Latest News
ਮਜ਼ਦੂਰ ਨਾਰਾਜ਼ ਹੈ

Published on 10 Aug, 2020 10:49 AM.


ਵੱਡੇ ਪ੍ਰੋਜੈਕਟਾਂ ਲਈ ਮਜ਼ਦੂਰਾਂ ਦਾ ਪ੍ਰਬੰਧ ਕਰਕੇ ਦੇਣ ਵਾਲੀ ਇਕ ਲੇਬਰ ਏਜੰਸੀ ਨੇ ਮਹਾਰਾਸ਼ਟਰ ਦੇ ਇਕ ਪ੍ਰੋਜੈਕਟ ਲਈ 35 ਮਜ਼ਦੂਰ ਲਿਆਉਣ ਲਈ ਦੋ ਲੱਖ ਰੁਪਏ ਖਰਚ ਕੇ ਇਕ ਏਅਰਕੰਡੀਸ਼ਨਡ ਬੱਸ ਪੱਛਮੀ ਬੰਗਾਲ ਦੇ ਪੁਰੁਲੀਆ ਇਲਾਕੇ ਵਿਚ ਭੇਜੀ, ਪਰ ਉਹ ਖਾਲੀ ਪਰਤ ਆਈ। ਕੰਪਨੀ ਦੇ ਅਧਿਕਾਰੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਕਿ ਕੰਮ ਲਈ ਗੇੜੀਆਂ ਲਾਉਂਦੇ ਮਜ਼ਦੂਰਾਂ ਨੇ ਨਾਂਹ ਕਰ ਦਿੱਤੀ। 24 ਮਾਰਚ ਨੂੰ ਚਾਰ ਘੰਟੇ ਦੇ ਨੋਟਿਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਗੂ ਕਰ ਦਿੱਤੇ ਗਏ ਲਾਕਡਾਊਨ ਤੋਂ ਬਾਅਦ ਮਾਲਕਾਂ ਵੱਲੋਂ ਬੇਦਖਲ ਕਰ ਦਿੱਤੇ ਜਾਣ ਕਾਰਨ ਪੈਰਾਂ ਵਿਚ ਛਾਲੇ ਪੁਆ ਕੇ ਭੁੱਖੇ-ਭਾਣੇ ਘਰ ਪਰਤੇ ਮਜ਼ਦੂਰ ਉਨ੍ਹਾਂ ਦ੍ਰਿਸ਼ਾਂ ਨੂੰ ਚੇਤੇ ਕਰਕੇ ਆਪਣੀਆਂ ਪੁਰਾਣੀਆਂ ਕੰਮ ਵਾਲੀਆਂ ਥਾਂਵਾਂ ਵੱਲ ਮੁੜਨ ਤੋਂ ਤ੍ਰਭਕ ਰਹੇ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਥੇ ਚੌਕਾਂ ਵਿਚ ਖੜ੍ਹੇ ਹੋ ਕੇ ਮਜ਼ਦੂਰ ਕੰਮ ਲੱਭਦੇ ਹੁੰਦੇ ਸਨ ਤੇ ਹੁਣ ਘਰ ਆਈਆਂ ਏ ਸੀ ਬੱਸਾਂ 'ਤੇ ਚੜ੍ਹ ਕੇ ਵੀ ਕੰਮ 'ਤੇ ਜਾਣ ਲਈ ਤਿਆਰ ਨਹੀਂ। ਨੀਮ ਹੁਨਰਮੰਦ ਜਾਂ ਗੈਰ-ਹੁਨਰਮੰਦ ਮਜ਼ਦੂਰਾਂ ਦੇ ਮਾਮਲੇ ਵਿਚ ਤੋਲ ਹਮੇਸ਼ਾ ਮਾਲਕਾਂ ਦੇ ਹੱਥ ਵਿਚ ਰਿਹਾ ਹੈ, ਕਿਉਂਕਿ ਇਨ੍ਹਾਂ ਮਜ਼ਦੂਰਾਂ ਦੀ ਸੌਦੇਬਾਜ਼ੀ ਦੀ ਤਾਕਤ ਬਹੁਤ ਘੱਟ ਹੁੰਦੀ ਹੈ। ਗੱਲ ਸਿਰਫ ਪੁਰੁਲੀਆ ਦੀ ਹੀ ਨਹੀਂ, ਪੱਛਮੀ ਬੰਗਾਲ ਦੇ ਹੋਰਨਾਂ ਹਿੱਸਿਆਂ ਅਤੇ ਬਿਹਾਰ, ਝਾਰਖੰਡ ਤੇ ਓਡੀਸ਼ਾ (ਜਿਹੜੇ ਪੱਛਮੀ ਤੇ ਦੱਖਣੀ ਭਾਰਤ ਨੂੰ ਮਜ਼ਦੂਰਾਂ ਦੇ ਮੁੱਖ ਸਪਲਾਇਰ ਹਨ) ਦੇ ਮਜ਼ਦੂਰ ਵੀ ਪਰਤਣ ਨੂੰ ਤਿਆਰ ਨਹੀਂ। ਝੋਨਾ ਲਾਉਣ ਵੇਲੇ ਪੰਜਾਬ ਦੇ ਕਿਸਾਨਾਂ ਨੂੰ ਵੀ ਬਿਹਾਰ ਤੇ ਯੂ ਪੀ ਵੱਲ ਬੱਸਾਂ ਘੱਲਣੀਆਂ ਪਈਆਂ ਸਨ। ਇਸ ਦੇ ਬਾਵਜੂਦ ਲੋੜੀਂਦੇ ਮਜ਼ਦੂਰ ਨਹੀਂ ਮਿਲੇ ਸਨ।
ਲੇਬਰ ਏਜੰਸੀਆਂ ਲਈ ਪਿੰਡਾਂ ਵਿਚੋਂ ਮਜ਼ਦੂਰਾਂ ਦਾ ਪ੍ਰਬੰਧ ਕਰਨ ਵਾਲੇ ਠੇਕੇਦਾਰਾਂ ਦਾ ਕਹਿਣਾ ਹੈ ਕਿ ਲਾਕਡਾਊਨ ਵੇਲੇ ਮਜ਼ਦੂਰਾਂ ਨੂੰ ਜਿਵੇਂ ਉਨ੍ਹਾਂ ਦੇ ਹਾਲ 'ਤੇ ਛੱਡਿਆ ਗਿਆ, ਉਸ ਦੀ ਟੀਸ ਉਨ੍ਹਾਂ ਦੇ ਮਨਾਂ ਵਿਚੋਂ ਛੇਤੀ ਜਾਣ ਵਾਲੀ ਨਹੀਂ। ਪੁਰੁਲੀਆ ਦੇ ਇਕ ਮਜ਼ਦੂਰ ਨੇ ਇਸ ਸਥਿਤੀ ਨੂੰ ਇਸ ਤਰ੍ਹਾਂ ਬਿਆਨ ਕੀਤਾ : ਮੈਨੂੰ ਇਸ ਵੇਲੇ ਆਪਣੀ ਆਮਦਨ ਦੀ ਪ੍ਰਵਾਹ ਨਹੀਂ। ਮੇਰੇ ਵਰਗੇ ਹੋਰ ਹਜ਼ਾਰਾਂ ਨੌਜਵਾਨ ਵੀ ਅਜਿਹਾ ਹੀ ਸੋਚਦੇ ਹਨ। ਘਰ ਵਿਚ ਸਲਾਮਤ ਤਾਂ ਹਾਂ। ਜਦੋਂ ਤੱਕ ਵਾਇਰਸ ਨਹੀਂ ਮਰਦਾ, ਅਸੀਂ ਦੁਤਕਾਰਨ ਵਾਲੇ ਮਾਲਕਾਂ ਦੀਆਂ ਮਸ਼ੀਨਾਂ ਦੇ ਦੰਦੇ ਨਹੀਂ ਬਣਨਾ। ਇਕ ਹੋਰ ਮਜ਼ਦੂਰ ਦਾ ਕਹਿਣਾ ਸੀ : ਜਿਵੇਂ ਵੀ ਘਰ ਪਰਤੇ, ਪਰ ਖੁਸ਼ਕਿਸਮਤੀ ਨਾਲ ਜਿਊਂਦੇ ਤੇ ਸਿਹਤਮੰਦ ਹਾਂ। ਅਸੀਂ ਨਵੇਂ ਕੋਵਿਡ ਅਰਥਚਾਰੇ ਵਿਚ ਜੋਖਮ ਨਹੀਂ ਉਠਾ ਸਕਦੇ।
ਸਰਕਾਰ ਕਾਰਖਾਨਿਆਂ ਦੇ ਰਫਤਾਰ ਫੜਨ ਦੇ ਜਿੰਨੇ ਮਰਜ਼ੀ ਦਾਅਵੇ ਕਰੀ ਜਾਵੇ, ਕੇਂਦਰ ਤੇ ਸੂਬਾ ਸਰਕਾਰਾਂ ਨੇ ਵੀ ਘਰ ਵਾਪਸੀ ਵੇਲੇ ਮਜ਼ਦੂਰਾਂ ਨੂੰ ਜਿੰਨਾ ਜ਼ਲੀਲ ਕੀਤਾ, ਉਸ ਨੂੰ ਉਹ ਭੁਲਾ ਨਹੀਂ ਸਕਦੇ, ਭਾਵੇਂ ਘਰ ਵਿਚ ਉਨ੍ਹਾਂ ਨੂੰ ਲੂਣ ਤੇ ਚਟਨੀ ਨਾਲ ਹੀ ਰੋਟੀ ਖਾਣੀ ਪਵੇ। ਸਨਅਤਕਾਰ ਤੇ ਅਰਥ ਸ਼ਾਸਤਰੀ ਚਿੰਤਤ ਹਨ ਕਿ ਇਸ ਨਾਲ ਸਨਅਤੀ ਉਤਪਾਦਨ 'ਤੇ ਬਹੁਤ ਬੁਰਾ ਅਸਰ ਪਵੇਗਾ। ਕਲਕੱਤਾ ਦੇ ਸੇਂਟ ਜ਼ੇਵੀਅਰਜ਼ ਕਾਲਜ ਵਿਚ ਅਰਥ ਸ਼ਾਸਤਰ ਦੀ ਐਸੋਸੀਏਟ ਪ੍ਰੋਫੈਸਰ ਸਸਵਤੀ ਚੌਧਰੀ ਮੁਤਾਬਕ ਅਜਿਹਾ ਕਦੇ ਨਹੀਂ ਦੇਖਿਆ ਕਿ ਮਜ਼ਦੂਰ ਆਪਣੀਆਂ ਕੰਮ ਵਾਲੀਆਂ ਥਾਂਵਾਂ 'ਤੇ ਜਾਣ ਤੋਂ ਇਨਕਾਰ ਕਰ ਦੇਣ। ਲੇਬਰ ਮਾਰਕਿਟ ਵਿਚ ਮਜ਼ਦੂਰਾਂ ਦੀ ਸਪਲਾਈ ਵਿਚ ਅਜਿਹੀ ਕਮੀ ਚੀਜ਼ਾਂ ਦੀ ਮੰਗ ਵਿਚ ਬੇਹਿਸਾਬੀ ਕਮੀ ਲਿਆਏਗੀ, ਕਿਉਂਕਿ ਘੱਟ ਕਮਾਉਣ ਵਾਲੇ ਮਜ਼ਦੂਰ ਘੱਟ ਖਰਚਣਗੇ। ਮੰਗ ਵਿਚ ਕਮੀ ਦਾ ਨਤੀਜਾ ਸਨਅਤੀ ਉਤਪਾਦਨ ਦੇ ਸੁੰਗੜਨ ਵਿਚ ਨਿਕਲੇਗਾ। ਟਰੇਡ ਯੂਨੀਅਨਾਂ ਲਾਕਡਾਊਨ ਦੇ ਪਹਿਲੇ ਦਿਨ ਤੋਂ ਹੀ ਵਿਹਲੇ ਹੋਏ ਮਜ਼ਦੂਰਾਂ ਨੂੰ ਬਣਦਾ ਰਾਸ਼ਨ ਤੇ ਧਨ ਦੀ ਰਾਹਤ ਦੇਣ ਦੀ ਮੰਗ ਕਰਦੀਆਂ ਆ ਰਹੀਆਂ ਹਨ, ਪਰ ਕਾਰਪੋਰੇਟਾਂ ਨੂੰ ਕਰੋੜਾਂ ਦੀ ਰਾਹਤ ਦੇਣ ਵਾਲੀ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਨਤੀਜਾ ਹੁਣ ਸਾਹਮਣੇ ਹੈ। ਸਨਅਤਾਂ ਦਾ ਚੱਕਾ ਘੁਮਾਉਣ ਵਾਲੇ ਪਹੀਆਂ (ਮਜ਼ਦੂਰਾਂ) ਨੇ ਘੁੰਮਣ ਤੋਂ ਨਾਂਹ ਕਰ ਦਿੱਤੀ ਹੈ।

742 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper