Latest News
ਮੁਲਜ਼ਮ ਨੂੰ ਜੇਲ੍ਹ ਜਾਣੋ ਬਚਾਉਣ ਲਈ ਪੰਜਵੇਂ ਗੇਅਰ 'ਚ ਚੱਲੀ ਪੁਲਸੀਆ ਮਸ਼ੀਨਰੀ

Published on 02 Aug, 2020 10:43 AM.


ਤਲਵੰਡੀ ਸਾਬੋ (ਜਗਦੀਪ ਗਿੱਲ)
ਉਹ ਕਿਹੜੀਆਂ ਪ੍ਰਸਥਿਤੀਆਂ ਹਨ, ਜਿਨ੍ਹਾਂ ਦੇ ਚੱਲਦਿਆਂ ਜਬਰ-ਜ਼ਨਾਹ ਵਰਗੇ ਇੱਕ ਤੋਂ ਵੱਧ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਇੱਥੋਂ ਦਾ ਇੱਕ ਉਹ ਸ਼ਖਸ, ਜਿਹੜਾ ਕਈ ਮਹੀਨਿਆਂ ਤੋਂ ਪੁਰਾਣੇ ਐੱਸ ਐੱਚ ਓ ਨੂੰ ਕਦੇ ਲੱਭਾ ਹੀ ਨਾ ਅਤੇ ਨਵੇਂ ਆਏ ਐੱਸ ਐੱਚ ਓ ਨੇ ਪਹਿਲੇ ਦਿਨ ਹੀ ਦਬੋਚ ਲਿਆ। ਪਿਛਲੇ ਦਿਨੀਂ ਉਸ ਦਾ ਕੁਝ ਦਿਨਾਂ ਦਾ ਅਦਾਲਤ ਤੋਂ ਪੁਲਸ ਰਿਮਾਂਡ ਲੈਣ ਉਪਰੰਤ ਤਲਵੰਡੀ ਸਾਬੋ ਪੁਲਸ ਦੀ ਏਡੀ ਕੀ ਮਜਬੂਰੀ ਸੀ, ਜਿਸ ਦੇ ਚੱਲਦਿਆਂ ਪੁਲਸ ਰਿਮਾਂਡ ਦੌਰਾਨ ਖੜ੍ਹੇ ਪੈਰ ਪੁਲਸ ਨੂੰ ਅਦਾਲਤ ਵਿੱਚ ਇਹ ਰਿਪੋਰਟ ਵੀ ਪੇਸ਼ ਕਰਨੀ ਪੈ ਗਈ ਕਿ ਮੁਲਜ਼ਮ ਦਾ ਕੋਈ ਗੁਨਾਹ ਬਣਦਾ ਹੀ ਨਹੀਂ, ਲਿਹਾਜਾ ਉਸ ਨੂੰ ਰਿਹਾਅ ਕਰ ਦਿੱਤਾ ਜਾਵੇ। ਧਾਰਾ 376 ਜਿਹੇ ਸੰਗੀਨ ਜੁਰਮਾਂ ਦੇ ਤਹਿਤ ਪਿਛਲੇ ਦਿਨੀਂ ਮੁਲਜ਼ਮ ਦੀ ਹੋਈ ਗ੍ਰਿਫਤਾਰੀ ਉਪਰੰਤ ਜਦੋਂ ਹੋਰ ਕੁਝ ਦਿਨਾਂ ਨਹੀਂ, ਸਗੋਂ ਘੰਟਿਆਂ ਤੱਕ ਉਸ ਦੇ ਸੀਖਾਂ ਪਿੱਛੇ ਪੁੱਜ ਜਾਣ ਦੀ ਕਵਾਇਦ ਪੂਰੀ ਹੋ ਚੱਲੀ ਸੀ ਤਾਂ ਤੱਥਭੜੱਥੇ ਹੇਠਾਂ ਤੋਂ ਲੈ ਕੇ ਉੱਪਰ ਤੱਕ ਪੁਲਸੀਆ ਮਿਸ਼ਨਰੀ ਦੇ ਪੰਜਵੇਂ ਗੇਅਰ ਵਿੱਚ ਪੈ ਜਾਣ ਦੇ ਅਮਲਾਂ ਤੋਂ ਲੋਕਾਂ ਦੇ ਕਾਨੂੰਨ ਵਿੱਚ ਭਰੋਸੇ ਨੂੰ ਡਾਢੀ ਸੱਟ ਵੱਜੀ ਜਾਪਦੀ ਹੈ।
ਉਧਰ ਭੇਦਭਰੇ ਹਾਲਾਤ ਦੇ ਚੱਲਦਿਆਂ ਜੇਲ੍ਹ ਜਾਣੋਂ ਬਚਾ ਲਏ ਗਏ ਮੁਲਜ਼ਮ ਦਾ ਕਿਰਦਾਰ ਪੁਲਸ ਵੱਲੋਂ ਦਰਜ ਆਪਣੀ ਕਹਾਣੀ ਅਨੁਸਾਰ ਹੀ ਏਨਾ 'ਸੁਲੱਖਣਾ' ਹੈ ਕਿ ਸੁਣਦਿਆਂ ਸਾਰ ਸ਼ਰਮ ਆਉਣ ਲੱਗਦੀ ਹੈ। ਪੁਲਸ ਵੱਲੋਂ ਦਰਜ ਇੱਕ ਮੁਕੱਦਮੇ ਦੀ ਕਹਾਣੀ ਅਨੁਸਾਰ ਮੁਲਜ਼ਮ ਉਸ ਵਕਤ ਆਪਣੀ 32 ਸਾਲਾ ਵਿਧਵਾ ਗੁਆਂਢਣ ਦੇ ਘਰ ਕੰਧ ਟੱਪ ਕੇ ਦਾਖਲ ਹੋ ਗਿਆ, ਜਦੋਂ ਉਸ ਦੀ ਸੱਸ ਸਵੇਰੇ ਸਦੇਹਾਂ ਉੱਠ ਕੇ ਗੁਰੂ ਘਰ ਚਲੀ ਗਈ ਸੀ। ਲੱਗੇ ਦੋਸ਼ਾਂ ਅਨੁਸਾਰ ਉਸ ਦੇ ਸਿਰ ਹੈਵਾਨੀਅਤ ਇਸ ਕਦਰ ਚੜ੍ਹੀ ਹੋਈ ਸੀ ਕਿ ਉਸ ਨੇ ਪਲਾਂ ਵਿੱਚ ਹੀ ਇੱਕ ਸਿਰੋਂ ਸੱਖਣੀ ਬਿਗਾਨੀ ਧੀ ਦੀ ਇੱਜ਼ਤ ਪੈਰਾਂ ਵਿੱਚ ਰੋਲ ਦਿੱਤੀ। ਪੁਲਸ ਵੱਲੋਂ ਦਰਜ ਕਹਾਣੀਆਂ ਵਿੱਚੋਂ ਇੱਕ ਹੋਰ ਅਨੁਸਾਰ ਉਸ ਦੇ ਆਪਣੇ ਹੀ ਘਰ ਕਿਰਾਏ ਉੱਪਰ ਰਹਿੰਦੀ ਇੱਕ ਗਰੀਬੜੀ ਨੂੰ ਉਸ ਨੇ ਆਪਣੀ ਕੋਠੀ ਦੀ ਉਪਰਲੀ ਮੰਜ਼ਲ ਉੱਪਰ ਕੰਮ ਕਰਨ ਦੇ ਬਹਾਨੇ ਸੱਦ ਕੇ ਨਾ ਸਿਰਫ ਉਸ ਦੀ ਇੱਜ਼ਤ ਨੂੰ ਹੱਥ ਪਾ ਲਿਆ, ਸਗੋਂ ਤਾਰ-ਤਾਰ ਕਰ ਦਿੱਤੀ। ਬਾਵਜੂਦ ਏਨੇ ਸੰਗੀਨ ਅਪਰਾਧਾਂ ਦੇ ਸਥਾਨਕ ਪੁਲਸ ਦਾ ਮੁਲਜ਼ਮ ਪ੍ਰਤੀ ਲਿਹਾਜ਼ੂ ਰਵੱਈਆ ਇਸ ਕਦਰ ਵਧ ਗਿਆ ਕਿ ਪਹਿਲੇ ਕੇਸ ਵਿੱਚ ਅਦਾਲਤ ਦੇ ਅਰੈਸਟ ਸਟੇਅ ਦੇਣ ਪਿੱਛੋਂ ਸ਼ਾਮਲ ਤਫ਼ਤੀਸ਼ ਹੋਣ ਆਏ ਮੁਲਜ਼ਮ ਦੀ ਦੂਸਰੇ ਕੇਸ (ਜਿਸ ਵਿੱਚ 376 ਵਰਗੀ ਸੰਗੀਨ ਧਾਰਾ ਲੱਗੀ ਹੋਈ ਸੀ) ਵਿੱਚ ਪੁਲਸ ਨੇ ਗ੍ਰਿਫ਼ਤਾਰੀ ਪਾਉਣ ਦੀ ਲੋੜ ਹੀ ਨਾ ਸਮਝੀ, ਜਦੋਂ ਕਿ ਅਰੈਸਟ ਸਟੇਅ ਦੇ ਆਰਡਰ ਤਾਂ ਕੇਵਲ ਇੱਕ ਕੇਸ ਵਿੱਚ ਹੀ ਸਨ ।
ਇਸ ਕੇਸ ਦੇ ਜਾਂਚ ਅਧਿਕਾਰੀ ਵੱਲੋਂ ਮੁਲਜ਼ਮ ਨੂੰ ਦੁੱਧ-ਧੋਤਾ ਘੋਸ਼ਿਤ ਕਰਨ ਦੀ ਸਿਫਾਰਸ਼ ਕਰਨ ਦੇ ਚੱਲਦਿਆਂ ਹੁਣ ਪੁਲਸੀਆ ਕਾਰਵਾਈ ਤੋਂ ਨਿਰਾਸ਼ ਪੀੜਤਾ ਨੇ ਕਿਹਾ ਹੈ ਕਿ ਸ਼ਾਇਦ ਗਰੀਬ ਹੋਣ ਦੀ ਵਜ੍ਹਾ ਕਰਕੇ ਹੀ ਉਸ ਨੂੰ ਇਹ ਦਿਨ ਵੇਖਣੇ ਪੈ ਰਹੇ ਹਨ।
ਉਸ ਨੇ ਕਿਹਾ ਕਿ ਕੁਝ ਵੀ ਹੋਵੇ ਉਹ ਇਨਸਾਫ਼ ਲੈਣ ਲਈ ਇਨਸਾਫ਼ ਦਾ ਹਰ ਬੂਹਾ ਖੜਕਾਏਗੀ। ਉਧਰ ਮਾਣਯੋਗ ਅਦਾਲਤ ਵੱਲੋਂ ਵੀ ਜਿੱਥੇ ਪੁਲਸੀਆ ਸਿਫਾਰਸ਼ ਉੱਪਰ ਉਕਤ ਮੁਲਜ਼ਮ ਨੂੰ ਰਿਹਾਅ ਕਰ ਕੇ ਰਾਹਤ ਦੇ ਦਿੱਤੀ ਗਈ ਹੈ, ਉਥੇ ਆਪਣੇ ਹੁਕਮਾਂ ਵਿੱਚ ਇਹ ਵੀ ਲਿਖ ਦਿੱਤਾ ਹੈ ਕਿ ਪੀੜਤ ਧਿਰ ਜੇਕਰ ਇਸ ਕੇਸ ਨੂੰ ਚਲਾਉਣਾ ਚਾਹੇ ਤਾਂ ਉਸ ਲਈ ਵੀ ਕਾਨੂੰਨ ਦੇ ਦਰਵਾਜ਼ੇ ਖੁੱਲ੍ਹੇ ਹਨ।

168 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper