Latest News
ਪ੍ਰਸ਼ਾਂਤ ਭੂਸ਼ਣ ਖਿਲਾਫ ਹੱਤਕ ਅਦਾਲਤ ਕੇਸ 'ਚ ਸੁਪਰੀਮ ਕੋਰਟ ਵੱਲੋਂ ਸੁਣਵਾਈ ਮੁਕੰਮਲ

Published on 04 Aug, 2020 10:31 AM.


ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਖਿਲਾਫ 2009 ਦੇ ਹੱਤਕ ਅਦਾਲਤ ਦੇ ਕੇਸ ਦੀ ਸੁਣਵਾਈ ਪੂਰੀ ਕਰ ਲਈ। ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ ਬੰਦ ਕਮਰੇ ਤੋਂ ਸੀਨੀਅਰ ਵਕੀਲਾਂ ਰਾਜੀਵ ਧਵਨ, ਕਪਿਲ ਸਿੱਬਲ ਤੇ ਹਰੀਸ਼ ਸਾਲਵੇ ਨਾਲ ਵਟਸਐਪ ਵੀਡੀਓ ਕਾਲ 'ਤੇ ਅੱਡ-ਅੱਡ ਗੱਲਬਾਤ ਕੀਤੀ। ਹੱਤਕ ਅਦਾਲਤ ਦਾ ਮਾਮਲਾ ਸਾਲਵੇ ਨੇ ਕੀਤਾ ਹੈ ਅਤੇ ਭੂਸ਼ਣ ਤਰਫੋਂ ਧਵਨ ਤੇ 'ਤਹਿਲਕਾ' ਮੈਗਜ਼ੀਨ ਦੇ ਐਡੀਟਰ ਤਰੁਣ ਤੇਜਪਾਲ ਦੀ ਤਰਫੋਂ ਸਿੱਬਲ ਪੇਸ਼ ਹੋਏ।
ਭੂਸ਼ਣ ਨੇ ਤਹਿਲਕਾ ਨੂੰ ਦਿੱਤੀ ਇੰਟਰਵਿਊ ਵਿਚ ਦੋਸ਼ ਲਾਇਆ ਸੀ ਕਿ ਦੇਸ਼ ਦੇ 16 ਚੀਫ ਜਸਟਿਸਾਂ ਵਿਚੋਂ ਅੱਧੇ ਕੁਰਪੱਟ ਸਨ। ਬੈਂਚ ਨੇ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਤੇ ਹੱਤਕ ਵਿਚਾਲੇ ਮਾਮੂਲੀ ਲਾਈਨ ਹੈ। ਜੱਜਾਂ ਨੇ ਧਵਨ ਨੂੰ ਕਿਹਾ ਕਿ ਉਨ੍ਹਾਂ ਇਕ ਪਾਸੇ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਤੇ ਦੂਜੇ ਪਾਸੇ ਨਿਆਂ ਪਾਲਿਕਾ ਦੀ ਇਕ ਅਦਾਰੇ ਵਜੋਂ ਸ਼ਾਨ ਦੀ ਰਾਖੀ ਦੀ ਲੋੜ ਵਿਚਾਲੇ ਸੰਤੁਲਨ ਬਿਠਾਉਣ ਦੀ ਕੋਸ਼ਿਸ਼ ਕੀਤੀ ਹੈ।
ਸੁਪਰੀਮ ਕੋਰਟ ਨੇ ਨਵੰਬਰ 2009 ਵਿਚ ਭੂਸ਼ਣ ਤੇ ਤੇਜਪਾਲ ਨੂੰ ਹੱਤਕ ਅਦਾਲਤ ਦਾ ਨੋਟਿਸ ਜਾਰੀ ਕਰਕੇ ਕਿਹਾ ਸੀ ਕਿ ਉਨ੍ਹਾਂ ਤਹਿਲਕਾ ਨੂੰ ਦਿੱਤੀ ਇੰਟਰਵਿਊ ਵਿਚ ਸੁਪਰੀਮ ਕੋਰਟ ਦੇ ਕੁਝ ਸਿਟਿੰਗ ਤੇ ਸਾਬਕਾ ਜੱਜਾਂ 'ਤੇ ਊਜਾਂ ਲਾਈਆਂ ਹਨ। ਲੰਘੀ 22 ਜੁਲਾਈ ਨੂੰ ਇਸੇ ਬੈਂਚ ਨੇ ਭੂਸ਼ਣ ਨੂੰ ਨਿਆਂ ਪਾਲਿਕਾ ਬਾਰੇ ਉਨ੍ਹਾ ਦੇ ਦੋ ਤਾਜ਼ਾ ਟਵੀਟਾਂ 'ਤੇ ਹੱਤਕ ਅਦਾਲਤ ਦਾ ਨੋਟਿਸ ਜਾਰੀ ਕਰਕੇ ਕਿਹਾ ਸੀ ਕਿ ਉਨ੍ਹਾ ਦੇ ਬਿਆਨਾਂ ਨੇ ਨਿਆਂ ਦੇ ਪ੍ਰਸ਼ਾਸਨ ਦੀ ਬੇਅਦਬੀ ਕੀਤੀ ਹੈ। ਭੂਸ਼ਣ ਨੇ ਆਪਣੇ 142 ਸਫਿਆਂ ਦੇ ਜਵਾਬ ਵਿਚ ਆਪਣੇ ਟਵੀਟਾਂ 'ਤੇ ਕਾਇਮ ਰਹਿੰਦਿਆਂ ਕਿਹਾ ਸੀ ਕਿ ਪ੍ਰਗਟਾਵੇ ਦੀ ਆਜ਼ਾਦੀ ਹੱਤਕ ਅਦਾਲਤ ਨਹੀਂ ਹੋ ਸਕਦੀ।

125 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper