Latest News
ਮੰਦਵਾੜੇ ਦੀ ਤਸਵੀਰ ਸਾਫ਼

Published on 26 Aug, 2020 08:48 PM.

ਭਾਰਤੀ ਰਿਜ਼ਰਵ ਬੈਂਕ ਨੇ ਆਪਣੀ ਹਾਲੀਆ ਰਿਪੋਰਟ ਵਿੱਚ ਕਿਹਾ ਹੈ ਕਿ ਅਰਥ-ਵਿਵਸਥਾ ਵਿੱਚ ਮੰਗ ਨੂੰ ਲੀਹ ਉੱਤੇ ਆਉਣ ਲਈ ਲੰਮਾ ਸਮਾਂ ਲੱਗ ਸਕਦਾ ਹੈ। ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਵਿੱਚ ਨਾ-ਬਰਾਬਰੀ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਚੁੱਕਾ ਹੈ, ਜਿਸ ਨੇ ਗਰੀਬਾਂ ਨੂੰ ਹੱਦੋਂ ਵੱਧ ਪ੍ਰਭਾਵਤ ਕੀਤਾ ਹੈ। ਬੈਂਕ ਵੱਲੋਂ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਮੇਂ ਲੋਕਾਂ ਵੱਲੋਂ ਮਨਮਰਜ਼ੀ ਨਾਲ ਕੀਤੀ ਜਾਣ ਵਾਲੀ ਖਰੀਦ ਨਾਂਹ ਦੇ ਬਰਾਬਰ ਹੋ ਚੁੱਕੀ ਹੈ। ਇਸ ਨਾਲ ਆਵਾਜਾਈ, ਹੋਟਲ, ਮਨੋਰੰਜਨ ਤੇ ਸੱਭਿਆਚਾਰਕ ਖੇਤਰਾਂ ਦੀਆਂ ਗਤੀਵਿਧੀਆਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ। ਰਿਜ਼ਰਵ ਬੈਂਕ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਇਸ ਵਾਰ ਆਰਥਿਕ ਵਾਧੇ ਦਾ ਅਨੁਮਾਨ ਦੇਣ ਤੋਂ ਪਾਸਾ ਵੱਟ ਲਿਆ ਹੈ। ਉਸ ਨੇ ਕੌਮਾਂਤਰੀ ਮੁਦਰਾਕੋਸ਼ ਵੱਲੋਂ 2020-21 ਲਈ ਲਾਏ 3.7 ਫ਼ੀਸਦੀ ਅਤੇ 7.3 ਫ਼ੀਸਦੀ ਗਿਰਾਵਟ ਦੇ ਅਨੁਮਾਨ ਦਾ ਜ਼ਿਕਰ ਕਰਕੇ ਸਾਰ ਲਿਆ ਹੈ। ਦੇਸ਼ ਦੀ ਆਰਥਿਕ ਵਾਧਾ ਦਰ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਹੀ ਡਿਗਣੀ ਸ਼ੁਰੂ ਹੋ ਗਈ ਸੀ ਤੇ 2019-20 ਵਿੱਚ ਇਹ 4.2 ਫ਼ੀਸਦੀ ਉੱਤੇ ਆ ਗਈ ਸੀ, ਜੋ ਇੱਕ ਦਹਾਕਾ ਪਹਿਲਾਂ ਆਏ ਸੰਸਾਰ ਵਿੱਤੀ ਸੰਕਟ ਦੇ ਸਮੇਂ ਤੋਂ ਬਾਅਦ ਪਹਿਲੀ ਵਾਰ ਏਨੀ ਹੇਠਾਂ ਪਹੁੰਚੀ ਸੀ। ਇਸ ਸਮੇਂ ਵੱਖ-ਵੱਖ ਵਿਸ਼ਵੀ ਤੇ ਘਰੇਲੂ ਆਰਥਿਕਤਾ ਦੀ ਗਣਨਾ ਕਰਨ ਵਾਲੀਆਂ ਏਜੰਸੀਆਂ ਦਾ ਅਨੁਮਾਨ ਹੈ ਕਿ ਇਹ ਆਉਣ ਵਾਲੇ ਸਮੇਂ ਵਿੱਚ 20 ਫ਼ੀਸਦੀ ਤੋਂ ਵੱਧ ਹੇਠਾਂ ਡਿੱਗ ਸਕਦੀ ਹੈ। ਰਿਪੋਰਟ ਅਨੁਸਾਰ ਲਾਕਡਾਊਨ ਵਿੱਚ ਢਿੱਲ ਦੇਣ ਤੋਂ ਬਾਅਦ ਮਈ-ਜੂਨ ਵਿੱਚ ਕਾਰੋਬਾਰਾਂ ਵਿੱਚ ਕੁਝ ਤੇਜ਼ੀ ਆਈ ਸੀ, ਪਰ ਜੁਲਾਈ-ਅਗਸਤ ਦੌਰਾਨ ਹਾਲਾਤ ਫਿਰ ਪਹਿਲਾਂ ਵਾਲੇ ਬਣ ਗਏ। ਆਰ ਬੀ ਆਈ ਨੇ ਕਿਹਾ ਹੈ ਕਿ ਮਹਾਂਮਾਰੀ ਦਾ ਸੰਸਾਰ ਅਰਥ-ਵਿਵਸਥਾ 'ਤੇ ਡੂੰਘਾ ਪ੍ਰਭਾਵ ਪਵੇਗਾ ਤੇ ਭਵਿੱਖ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਕੋਰੋਨਾ ਮਹਾਂਮਾਰੀ ਕਿੰਨੀ ਤੇਜ਼ੀ ਨਾਲ ਫੈਲਦੀ ਤੇ ਕਦੋਂ ਤੱਕ ਰਹਿੰਦੀ ਹੈ ਜਾਂ ਫਿਰ ਟੀਕੇ ਦੀ ਖੋਜ ਕਦੋਂ ਮੁਕੰਮਲ ਹੁੰਦੀ ਹੈ। ਰਿਪੋਰਟ ਅਨੁਸਾਰ ਕੇਂਦਰ ਤੇ ਰਾਜ ਸਰਕਾਰਾਂ ਪਾਸ ਇਸ ਸਮੇਂ ਕੋਵਿਡ-19 ਨਾਲ ਨਜਿੱਠਣ ਲਈ ਲੋੜੀਂਦੇ ਆਰਥਕ ਵਸੀਲੇ ਬਹੁਤ ਥੋੜ੍ਹੇ ਹਨ। ਮਹਾਂਮਾਰੀ ਦੌਰਾਨ ਕਰਜ਼ੇ ਅਤੇ ਅਚਾਨਕ ਦੇਣਦਾਰੀਆਂ ਕਾਰਨ ਸਰਕਾਰੀ ਖਜ਼ਾਨੇ ਲਈ ਅੱਗੇ ਵਾਲਾ ਰਾਹ ਕਾਫ਼ੀ ਔਖਾ ਹੋ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਮੇਂ ਲੋਕ ਮਨਮਰਜ਼ੀ ਮੁਤਾਬਕ ਖਰਚ ਕਰਨ ਦੀ ਹਾਲਤ ਵਿੱਚ ਨਹੀਂ ਰਹੇ। ਇਸ ਸਾਲ ਖਪਤ ਨੂੰ ਜਿਹੜਾ ਝਟਕਾ ਲੱਗਾ ਹੈ, ਉਸ ਨੂੰ ਪਹਿਲੀ ਸਥਿਤੀ ਵਿੱਚ ਲਿਆਉਣ ਲਈ ਕਾਫ਼ੀ ਸਮਾਂ ਲੱਗ ਸਕਦਾ ਹੈ। ਰਿਜ਼ਰਵ ਬੈਂਕ ਦੇ ਜੁਲਾਈ ਦੇ ਸਰਵੇ ਤੋਂ ਪਤਾ ਲਗਦਾ ਹੈ ਕਿ ਇਸ ਸਮੇਂ ਖਪਤਕਾਰਾਂ ਦਾ ਭਰੋਸਾ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਉਨ੍ਹਾਂ ਦਾ ਰੁਜ਼ਗਾਰ, ਮਹਿੰਗਾਈ ਤੇ ਆਮਦਨ ਪ੍ਰਤੀ ਵਿਸ਼ਵਾਸ ਨਹੀਂ ਬੱਝ ਰਿਹਾ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਮੁਸਾਫ਼ਰ ਗੱਡੀਆਂ ਤੇ ਟਿਕਾਊ ਸਾਮਾਨ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 20 ਤੋਂ 33 ਫੀਸਦੀ ਰਹਿ ਗਈ ਹੈ। ਰਿਜ਼ਰਵ ਬੈਂਕ ਦਾ ਅਨੁਮਾਨ ਹੈ ਕਿ ਚਾਲੂ ਵਿੱਤੀ ਵਰ੍ਹੇ ਦੌਰਾਨ ਵਿਕਾਸ ਦਰ ਨਾਂਹ-ਪੱਖੀ ਰਹੇਗੀ। ਰਿਜ਼ਰਵ ਬੈਂਕ ਦੀ ਇਸ ਰਿਪੋਰਟ ਮੁਤਾਬਕ ਜੇਕਰ ਜ਼ਮੀਨੀ ਸੱਚਾਈ ਨੂੰ ਦੇਖਿਆ ਜਾਵੇ ਤਾਂ ਦੇਸ਼ ਦੀ ਅਰਥ-ਵਿਵਸਥਾ ਬਹੁਤ ਹੀ ਬੁਰੇ ਦਿਨ ਆਉਣ ਦੇ ਸੰਕੇਤ ਦੇ ਰਹੀ ਹੈ। ਕੋਰੋਨਾ ਮਹਾਂਮਾਰੀ ਤੇ ਲਾਕਡਾਊਨ ਦੌਰਾਨ ਬੇਰੁਜ਼ਗਾਰੀ ਤੇ ਕਾਰੋਬਾਰਾਂ ਦੀ ਤਬਾਹੀ ਨੇ 40 ਕਰੋੜ ਲੋਕਾਂ ਨੂੰ ਗਰੀਬੀ ਦੀ ਦਲਦਲ ਵਿੱਚ ਧੱਕ ਦਿੱਤਾ ਹੈ। ਭੁੱਖ ਨਾਲ ਮਰਨ ਵਾਲਿਆਂ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਗਰੀਬੀ ਜਦੋਂ ਆਉਂਦੀ ਹੈ, ਸਮਾਜਿਕ ਤਣਾਅ, ਖੁਦਕੁਸ਼ੀਆਂ ਤੇ ਉਹ ਸਭ ਬਿਮਾਰੀਆਂ ਨਾਲ ਲੈ ਕੇ ਆਉਂਦੀ ਹੈ, ਜਿਹੜੀਆਂ ਭੁੱਖ ਨਾਲ ਪੈਦਾ ਹੁੰਦੀਆਂ ਹਨ। ਪਰ ਸਾਡੇ ਹਾਕਮ ਇਸ ਮੁਸੀਬਤ ਨੂੰ ਮੌਕੇ ਵਿੱਚ ਬਦਲਣ ਦੀ ਗੱਲ ਕਰ ਰਹੇ ਹਨ। ਪ੍ਰਧਾਨ ਮੰਤਰੀ ਦਾ ਇਹ ਬਿਆਨ ਕਿ ਅਰਥ-ਵਿਵਸਥਾ ਵਿੱਚ ਨਵੀਂਆਂ ਕਰੂੰਬਲਾਂ ਦਿਸਣ ਲੱਗੀਆਂ ਹਨ, ਗਰੀਬਾਂ ਦੀ ਦੁਰਦਸ਼ਾ ਨਾਲ ਕੋਝਾ ਮਜ਼ਾਕ ਹੈ। ਅਸਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਮ ਲੋਕਾਂ ਦੀ ਨਹੀਂ, ਆਪਣੇ ਪ੍ਰਿਤਪਾਲਕ ਕਾਰਪੋਰੇਟ ਘਰਾਣਿਆਂ ਦੀ ਚਿੰਤਾ ਹੈ। ਇਸੇ ਲਈ ਮਹਾਂਮਾਰੀ ਦੇ ਮੌਕੇ ਦੀ ਵਰਤੋਂ ਕਰਦਿਆਂ ਬੈਂਕਾਂ ਦਾ ਨਿੱਜੀਕਰਨ, ਰਿਜ਼ਰਵ ਬੈਂਕ ਦੇ ਰਿਜ਼ਰਵ ਖਾਤਿਆਂ ਨੂੰ ਨਿਚੋੜਿਆ ਤੇ ਜਨਤਕ ਅਦਾਰਿਆਂ ਨੂੰ ਧੜਾ-ਧੜਾ ਨਿੱਜੀ ਧਨਕੁਬੇਰਾਂ ਨੂੰ ਵੇਚਿਆ ਜਾ ਰਿਹਾ ਹੈ। ਇਹੋ ਨਹੀਂ ਐਸ ਈ ਜ਼ੈਡ ਦੇ ਨਾਂਅ 'ਤੇ ਲੱਖਾਂ ਏਕੜ ਜ਼ਮੀਨ, ਕੁਦਰਤੀ ਜੰਗਲ ਤੇ ਨਦੀਆਂ ਤੱਕ ਨੂੰ ਕਾਰੋਬਾਰੀ ਘਰਾਣਿਆਂ ਨੂੰ ਸੌਂਪਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਤੋਂ ਬੇਦਖ਼ਲ ਕਰਨ ਦਾ ਰਾਹ ਵੀ ਫੜ ਲਿਆ ਗਿਆ ਹੈ। ਫਾਸ਼ੀਵਾਦ ਵਿਰੁੱਧ ਸਾਂਝੇ ਮੋਰਚੇ ਦਾ ਸੰਕਲਪ ਪੇਸ਼ ਕਰਨ ਵਾਲੇ ਬੁੱਧੀਜੀਵੀ ਜਾਰਜੀ ਦਮਿਤਰੋਵ ਨੇ ਕਿਹਾ ਸੀ, 'ਫਾਸ਼ੀਵਾਦ ਵਿੱਤੀ ਸਾਮਰਾਜ, ਘੋਰ ਪਿਛਾਖੜੀ ਤੇ ਅੰਧ-ਰਾਸ਼ਟਰਵਾਦੀ ਤਾਕਤਾਂ ਦੀ ਖੁੱਲ੍ਹੀ ਤਾਨਾਸ਼ਾਹੀ ਦਾ ਰੂਪ ਹੁੰਦਾ ਹੈ।' ਭਾਰਤ ਵਿੱਚ ਇਸ ਸਮੇਂ ਜੋ ਵਿੱਤੀ ਸੁਧਾਰ ਚੱਲ ਰਹੇ ਹਨ, ਅਸਲ ਵਿੱਚ ਦੇਸ਼ ਦੀ ਸਾਰੀ ਆਮਦਨ ਨੂੰ ਪੂੰਜੀਪਤੀਆਂ ਵੱਲੋਂ ਹੜੱਪ ਕੇ ਬਿਨਾਂ ਕਿਸੇ ਉਤਪਾਦਨ ਦੇ ਮੁਨਾਫ਼ਾ ਹਾਸਲ ਕਰਨ ਦੀ ਨੀਤੀ ਅਨੁਸਾਰ ਹਨ। ਭਾਰਤ ਵਿੱਚ ਇਹ ਵਿੱਤੀ ਸੁਧਾਰ ਕਾਂਰਗਸ ਰਾਜ ਸਮੇਂ ਹੀ ਸ਼ੁਰੂ ਹੋ ਗਏ ਸਨ ਤੇ ਭਾਜਪਾ ਰਾਜ ਵਿੱਚ ਇਹ ਬਿਨਾਂ ਲਗ-ਲਪੇਟ ਦੇ ਜ਼ੋਰ-ਸ਼ੋਰ ਨਾਲ ਚੱਲੇ ਹਨ। ਅਸਲ ਵਿੱਚ ਮੋਦੀ ਦਾ ਆਤਮ-ਨਿਰਭਰ ਭਾਰਤ ਵਿਸ਼ਵ ਬਾਜ਼ਾਰ ਦਾ ਹੀ ਇੱਕ ਹਿੱਸਾ ਹੈ। ਇਹ ਹਿੱਸੇਦਾਰੀ ਪੂੰਜੀਪਤੀਆਂ ਤੇ ਹਾਕਮਾਂ ਵਿੱਚ ਚੱਲਣ ਵਾਲੀ ਇੱਕ ਪ੍ਰਕਿਰਿਆ ਹੈ, ਜਿਸ ਦੇ ਨਤੀਜੇ ਦੇਸ਼ ਦੀ ਆਮ ਜਨਤਾ ਨੂੰ ਭੁਗਤਣੇ ਪੈਣਗੇ। ਹਾਲੇ ਤਾਂ ਇਹ ਸ਼ੁਰੂਆਤ ਹੈ, ਜਿਵੇਂ-ਜਿਵੇਂ ਸਮਾਂ ਬੀਤਦਾ ਜਾਵੇਗਾ, ਨਤੀਜੇ ਸਾਹਮਣੇ ਆਉਂਦੇ ਜਾਣਗੇ। ਦੇਸ਼ ਦੇ ਲੋਕ ਇਸ ਵਿਰੁੱਧ ਉਠ ਨਾ ਖੜ੍ਹਨ, ਇਸ ਲਈ ਸਮੇਂ-ਸਮੇਂ 'ਤੇ ਰਾਸ਼ਟਰਵਾਦ ਦੇ ਨਸ਼ੇ ਦੀ ਗੋਲੀ ਮਿਲਦੀ ਰਹੇਗੀ, ਤਾਂ ਜੋ ਉਹ ਗੂੜ੍ਹੀ ਨੀਂਦ ਸੁੱਤੇ ਰਹਿਣ। - ਚੰਦ ਫਤਿਹਪੁਰੀ

700 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper