Latest News
ਪੀ ਆਰ ਟੀ ਸੀ ਜਥੇਬੰਦੀਆਂ ਨੇ ਖਜ਼ਾਨਾ ਮੰਤਰੀ ਨੂੰ ਦੱਸੀਆਂ ਸਮੱਸਿਆਵਾਂ

Published on 08 Aug, 2020 10:29 AM.


ਪਟਿਆਲਾ (ਨਵਾਂ ਜ਼ਮਾਨਾ ਸਰਵਿਸ)
ਪਿੰਡ ਬਾਦਲ ਵਿਖੇ ਪੀ ਆਰ ਟੀ ਸੀ ਵਿੱਚ ਕੰਮ ਕਰਦੀਆਂ 6 ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਪੰਜਾਬ ਦੇ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਨਾਲ ਉਹਨਾਂ ਦੇ ਗ੍ਰਹਿ ਵਿਖੇ ਐਕਸ਼ਨ ਕਮੇਟੀ ਦੇ ਕਨਵੀਨਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰ ਸ੍ਰੀ ਬਲਦੇਵ ਰਾਜ ਬੱਤਾ, ਜਰਨੈਲ ਸਿੰਘ, ਨਸੀਬ ਚੰਦ, ਤਰਸੇਮ ਸਿੰਘ, ਮੁਹੰਮਦ ਖਲੀਲ ਅਤੇ ਗੰਡਾ ਸਿੰਘ ਤੇ ਅਧਾਰਤ ਵਫਦ ਨਾਲ ਹੋਈ, ਜਿਸ ਵਿੱਚ ਪੀ ਆਰ ਟੀ ਸੀ ਦੇ ਵਰਕਰਾਂ ਅਤੇ ਪੈਨਸ਼ਨਰਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਦਾ ਸੰਕਟ, ਪੀ ਆਰ ਟੀ ਸੀ ਦੀ ਕਰੋਨਾ ਮਹਾਂਮਾਰੀ ਕਾਰਨ ਵਿਗੜ ਚੁੱਕੀ ਵਿੱਤੀ ਹਾਲਤ ਅਤੇ 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿ ਗਏ ਵਰਕਰਾਂ ਤੇ ਪੈਨਸ਼ਨ ਲਾਗੂ ਕਰਨ ਸਬੰਧੀ ਤਿੰਨਾਂ ਮੁੱਦਿਆਂ 'ਤੇ ਗੰਭੀਰਤਾ ਨਾਲ ਗੱਲਬਾਤ ਹੋਈ। ਐਕਸ਼ਨ ਕਮੇਟੀ ਦੇ ਵਫਦ ਵੱਲੋਂ ਖਜ਼ਾਨਾ ਮੰਤਰੀ ਸਾਹਮਣੇ ਅਦਾਰੇ ਦੀ ਵਿੱਤੀ ਹਾਲਤ ਬਾਰੇ ਤੱਥ ਪੇਸ਼ ਕਰਦਿਆਂ ਦੱਸਿਆ ਗਿਆ ਕਿ ਪੀ ਆਰ ਟੀ ਸੀ ਨੂੰ 23 ਮਾਰਚ ਤੋਂ ਲੈ ਕੇ ਜੁਲਾਈ ਮਹੀਨੇ ਦੇ ਅੰਤ ਤੱਕ 4 ਮਹੀਨੇ ਦੇ ਸਮੇਂ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ 165 ਕਰੋੜ ਰੁਪਏ ਦੀ ਆਮਦਨ ਦੀ ਬਜਾਏ ਸਿਰਫ 12 ਕਰੋੜ ਦੇ ਲਗਭਗ ਆਮਦਨ ਹੋਈ ਹੈ, ਜਦ ਕਿ ਬਸ ਕਿਰਾਏ ਵਿੱਚ ਵੀ ਕਾਫੀ ਵਾਧਾ ਹੋ ਚੁੱਕਾ ਹੈ। ਇਸ ਤਰ੍ਹਾਂ 4 ਮਹੀਨੇ ਵਿੱਚ 153 ਕਰੋੜ ਰੁਪਏ ਦੀ ਆਮਦਨ ਘਟੀ ਹੈ ਕਿਉਂਕਿ ਕਰੋਨਾ ਕਾਰਨ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਅਤੇ ਪੇਸ਼ਬੰਦੀਆਂ ਕਾਰਨ ਸਵਾਰੀ ਸਫਰ ਲਈ ਨਹੀਂ ਨਿਕਲ ਰਹੀ ਜਦ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਪਬਲਿਕ ਹਿੱਤ ਵਿੱਚ ਬੱਸਾਂ ਚਲਾਈਆਂ ਜਾ ਰਹੀਆਂ ਹਨ।ਸਵਾਰੀਆਂ ਦੀ ਸਿਹਤ ਸੁਰੱਖਿਆ ਲਈ ਕਾਫੀ ਵਾਧੂ ਖਰਚ ਵੀ ਕੀਤਾ ਜਾ ਰਿਹਾ ਹੈ। ਡੀਜਲ ਦੀਆਂ ਕੀਮਤਾਂ ਵਿੱਚ ਅਧਾਹ ਵਾਧਾ ਵੀ ਇਸੇ ਸਮੇਂ ਵਿੱਚ ਹੋਇਆ ਹੈ। ਵਫਦ ਵੱਲੋਂ ਮੰਗ ਕੀਤੀ ਗਈ ਕਿ ਪੀ ਆਰ ਟੀ ਸੀ ਨੂੰ ਹਰ ਮਹੀਨੇ ਘੱਟੋ-ਘੱਟ 35 ਕਰੋੜ ਰੁਪਏ ਮਹੀਨਾ ਵਿਸ਼ੇਸ਼ ਮਾਲੀ ਸਹਾਇਤਾ ਦਿੱਤੀ ਜਾਵੇ ਤਾਂ ਕਿ ਤਨਖਾਹਾਂ ਅਤੇ ਪੈਨਸ਼ਨਾਂ ਦੇ ਭੁਗਤਾਨ ਵਿੱਚ ਕੋਈ ਰੁਕਾਵਟ ਨਾ ਪਵੇ ਅਤੇ ਅਦਾਰੇ ਦਾ ਸੰਚਾਲਨ ਵੀ ਠੀਕ ਢੰਗ ਨਾਲ ਹੁੰਦਾ ਰਹੇ।ਵਫਦ ਵੱਲੋਂ 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿ ਗਏ ਵਰਕਰਾਂ ਨੂੰ ਪੈਨਸ਼ਨ ਸਕੀਮ ਦਾ ਮੈਂਬਰ ਬਣਾਉਣ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਚੁੱਕਿਆ ਗਿਆ।ਸਾਰੀ ਗੱਲਬਾਤ ਉਪਰੰਤ ਖਜ਼ਾਨਾ ਮੰਤਰੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਪੀ ਆਰ ਟੀ ਸੀ ਦੇ ਵਰਕਰਾਂ ਨੂੰ ਤਨਖਾਹਾਂ ਅਤੇ ਪੈਨਸ਼ਨ ਦੇਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਇਹ ਹਰ ਹਾਲਤ ਵਿੱਚ ਦਿੱਤੀ ਜਾਵੇਗੀ, ਨਾਲ ਹੀ ਉਹਨਾਂ ਕਿਹਾ ਕਿ ਬਿਨਾਂ ਪੈਨਸ਼ਨ ਵਾਲਿਆਂ ਦਾ ਮੁੱਦਾ ਮੈਂ ਜਲਦੀ ਹੱਲ ਕਰ ਦੇਵਾਂਗਾ।

217 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper