Latest News
ਕਾਮਰੇਡ ਮਨਜੀਤ ਲਾਲੀ ਦਾ ਦਿਹਾਂਤ, ਸਸਕਾਰ ਅੱਜ

Published on 09 Aug, 2020 10:28 AM.


ਹੁਸ਼ਿਆਰਪੁਰ : 'ਨਵਾਂ ਜ਼ਮਾਨਾ' ਦੀ ਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਮੈਂਬਰ ਕਾਮਰੇਡ ਮਨਜੀਤ ਸਿੰਘ ਲਾਲੀ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ। ਕਈ ਮਹੀਨੇ ਪਹਿਲਾਂ ਉਨ੍ਹਾ ਨੂੰ ਬਰੇਨ ਹੈਮਰੇਜ ਕਾਰਨ ਡੀ ਐੱਮ ਸੀ ਲੁਧਿਆਣਾ ਦਾਖ਼ਲ ਕਰਵਾਇਆ ਗਿਆ ਸੀ। ਲੰਮੇ ਇਲਾਜ ਤੋਂ ਬਾਅਦ ਉਹ ਸਿਹਤਯਾਬ ਹੋ ਰਹੇ ਸਨ ਤੇ ਇਸ ਸਮੇਂ ਆਪਣੇ ਘਰ ਲੰਗੇਰੀ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਨ। ਕਾਮਰੇਡ ਮਨਜੀਤ ਲਾਲੀ ਪਿਛਲੇ 27 ਸਾਲਾਂ ਤੋਂ ਪਿੰਡ ਦੇ ਸਰਪੰਚ ਚਲੇ ਆ ਰਹੇ ਸਨ। ਉਨ੍ਹਾ ਨਮਿਤ ਅੰਤਮ ਸੰਸਕਾਰ 10 ਅਗਸਤ (ਸੋਮਵਾਰ) ਨੂੰ ਬਾਅਦ ਦੁਪਹਿਰ 2 ਵਜੇ ਕੀਤਾ ਜਾਵੇਗਾ।
ਉਨ੍ਹਾ ਦੇ ਵਿਛੋੜੇ ਉੱਤੇ 'ਨਵਾਂ ਜ਼ਮਾਨਾ' ਦੇ ਟਰੱਸਟੀ ਜਤਿੰਦਰ ਪਨੂੰ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਕਾਮਰੇਡ ਗੁਰਮੀਤ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਸਾਬਕਾ ਵਿਧਾਇਕ ਜੈ ਕਿਸ਼ਨ ਸੈਣੀ, ਕਾਮਰੇਡ ਦਰਸ਼ਨ ਸਿੰਘ ਮੱਟੂ, ਅਕਾਲੀ ਆਗੂ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਵਿਜੈ ਬੰਬੇਲੀ, ਪ੍ਰਿੰ. ਪਰਵਿੰਦਰ ਸਿੰਘ, ਕਾਮਰੇਡ ਸਵਰਨ ਸਿੰਘ ਅਕਲਪੁਰ ਤੇ ਬਲਵੀਰ ਪਰਵਾਨਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾ ਨਮਿਤ ਸ਼ਰਧਾਂਜਲੀ ਸਮਾਰੋਹ 16 ਅਗਸਤ ਨੂੰ ਹੋਵੇਗਾ। ਉਨ੍ਹਾ ਦੇ ਦਿਹਾਂਤ 'ਤੇ ਫਰੈਂਡਜ਼ ਆਫ਼ ਸੀ ਪੀ ਆਈ ਇੰਗਲੈਂਡ ਦੇ ਸਾਥੀਆਂ ਬੀਬੀ ਜਸਵੀਰ ਕੌਰ ਦੂਹੜੇ, ਕਾਮਰੇਡ ਇਕਬਾਲ ਵੈਦ, ਸੁਖਦੇਵ ਔਜਲਾ, ਕੇ ਸੀ ਮੋਹਨ, ਬਲਵਿੰਦਰ ਢਿਲੋਂ ਕਾਮਰੇਡ ਸੁਖਦੇਵ ਜੌਹਲ, ਦਰਸ਼ਨ ਢਿੱਲੋਂ, ਪ੍ਰੀਤਮ ਮੱਟੂ, ਗੁਰਪਾਲ ਦੂਹੜੇ, ਲਖਵਿੰਦਰ ਰੰਧਾਵਾ, ਇੰਦਰਪਾਲ ਵਾਲੀਆ, ਮੁਹਿੰਦਰ ਸਿੰਘ ਲੰਗੇਰੀ, ਦਿਲਬਾਗ ਸਿੰਘ ਕੋਵੈਂਟਰੀ, ਸਰਵਣ ਜ਼ਫਰ, ਰੇਸ਼ਮ ਸਮਰਾ ਤੇ ਜੀਤ ਸਿੰਘ ਜਗਪਾਲਾ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਕਮਿਊਨਿਸਟ ਤੇ ਇਨਕਲਾਬੀ ਲਹਿਰ ਦਾ ਇਕ ਹੋਰ ਯੋਧਾ, ਲੋਕ ਸੇਵਾ ਦਾ ਸਮਰਪਿਤ ਕਾਮਾ ਕਾਮਰੇਡ ਮਨਜੀਤ ਲਾਲੀ 'ਲੰਗੇਰੀ' ਸਾਨੂੰ ਗਹਿਰੇ ਸਦਮੇ ਵਿਚ ਪਾ ਕੇ ਤੁਰ ਗਿਆ ਹੈ। ਸੀ ਪੀ ਆਈ ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਸੀ ਪੀ ਆਈ ਪੰਜਾਬ ਦੇ ਸਾਬਕਾ ਸਕੱਤਰ ਅਤੇ ਮਹਾਨ ਸ਼ਹੀਦ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਦੇ ਸਾਥੀ ਕਾਮਰੇਡ ਮਨਜੀਤ ਲਾਲੀ ਦੇ ਦਿਹਾਂਤ ਉਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਇਆਂ ਸਾਥੀ ਲਾਲੀ ਨੂੰ ਅਸਲ ਕਮਿਊਨਿਸਟ ਨਾਇਕ ਆਖਿਆ, ਜਿਸ ਵੱਲੋਂ ਪਿੰਡ ਲੰਗੇਰੀ ਵਿਚ ਕੀਤੀ ਇਮਾਨਦਾਰ, ਚਰਿੱਤਰਵਾਨ, ਲੋਕਾਂ ਨੂੰ ਤੇ ਪਿੰਡ ਦੇ ਵਿਕਾਸ ਨੂੰ ਸਮਰਪਿਤ ਬੇਗਰਜ਼ ਸੇਵਾ ਅਤੇ ਸਰਗਰਮੀ ਨੇ ਉਹਨੂੰ ਦਹਾਕਿਆਂ ਤੋਂ ਪਿੰਡ ਦੀ ਸਰਪੰਚੀ ਦੀ ਜ਼ਿੰਮੇਵਾਰੀ ਸੌਂਪੀ ਹੋਈ ਸੀ।
ਬੰਤ ਬਰਾੜ ਨੇ ਪਾਰਟੀ ਲੀਡਰਸ਼ਿਪ-ਸਰਵਸਾਥੀ ਜੁਗਿੰਦਰ ਦਿਆਲ, ਹਰਦੇਵ ਅਰਸ਼ੀ, ਜਗਰੂਪ ਸਿੰਘ, ਨਿਰਮਲ ਧਾਲੀਵਾਲ, ਜਗਜੀਤ ਜੋਗਾ, ਭੂਪਿੰਦਰ ਸਾਂਬਰ, ਹਰਭਜਨ ਸਿੰਘ, ਗੁਲਜ਼ਾਰ ਗੋਰੀਆ, ਪ੍ਰਿਥੀਪਾਲ ਮਾੜੀਮੇਘਾ ਤੇ ਗੁਰਨਾਮ ਕੰਵਰ ਵੱਲੋਂ ਸਾਥੀ ਲਾਲੀ ਦੀ ਲਾਮਿਸਾਲ ਪ੍ਰੇਰਨਾਮਈ ਜ਼ਿੰਦਗੀ ਨੂੰ ਸਲਾਮ ਕਰਦਿਆਂ ਉਹਨਾ ਵੱਲੋਂ ਪਾਰਟੀ ਦੇ ਅਖਬਾਰ 'ਨਵਾਂ ਜ਼ਮਾਨਾ' ਦੇ ਟਰੱਸਟੀ ਵਜੋਂ ਪਾਏ ਵੱਡੇ ਮਾਇਕ ਅਤੇ ਸਰਗਰਮ ਯੋਗਦਾਨ ਨੂੰ ਚੇਤੇ ਕੀਤਾ। ਪਾਰਟੀ ਦੇ ਸੋਸ਼ਲ ਮੀਡੀਆ ਗਰੁੱਪ ਉਤੇ ਸੈਂਕੜੇ ਸਾਥੀਆਂ ਨੇ ਸਾਥੀ ਲਾਲੀ ਦੀ ਯਾਦ ਨੂੰ ਸਲਾਮ ਭੇਜੀ ਹੈ। ਸੂਬਾ ਪਾਰਟੀ ਸਾਥੀ ਲਾਲੀ ਦੇ ਪਰਵਾਰ ਨਾਲ, ਪਿੰਡ ਲੰਗੇਰੀ ਨਾਲ ਤੇ ਜ਼ਿਲ੍ਹਾ ਪਾਰਟੀ ਨਾਲ ਦੁੱਖ ਸਾਂਝਾ ਕਰਦੀ ਹੈ ਤੇ ਉਹਨਾ ਦੇ ਅਧੂਰੇ ਰਹੇ ਕਾਜ਼ ਨੂੰ ਪੂਰਾ ਕਰਨ ਲਈ ਸੰਘਰਸ਼ ਅੱਗੇ ਵਧਾਉਣ ਦਾ ਸੰਕਲਪ ਕਰਦੀ ਹੈ।

323 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper