Latest News
ਪ੍ਰੋਫੈਸਰ ਅਪੂਰਵਾਨੰਦ ਤੋਂ ਦਿੱਲੀ ਦੰਗਿਆਂ ਦੇ ਸੰਬੰਧ 'ਚ ਪੰਜ ਘੰਟੇ ਪੁੱਛਗਿੱਛ

Published on 04 Aug, 2020 10:35 AM.


ਨਵੀਂ ਦਿੱਲੀ : ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਉੱਤਰ-ਪੂਰਬੀ ਦਿੱਲੀ 'ਚ ਹੋਏ ਦੰਗਿਆਂ ਦੇ ਸੰਬੰਧ ਵਿਚ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਪੂਰਵਾਨੰਦ ਤੋਂ ਕਰੀਬ ਪੰਜ ਘੰਟੇ ਪੁਛਗਿਛ ਕੀਤੀ ਤੇ ਉਨ੍ਹਾ ਦਾ ਫੋਨ ਵੀ ਜ਼ਬਤ ਕਰ ਲਿਆ।
ਇਕ ਸੀਨੀਅਰ ਅਫਸਰ ਨੇ ਦੱਸਿਆ ਕਿ ਪ੍ਰੋਫੈਸਰ ਨੂੰ ਇਕ ਅਗਸਤ ਨੂੰ ਸੱਦਿਆ ਗਿਆ ਸੀ ਤੇ ਉਨ੍ਹਾ ਤੋਂ ਪੁੱਛਿਆ ਗਿਆ ਕਿ ਦੰਗਿਆਂ ਤੇ ਦਸੰਬਰ ਵਿਚ ਜਾਮੀਆ ਮਿਲੀਆ ਦੀ ਹਿੰਸਾ ਦੌਰਾਨ ਉਹ ਕਿਥੇ ਸਨ ਤੇ ਉਨ੍ਹਾ ਦੀ ਪਿੰਜਰਾ ਤੋੜ ਤੇ ਜਾਮੀਆ ਕੋਆਰਡੀਨੇਸ਼ਨ ਕਮੇਟੀ ਨਾਲ ਕੀ ਰਿਸ਼ਤਾ ਹੈ। ਪ੍ਰੋਫੈਸਰ ਅਪੂਰਵਾਨੰਦ ਨੇ ਮੰਗਲਵਾਰ ਜਾਰੀ ਕੀਤੇ ਬਿਆਨ ਵਿਚ ਕਿਹਾ, 'ਮੈਥੋਂ ਫਰਵਰੀ ਦੇ ਦੰਗਿਆਂ ਬਾਰੇ ਦਰਜ ਐੱਫ ਆਈ ਆਰ ਦੇ ਸੰਬੰਧ ਵਿਚ ਪੁੱਛਗਿੱਛ ਕੀਤੀ ਗਈ। ਮੈਂ ਪੁਲਸ ਦੇ ਦਫਤਰ ਵਿਚ ਪੰਜ ਘੰਟੇ ਰਿਹਾ। ਪੁਲਸ ਨੇ ਜਾਂਚ ਲਈ ਮੇਰਾ ਫੋਨ ਜ਼ਬਤ ਕਰਨਾ ਵੀ ਜ਼ਰੂਰੀ ਸਮਝਿਆ।' ਉਨ੍ਹਾ ਕਿਹਾ ਕਿ ਕਿੰਨੀ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪ੍ਰੋਟੈਸਟ ਕਰਨ ਵਾਲਿਆਂ ਨੂੰ ਹਿੰਸਾ ਦਾ ਸਰੋਤ ਸਮਝਿਆ ਜਾ ਰਿਹਾ ਹੈ। ਦਿੱਲੀ ਯੂਨੀਵਰਸਿਟੀ ਵਿਚ ਹਿੰਦੀ ਪੜ੍ਹਾਉਂਦੇ ਪ੍ਰੋਫੈਸਰ ਅਪੂਰਵਾਨੰਦ ਨੇ ਜਾਂਚ ਵਿਚ ਸਹਿਯੋਗ ਕਰਦਿਆਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਜਾਂਚ ਪੁਰਅਮਨ ਪ੍ਰੋਟੈਸਟਰਾਂ ਅਤੇ ਉੱਤਰ-ਪੂਰਬੀ ਦਿੱਲੀ ਦੇ ਲੋਕਾਂ ਖਿਲਾਫ ਹਿੰਸਾ ਕਰਨ ਤੇ ਕਰਾਉਣ ਵਾਲਿਆਂ 'ਤੇ ਕੇਂਦਰਤ ਹੋਵੇਗੀ। ਇਹ ਸੰਵਿਧਾਨਕ ਢੰਗਾਂ ਨਾਲ ਜਮਹੂਰੀ ਹੱਕਾਂ ਦੀ ਵਰਤੋਂ ਕਰਦਿਆਂ ਪ੍ਰੋਟੈਸਟ ਕਰਨ ਵਾਲਿਆਂ ਨੂੰ ਹੋਰ ਪ੍ਰੇਸ਼ਾਨ ਕਰਨ ਵਾਲੀ ਨਹੀਂ ਹੋਵੇਗੀ।
6 ਮਾਰਚ ਨੂੰ ਦਰਜ ਐੱਫ ਆਈ ਆਰ ਇਕ ਮੁਖਬਰ ਵੱਲੋਂ ਸਬ-ਇੰਸਪੈਕਟਰ ਅਰਵਿੰਦ ਕੁਮਾਰ ਨੂੰ ਦਿੱਤੀ ਗਈ ਇਸ ਸੂਚਨਾ 'ਤੇ ਅਧਾਰਤ ਹੈ। ਇਸ ਤੋਂ ਬਾਅਦ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੂੰ 'ਵੱਡੀ ਸਾਜ਼ਿਸ਼' ਦੀ ਜਾਂਚ ਦਾ ਜ਼ਿੰਮਾ ਸੌਂਪਿਆ ਗਿਆ ਤੇ ਉਸ ਨੇ ਇਸ ਵਿਚ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (ਯੂ ਏ ਪੀ ਏ) ਦੀਆਂ ਕਰੜੀਆਂ ਧਾਰਾਵਾਂ ਵੀ ਜੋੜ ਦਿੱਤੀਆਂ।

209 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper