Latest News
ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ 'ਤੇ ਕਿਰਤੀਆਂ ਦੀ ਵਿਸ਼ਾਲ ਰੈਲੀ

Published on 08 Aug, 2020 10:27 AM.


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਮੌਕੇ ਭਾਰਤ ਬਚਾਓ ਨਾਅਰੇ ਨੂੰ ਲੈ ਕੇ ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਵੱਖ-ਵੱਖ ਜਥੇਬੰਦੀਆਂ ਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸਾਂਝੇ ਕੌਮੀ ਮੰਚ ਦੇ ਦੇਸ਼-ਵਿਆਪੀ ਸੱਤਿਆਗ੍ਰਹਿ ਕਰਨ ਦੇ ਸੱਦੇ ਉਪਰ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਸ਼ਾਮਲ ਮਜ਼ਦੂਰਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਏਟਕ, ਹਿੰਦ ਮਜ਼ਦੂਰ ਸਭਾ, ਇੰਟਕ ਅਤੇ ਸੀ.ਟੀ.ਯੂ. ਪੰਜਾਬ ਦੀ ਅਗਵਾਈ ਵਿੱਚ ਵੱਖ-ਵੱਖ ਇਲਾਕਿਆਂ ਵਿੱਚੋਂ ਜਲੂਸਾਂ ਦੀ ਸ਼ਕਲ ਵਿੱਚ ਮਜ਼ਦੂਰ/ਮੁਲਾਜ਼ਮ ਗੋਲ ਬਾਗ ਵਿਖੇ ਇਕੱਠੇ ਹੋਏ।
ਰੋਸ ਰੈਲੀ ਨੂੰ ਟ੍ਰੇਡ ਯੂਨੀਅਨਾਂ ਦੇ ਸੂਬਾਈ ਅਤੇ ਸਥਾਨਕ ਆਗੂਆਂ ਨੇ ਸੰਬੋਧਨ ਕੀਤਾ, ਜਿਨ੍ਹਾਂ ਵਿੱਚ ਕਾ. ਵਿਜੇ ਮਿਸ਼ਰਾ ਪ੍ਰਧਾਨ ਸੀ.ਟੀ.ਯੂ. ਪੰਜਾਬ, ਕਾ. ਅਮਰਜੀਤ ਸਿੰਘ ਆਸਲ ਸਕੱਤਰ ਪੰਜਾਬ ਏਟਕ, ਕੁਲਵੰਤ ਸਿੰਘ ਬਾਵਾ ਜਨਰਲ ਸਕੱਤਰ ਹਿੰਦ ਮਜ਼ਦੂਰ ਸਭਾ ਪੰਜਾਬ, ਸ੍ਰੀ ਬਿੱਟੂ ਵਰਕਿੰਗ ਪ੍ਰਧਾਨ ਜ਼ਿਲ੍ਹਾ ਇੰਟਕ, ਕਾ. ਬ੍ਰਹਮਦੇਵ ਸ਼ਰਮਾ, ਕਾ. ਜਗਤਾਰ ਸਿੰਘ ਕਰਮਪੁਰਾ, ਕਾ. ਦਸਵਿੰਦਰ ਕੌਰ, ਸ੍ਰੀ ਸੁਸ਼ੀਲ ਕੁਮਾਰ, ਸ੍ਰੀਮਤੀ ਕੁਲਵੰਤ ਕੌਰ, ਡਾ. ਭੁਪਿੰਦਰ ਸਿੰਘ, ਵਿਜੇ ਕਪੂਰ, ਡਾ. ਬਲਵਿੰਦਰ ਸਿੰਘ, ਕਾ. ਕੰਵਲਜੀਤ ਆਦਿ ਸਨ। ਬੁਲਾਰਿਆਂ ਨੇ ਮੰਗ ਕੀਤੀ ਕਿ ਪਾਰਲੀਮੈਂਟ ਦੀ ਲੇਬਰ ਬਾਰੇ ਸਟੈਂਡਿੰਗ ਕਮੇਟੀ ਦੀ ਰਿਪੋਰਟ ਅਨੁਸਾਰ ਮਜ਼ਦੂਰਾਂ ਲਈ ਗ੍ਰੈਚੂਟੀ ਲਾਗੂ ਕਰਨ ਦਾ ਸਮਾਂ ਇੱਕ ਸਾਲ ਕੀਤਾ ਜਾਵੇ। ਪ੍ਰੋਵੀਡੈਂਟ ਫੰਡ ਲਈ 20 ਵਰਕਰਾਂ ਦੀ ਸ਼ਰਤ ਖਤਮ ਕਰਕੇ ਸਾਰੇ ਮਜ਼ਦੂਰਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਵੇ। ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ 21,000 ਰੁਪਏ ਨਿਸ਼ਚਿਤ ਕੀਤੀ ਜਾਵੇ ਅਤੇ ਮਹਿੰਗਾਈ ਅੰਕੜੇ ਰੋਕਣ ਦਾ ਪੱਤਰ ਰੱਦ ਕੀਤਾ ਜਾਵੇ। ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਵਾਪਸ ਲਈਆਂ ਜਾਣ, ਸਾਰੇ ਮਜ਼ਦੂਰਾਂ ਨੂੰ ਕਰਫਿਊ/ਲਾਕਡਾਊਨ ਦੇ ਸਮੇਂ ਦੀਆਂ ਪੂਰੀਆਂ ਤਨਖਾਹਾਂ ਦਿੱਤੀਆਂ ਜਾਣ, ਮਨਰੇਗਾ ਮਜ਼ਦੂਰਾਂ ਨੂੰ ਸਾਲ ਵਿੱਚ 200 ਦਿਨ ਕੰਮ ਦਿੱਤਾ ਜਾਵੇ, ਦਿਹਾੜੀ 600 ਰੁਪਏ ਕੀਤੀ ਜਾਵੇ ਅਤੇ ਮਨਰੇਗਾ ਸਕੀਮ ਸ਼ਹਿਰਾਂ ਵਿੱਚ ਵੀ ਲਾਗੂ ਕੀਤੀ ਜਾਵੇ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਡੀ.ਏ. ਜਾਮ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ। ਜਨਤਕ ਖੇਤਰ ਦੇ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਘਰੇਲੂ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਮੁੜ ਚਾਲੂ ਕੀਤੀ ਜਾਵੇ ਅਤੇ ਰਜਿਸਟਰਡ ਘਰੇਲੂ ਮਜ਼ਦੂਰਾਂ ਨੂੰ ਉਸਾਰੀ ਕਾਮਿਆਂ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਪ੍ਰਾਪਰਟੀ ਟੈਕਸ ਦਾ 5 ਫੀਸਦੀ ਹਿੱਸਾ ਘਰੇਲੂ ਮਜ਼ਦੂਰਾਂ ਦੇ ਭਲਾਈ ਬੋਰਡ ਵਿੱਚ ਜਮ੍ਹਾਂ ਕੀਤਾ ਜਾਵੇ। ਉਸਾਰੀ ਕਾਮਿਆਂ ਦੀ ਰਜਿਸਟ੍ਰੇਸ਼ਨ ਦਾ ਕੰਮ ਸੌਖਾ ਕੀਤਾ ਜਾਵੇ ਅਤੇ ਉਹਨਾਂ ਦੀਆਂ ਭਲਾਈ ਸਕੀਮਾਂ ਦੀਆਂ ਰਕਮਾਂ ਵਿੱਚ ਵਾਧਾ ਕੀਤਾ ਜਾਵੇ। ਭੱਠਿਆਂ ਉੱਪਰ ਕੰਮ ਕਰਨ ਵਾਲੇ ਮਜ਼ਦੂਰਾਂ ਦੀਆਂ ਉਜਰਤਾਂ ਨਵੀਂ ਤਕਨੀਕ (ਹਾਈ ਡਰਾਫਟ) ਦੇ ਹਿਸਾਬ ਨਾਲ ਸੋਧੀਆਂ ਜਾਣ, ਜਿਨ੍ਹਾਂ ਵਿੱਚ ਨਿਕਾਸੀ ਵਾਲੇ, ਜਲਾਈ ਵਾਲੇ, ਭਰਾਈ ਵਾਲੇ, ਪਥੇਰ ਆਦਿ ਸ਼ਾਮਲ ਹਨ। ਔਰਤਾਂ ਦੇ ਨਾਲ ਘਰੇਲੂ ਅਤੇ ਕੰਮ ਵਾਲੀਆਂ ਥਾਵਾਂ ਉੱਪਰ ਹਿੰਸਾ ਅਤੇ ਸ਼ੋਸ਼ਣ ਉੱਪਰ ਰੋਕ ਲਗਾਉਣ ਲਈ ਆਈ.ਐੱਲ.ਓ. ਦੀ ਕਨਵੈਨਸ਼ਨ 190 ਨੂੰ ਲਾਗੂ ਕੀਤਾ ਜਾਵੇ। ਆਂਗਨਵਾੜੀ ਵਰਕਰ, ਆਸ਼ਾ ਵਰਕਰ, ਮਿੱਡ ਡੇ ਮੀਲ, ਪੇਂਡੂ ਚੌਂਕੀਦਾਰਾ ਸਮੇਤ ਸਾਰੇ ਸਕੀਮ ਵਰਕਰਾਂ ਨੂੰ ਵਰਕਰ ਮੰਨ ਕੇ ਘੱਟੋ-ਘੱਟ ਉਜਰਤਾਂ ਦੇ ਕਾਨੂੰਨ ਸਮੇਤ ਸਾਰੇ ਕਿਰਤ ਕਾਨੂੰਨਾਂ ਦੇ ਘੇਰੇ ਵਿੱਚ ਸ਼ਾਮਲ ਕੀਤਾ ਜਾਵੇ। ਆਊਟ ਸੋਰਸਿੰਗ, ਠੇਕੇ 'ਤੇ ਭਰਤੀ ਅਤੇ ਕੈਜੂਅਲ ਵਰਕਰਾਂ ਨੂੰ ਪੱਕਾ ਕੀਤਾ ਜਾਵੇ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ। ਬਿਜਲੀ ਬਿੱਲ 2020 ਵਾਪਸ ਲਿਆ ਜਾਵੇ। ਇਸ ਮੌਕੇ ਕਾ. ਕ੍ਰਿਪਾਲ ਸਿੰਘ, ਕਾ. ਸੁਖਵੰਤ ਸਿੰਘ, ਕਾ. ਬਲਦੇਵ ਸਿੰਘ ਵੇਰਕਾ, ਕਾ. ਮੋਹਨ ਲਾਲ, ਸ੍ਰੀਮਤੀ ਅਕਵਿੰਦਰ ਕੌਰ, ਸੁਲੱਖਣ ਸਿੰਘ, ਗੁਰਜਿੰਦਰ ਸਿੰਘ, ਕੇਵਲਜੀਤ, ਰਾਜਿੰਦਰ, ਸ਼ੌਕਤ ਮਸੀਹ, ਪਰਮਜੀਤ ਕੌਰ, ਕੁਲਵਿੰਦਰ ਸਿੰਘ ਸਾਈਂ, ਜੋਗਿੰਦਰ ਲਾਲ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।

180 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper