Latest News
ਕਮਾਈ ਦੀ ਥਾਂ ਕੁਵੈਤ ਤੋਂ ਪਰਤੀ ਸੁਖਵਿੰਦਰ ਦੀ ਲਾਸ਼

Published on 10 Aug, 2020 11:00 AM.


ਬਹਿਰਾਮ (ਅਵਤਾਰ ਕਲੇਰ)
ਅੱਜ ਕਟਾਰੀਆਂ 'ਚ ਮਾਹੌਲ ਉਦੋਂ ਗ਼ਮਗੀਨ ਬਣ ਗਿਆ, ਜਦੋਂ ਇੱਥੋਂ ਦੇ ਨੌਜਵਾਨ ਸੁਖਵਿੰਦਰ ਰਾਮ ਦੀ ਲਾਸ਼ ਕੁਵੈਤ ਤੋਂ ਡੱਬੇ 'ਚ ਬੰਦ ਹੋ ਕੇ ਪਿੰਡ ਪਰਤੀ। ਉਸ ਦੇ ਮਾਪੇ ਉਸ ਦੀ ਕਮਾਈ ਨਾਲ ਘਰ ਦੀ ਮੰਦੀ ਖ਼ਤਮ ਕਰਨ ਬਾਰੇ ਸੋਚ ਹੀ ਰਹੇ ਸਨ ਕਿ ਡੇਢ ਸਾਲ ਬਾਅਦ ਸੁਖਵਿੰਦਰ ਦੀ ਮੌਤ ਦੀ ਖ਼ਬਰ ਨੇ ਸਾਰਿਆਂ ਨੂੰ ਸੁੰਨ ਕਰਕੇ ਰੱਖ ਦਿੱਤਾ। ਉਸ ਦਾ ਪਰਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਨਮ ਅੱਖਾਂ ਨਾਲ ਸਸਕਾਰ ਕਰ ਦਿੱਤਾ ਗਿਆ। ਉਸ ਨੂੰ ਅਗਨੀ ਦਿਖਾਉਣ ਦੀ ਰਸਮ ਉਸ ਦੇ ਚਾਰ ਸਾਲ ਦੇ ਪੁੱਤਰ ਸ਼ਿਵਜੋਤ ਜੱਖੂ ਨੇ ਕੀਤੀ। ਕੁਵੈਤ ਜਾ ਕੇ ਸੁਖਵਿੰਦਰ ਰਾਮ ਨੂੰ ਇੱਕ ਤਾਂ ਦੇਰ ਨਾਲ ਕੰਮ ਮਿਲਿਆ ਅਤੇ ਬਾਅਦ 'ਚ ਉਸ ਨੇ ਹੌਲੀ-ਹੌਲੀ ਪਰਵਾਰ ਸਿਰ ਚੜ੍ਹੇ ਕਰਜ਼ੇ ਦੀਆਂ ਕਿਸ਼ਤਾਂ ਮੋੜਨੀਆਂ ਸ਼ੁਰੂ ਹੀ ਕੀਤੀਆਂ ਸਨ ਕਿ ਅਚਾਨਕ ਉਸ ਦੀ ਤਬੀਅਤ ਵਿਗੜ ਗਈ। ਆਖਿਰ ਦਿਲ ਦੇ ਦੌਰੇ ਨਾਲ ਉਹ 5 ਅਗਸਤ ਨੂੰ ਦਮ ਤੋੜ ਗਿਆ। ਉਸ ਦੇ ਪਿਤਾ ਚਰਨ ਦਾਸ ਤੇ ਮਾਤਾ ਹਰਬੰਸ ਕੌਰ ਨੇ ਦੱਸਿਆ ਕਿ ਉਹਨਾਂ ਦੀ ਆਰਥਿਕ ਹਾਲਤ ਠੀਕ ਨਹੀਂ ਸੀ। ਸੁਖਵਿੰਦਰ ਦੇ ਵਿਦੇਸ਼ ਜਾਣ ਨਾਲ ਕੁਝ ਚੰਗਾ ਹੋਣ ਦੀ ਆਸ ਬੱਝੀ ਸੀ ਤੇ ਉਹਨਾਂ ਨਾਲ ਹੁਣ ਆਹ ਭਾਣਾ ਵਰਤ ਗਿਆ। ਮ੍ਰਿਤਕ ਆਪਣੇ ਪਿੱਛੇ ਬਿਰਧ ਮਾਤਾ-ਪਿਤਾ, ਪਤਨੀ ਅਤੇ ਧੀ-ਪੁੱਤਰ ਵਿਲਕਦੇ ਛੱਡ ਗਿਆ। ਸੁਖਵਿੰਦਰ ਦੀ ਮੌਤ ਬਾਰੇ ਪਤਾ ਲੱਗਣ ਤੋਂ ਬਾਅਦ ਸਾਰੇ ਪਰਵਾਰ ਦੀ ਹਾਲਤ ਦੇਖੀ ਨਹੀਂ ਜਾ ਰਹੀ ਸੀ। ਇਸ ਮੌਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਕਿ ਇਸ ਦੁੱਖ ਦੀ ਘੜੀ 'ਚ ਪਰਵਾਰ ਦੀ ਆਰਥਿਕ ਮਦਦ ਕੀਤੀ ਜਾਵੇ।
ਇਸ ਮੌਕੇ ਬਾਬਾ ਸਾਧੂ ਸ਼ਾਹ ਚਿਸ਼ਤੀ ਸਾਬਰੀ ਕਟਾਰੀਆਂ, ਸਾਈਂ ਲਖਬੀਰ ਸ਼ਾਹ ਕਾਦਰੀ, ਲੰਬਰਦਾਰ ਵਰਿੰਦਰ ਸਿੰਘ, ਪ੍ਰੇਮ ਲਾਲ ਸਰਪੰਚ, ਰਸ਼ਪਾਲ ਚੰਦ ਪੰਚ, ਗੁਰਮੇਲ ਚੰਦ ਪੰਚ, ਨਵਜੋਤ ਸਿੰਘ ਜੱਖੂ, ਗੁਰਬਚਨ ਸਿੰਘ ਫ਼ੌਜੀ, ਮਲਕੀਅਤ ਸਿੰਘ ਬੰਗਾ, ਗੁਰਬਚਨ ਬਾਦਸ਼ਾਹ ਆਦਿ ਹਾਜ਼ਰ ਸਨ।

145 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper