Latest News
ਸ਼ਾਹ ਦੀ ਗੈਰ-ਮੌਜੂਦਗੀ 'ਚ ਭੂਮੀ ਪੂਜਨ ਫਿੱਕਾ ਰਹੇਗਾ : ਸ਼ਿਵ ਸੈਨਾ

Published on 04 Aug, 2020 10:28 AM.

ਮੁੰਬਈ : ਸ਼ਿਵ ਸੈਨਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਪੰਜ ਅਗਸਤ ਨੂੰ ਰਾਮ ਮੰਦਰ ਦੀ ਉਸਾਰੀ ਲਈ ਭੂਮੀ ਪੂਜਨ ਕਰਨ ਨਾਲੋਂ ਸੁਨਹਿਰੀ ਮੌਕਾ ਹੋਰ ਕੋਈ ਨਹੀਂ ਹੋ ਸਕਦਾ। ਪਾਰਟੀ ਦੇ ਅਖਬਾਰ 'ਸਾਮਨਾ' ਦੇ ਸੰਪਾਦਕੀ ਵਿਚ ਲਿਖਿਆ ਗਿਆ ਹੈ ਕਿ ਦੇਸ਼ ਵਿਚ ਕੋਵਿਡ-19 ਦਾ ਸੰਕਟ ਚੱਲ ਰਿਹਾ ਹੈ, ਪਰ ਭਗਵਾਨ ਰਾਮ ਦੀ ਕ੍ਰਿਪਾ ਨਾਲ ਇਹ ਦੂਰ ਹੋ ਜਾਵੇਗਾ। ਬੁੱਧਵਾਰ ਨੂੰ ਹੋ ਰਿਹਾ ਭੂਮੀ ਪੂਜਨ ਇਸ ਕਰਕੇ ਫਿੱਕਾ ਰਹੇਗਾ, ਕਿਉਂਕਿ ਕੇਂਦਰੀ ਗ੍ਰਹਿ ਮੰਤਰੀ ਉਥੇ ਮੌਜੂਦ ਨਹੀਂ ਹੋਣਗੇ। ਅਮਿਤ ਸ਼ਾਹ ਨੇ ਐਤਵਾਰ ਕਿਹਾ ਸੀ ਕਿ ਉਨ੍ਹਾ ਦਾ ਕੋਰੋਨਾ ਟੈੱਸਟ ਪਾਜ਼ੀਟਿਵ ਆਇਆ ਹੈ ਤੇ ਡਾਕਟਰਾਂ ਨੇ ਉਨ੍ਹਾ ਨੂੰ ਆਰਾਮ ਦੀ ਸਲਾਹ ਦਿੱਤੀ ਹੈ। ਸੰਪਾਦਕੀ ਵਿਚ ਉਨ੍ਹਾ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦਿਆਂ ਕਿਹਾ ਗਿਆ ਹੈ ਕਿ ਭਾਵੇਂ ਸ਼ਾਹ ਆਈਸੋਲੇਸ਼ਨ ਵਿਚ ਹਨ, ਪਰ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ 'ਤੇ ਸੰਕਟ ਅਜੇ ਵੀ ਬਣਿਆ ਹੋਇਆ ਹੈ। ਸ਼ਾਹ ਦੇ ਆਈਸੋਲੇਸ਼ਨ ਵਿਚ ਹੋਣ ਤੋਂ ਗਹਿਲੋਤ ਖੁਸ਼ ਨਾ ਹੋਣ, ਕਿਉਂਕਿ ਉਹ ਸ਼ਾਹ ਜਿਥੇ ਵੀ ਹੋਣ, ਉਥੋਂ ਸਿਆਸੀ ਸਰਜਰੀਆਂ ਕਰਦੇ ਰਹਿੰਦੇ ਹਨ। ਪ੍ਰਧਾਨ ਮੰਤਰੀ ਖੁਦ ਅਯੁੱਧਿਆ ਵਿਚ ਭੂਮੀ ਪੂਜਨ ਕਰਨਗੇ। ਸੰਪਾਦਕੀ ਵਿਚ ਨੋਟ ਕੀਤਾ ਗਿਆ ਹੈ ਕਿ ਰਾਮ ਮੰਦਰ ਲਈ ਮੁਹਿੰਮ ਚਲਾਉਣ ਵਾਲੇ ਐੱਲ ਕੇ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਵਰਗੇ ਆਗੂ ਦਿੱਲੀ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਭੂਮੀ ਪੂਜਨ ਦੇਖਣਗੇ, ਕਿਉਂਕਿ ਬਜ਼ਰੁਗੀ ਅਤੇ ਕੋਰੋਨਾ ਕਾਰਨ ਉਨ੍ਹਾਂ ਨੂੰ ਅਯੁੱਧਿਆ ਨਾ ਆਉਣ ਦੀ ਸਲਾਹ ਦਿੱਤੀ ਗਈ ਹੈ। ਸੰਪਾਦਕੀ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਉਮਾ ਭਾਰਤੀ ਵੀ ਕੋਰੋਨਾ ਕਰਕੇ ਸਮਾਗਮ ਵਿਚ ਸ਼ਾਮਲ ਨਹੀਂ ਹੋਣਗੇ ਅਤੇ ਸਰਯੂ ਨਦੀ ਕੰਢੇ ਬੈਠ ਕੇ ਮਨ ਦੀਆਂ ਅੱਖਾਂ ਨਾਲ ਭੂਮੀ ਪੂਜਨ ਦੇਖਣਗੇ। ਅਯੁੱਧਿਆ ਵਿਚ ਸੁਰੱਖਿਆ ਪ੍ਰਬੰਧਾਂ ਦੀ ਜ਼ਿੰਮੇਦਾਰੀ ਗ੍ਰਹਿ ਮੰਤਰਾਲੇ ਦੀ ਹੈ, ਪਰ ਬਦਕਿਸਮਤੀ ਨਾਲ ਸ਼ਾਹ ਨੂੰ ਕੋਰੋਨਾ ਦੀ ਲਾਗ ਲੱਗ ਗਈ। ਪ੍ਰਧਾਨ ਮੰਤਰੀ, ਆਰ ਐੱਸ ਐੱਸ ਮੁਖੀ ਮੋਹਨ ਭਾਗਵਤ, ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੇ ਹੋਰ ਇਨਵਾਇਟੀ ਸਮਾਗਮ ਵਿਚ ਹੋਣਗੇ, ਪਰ ਸ਼ਾਹ ਕਰਕੇ ਸਮਾਗਮ ਫਿੱਕਾ ਰਹੇਗਾ। ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਸਮੁੱਚਾ ਯੂ ਪੀ ਕੋਰੋਨਾ ਦਾ ਹੌਟਸਪੌਟ ਬਣਿਆ ਹੋਇਆ ਹੈ ਤੇ ਇਕ ਮੰਤਰੀ ਕਮਲ ਰਾਣੀ ਵਰੁਣ ਦੀ ਮੌਤ ਨਾਲ ਲੋਕਾਂ ਦੀ ਹੌਸਲਾਸ਼ਿਕਨੀ ਹੋਈ ਹੈ। ਕਰਨਾਟਕ ਦੇ ਮੁੱਖ ਮੰਤਰੀ ਬੀ ਐੱਸ ਯੇਦੀਯੁਰੱਪਾ ਨੂੰ ਵੀ ਕੋਰੋਨਾ ਦੀ ਲਾਗ ਲੱਗ ਗਈ ਹੈ। ਅਮਿਤ ਸ਼ਾਹ ਨੇ ਲਾਕਡਾਊਨ ਦੌਰਾਨ ਬਹੁਤ ਸਾਵਧਾਨੀ ਵਰਤੀ। ਪਿਛਲੇ ਸ਼ਨੀਵਾਰ ਉਹ ਦਿੱਲੀ ਵਿਚ ਇਕ ਜਨਤਕ ਇਕੱਠ ਵਿਚ ਸ਼ਾਮਲ ਹੋਏ ਅਤੇ ਬੁੱਧਵਾਰ ਸਮਾਜੀ ਦੂਰੀ ਦੀ ਪਾਲਣਾ ਕਰਦਿਆਂ ਕੈਬਨਿਟ ਮੀਟਿੰਗ ਵਿਚ ਵੀ ਮੌਜੂਦ ਸਨ। ਫਿਰ ਵੀ ਉਨ੍ਹਾ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਜੋ ਵੀ ਉਨ੍ਹਾ ਦੇ ਸੰਪਰਕ ਵਿਚ ਆਇਆ, ਉਹ ਖੁਦ ਨੂੰ ਆਈਸੋਲੇਟ ਕਰ ਲਵੇ। ਸ਼ਾਹ ਦੇ ਕਹਿਣ ਦੇ ਹਿਸਾਬ ਨਾਲ ਤਾਂ ਸਮੁੱਚੀ ਕੈਬਨਿਟ ਨੂੰ ਆਈਸੋਲੇਟ ਹੋਣਾ ਚਾਹੀਦਾ ਹੈ। ਅਮਿਤ ਸ਼ਾਹ ਪ੍ਰਧਾਨ ਮੰਤਰੀ ਦੇ ਕਰੀਬੀ ਹੈ ਤੇ ਉਨ੍ਹਾ ਦੇ ਦੂਜੇ ਅਹਿਮ ਮੰਤਰੀ ਹਨ, ਪਰ ਭਗਵਾਨ ਰਾਮ ਦੀ ਕ੍ਰਿਪਾ ਨਾਲ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਕੁਝ ਨਹੀਂ ਹੋਣਾ। ਰਾਹੁਲ ਗਾਂਧੀ ਵੱਲੋਂ ਅਮਿਤ ਸ਼ਾਹ ਦੀ ਸਿਹਤਯਾਬੀ ਲਈ ਕੀਤੀ ਕਾਮਨਾ ਅਹਿਮ ਹੈ।

95 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper