ ਸੰਬੰਧਤ ਹੈ। ਪੁਣੇ ਪੁਲਸ ਨੇ 15 ਨਵੰਬਰ 2018 ਵਿਚ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ਤੋਂ ਬਾਅਦ 21 ਫਰਵਰੀ 2019 ਵਿਚ ਜ਼ਿਮਨੀ ਚਾਰਜਸ਼ੀਟ ਦਾਖਲ ਕੀਤੀ ਸੀ। ਐੱਨ ਆਈ ਏ ਨੇ ਇਸ ਸਾਲ 24 ਜਨਵਰੀ ਨੂੰ ਜਾਂਚ ਆਪਣੇ ਹੱਥ ਲੈ ਕੇ ਅਪ੍ਰੈਲ ਵਿਚ ਆਨੰਦ ਤੇਲਤੁੰਬੜੇ ਤੇ ਸਮਾਜੀ ਕਾਰਕੁਨ ਗੌਤਮ ਨਵਲੱਖਾ ਨੂੰ ਗ੍ਰਿਫਤਾਰ ਕੀਤਾ। ਹੈਨੀ ਬਾਬੂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਐੱਨ ਆਈ ਏ ਨੇ ਕਿਹਾ ਕਿ ਉਹ ਨਕਸਲੀ ਸਰਗਰਮੀਆਂ ਤੇ ਮਾਓਵਾਦੀ ਵਿਚਾਰਧਾਰਾ ਦਾ ਪ੍ਰਸਾਰ ਕਰ ਰਹੇ ਹਨ ਅਤੇ ਗ੍ਰਿਫਤਾਰ ਹੋਰਨਾਂ ਮੁਲਜ਼ਮਾਂ ਦੇ ਨਾਲ ਸਾਜ਼ਿਸ਼ਕਰਤਾ ਹਨ। ਹੈਨੀ ਬਾਬੂ ਦੀ ਪਤਨੀ ਨੇ ਗ੍ਰਿਫਤਾਰੀ ਨੂੰ ਢੌਂਗ ਦੱਸਦਿਆਂ ਕਿਹਾ ਸੀ ਕਿ ਐੱਨ ਆਈ ਏ ਹੈਨੀ ਬਾਬੂ 'ਤੇ ਆਪਣੇ ਸਹਿਯੋਗੀਆਂ ਨੂੰ ਫਸਾਉਣ ਲਈ ਦਬਾਅ ਬਣਾ ਰਹੀ ਹੈ। ਡਾ. ਰੋਵੇਨਾ ਦਾ ਕਹਿਣਾ ਸੀ ਕਿ ਅੱੈਨ ਆਈ ਏ ਨਾਲ ਜੁੜੇ ਸੂਤਰਾਂ ਦਾ ਕਹਿਣਾ ਸੀ ਕਿ ਬਾਬੂ ਦਾ ਰਿਕਾਰਡ ਬਹੁਤ ਬੇਦਾਗ ਹੈ, ਪਰ ਅਜਿਹੀ ਸੰਭਾਵਨਾ ਹੈ ਕਿ ਕਿਸੇ ਨੇ ਉਨ੍ਹਾ ਦੇ ਲੈਪਟਾਪ ਵਿਚ ਉਨ੍ਹਾ ਨੂੰ ਫਸਾਉਣ ਵਾਲੀ ਸਮਗਰੀ ਪਲਾਂਟ ਕੀਤੀ ਹੋਵੇ। ਅਧਿਕਾਰੀ ਬਾਬੂ ਨੂੰ ਲਗਾਤਾਰ ਪੁੱਛ ਰਹੇ ਸੀ ਕਿ ਕੀ ਉਨ੍ਹਾ ਨੂੰ ਆਪਣੇ ਵਿਦਿਆਰਥੀਆਂ ਨਾਲ ਕੰਮ ਕਰਨ ਵਾਲਿਆਂ ਜਾਂ ਕਿਸੇ ਹੋਰ 'ਤੇ ਸ਼ੱਕ ਹੈ। ਉਹ ਚਾਹੁੰਦੇ ਸਨ ਕਿ ਇਸ ਮਾਮਲੇ ਵਿਚ ਹੋਰ ਲੋਕਾਂ ਨੂੰ ਫਸਾਇਆ ਜਾਵੇ।
ਚੇਤੇ ਰਹੇ ਪਿਛਲੇ ਕੁਝ ਸਾਲਾਂ ਵਿਚ ਕਈ ਮਨੁੱਖੀ ਅਧਿਕਾਰ ਕਾਰਕੁਨਾਂ, ਅਕਾਦਮਿਸ਼ਨਾਂ, ਵਕੀਲਾਂ ਤੇ ਪੱਤਰਕਾਰਾਂ ਆਦਿ ਨੂੰ ਅਰਬਨ ਨਕਸਲ ਕਰਾਰ ਦੇ ਕੇ ਗ੍ਰਿਫਤਾਰ ਕੀਤਾ ਗਿਆ ਹੈ। 2018 ਵਿਚ 11 ਲੋਕਾਂ ਨੂੰ ਫੜ ਕੇ ਉਨ੍ਹਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਤੋਂ ਲੈ ਕੇ ਮਾਓਵਾਦੀਆਂ ਨਾਲ ਸੰਬੰਧ ਰੱਖਣ ਦੇ ਦੋਸ਼ ਲਾਏ ਗਏ ਹਨ। ਸ਼ੁਰੂ ਵਿਚ ਮਾਮਲੇ ਦੀ ਜਾਂਚ ਮਹਾਰਾਸ਼ਟਰ ਦੀ ਪੁਣੇ ਪੁਲਸ ਕਰ ਰਹੀ ਸੀ, ਪਰ ਪਿਛਲੇ ਸਾਲ ਸੂਬੇ ਵਿਚ ਕਾਂਗਰਸ-ਸ਼ਿਵ ਸੈਨਾ-ਐੱਨ ਸੀ ਪੀ ਸਰਕਾਰ ਬਣਨ 'ਤੇ ਮਾਮਲਾ ਐੱਨ ਆਈ ਏ ਹਵਾਲੇ ਕਰ ਦਿੱਤਾ ਗਿਆ। ਇਸ ਦਾ ਆਪੋਜ਼ੀਸ਼ਨ ਨੇ ਕਾਫੀ ਵਿਰੋਧ ਵੀ ਕੀਤਾ ਸੀ। ਪੁਣੇ ਦੇ ਇਤਿਹਾਸਕ ਸ਼ਨੀਵਾਰਵਾੜਾ ਵਿਚ 31 ਦਸੰਬਰ 2017 ਨੂੰ ਕੋਰੇਗਾਓਂ ਭੀਮਾ ਯੁੱਧ ਦੀ 200ਵੀਂ ਵਰ੍ਹੇਗੰਢ ਤੋਂ ਪਹਿਲਾਂ ਐਲਗਾਰ ਪ੍ਰੀਸ਼ਦ ਨੇ ਸੰਮੇਲਨ ਕੀਤਾ ਸੀ। ਇਥੇ ਕੀਤੇ ਗਏ ਭਾਸ਼ਣਾਂ ਤੋਂ ਬਾਅਦ ਕੋਰੇਗਾਓਂ-ਭੀਮਾ ਪਿੰਡ ਕੋਲ ਇਕ ਜਨਵਰੀ 2018 ਨੂੰ ਜਾਤੀ ਹਿੰਸਾ ਭੜਕੀ ਸੀ। ਐੱਨ ਆਈ ਏ ਨੇ ਐੱਫ ਆਈ ਆਰ ਵਿਚ ਸ਼ਾਮਲ 23 ਵਿਚੋਂ 11 ਨੂੰ ਫੜ ਲਿਆ, ਜਿਨ੍ਹਾਂ ਵਿਚ ਸੁਧੀਰ ਧਾਵਲੇ, ਸ਼ੋਮਾ ਸੇਨ, ਮਹੇਸ਼ ਰਾਉਤ, ਰੋਨਾ ਵਿਲਸਨ, ਸੁਰਿੰਦਰ ਗਾਡਲਿੰਗ, ਵਰਵਰਾ ਰਾਓ, ਸੁਧਾ ਭਾਰਦਵਾਜ, ਅਰੁਣ ਫਰੇਰਾ, ਵਰਨੋਨ ਗੌਨਸਾਲਵੇਜ਼, ਆਨੰਦ ਤੇਲਤੁੰਬੜੇ ਤੇ ਗੌਤਮ ਨਵਲੱਖਾ ਸ਼ਾਮਲ ਹਨ।

140 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper