Latest News
ਬਾਗੀ ਪਾਇਲਟ ਦੀ ਰਾਹੁਲ ਤੇ ਪ੍ਰਿਅੰਕਾ ਨਾਲ ਮੁਲਾਕਾਤ

Published on 10 Aug, 2020 11:02 AM.


ਨਵੀਂ ਦਿੱਲੀ : ਬਾਗੀ ਸਚਿਨ ਪਾਇਲਟ ਦੀ ਸੋਮਵਾਰ ਰਾਹੁਲ ਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਨੇ ਰਾਜਸਥਾਨ ਦੀ ਸਿਆਸਤ ਵਿਚ ਇਕ ਹੋਰ ਮੋੜ ਲੈ ਆਂਦਾ। ਸਮਝਿਆ ਜਾਂਦਾ ਹੈ ਕਿ ਗਾਂਧੀਆਂ ਨੇ ਪਾਇਲਟ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਮਤਭੇਦਾਂ ਬਾਰੇ ਗੱਲਬਾਤ ਕੀਤੀ ਤੇ ਉਸ ਦੀਆਂ ਸ਼ਿਕਾਇਤਾਂ ਦੂਰ ਕਰਨ ਦਾ ਵਾਅਦਾ ਕੀਤਾ। ਇਸ ਲਈ ਉਸ ਨੂੰ ਤੇ ਉਸ ਦੇ 18 ਬਾਗੀ ਸਾਥੀ ਵਿਧਾਇਕਾਂ ਨੂੰ 14 ਅਗਸਤ ਨੂੰ ਸੱਦੇ ਗਏ ਅਸੰਬਲੀ ਅਜਲਾਸ ਵਿਚ ਗਹਿਲੋਤ ਸਰਕਾਰ ਦੇ ਹੱਕ ਵਿਚ ਵੋਟਾਂ ਪਾਉਣੀਆਂ ਪੈਣਗੀਆਂ। ਹਾਲਾਂਕਿ ਕਾਂਗਰਸ ਨੇ ਪਾਇਲਟ ਨੂੰ ਉਪ ਮੁੱਖ ਮੰਤਰੀ ਤੇ ਸੂਬਾ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ, ਪਰ ਉਸ ਨੂੰ ਘਰ ਵਾਪਸੀ ਲਈ ਕਹਿੰਦੀ ਆਈ ਹੈ। ਰਾਹੁਲ ਗਾਂਧੀ ਹੁਣ ਫਾਈਨਲ ਫੈਸਲੇ ਲਈ ਸੋਨੀਆ ਗਾਂਧੀ ਨੂੰ ਮਿਲਣਗੇ। ਦੱਸਿਆ ਜਾਂਦਾ ਹੈ ਕਿ ਸੀਨੀਅਰ ਕਾਂਗਰਸ ਆਗੂ ਅਹਿਮਦ ਪਟੇਲ ਦੇ ਜਤਨਾਂ ਨਾਲ ਹੀ ਪਾਇਲਟ ਗਾਂਧੀਆਂ ਨੂੰ ਮਿਲੇ।
200 ਮੈਂਬਰੀ ਅਸੰਬਲੀ ਵਿਚ ਗਹਿਲੋਤ 102 ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕਰ ਰਹੇ ਹਨ। ਪਾਇਲਟ ਆਪਣੀ ਤਾਕਤ 19 ਤੋਂ ਵਧਾ ਨਹੀਂ ਸਕੇ, ਹਾਲਾਂਕਿ ਪਹਿਲਾਂ ਉਨ੍ਹਾ ਘੱਟੋ-ਘੱਟ 30 ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕੀਤਾ ਸੀ।
ਇਸੇ ਦੌਰਾਨ ਭਾਜਪਾ ਨੇ ਵੀ ਰਣਨੀਤੀ ਬਦਲਦਿਆਂ 11 ਅਗਸਤ ਨੂੰ ਵਿਧਾਇਕਾਂ ਦੀ ਜੈਪੁਰ ਮੀਟਿੰਗ ਸੱਦ ਲਈ ਹੈ। ਪਿਛਲੇ ਦਿਨੀਂ ਹੀ ਭਾਜਪਾ ਨੇ ਆਪਣੇ 72 ਵਿਚੋਂ 22 ਵਿਧਾਇਕ ਗਹਿਲੋਤ ਤੋਂ ਬਚਾਉਣ ਲਈ ਗੁਜਰਾਤ ਭੇਜ ਦਿੱਤੇ ਸਨ। ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਵੀ ਸਰਗਰਮ ਹੋ ਗਈ ਸੀ ਤੇ ਉਸ ਨੇ ਪਾਰਟੀ ਪ੍ਰਧਾਨ ਜੇ ਪੀ ਨੱਢਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਦਿੱਲੀ ਵਿਚ ਮੁਲਾਕਾਤ ਕੀਤੀ ਸੀ। ਸਿੰਧੀਆ ਨੇ ਸੂਬਾਈ ਅਹੁਦੇਦਾਰਾਂ ਵੱਲੋਂ ਲਏ ਗਏ ਕੁਝ ਫੈਸਲਿਆਂ 'ਤੇ ਨਾਖੁÎਸ਼ੀ ਜ਼ਾਹਰ ਕੀਤੀ ਸੀ।
ਹਾਈਕਮਾਨ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਅੱਗੇ ਤੋਂ ਉਸ ਨੂੰ ਪੁੱਛ ਕੇ ਫੈਸਲੇ ਕੀਤੇ ਜਾਣਗੇ। ਸਿੰਧੀਆ ਨੂੰ 40 ਵਿਧਾਇਕਾਂ ਦੀ ਹਮਾਇਤ ਦੱਸੀ ਜਾਂਦੀ ਹੈ ਤੇ ਪਾਇਲਟ ਦਾ ਮੁੱਖ ਮੰਤਰੀ ਬਣਨਾ ਉਸ ਨੂੰ ਗਵਾਰਾ ਨਹੀਂ।

211 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper