Latest News
ਭਾਰਤ ਬਚਾਓ ਦਿਵਸ 'ਤੇ ਜ਼ਬਰਦਸਤ ਮੁਜ਼ਾਹਰਾ

Published on 10 Aug, 2020 11:03 AM.


ਪਟਿਆਲਾ : ਇੱਥੇ ਮਿੰਨੀ ਸਕੱਤਰੇਤ ਪਟਿਆਲਾ ਦੇ ਸਾਹਮਣੇ 10 ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 9 ਅਗਸਤ ਦੇ ਭਾਰਤ ਛੱਡੋ ਅੰਦੋਲਨ ਦੇ ਦਿਨ ਨੂੰ ਸਮਰਪਿਤ ਭਾਰਤ ਬਚਾਓ ਦਿਵਸ ਮਨਾਉਣ ਦੇ ਰੂਪ ਵਿੱਚ ਦੇਸ਼ ਵਿਆਪੀ ਰੋਸ ਮੁਜ਼ਾਹਰੇ ਕਰਨ ਦੇ ਸੱਦੇ ਦੇ ਸੰਬੰਧ ਵਿੱਚ ਏਟਕ, ਇੰਟਕ, ਸੀ.ਟੀ.ਯੂ. ਪੰਜਾਬ, ਪ.ਸ.ਸ.ਫ. ਅਤੇ ਬੈਂਕ ਇੰਪਲਾਈਜ਼ ਫੈਡਰੇਸ਼ਨ ਨਾਲ ਸੰਬੰਧਤ ਸੈਂਕੜੇ ਮੁਲਾਜ਼ਮਾਂ-ਮਜ਼ਦੂਰਾਂ ਅਤੇ ਮਿਹਨਤਕਸ਼ਾਂ ਵੱਲੋਂ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਦੀ ਅਗਵਾਈ ਪੰਜਾਬ ਏਟਕ ਦੇ ਜਨਰਲ ਸਕੱਤਰ ਸ੍ਰੀ ਨਿਰਮਲ ਸਿੰਘ ਧਾਲੀਵਾਲ, ਇੰਟਕ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਜਗਰੂਪ ਸਿੰਘ, ਸੀ.ਟੀ.ਯੂ. ਪੰਜਾਬ ਦੇ ਸ੍ਰੀ ਦਰਸ਼ਨ ਸਿੰਘ ਬੇਲੂਮਾਜਰਾ, ਪ.ਸ.ਸ.ਫ. ਪੰਜਾਬ ਦੇ ਪ੍ਰਧਾਨ ਸ੍ਰੀ ਦਰਸ਼ਨ ਸਿੰਘ ਲੁਬਾਣਾ, ਬੈਂਕ ਇੰਪਲਾਈਜ਼ ਫੈਡਰੇਸ਼ਨ ਆਗੂ ਸ੍ਰੀ ਐੱਸ.ਕੇ. ਗੌਤਮ ਨੇ ਕੀਤੀ ਅਤੇ ਮੁਜ਼ਾਹਰਾਕਾਰੀਆਂ ਵੱਲੋਂ ਕੋਵਿਡ-19 ਸੰਬੰਧੀ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਤੇ ਗਾਈਡਲਾਈਨਜ਼ ਦਾ ਪਾਲਣ ਵੀ ਸੁਚੇਤ ਰੂਪ ਵਿੱਚ ਕੀਤਾ ਗਿਆ।
ਮੋਦੀ ਸਰਕਾਰ ਦੀਆਂ ਦੇਸ਼ ਵਿਰੋਧੀ ਆਰਥਿਕ ਅਤੇ ਸਨਅਤੀ ਨੀਤੀਆਂ ਦੇ ਵਿਰੋਧ ਵਿੱਚ ਰੋਹ ਭਰਪੂਰ ਮੁਜ਼ਾਹਰੇ ਵਿੱਚ ਇਕੱਤਰ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਐੱਸ.ਕੇ. ਗੌਤਮ, ਦਰਸ਼ਨ ਸਿੰਘ ਬੇਲੂਮਾਜਰਾ ਅਤੇ ਜਗਰੂਪ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਅਗਵਾਈ ਵਿੱਚ ਦੇਸ਼ ਦੇ ਆਮ ਲੋਕਾਂ ਦਾ ਵਾਸਤਾ ਇਕ ਅਜਿਹੀ ਸਰਕਾਰ ਨਾਲ ਪਿਆ ਹੈ, ਜਿਹੜੀ ਮਿਹਨਤਕਸ਼ ਤਬਕਿਆਂ ਉਪਰ ਆਰਥਿਕ ਜਬਰ ਤਾਂ ਕਰ ਹੀ ਰਹੀ ਹੈ, ਇਸ ਤੋਂ ਇਲਾਵਾ ਦੇਸ਼ ਵਿੱਚ ਸੰਵਿਧਾਨ, ਜਮਹੂਰੀਅਤ, ਜਮਹੂਰੀਅਤ ਹੱਕਾਂ ਨੂੰ, ਧਾਰਮਿਕ ਘੱਟ ਗਿਣਤੀਆਂ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਵੀ ਕੁਚਲਣ ਦਾ ਰਾਹ ਤੇਜ਼ੀ ਨਾਲ ਅਖਤਿਆਰ ਕਰ ਰਹੀ ਹੈ।
ਜੇਕਰ ਆਰਥਿਕ ਨੀਤੀਆਂ ਨੂੰ ਵੇਖੀਏ ਤਾਂ ਸਪੱਸ਼ਟ ਤੌਰ 'ਤੇ ਕਾਰਪੋਰੇਟ ਘਰਾਣਿਆਂ ਅਤੇ ਵਿਦੇਸ਼ੀ ਬਹੁ-ਰਾਸ਼ਟਰੀ ਕੰਪਨੀਆਂ ਲਈ ਦੇਸ਼ ਦੇ ਕੁਦਰਤੀ ਸੋਮੇ ਅਤੇ ਸਮੁੱਚੇ ਪਬਲਿਕ ਸੈਕਟਰ ਨੂੰ ਹੜੱਪਣ ਦੇ ਅਤੇ ਲੁੱਟਣ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ। ਇਸ ਲੁੱਟ ਨੂੰ ਅੰਜਾਮ ਦੇਣ ਲਈ ਕੋਰੋਨਾ ਮਹਾਂਮਾਰੀ ਦੇ ਦੌਰ ਨੂੰ ਖੂਬ ਵਰਤਿਆ ਜਾ ਰਿਹਾ ਹੈ। ਕੋਰੋਨਾ ਦੇ ਹਕੀਕੀ ਅਤੇ ਬਨਾਵਟੀ ਡਰ ਦਾ ਪ੍ਰਚਾਰ ਲੋਕ ਵਿਰੋਧੀ ਨੀਤੀਆਂ, ਲੋਕ ਵਿਰੋਧੀ ਕਾਨੂੰਨ, ਮਜ਼ਦੂਰ ਵਿਰੋਧੀ ਲੇਬਰ ਕਾਨੂੰਨ, ਕਿਸਾਨ ਵਿਰੋਧੀ ਆਰਡੀਨੈਂਸ, ਬਿਜਲੀ ਬਿੱਲ, ਮੋਟਰ ਵਹੀਕਲ ਕਾਨੂੰਨ ਅਤੇ ਪਬਲਿਕ ਸੈਕਟਰ ਵੇਚਣ ਦੇ ਫੈਸਲੇ ਲਾਗੂ ਕਰਨ ਲਈ ਕਾਰਗਾਰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਲੋਕਾਂ ਦਾ ਧਿਆਨ ਜ਼ਿੰਦਗੀ ਦੇ ਅਸਲ ਮੁੱਦਿਆਂ ਤੋਂ ਭਟਕਾਅ ਕੇ ਅੰਧ-ਰਾਸ਼ਟਰਵਾਦ, ਜਾਤ-ਪਾਤ, ਕੱਟੜਵਾਦ, ਨਫਰਤ, ਝੂਠ ਅਤੇ ਧਾਰਮਿਕ ਝਗੜੇ ਆਦਿ ਵਰਗੇ ਖਤਰਨਾਕ ਮਨਸੂਬਿਆਂ ਵੱਲ ਜਜ਼ਬਾਤੀ ਤੌਰ 'ਤੇ ਉਤੇਜਿਤ ਕੀਤਾ ਜਾ ਰਿਹਾ ਹੈ, ਜੋ ਕਿ ਦੇਸ਼ ਦੇ ਭਵਿੱਖ ਲਈ ਇਕ ਖਤਰੇ ਦੀ ਘੰਟੀ ਹੈ। ਇਸ ਸਭ ਕੁੱਝ ਨੂੰ ਢੁੱਕਵੇਂ ਮੌਕੇ ਵਜੋਂ ਸਿਰਜ ਕੇ ਅੱਜ ਕਿਰਤੀਆਂ ਲਈ ਬਣੇ ਸਮੁੱਚੇ ਕਿਰਤ ਕਾਨੂੰਨਾਂ ਨੂੰ ਲੱਗਭੱਗ ਖਤਮ ਕਰ ਦਿੱਤਾ ਗਿਆ ਹੈ, ਜਿਸ ਕਾਰਨ ਕਿਰਤੀਆਂ ਦੀ ਬੇਕਿਰਕ ਆਰਥਿਕ ਲੁੱਟ ਕਰਨ ਦੀ ਖੁੱਲ੍ਹ ਦਾ ਤੋਹਫਾ ਵੱਡੇ ਕਾਰਪੋਰੇਟਾਂ ਅਤੇ ਕੰਪਨੀਆਂ ਨੂੰ ਦੇ ਦਿੱਤਾ ਗਿਆ ਹੈ। ਰੇਲਵੇ, ਬੈਂਕ, ਬੀ.ਐੱਸ.ਐੱਨ.ਐੱਲ., ਇੰਸ਼ੋਰੈਂਸ, ਡਿਫੈਂਸ, ਕੋਇਲਾ, ਸਪੇਸ, ਬੀ.ਪੀ.ਸੀ.ਐੱਲ., ਐੱਚ.ਪੀ.ਸੀ.ਐੱਲ., ਹਵਾਈ ਅੱਡੇ, ਪੋਰਟ ਐਂਡ ਡੋਕ, ਵਿੱਦਿਆ, ਸਿਹਤ ਆਦਿ ਅਦਾਰਿਆਂ ਨੂੰ ਨਿੱਜੀਕਰਨ ਦੀ ਭੇਟ ਚੜ੍ਹਾ ਕੇ ਦੇਸ਼ ਦੀ ਦੌਲਤ ਪੂੰਜੀਪਤੀਆਂ ਦੀ ਝੋਲੀ ਵਿੱਚ ਪਾਈ ਜਾ ਰਹੀ ਹੈ। ਬੇਰੁਜ਼ਗਾਰੀ ਦਾ ਕੋਈ ਹੱਲ ਨਹੀਂ, ਕੋਰੋਨਾ ਸੰਕਟ ਦੌਰਾਨ ਹੁਣ ਤੱਕ 15 ਕਰੋੜ ਨੌਕਰੀਆਂ ਖੁੱਸ ਗਈਆਂ ਹਨ, ਛੋਟੇ-ਛੋਟੇ ਕੰਮ-ਧੰਦੇ ਕਰਕੇ ਉਪਜੀਵਕਾ ਚਲਾਉਣ ਵਾਲੇ ਕਰੋੜਾਂ ਲੋਕ ਰੋਟੀ ਤੋਂ ਮੁਥਾਜ਼ ਹੋ ਗਏ ਹਨ, ਲੋਕ ਵਿਰੋਧੀ ਕਾਲੇ ਕਾਨੂੰਨ ਲਿਆਂਦੇ ਜਾ ਰਹੇ ਹਨ ਅਤੇ ਉਹਨਾਂ ਦੀ ਵਰਤੋਂ ਲੋਕ ਆਗੂਆਂ ਵਿਰੁੱਧ ਕੀਤੀ ਜਾ ਰਹੀ ਹੈ, ਮੁਲਾਜ਼ਮਾਂ ਦਾ 2 ਸਾਲ ਲਈ ਡੀ.ਏ. ਬੰਦ ਕਰ ਦਿੱਤਾ ਗਿਆ ਹੈ, ਠੇਕਾ ਪ੍ਰਣਾਲੀ ਰਾਹੀਂ ਵਰਕਰਾਂ ਦਾ ਆਰਥਿਕ ਸ਼ੋਸ਼ਣ ਨਿਗੂਣੀਆਂ ਤਨਖਾਹਾਂ ਬਦਲੇ ਬਾਦਸਤੂਰ ਕੀਤਾ ਜਾ ਰਿਹਾ ਹੈ, ਲੱਖਾਂ ਦੀ ਗਿਣਤੀ ਵਿੱਚ ਸਕੀਮ ਵਰਕਰਾਂ ਜਿਵੇਂ ਕਿ ਆਂਗਣਵਾੜੀ, ਆਸ਼ਾ, ਮਿਡ-ਡੇ-ਮੀਲ ਆਦਿ ਨੂੰ ਦਹਾਕਿਆਂ ਤੋਂ ਸਿਰਫ ਮਾਣਭੱਤਾ ਹੀ ਦਿੱਤਾ ਜਾ ਰਿਹਾ ਹੈ।
ਉਹਨਾਂ ਨੂੰ ਵਰਕਰ ਦਾ ਦਰਜਾ ਦੇ ਕੇ ਘੱਟੋ-ਘੱਟ ਉਜਰਤਾਂ ਦੇ ਘੇਰੇ ਵਿੱਚ ਵੀ ਨਹੀਂ ਲਿਆਂਦਾ ਜਾ ਰਿਹਾ, ਕੋਰੋਨਾ ਸੰਕਟ ਦੇ ਆਰਥਿਕ ਅਸਰ ਦੀ ਮਾਰ ਝੱਲ ਰਹੇ ਕਰੋੜਾਂ ਗਰੀਬਾਂ ਲਈ ਰਾਸ਼ਨ ਮੁਹੱਈਆ ਕਰਨ ਦਾ ਕੋਈ ਕਾਰਗਾਰ ਭਰੋਸੇ ਵਾਲਾ ਪ੍ਰਬੰਧ ਨਹੀਂ ਹੈ, ਬੁਢਾਪਾ ਪੈਨਸ਼ਨ ਘੱਟੋ-ਘੱਟ 5000 ਰੁਪਏ ਵਰਗੇ ਅਤੀ ਜ਼ਰੂਰੀ ਮੁੱਦੇ ਨੂੰ ਕੋਈ ਤਰਜੀਹ ਨਹੀਂ, ਘੱਟੋ-ਘੱਟ ਉਜਰਤਾਂ 21000 ਰੁਪਏ ਦੀ ਵਾਜਬ ਮੰਗ ਵੀ ਅਜੇ ਤੱਕ ਪ੍ਰਵਾਨ ਨਹੀਂ ਕੀਤੀ ਗਈ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ, ਜੋ ਕਿ ਬੁਢਾਪੇ ਲਈ ਬੇਹੱਦ ਜ਼ਰੂਰੀ ਹੈ, ਬਿਜਲੀ ਬਿੱਲ 2020, ਤਿੰਨੇ ਖੇਤੀ ਆਰਡੀਨੈਂਸ ਜਿਹੜੇ ਕਿ ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਵੀ ਹਨ, ਪਰ ਇਹਨਾਂ ਦੇ ਵਿਰੁੱਧ ਸਰਕਾਰ ਸਖਤ ਵਿਰੋਧ ਨੂੰ ਵੀ ਨਜ਼ਰਅੰਦਾਜ਼ ਕਰ ਰਹੀ ਹੈ।
ਅਜਿਹੇ ਦਰਜਨਾਂ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕਰ ਰਹੇ 10 ਕੇਂਦਰੀ ਸੰਗਠਨ ਇਹਨਾਂ ਮਸਲਿਆਂ ਨੂੰ ਲੈ ਕੇ ਹੁਣ ਦੇਸ਼-ਵਿਆਪੀ ਹੜਤਾਲ ਵੱਲ ਵਧਣਗੇ। ਅੱਜ ਦੇ ਇਸ ਮੁਜ਼ਾਹਰੇ ਨੂੰ ਪ੍ਰਮੁੱਖ ਆਗੂਆਂ ਤੋਂ ਬਿਨਾਂ ਜਿਨ੍ਹਾਂ ਹੋਰ ਸਾਥੀਆਂ ਨੇ ਸ਼ਿਰਕਤ ਕੀਤੀ ਅਤੇ ਲਾਮਬੰਦੀ ਕੀਤੀ, ਉਹਨਾਂ ਵਿੱਚ ਸਰਵਸ੍ਰੀ ਉੱਤਮ ਸਿੰਘ ਬਾਗੜੀ, ਜਗਮੋਹਨ ਨੋਲੱਖਾ, ਹਰੀ ਸਿੰਘ ਦੌਣ ਕਲਾਂ, ਬਲਦੇਵ ਰਾਜ ਬੱਤਾ, ਜਮੇਰਦੀਨ, ਰਤਨ ਚੰਦ, ਗੁਰਵਿੰਦਰ ਸਿੰਘ ਗੋਲਡੀ, ਮੋਹਨ ਸਿੰਘ, ਰਵਿੰਦਰਜੀਤ ਕੌਰ, ਕਰਮਚੰਦ ਗਾਂਧੀ, ਯਾਦਵਿੰਦਰ ਗੁਪਤਾ, ਸੁਨੀਤਾ ਜੋਸ਼ੀ, ਹਰਸਰਨਜੀਤ ਕੌਰ ਆਦਿ ਸ਼ਾਮਲ ਸਨ।

232 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper