Latest News
ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 98, ਮ੍ਰਿਤਕਾਂ ਦੇ ਪਰਵਾਰਾਂ ਨੂੰ 10-10 ਲੱਖ ਰੁਪਏ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ : ਜਾਮਾਰਾਏ, ਮਾੜੀਮੇਘਾ

Published on 02 Aug, 2020 10:48 AM.

ਚੰਡੀਗੜ੍ਹ : ਜ਼ਹਿਰੀਲੀ ਸ਼ਰਾਬ ਨਾਲ 12 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 98 ਹੋ ਗਈ ਹੈ। ਇਕੱਲੇ ਤਰਨ ਤਾਰਨ ਜ਼ਿਲ੍ਹੇ ਵਿਚ ਮਰਨ ਵਾਲਿਆਂ ਦੀ ਗਿਣਤੀ 75 ਹੋ ਗਈ ਹੈ। ਪ੍ਰਸ਼ਾਸਨ ਨੇ ਇਹ ਅੰਕੜਾ ਫੀਲਡ ਤੋਂ ਪ੍ਰਾਪਤ ਸੂਚਨਾਵਾਂ ਦੇ ਆਧਾਰ 'ਤੇ ਦਿੱਤਾ ਹੈ। ਅਮ੍ਰਿਤਸਰ ਜ਼ਿਲ੍ਹੇ ਵਿਚ 12 ਤੇ ਬਟਾਲਾ ਵਿਚ 11 ਮੌਤਾਂ ਦੀਆਂ ਰਿਪੋਰਟਾਂ ਹਨ। ਅਧਿਕਾਰੀਆਂ ਨੇ ਕਿਹਾ ਕਿ ਕੁਝ ਪਰਵਾਰ ਇਹ ਦੱਸਣ ਲਈ ਅੱਗੇ ਨਹੀਂ ਆ ਰਹੇ ਕਿ ਉਨ੍ਹਾਂ ਦੇ ਜੀਅ ਦੀ ਮੌਤ ਜ਼ਹਿਰੀਲੀ ਸ਼ਰਾਬ ਨਾਲ ਹੋਈ ਹੈ। ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ), ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵੱਲੋਂ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਸਬੰਧ ਵਿੱਚ ਤਰਨ ਤਾਰਨ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਆਰ ਅੱੈਮ ਪੀ ਆਈ ਦੇ ਸੂਬਾ ਐਕਟਿੰਗ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਸੀ ਪੀ ਆਈ ਦੇ ਸੂਬਾ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਪੰਜਾਬ ਅੰਦਰ ਜ਼ਹਿਰੀਲੀ ਸ਼ਰਾਬ ਸੰਬੰਧੀ ਅਖਬਾਰਾਂ ਅੰਦਰ ਵੱਡੀਆਂ-ਵੱਡੀਆਂ ਰਿਪੋਰਟਾਂ ਲੱਗੀਆਂ ਹਨ ਅਤੇ ਜ਼ਹਿਰੀਲੀ ਸ਼ਰਾਬ ਤਿਆਰ ਕਰਨ ਵਾਲੀਆਂ ਫੈਕਟਰੀਆਂ ਵੀ ਫੜੀਆਂ ਗਈਆਂ ਹਨ, ਇਹ ਗੈਰ-ਕਾਨੂੰਨੀ ਧੰਦਾ ਪ੍ਰਸ਼ਾਸਨ ਤੇ ਸਿਆਸੀ ਧਿਰਾਂ ਦੀ ਸ਼ਹਿ 'ਤੇ ਪੰਜਾਬ ਅੰਦਰ ਬੇਰੋਕ ਜਾਰੀ ਹੈ, ਜੋ ਪੰਜਾਬ ਦੇ ਭੋਲੇ-ਭਾਲੇ ਲੋਕਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ। ਉਕਤ ਆਗੂਆਂ ਮੰਗ ਕੀਤੀ ਕਿ ਮਾਰੇ ਗਏ ਲੋਕਾਂ ਦੇ ਪਰਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਉਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਅਤੇ ਅਣਗਹਿਲੀ ਵਰਤਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਿਆਸੀ ਧਿਰਾਂ ਖਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੇ ਸਰਕਾਰ ਨੇ ਪੂਰਾ ਮੁਆਵਜ਼ਾ ਨਾ ਦਿੱਤਾ ਅਤੇ ਦੋਸ਼ੀਆਂ ਦੇ ਚਿਹਰੇ ਨੰਗੇ ਕਰਕੇ ਸਜ਼ਾਵਾਂ ਨਾ ਦਿੱਤੀਆਂ ਤਾਂ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਜਸਪਾਲ ਸਿੰਘ ਝਬਾਲ, ਸੁਖਦੇਵ ਸਿੰਘ ਗੋਹਲਵੜ, ਦਵਿੰਦਰ ਸੋਹਲ, ਨਰਿੰਦਰ ਬੇਦੀ, ਬਲਦੇਵ ਸਿੰਘ ਪੰਡੋਰੀ, ਲੱਖਾ ਸਿੰਘ ਮੰਨਣ, ਅਵਤਾਰ ਸਿੰਘ ਪਲਾਸੌਰ, ਸੁਖਦੇਵ ਸਿੰਘ ਮਾਣੋਚਾਹਲ, ਬਲਦੇਵ ਸਿੰਘ ਗੋਹਲਵੜ, ਗੁਰਭੇਜ ਸਿੰਘ ਬਾਠ, ਗੁਲਸ਼ਨ ਸੋਹਲ, ਹਰਚਰਨ ਸਿੰਘ ਪੰਡੋਰੀ, ਡਾਕਟਰ ਬਲਵਿੰਦਰ ਸਿੰਘ, ਰਾਮ ਸਿੰਘ ਕੋਟ, ਗੁਰਸੇਵਕ ਸਿੰਘ ਜਾਉਣੇਕੇ ਤੇ ਜਤਿੰਦਰ ਸਿੰਘ ਆਦਿ ਹਾਜ਼ਰ ਸਨ।

229 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper