Latest News
'ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜ੍ਹੀ ਹੈ' ਵਾਲੇ ਰਾਹਤ ਇੰਦੌਰੀ ਦਾ ਇੰਤਕਾਲ

Published on 11 Aug, 2020 10:39 AM.


ਲੁਧਿਆਣਾ (ਐੱਮ ਐੱਸ ਭਾਟੀਆ, ਰੈਕਟਰ ਕਥੂਰੀਆ)
ਨਾਮਵਰ ਸ਼ਾਇਰ ਰਾਹਤ ਇੰਦੌਰੀ (70) ਦਾ ਮੰਗਲਵਾਰ ਇੰਦੌਰ ਵਿੱਚ ਦਿਹਾਂਤ ਹੋ ਗਿਆ। ਸ੍ਰੀ ਔਰਬਿੰਦੋ ਹਸਪਤਾਲ ਦੇ ਡਾਕਟਰ ਦੇ ਹਵਾਲੇ ਨਾਲ ਨਿਊਜ਼ ਪੋਰਟਲ ਏ ਐੱਨ ਆਈ ਨੇ ਟਵੀਟ ਕੀਤਾ ਕਿ ਉਨ੍ਹਾ ਨੂੰ ਦੋ ਹਾਰਟ ਅਟੈਕ ਆਏ ਤੇ ਉਨ੍ਹਾ ਨੂੰ 60 ਫੀਸਦੀ ਨਮੋਨੀਆ ਸੀ। ਕੋਰੋਨਾ ਪਾਜ਼ੀਟਿਵ ਆਉਣ 'ਤੇ ਉਨ੍ਹਾ ਨੂੰ ਐਤਵਾਰ ਹਸਪਤਾਲ ਦਾਖਲ ਕਰਾਇਆ ਗਿਆ ਸੀ। ਮੰਗਲਵਾਰ ਸਵੇਰੇ ਹੀ ਸ਼ਾਇਰ ਨੇ ਟਵੀਟ ਕੀਤਾ ਸੀ, 'ਕੋਵਿਡ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ 'ਤੇ ਕੱਲ੍ਹ ਮੇਰਾ ਕੋਰੋਨਾ ਟੈੱਸਟ ਕੀਤਾ ਗਿਆ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਔਰਬਿੰਦੋ ਹਸਪਤਾਲ ਵਿਚ ਦਾਖਲ ਹਾਂ। ਦੁਆ ਕਰੋ ਛੇਤੀ ਤੋਂ ਛੇਤੀ ਇਸ ਬੀਮਾਰੀ ਨੂੰ ਹਰਾ ਦੇਵਾਂ। ਇਕ ਹੋਰ ਇਲਤਜ਼ਾ ਹੈ, ਮੈਨੂੰ ਜਾਂ ਘਰ ਦੇ ਲੋਕਾਂ ਨੂੰ ਫੋਨ ਨਾ ਕਰਿਓ। ਮੇਰੀ ਖੈਰੀਅਤ ਟਵਿਟਰ ਤੇ ਫੇਸਬੁਕ 'ਤੇ ਤੁਹਾਨੂੰ ਮਿਲਦੀ ਰਹੇਗੀ।' ਇਸ ਸਾਲ ਦੇ ਸ਼ੁਰੂ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਚੱਲੇ ਅੰਦੋਲਨ ਦੌਰਾਨ ਉਨ੍ਹਾ ਦੀ ਗਜ਼ਲ 'ਅਗਰ ਖਿਲਾਫ ਹੈਂ ਹੋਨੇ ਦੋ' ਦੀ ਇਹ ਲਾਈਨ 'ਸਭੀ ਕਾ ਖੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜ੍ਹੀ ਹੈ' ਨੇ ਅੰਦੋਲਨਾਕਾਰੀਆਂ ਵਿਚ ਅੱਗ ਪੈਦਾ ਕਰ ਦਿੱਤੀ ਸੀ। ਆਪਣੀਆਂ ਰਚਨਾਵਾਂ ਨੂੰ ਕਈ-ਕਈ ਅੰਦਾਜ਼ ਵਿੱਚ ਵਾਰੋ-ਵਾਰੀ ਪੜ੍ਹਦੇ ਹੋਏ ਰਾਹਤ ਸਾਹਿਬ ਮੁਸ਼ਾਇਰੇ ਨੂੰ ਲੁੱਟ ਲਿਆ ਕਰਦੇ ਸਨ। ਲੁਧਿਆਣਾ ਦੇ ਮੁਸ਼ਾਇਰਿਆਂ ਨਾਲ, ਨਹਿਰੂ ਸਿਧਾਂਤ ਕੇਂਦਰ ਅਤੇ ਹੋਰਨਾਂ ਥਾਵਾਂ ਨਾਲ ਉਹਨਾ ਦਾ ਡੂੰਘਾ ਰਿਸ਼ਤਾ ਸੀ। ਉਹਨਾ ਦੇ ਜਾਣ ਨਾਲ ਤਹਿਜ਼ੀਬ ਦੇ ਦਾਇਰੇ ਵਿਚ ਰਹਿ ਕੇ ਲਿਖਣ ਵਾਲਾ ਖਾੜਕੂ ਕਿਸਮ ਦਾ ਸ਼ਾਇਰ ਸਾਥੋਂ ਖੁਸ ਗਿਆ ਹੈ। ਪੀਪਲਜ਼ ਮੀਡੀਆ ਲਿੰਕ, ਅਦਾਰਾ ਸਾਹਿਤ ਸਕਰੀਨ ਅਤੇ ਇਪਟਾ ਨਾਲ ਜੁੜੇ ਕਲਾਕਾਰਾਂ ਅਤੇ ਕਲਮਕਾਰਾਂ ਨੇ ਇਸ ਮੌਕੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ। ਸਾਹਿਤਕਾਰਾਂ ਵਿੱਚੋਂ ਜਨਾਬ ਸਾਗਰ ਸਿਆਲਕੋਟੀ, ਡਾਕਟਰ ਗੁਲਜ਼ਾਰ ਪੰਧੇਰ, ਜਸਵੀਰ ਝੱਜ, ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਨੀਲੂ ਬੱਗਾ ਲੁਧਿਆਣਵੀ, ਯੁਵਾ ਸ਼ਾਇਰਾ ਕਾਰਤਿਕਾ ਸਿੰਘ, ਇਰਾਦੀਪ ਤ੍ਰੇਹਨ, ਛਾਇਆ ਸ਼ਰਮਾ, ਏਕਤਾ, ਪੂਜਾ ਸ਼ਰਮਾ, ਰਾਜਨ ਸ਼ਰਮਾ, ਅਮਨਦੀਪ ਦਰਦੀ ਸਮੇਤ ਕਈਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾ ਨੂੰ ਸ਼ਰਧਾ ਦੇ ਫੁਲ ਅਰਪਿਤ ਕੀਤੇ। ਪਹਿਲੀ ਜਨਵਰੀ 1950 ਨੂੰ ਇੰਦੌਰ ਵਿੱਚ ਜੰਮੇ ਜਨਾਬ ਰਾਹਤ ਸਾਹਿਬ ਸਾਰੀ ਉਮਰ ਪ੍ਰਗਤੀਸ਼ੀਲ ਲਹਿਰ ਦੇ ਪ੍ਰਤੀਕ ਵਜੋਂ ਵਿਚਰਦੇ ਰਹੇ। ਉਹਨਾ ਦੀ ਰਚਨਾ ਹੌਸਲਾ, ਹਿੰਮਤ ਅਤੇ ਸੰਘਰਸ਼ ਦੀ ਪ੍ਰੇਰਨਾ ਦਿੰਦੀ ਸੀ।

183 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper