Latest News
ਜਮਹੂਰੀਅਤ ਬਚਾਉਣ ਲਈ ਅੱਜ ਨਾ ਨਿੱਤਰੇ ਤਾਂ ਭਲਕ ਨੂੰ ਸ਼ਾਇਦ ਇਹ ਰਹੇ ਹੀ ਨਾ

Published on 07 Aug, 2020 09:06 AM.

ਨਵੀਂ ਦਿੱਲੀ : ਕਾਂਗਰਸੀ ਸਾਂਸਦ ਕੁਮਾਰ ਕੇਟਕਰ ਸਣੇ 1300 ਤੋਂ ਵੱਧ ਲੋਕਾਂ ਨੇ ਪੁਲਸ ਵੱਲੋਂ ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ ਪ੍ਰੇਸ਼ਾਨ ਕਰਨ ਵਿਰੁੱਧ ਜਨਤਕ ਅਪੀਲ ਜਾਰੀ ਕਰਦਿਆਂ ਕਿਹਾ ਹੈ ਕਿ ਦੇਸ਼ ਵਿਚ ਅਸਹਿਮਤੀ ਦੀ ਆਵਾਜ਼ ਨੂੰ ਦਬਾਉਣ ਅਤੇ ਕਿਸੇ ਨੂੰ ਸਰਕਾਰ 'ਤੇ ਕਿੰਤੂ ਕਰਨ ਜੋਗਾ ਨਾ ਛੱਡਣ ਦੀ ਵੱਡੀ ਸਾਜ਼ਿਸ਼ ਚੱਲ ਰਹੀ ਹੈ।
ਫਰਵਰੀ ਦੇ ਦਿੱਲੀ ਦੰਗਿਆਂ ਦੇ ਸੰਬੰਧ ਵਿਚ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਪੂਰਵਾਨੰਦ ਝਾਅ ਤੋਂ ਕੀਤੀ ਗਈ ਪੁੱਛਗਿੱਛ ਦਾ ਜ਼ਿਕਰ ਕਰਦਿਆਂ ਅਪੀਲ ਵਿਚ ਕਿਹਾ ਗਿਆ ਹੈ ਕਿ ਪੁਲਸ ਵੱਲੋਂ ਅਪਰਾਧ ਦੀ ਜਾਂਚ ਕਰਦਿਆਂ ਕਿਸੇ ਨਾਗਰਿਕ ਤੋਂ ਸਹਿਯੋਗ ਲੈਣਾ ਅਸਾਧਾਰਨ ਤੇ ਨਾਵਾਜਬ ਨਹੀਂ, ਪਰ ਇਥੇ ਮਾਮਲਾ ਪੁੱਛਗਿੱਛ ਦੇ ਸੰਦਰਭ ਤੇ ਢੰਗ ਦਾ ਹੈ। ਪਿਛਲੇ ਦੋ ਮਹੀਨਿਆਂ ਵਿਚ ਦਰਜਨ ਹੋਰਨਾਂ ਲੋਕਾਂ ਵਾਂਗ ਪ੍ਰੋਫੈਸਰ ਅਪੂਰਵਾਨੰਦ ਨੂੰ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂ ਏ ਪੀ ਏ) ਦੇ ਸੈਕਸ਼ਨ 43 ਐਫ ਤਹਿਤ ਪੁੱਛਗਿੱਛ ਲਈ ਸੱਦਿਆ ਗਿਆ। ਸੰਮਨ ਵਿਚ ਤਾਜ਼ੀਰਾਤੇ ਹਿੰਦ ਦੇ 19 ਸੈਕਸ਼ਨਾਂ, ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਸੰਬੰਧੀ ਕਾਨੂੰਨ (ਪੀ ਡੀ ਪੀ ਪੀ) ਦੇ ਦੋ ਸੈਕਸ਼ਨਾਂ, ਆਰਮਜ਼ ਐਕਟ ਦੇ ਦੋ ਸੈਕਸ਼ਨਾਂ ਅਤੇ ਯੂ ਏ ਪੀ ਏ ਦੇ ਹੋਰ ਚਾਰ ਸੈਕਸ਼ਨਾਂ ਦਾ ਜ਼ਿਕਰ ਸੀ। ਇਹ ਆਮ ਜਾਂਚ ਨਹੀਂ ਅਤੇ ਨਾ ਹੀ ਪੁਲਸ ਆਮ ਤੌਰ 'ਤੇ ਇੰਜ ਜਾਂਚ ਕਰਦੀ ਹੈ। ਇਹ ਦਿੱਲੀ ਪੁਲਸ ਦੀ ਉਸ ਰਣਨੀਤੀ ਦਾ ਹਿੱਸਾ ਹੈ ਜਿਸ ਨਾਲ ਉਹ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪ੍ਰੋਟੈੱਸਟ ਦੰਗੇ ਭੜਕਾਉਣ ਦੀ ਸਾਜ਼ਿਸ਼ ਸੀ। ਇਹ ਸਭ ਕੁਝ ਅਸਹਿਮਤੀ ਨੂੰ ਦਬਾਉਣ ਤੇ ਕਿਸੇ ਨੂੰ ਸਰਕਾਰ ਨੂੰ ਚੁਣੌਤੀ ਦੇਣ ਜੋਗਾ ਨਾ ਛੱਡਣ ਦੀ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਅਪੀਲ ਉੱਤੇ ਦਸਤਖਤ ਕਰਨ ਵਾਲਿਆਂ ਵਿਚ ਸਾਬਕਾ ਨੇਵੀ ਚੀਫ ਐਲ ਰਾਮਦਾਸ, ਸਾਬਕਾ ਮਾਰਕਸੀ ਸਾਂਸਦ ਸੁਦਰਸ਼ਨ ਰਾਇ ਚੌਧਰੀ, ਸਾਬਕਾ ਨੌਕਰਸ਼ਾਹ ਜਾਵੀਦ ਚੌਧਰੀ, ਜਵਾਹਰ ਸਿਰਕਾਰ, ਨੰਦਿਤਾ ਸਹਿਗਲ, ਐਨ ਕੇ ਰਘੁਪਤੀ, ਪੀ ਆਰ ਦਾਸਗੁਪਤਾ, ਪ੍ਰਤੀਪ ਕੁਮਾਰ ਲਹਿਰੀ, ਐੱਸ ਪੀ ਐਮਬਰੋਜ਼, ਸੁੰਦਰ ਬੁੱਰਾ, ਅਸ਼ੋਕ ਵਾਜਪਾਈ, ਵੀ ਪੀ ਰਾਜਾ, ਸੁਧਾਂਸ਼ੂ ਮੋਹੰਤੀ, ਐਸ ਸੇਲਵਾਰਾਜ ਅਤੇ ਸਾਬਕਾ ਡਿਪਲੋਮੇਟ ਦੇਬ ਮੁਖਰਜੀ, ਕੇ ਪੀ ਫੈਬਿਅਨ ਤੇ ਮਧੂ ਭੰਡਾਰੀ ਸ਼ਾਮਲ ਹਨ। ਉਨ੍ਹਾਂ ਕਿਹਾ ਹੈ, ''ਅਸੀਂ ਭਾਰਤੀ ਸੰਵਿਧਾਨ ਵਿਚ ਦਰਜ ਬੋਲਣ ਦੀ ਆਜ਼ਾਦੀ, ਕਾਨੂੰਨ ਅੱਗੇ ਬਰਾਬਰੀ ਤੇ ਸੈਕੂਲਰਿਜ਼ਮ ਦੀਆਂ ਕਦਰਾਂ-ਕੀਮਤਾਂ ਨੂੰ ਪ੍ਰਣਾਏ ਸਾਰੇ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਭਾਰਤ ਨੂੰ ਪੁਲਸ ਰਾਜ ਬਣਾਉਣ ਦੀ ਕੋਸ਼ਿਸ਼ ਦੀ ਮੁਜ਼ਾਹਮਤ ਕਰਨ, ਜਿਥੇ ਹਰ ਤਰ੍ਹਾਂ ਦੀ ਅਸਹਿਮਤੀ ਨੂੰ ਖਤਰਨਾਕ ਕਾਨੂੰਨਾਂ ਤਹਿਤ ਅਪਰਾਧ ਕਰਾਰ ਦਿੱਤਾ ਜਾ ਰਿਹਾ ਹੈ। ਜਮਹੂਰੀਅਤ ਨੂੰ ਕੁਚਲਣ ਦਾ ਵਿਰੋਧ ਕਰਨ ਵਿਚ ਜੇ ਅਸੀਂ ਅੱਜ ਨਾਕਾਮ ਰਹੇ ਤਾਂ ਭਲਕੇ ਸ਼ਾਇਦ ਜਮਹੂਰੀਅਤ ਨਾ ਬਚੇ।'' ਪ੍ਰੋਫੈਸਰ ਅਪੂਰਵਾਨੰਦ ਤੋਂ ਦਿੱਲੀ ਪੁਲਸ ਦੇ ਦਹਿਸ਼ਤਗਰਦੀ ਵਿਰੋਧੀ ਯੂਨਿਟ ਵੱਲੋਂ ਲੰਘੇ ਮੰਗਲਵਾਰ ਪੰਜ ਘੰਟੇ ਪੁੱਛਗਿੱਛ ਕੀਤੀ ਗਈ। ਅੱੈਫ ਆਈ ਆਰ, ਜਿਸ ਵਿਚ ਅਪੂਰਵਾਨੰਦ ਦਾ ਨਾਂਅ ਨਹੀਂ, ਵਿਚ ਕਈ ਲੋਕਾਂ 'ਤੇ ਦੋਸ਼ ਹੈ ਕਿ ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫਰਵਰੀ ਦੇ ਦੌਰੇ ਦੌਰਾਨ ਹਿੰਸਾ ਦੀ ਸਾਜ਼ਿਸ਼ ਰਚੀ, ਜਿਸ ਦੇ ਨਤੀਜੇ ਵਜੋਂ ਫਿਰਕੂ ਦੰਗੇ ਹੋਏ ਤੇ 53 ਲੋਕ ਮਾਰੇ ਗਏ। ਜੇ ਐੱਨ ਯੂ ਦੀਆਂ ਵਿਦਿਆਰਥਣਾਂ ਨਤਾਸ਼ਾ ਨਰਵਾਲ, ਦੇਵਾਂਗਨਾ ਕਲੀਤਾ ਅਤੇ ਗੁਲਫਿਸ਼ਾ ਫਾਤਿਮਾ ਆਦਿ ਇਸ ਕੇਸ ਵਿਚ ਕਈ ਦਿਨਾਂ ਤੋਂ ਸਲਾਖਾਂ ਪਿੱਛੇ ਹਨ।

113 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper