Latest News
ਸਿਸਵਾਂ ਫਾਰਮ ਹਾਊਸ ਵੱਲ ਜਾਂਦੇ ਭਗਵੰਤ ਮਾਨ ਸਾਥੀਆਂ ਸਣੇ ਗ੍ਰਿਫ਼ਤਾਰ

Published on 04 Aug, 2020 10:37 AM.


ਕੁਰਾਲੀ (ਮੋਹਣ ਅੱਗਰਵਾਲ ਜੋਗਾ)
ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ 100 ਤੋਂ ਵੱਧ ਮੌਤਾਂ ਦੇ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੱਭਣ ਮੰਗਲਵਾਰ ਉਨ੍ਹਾਂ ਦੇ ਸਿਸਵਾਂ ਵਿਖੇ ਸਥਿਤ ਫਾਰਮ ਹਾਊਸ ਵੱਲ ਜਾਂਦੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਆਪਣੀ ਪਾਰਟੀ ਦੇ ਵਿਧਾਇਕਾਂ ਅਤੇ ਹੋਰ ਵਲੰਟੀਅਰਾਂ ਤੇ ਆਗੂਆਂ ਨੂੰ ਮੁਹਾਲੀ ਪੁਲਸ ਨੇ ਮੁੱਲਾਂਪੁਰ ਗਰੀਬਦਾਸ ਬੈਰੀਅਰ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ। ਭਗਵੰਤ ਮਾਨ ਅਤੇ ਸਾਥੀ 11 ਵਿਧਾਇਕ ਅਤੇ ਹੋਰ ਪਾਰਟੀ ਆਗੂ ਅਤੇ ਸਰਗਰਮ ਵਲੰਟੀਅਰ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਵੱਲ ਕੂਚ ਕਰ ਰਹੇ ਸਨ ਕਿ ਡੀ ਐੱਸ ਪੀ ਅਮਰੋਜ ਸਿੰਘ ਦੀ ਅਗਵਾਈ ਹੇਠ ਪੁਲਸ ਨੇ ਮੁੱਲਾਂਪੁਰ ਗਰੀਬਦਾਸ ਬੈਰੀਅਰ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਰੋਕ ਲਿਆ। ਇਸ ਕਾਰਨ ਭਗਵੰਤ ਮਾਨ ਅਤੇ ਬਾਕੀ ਵਿਧਾਇਕ ਜਿਨ੍ਹਾਂ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਅਮਨ ਅਰੋੜਾ ਅਤੇ ਸੂਬਾ ਜਨਰਲ ਸਕੱਤਰ ਤੇ ਹਲਕਾ ਖਰੜ ਤੋਂ ਪਾਰਟੀ ਇੰਚਾਰਜ ਨਰਿੰਦਰ ਸਿੰਘ ਸ਼ੇਰਗਿੱਲ, ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਹਰੀਸ਼ ਕੌਸ਼ਲ ਅਤੇ ਹੋਰ ਉੱਥੇ ਹੀ ਸੜਕ 'ਤੇ ਧਰਨਾ ਲਗਾ ਕੇ ਬੈਠ ਗਏ ਅਤੇ 'ਕੈਪਟਨ ਸਾਹਿਬ ਬਾਹਰ ਆਓ ਅਤੇ ਪੰਜਾਬ ਸਰਕਾਰ ਮੁਰਦਾਬਾਦ' ਦੇ ਨਾਅਰੇ ਲਗਾਏ ਗਏ। ਬਾਅਦ ਵਿੱਚ ਪੁਲਸ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਸਾਰਿਆਂ ਨੂੰ ਬੱਸ ਵਿੱਚ ਬਿਠਾ ਕੇ ਮੁਹਾਲੀ ਲੈ ਗਏ। ਪੁਲਸ ਹਿਰਾਸਤ ਦੌਰਾਨ ਪੱਤਰਕਾਰਾਂ ਨੂੰ ਵਟਸਅੱਪ 'ਤੇ ਮੈਸੇਜ਼ ਭੇਜ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਹਰੀਸ਼ ਕੌਸ਼ਲ ਨੇ ਦੱਸਿਆ ਕਿ ਹੁਣ “ਆਪ'' ਦੇ ਵਲੰਟੀਅਰ ਸ਼ਰਾਬ ਦੀ ਤਸਕਰੀ ਵਿੱਚ ਸ਼ਾਮਲ ਸਾਰੇ ਕਾਂਗਰਸੀ ਵਿਧਾਇਕਾਂ ਦੇ ਘਰ ਘੇਰਨ ਜਾਣਗੇ। ਸ਼ਾਇਦ ਉਹ ਦੱਸ ਪਾਉਣ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਹੱਥ ਵਿੱਚ ਸ੍ਰੀ ਗੁਟਕਾ ਸਾਹਿਬ ਲੈ ਕੇ 100 ਦਿਨਾਂ ਵਿੱਚ ਸੂਬੇ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੀ ਸਹੁੰ ਚੁੱਕਣ ਵਾਲਾ ਕੈਪਟਨ ਕਿੱਥੇ ਲੁਕਿਆ ਹੈ।

218 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper