Latest News
ਫੇਸਬੁੱਕ ਦੇ ਰੋਲ ਦੀ ਜਾਂਚ ਜ਼ਰੂਰੀ

Published on 02 Sep, 2020 11:00 AM.


ਅਮਨ ਤੇ ਸਦਭਾਵਨਾ ਬਾਰੇ ਦਿੱਲੀ ਵਿਧਾਨ ਸਭਾ ਦੀ ਕਮੇਟੀ ਨੂੰ ਮੁਢਲੀ ਡਿੱਠੇ ਲੱਗਦਾ ਹੈ ਕਿ ਫਰਵਰੀ ਵਿਚ ਉੱਤਰ-ਪੂਰਬੀ ਦਿੱਲੀ ਵਿਚ ਹੋਏ ਦੰਗਿਆਂ ਨੂੰ ਭੜਕਾਉਣ ਵਿਚ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੀ ਭੂਮਿਕਾ ਸੀ। ਕਮੇਟੀ ਦੇ ਚੇਅਰਮੈਨ ਰਾਘਵ ਚੱਢਾ ਨੇ ਤਿੰਨ ਗਵਾਹਾਂ—ਛੱਤੀਸਗੜ੍ਹ ਦੇ ਪੱਤਰਕਾਰ ਆਵੇਸ਼ ਤਿਵਾੜੀ, ਆਜ਼ਾਦ ਪੱਤਰਕਾਰ ਕੁਣਾਲ ਪੁਰੋਹਿਤ ਤੇ ਸੁਭਾਸ਼ ਗਾਤੜੇ ਦੇ ਬਿਆਨ ਦੇ ਆਧਾਰ ’ਤੇ ਇਹ ਦਾਅਵਾ ਕੀਤਾ ਹੈ। ਚੱਢਾ ਮੁਤਾਬਕ ਇਨ੍ਹਾਂ ਤਿੰਨਾਂ ਨੇ ਕਮੇਟੀ ਅੱਗੇ ਪੇਸ਼ ਹੋ ਕੇ ਫੇਸਬੁੱਕ ’ਤੇ ਪੋਸਟ ਕੀਤੇ ਗਏ ਕੁਝ ਭੜਕਾਊ ਕੰਟੈਂਟ ਦਿਖਾਏ। ਇਨ੍ਹਾਂ ਦੇ ਮੱਦੇਨਜ਼ਰ ਫੇਸਬੁੱਕ ਦੇ ਅਧਿਕਾਰੀਆਂ ਨੂੰ ਕਮੇਟੀ ਅੱਗੇ ਪੇਸ਼ ਹੋਣ ਲਈ ਸੰਮਨ ਭੇਜਿਆ ਗਿਆ ਹੈ। ਚੱਢਾ ਮੁਤਾਬਕ ਫੇਸਬੁੱਕ ਨੇ ਜਿਸ ਤਰ੍ਹਾਂ ਦੀ ਸਮੱਗਰੀ ਦਾ ਪ੍ਰਚਾਰ ਕੀਤਾ, ਉਸ ਦੀ ਮਨਸ਼ਾ ਸੀ ਕਿ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੰਗੇ ਹੋ ਜਾਣ, ਪਰ ਅਜਿਹਾ ਹੋ ਨਹÄ ਸਕਿਆ ਤੇ ਦੰਗੇ ਚੋਣਾਂ ਤੋਂ ਬਾਅਦ ਹੋਏ। ਚੱਢਾ ਦਾ ਕਹਿਣਾ ਹੈ ਕਿ ਫੇਸਬੁੱਕ ਨੂੰ ਦਿੱਲੀ ਦੰਗਿਆਂ ਵਿਚ ਸਹਿ-ਮੁਲਜ਼ਮ ਦੇ ਤੌਰ ’ਤੇ ਲਿਆ ਜਾਣਾ ਚਾਹੀਦਾ ਹੈ ਤੇ ਉਸ ਦੇ ਰੋਲ ਦੀ ਜਾਂਚ ਹੋਣੀ ਚਾਹੀਦੀ ਹੈ। ਚੱਢਾ ਨੇ ਇਹ ਸਨਸਨੀਖੇਜ਼ ਦੋਸ਼ ਵੀ ਲਾਇਆ ਹੈ ਕਿ ਫੇਸਬੁੱਕ ਫਿਰਕੂ ਸਦਭਾਵਨਾ ਵਿਗਾੜਨ ਵਾਲੀ ਸਮੱਗਰੀ ਆਪਣੇ ਪਲੇਟਫਾਰਮ ’ਤੇ ਰੱਖਦਾ ਹੈ ਤੇ ਸ਼ਿਕਾਇਤ ਕਰਨ ’ਤੇ ਵੀ ਨਹÄ ਹਟਾਉਂਦਾ। ਉਸ ਦੇ ਕੁਝ ਅਜਿਹੇ ਵੈੱਬ ਚੈਨਲਾਂ ਨਾਲ ਗਠਜੋੜ ਹਨ, ਜਿਨ੍ਹਾਂ ਦਾ ਇੱਕੋ-ਇਕ ਮਕਸਦ ਫਿਰਕੂ ਸਦਭਾਵਨਾ ਵਿਗਾੜਨਾ ਤੇ ਧਰੁਵੀਕਰਨ ਕਰਨਾ ਹੈ। ਫੇਸਬੁੱਕ ਉਨ੍ਹਾਂ ਨਾਲ ਗੰਢਤੁੱਪ ਕਰਕੇ ਉਸ ਕੰਟੈਂਟ ਨੂੰ ਪ੍ਰਚਾਰਦਾ ਹੈ। ਚੱਢਾ ਦਾ ਕਹਿਣਾ ਹੈ ਕਿ ਆਜ਼ਾਦ ਏਜੰਸੀ ਤੋਂ ਜਾਂਚ ਕਰਾਉਣ ਦੇ ਬਾਅਦ ਫੇਸਬੁੱਕ ਖਿਲਾਫ ਕੋਰਟ ਵਿਚ ਇਕ ਜ਼ਿਮਨੀ ਚਾਰਜਸ਼ੀਟ ਦਾਇਰ ਕੀਤੀ ਜਾਣੀ ਚਾਹੀਦੀ ਹੈ।
ਅਮਰੀਕੀ ਅਖਬਾਰ ‘ਵਾਲ ਸਟਰੀਟ ਜਰਨਲ’ ਵੱਲੋਂ ਭੜਕਾਊ ਪੋਸਟਾਂ ਪਾਉਣ ਵਾਲੇ ਕੱਟੜ ਹਿੰਦੂਵਾਦੀਆਂ ਪ੍ਰਤੀ ਫੇਸਬੁੱਕ ਵੱਲੋਂ ਲਿਹਾਜ਼ਦਾਰੀ ਕਰਨ ਦੀ ਰਿਪੋਰਟ ਛਾਪਣ ਤੋਂ ਬਾਅਦ ਦਿੱਲੀ ਵਿਧਾਨ ਸਭਾ ਦੀ ਕਮੇਟੀ ਵੱਲੋਂ ਕਹੀਆਂ ਗਈਆਂ ਗੱਲਾਂ ਤੋਂ ਇਸ ਦੋਸ਼ ਨੂੰ ਵਜ਼ਨ ਮਿਲਦਾ ਹੈ ਕਿ ਫੇਸਬੁੱਕ ਆਰ ਐੱਸ ਐੱਸ ਤੇ ਭਾਜਪਾ ਦੀਆਂ ਨੀਤੀਆਂ ਨੂੰ ਪ੍ਰਚਾਰਨ ਵਿਚ ਸਹਿਯੋਗੀ ਬਣਿਆ ਹੋਇਆ ਹੈ। ਵਾਲ ਸਟਰੀਟ ਜਰਨਲ ਦੀ ਰਿਪੋਰਟ ਤੋਂ ਬਾਅਦ ਸੰਸਦ ਦੀ ਸੂਚਨਾ ਟੈਕਨਾਲੋਜੀ ਬਾਰੇ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਕਾਂਗਰਸੀ ਸਾਂਸਦ ਸ਼ਸ਼ੀ ਥਰੂਰ ਨੇ ਜਦੋਂ ਫੇਸਬੁੱਕ ਇੰਡੀਆ ਨੂੰ ਕਮੇਟੀ ਅੱਗੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ, ਉਦੋਂ ਭਾਜਪਾ ਆਗੂਆਂ ਨੇ ਜ਼ੋਰਦਾਰ ਵਿਰੋਧ ਕੀਤਾ ਤੇ ਥਰੂਰ ਨੂੰ ਚੇਅਰਮੈਨੀ ਤੋਂ ਹਟਾਉਣ ਤੱਕ ਦੀ ਮੰਗ ਕਰ ਦਿੱਤੀ। ਤਾਜ਼ਾ ਖੁਲਾਸੇ ਮੁਤਾਬਕ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਫੇਸਬੁੱਕ ਨੇ ਭਾਜਪਾ ਦੀ ਸ਼ਿਕਾਇਤ ’ਤੇ 44 ਫੇਸਬੁੱਕ ਪੇਜਾਂ ਵਿਚੋਂ 14 ਹਟਾ ਦਿੱਤੇ ਸਨ। ਇਨ੍ਹਾਂ ਵਿਚ ਭੀਮ ਆਰਮੀ ਦਾ ਪੇਜ ਵੀ ਸੀ ਤੇ ਉੱਘੇ ਪੱਤਰਕਾਰਾਂ ਰਵੀਸ਼ ਕੁਮਾਰ ਤੇ ਵਿਨੋਦ ਦੁਆ ਦੇ ਹੱਕ ਵਿਚ ਬਣਾਏ ਗਏ ਪੇਜ ਵੀ ਸਨ। ਇਸ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਫੇਸਬੁੱਕ ਤੇ ਭਾਜਪਾ ਵਾਲੇ ਘਿਓ-ਖਿਚੜੀ ਹਨ। ਫੇਸਬੁੱਕ ’ਤੇ ਅਮਰੀਕਾ ਵਿਚ ਵੀ ਸੱਜ-ਪਿਛਾਖੜੀਆਂ ਦੀ ਮਦਦ ਕਰਨ ਦੇ ਦੋਸ਼ ਲਗਦੇ ਆ ਰਹੇ ਹਨ। ਆਪੋਜ਼ੀਸ਼ਨ ਦੀ ਇਸ ਮੰਗ ਵਿਚ ਦਮ ਲੱਗਦਾ ਹੈ ਕਿ ਸਾਰੇ ਮਾਮਲੇ ਦੀ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਾਈ ਜਾਵੇ, ਕਿਉਂਕਿ ਇਸ ਵਿਚ ਜਮਹੂਰੀਅਤ ਤੇ ਸੈਕੂਲਰਿਜ਼ਮ ਦੇ ਅਲੰਬਰਦਾਰਾਂ ਖਿਲਾਫ ਵਿਦੇਸ਼ੀ ਕੰਪਨੀ ਦੀ ਸਾਜ਼ਿਸ਼ ਝਲਕਦੀ ਹੈ।

744 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper