Latest News
ਲੋਕ ਵੀ ਸੱਚੇ

Published on 27 Aug, 2020 10:32 AM.


ਸੰਗਰੂਰ ਜ਼ਿਲ੍ਹੇ ਦੇ ਕਸਬਾ ਦਿੜ੍ਹਬਾ ਦੀ ਢੇਹਾ ਬਸਤੀ ਵਿਚ ਪੰਜ ਲੋਕ ਕੋਰੋਨਾ ਪਾਜ਼ੀਟਿਵ ਨਿਕਲਣ ਤੋਂ ਬਾਅਦ ਮੰਗਲਵਾਰ ਇਲਾਕੇ ਨੂੰ ਮਾਈਕਰੋ ਕਨਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਤੇ ਬੁੱਧਵਾਰ ਜਦੋਂ ਸਿਹਤ ਵਿਭਾਗ ਦੀ ਟੀਮ ਬਸਤੀ ਦੇ ਲੋਕਾਂ ਦੇ ਸੈਂਪਲ ਲੈਣ ਗਈ ਤਾਂ ਉਸ 'ਤੇ ਲੋਕਾਂ ਨੇ ਪਥਰਾਅ ਕਰ ਦਿੱਤਾ। ਕੋਰੋਨਾ ਖਿਲਾਫ ਲੜਾਈ ਦੌਰਾਨ ਡਾਕਟਰਾਂ ਅਤੇ ਸਿਹਤ ਅਮਲੇ ਦੇ ਦੂਜੇ ਸਟਾਫ 'ਤੇ ਅਜਿਹੇ ਹਮਲਿਆਂ ਦੀਆਂ ਰਿਪੋਰਟਾਂ ਮਾਰਚ ਵਿਚ ਮਹਾਂਮਾਰੀ ਦੀ ਆਮਦ ਤੋਂ ਆ ਰਹੀਆਂ ਹਨ। ਪਹਿਲਾਂ ਡਾਕਟਰਾਂ ਤੇ ਨਰਸਾਂ 'ਤੇ ਹਮਲੇ ਜਾਂ ਬਦਸਲੂਕੀ ਉਨ੍ਹਾਂ ਇਲਾਕਿਆਂ ਤੇ ਅਪਾਰਟਮੈਂਟਾਂ ਦੇ ਲੋਕ ਕਰਦੇ ਸਨ, ਜਿੱਥੇ ਉਹ ਰਹਿੰਦੇ ਸਨ। ਉਨ੍ਹਾਂ ਦੀ ਦਲੀਲ ਹੁੰਦੀ ਸੀ ਕਿ ਇਹ ਕੋਰੋਨਾ ਦਾ ਇਲਾਜ ਕਰਦਿਆਂ ਹਸਪਤਾਲਾਂ ਤੋਂ ਕੋਰੋਨਾ ਲਿਆ ਕੇ ਉਨ੍ਹਾਂ ਨੂੰ ਵੀ ਬਿਮਾਰ ਕਰਨਗੇ। ਜਦੋਂ ਮਹਾਂਮਾਰੀ ਫੈਲੀ ਤੇ ਸਿਹਤ ਵਿਭਾਗ ਨੇ ਇਲਾਕਿਆਂ ਨੂੰ ਸੀਲਬੰਦ ਕਰਕੇ ਸੈਂਪਲ ਲੈਣੇ ਸ਼ੁਰੂ ਕੀਤੇ ਤਾਂ ਉਦੋਂ ਵੀ ਕਈ ਲੋਕਾਂ ਨੇ ਇਹ ਕਹਿ ਕੇ ਵਿਰੋਧ ਕੀਤਾ ਕਿ ਉਹ ਤਾਂ ਚੰਗੇ-ਭਲੇ ਹਨ। ਹੁਣ ਦਿੜ੍ਹਬਾ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਉੱਥੋਂ ਦੇ ਲੋਕਾਂ ਦਾ ਰੋਸ ਇਹ ਹੈ ਕਿ ਕੁਝ ਲੋਕਾਂ ਨੂੰ ਕੋਰੋਨਾ ਹੋਣ 'ਤੇ ਸਾਰੀ ਬਸਤੀ ਦਾ ਬਾਹਰ ਜਾਣਾ-ਆਉਣਾ ਬੰਦ ਕਰ ਦਿੱਤਾ ਗਿਆ ਹੈ। ਲਾਕਡਾਊਨ ਨੇ ਪਹਿਲਾਂ ਹੀ ਉਨ੍ਹਾਂ ਨੂੰ ਭੁੱਖੇ ਮਰਨ ਵਾਲੇ ਕਰ ਦਿੱਤਾ ਸੀ ਤੇ ਜੇ ਹੁਣ ਥੋੜ੍ਹੀ ਰਾਹਤ ਮਿਲੀ ਹੈ ਤਾਂ ਫਿਰ ਘਰਾਂ ਵਿਚ ਨੂੜਿਆ ਜਾ ਰਿਹਾ ਹੈ। ਅਧਿਕਾਰੀ ਆਪਣੇ ਤੌਰ 'ਤੇ ਸਹੀ ਲੱਗਦੇ ਹਨ ਕਿ ਜੇ ਇਲਾਕੇ ਨੂੰ ਸੀਲ ਨਾ ਕੀਤਾ ਤਾਂ ਬਿਮਾਰੀ ਹੋਰ ਫੈਲ ਸਕਦੀ ਹੈ।
ਇਕੱਲੀ ਦਿੜ੍ਹਬਾ ਦੀ ਹੀ ਨਹੀਂ, ਪਿਛਲੇ ਇਕ-ਦੋ ਦਿਨਾਂ ਵਿਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਸਿਹਤ ਵਿਭਾਗ ਦੀ ਟੀਮ ਜਲਾਲਾਬਾਦ ਦੇ ਪਿੰਡ ਭੜੋਲੀਵਾਲਾ ਵਿਚ ਕੋਰੋਨਾ ਪਾਜ਼ੀਟਿਵ ਆਏ ਵਿਅਕਤੀ ਦੇ ਸੰਪਰਕ ਵਿਚ ਆਏ ਲੋਕਾਂ ਦੇ ਸੈਂਪਲ ਲੈਣ ਗਈ ਤਾਂ ਲੋਕ ਜਿੰਦਰੇ ਲਾ ਕੇ ਉਰੇ-ਪਰੇ ਹੋ ਗਏ। ਟੀਮ ਨੇ 31 ਲੋਕਾਂ ਦੇ ਸੈਂਪਲ ਲੈਣੇ ਸਨ, ਪਰ ਪੰਜ ਲੋਕਾਂ ਦੇ ਹੀ ਲੈ ਸਕੀ। ਫਾਜ਼ਿਲਕਾ ਦੇ ਪਿੰਡ ਨੁਕੇਰੀਆਂ ਤੇ ਖੁੜੁਜ ਵਿਚ ਦੋ ਹੋਮਗਾਰਡਾਂ ਨੇ ਆਪਣੇ ਘਰਦਿਆਂ ਦੇ ਸੈਂਪਲ ਨਹੀਂ ਲੈਣ ਦਿੱਤੇ। ਨਵਾਂ ਸ਼ਹਿਰ ਤੋਂ ਤਿੰਨ ਕਿਲੋਮੀਟਰ ਦੂਰ ਰਾਹੋਂ ਰੋਡ 'ਤੇ ਪੈਂਦੇ ਪਿੰਡ ਜਾਫਰਪੁਰ ਦੀ ਪੰਚਾਇਤ ਦੀ ਇਕ ਅਰਜ਼ੀ ਬੁੱਧਵਾਰ ਵਾਇਰਲ ਹੋਈ, ਜਿਸ ਵਿਚ ਕਿਹਾ ਗਿਆ ਕਿ ਪਿੰਡ ਦਾ ਕੋਈ ਬੰਦਾ ਸੈਂਪਲ ਨਹੀਂ ਦੇਵੇਗਾ। ਜੇ ਕੋਈ ਚਾਹੇਗਾ ਤਾਂ ਆਪਣਾ ਟੈੱਸਟ ਖੁਦ ਕਰਵਾ ਲਵੇਗਾ। ਪੰਚ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਰਪੰਚ ਸਿਹਤ ਢਿੱਲੀ ਹੋਣ ਕਰਕੇ ਪ੍ਰਾਈਵੇਟ ਹਸਪਤਾਲ ਗਏ ਤਾਂ ਉਨ੍ਹਾ ਨੂੰ ਉਥੋਂ ਸਿਵਲ ਹਸਪਤਾਲ ਘੱਲ ਦਿੱਤਾ ਗਿਆ। ਉੱਥੋਂ ਅੱਗੇ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਉਥੋਂ ਉਨ੍ਹਾ ਆਪਣੇ ਬੇਟੇ ਨੂੰ ਫੋਨ ਕੀਤਾ ਕਿ ਇਲਾਜ ਠੀਕ ਨਹੀਂ ਹੋ ਰਿਹਾ। ਬੇਟੇ ਨੇ ਵਾਰ-ਵਾਰ ਹਸਪਤਾਲ ਦੇ ਸਟਾਫ ਨਾਲ ਗੱਲ ਕੀਤੀ। ਅੱਗੋਂ ਜਵਾਬ ਮਿਲਦਾ ਰਿਹਾ ਕਿ ਇਲਾਜ ਹੋ ਰਿਹਾ ਹੈ। ਫਿਰ ਕਹਿ ਦਿੱਤਾ ਕਿ ਉਨ੍ਹਾ ਦੀ ਮੌਤ ਹੋ ਗਈ ਹੈ। ਪਿੰਡ ਵਾਲਿਆਂ ਦਾ ਵਿਸ਼ਵਾਸ ਹੈ ਕਿ ਸਰਪੰਚ ਦਾ ਠੀਕ ਤਰ੍ਹਾਂ ਇਲਾਜ ਨਹੀਂ ਕੀਤਾ ਗਿਆ। ਹੁਣ ਪਿੰਡ ਵਾਲਿਆਂ ਨੇ ਫੈਸਲਾ ਕੀਤਾ ਹੈ ਕਿ ਜੇ ਉਹ ਖੁਦ ਨੂੰ ਬਿਮਾਰ ਸਮਝਣਗੇ ਤਾਂ ਖੁਦ ਹੀ ਇਕਾਂਤਵਾਸ ਵਿਚ ਚਲੇ ਜਾਣਗੇ, ਪਰ ਸਰਕਾਰੀ ਹਸਪਤਾਲ ਨਹੀਂ ਜਾਣਾ, ਕਿਉਂਕਿ ਉਥੇ ਹਰਾਸਮੈਂਟ ਬਹੁਤ ਹੁੰਦੀ ਹੈ। ਦਿੜ੍ਹਬਾ ਦੀ ਢੇਹਾ ਬਸਤੀ ਦੇ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਕੋਰੋਨਾ ਦੇ ਮਰੀਜ਼ ਘਰਾਂ ਵਿਚ ਨਹੀਂ ਮਰਦੇ, ਸਗੋਂ ਹਸਪਤਾਲਾਂ ਵਿਚ ਮਰਦੇ ਹਨ, ਕਿਉਂਕਿ ਉਥੇ ਸਾਫ-ਸਫਾਈ ਦਾ ਕੋਈ ਪ੍ਰਬੰਧ ਨਹੀਂ ਤੇ ਡਾਕਟਰੀ ਸਹੂਲਤਾਂ ਪੂਰੀਆਂ ਨਹੀਂ ਮਿਲਦੀਆਂ। ਮਹਾਂਮਾਰੀ ਦੀ ਭਿਆਨਕਤਾ ਨੂੰ ਦੇਖਦਿਆਂ ਸਰਕਾਰ ਦੀਆਂ ਪ੍ਰੇਸ਼ਾਨੀਆਂ ਨੂੰ ਸਮਝਿਆ ਜਾ ਸਕਦਾ ਹੈ, ਪਰ ਹਸਪਤਾਲਾਂ ਵਿਚ ਸਾਫ-ਸਫਾਈ ਰੱਖਣੀ ਤਾਂ ਬਣਦੀ ਹੀ ਹੈ ਨਾ। ਜਿਨ੍ਹਾਂ ਹਸਪਤਾਲਾਂ ਵਿਚ ਕੋਰੋਨਾ ਦਾ ਇਲਾਜ ਕੀਤਾ ਜਾ ਰਿਹਾ ਹੈ, ਉਥੇ ਗੰਦਗੀ ਦੀਆਂ ਤਸਵੀਰਾਂ ਅਖਬਾਰਾਂ ਤੇ ਟੀ ਵੀ ਚੈਨਲਾਂ 'ਤੇ ਰੋਜ਼ਾਨਾ ਆ ਰਹੀਆਂ ਹਨ। ਕੋਰੋਨਾ ਦਾ ਇਲਾਜ ਤਾਂ ਅਜੇ ਲੱਭਾ ਨਹੀਂ, ਸਾਫ-ਸਫਾਈ ਹੀ ਇਸ ਦਾ ਸਭ ਤੋਂ ਵਧੀਆ ਇਲਾਜ ਹੈ। ਜੇ ਕੈਪਟਨ ਅਮਰਿੰਦਰ ਸਿੰਘ ਹਸਪਤਾਲਾਂ ਨੂੰ ਸਾਫ ਨਹੀਂ ਕਰਵਾ ਸਕਦੇ ਤਾਂ ਲੋਕਾਂ ਨੂੰ ਮੱਤਾਂ ਦਈ ਜਾਣ ਦਾ ਕੀ ਲਾਭ ਹੋਵੇਗਾ।

657 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper