Latest News
ਦਿਹਾੜੀਦਾਰਾਂ 'ਤੇ ਸਭ ਤੋਂ ਵੱਡੀ ਮਾਰ

Published on 06 Sep, 2020 07:11 AM.

ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨ ਸੀ ਆਰ ਬੀ) ਵੱਲੋਂ ਸਰਕਾਰੀ ਵਧੀਕੀਆਂ ਤੇ ਹੋਰ ਵੱਖ-ਵੱਖ ਕਾਰਨਾਂ ਕਰਕੇ ਲੋਕਾਂ ਵੱਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਦੇ ਜਾਰੀ ਅੰਕੜਿਆਂ ਵਿਚ ਦਿਹਾੜੀ ਮਜ਼ਦੂਰਾਂ ਦਾ ਅੰਕੜਾ ਬਹੁਤ ਹੌਲਨਾਕ ਹੈ। ਬਿਊਰੋ ਦੀ ਰਿਪੋਰਟ ਮੁਤਾਬਕ 2019 ਵਿਚ ਇਕ ਲੱਖ 39 ਹਜ਼ਾਰ 123 ਲੋਕਾਂ ਨੇ ਖੁਦਕੁਸ਼ੀਆਂ ਕੀਤੀਆਂ ਤੇ ਇਨ੍ਹਾਂ ਵਿਚੋਂ 32 ਹਜ਼ਾਰ 563 ਦਿਹਾੜੀ ਮਜ਼ਦੂਰ ਸਨ, ਯਾਨੀਕਿ ਲੱਗਭੱਗ ਇਕ-ਚੌਥਾਈ (23.4 ਫੀਸਦੀ)। ਛੇ ਸਾਲ ਪਹਿਲਾਂ ਦੀ ਤੁਲਨਾ ਵਿਚ ਖੁਦਕੁਸ਼ੀ ਕਰਨ ਵਾਲੇ ਦਿਹਾੜੀ ਮਜ਼ਦੂਰਾਂ ਦੀ ਗਿਣਤੀ ਦੁਗਣੀ ਹੋ ਗਈ ਹੈ। ਇਨ੍ਹਾਂ ਅੰਕੜਿਆਂ ਵਿਚ ਖੇਤ ਮਜ਼ਦੂਰ ਸ਼ਾਮਲ ਨਹੀਂ ਹਨ। 2019 ਵਿਚ ਤਾਮਿਲਨਾਡੂ ਵਿਚ ਸਭ ਤੋਂ ਵੱਧ 5186 ਦਿਹਾੜੀ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਅਤੇ ਉਸ ਤੋਂ ਬਾਅਦ ਮਹਾਰਾਸ਼ਟਰ (4128), ਮੱਧ ਪ੍ਰਦੇਸ਼ (3964), ਤਿਲੰਗਾਨਾ (2858) ਤੇ ਕੇਰਲਾ (2809) ਦਾ ਨੰਬਰ ਆਉਂਦਾ ਹੈ। ਅੰਕੜਿਆਂ ਮੁਤਾਬਕ 2019 ਵਿਚ ਦਿਹਾੜੀ ਮਜ਼ਦੂਰਾਂ ਦੇ ਬਾਅਦ ਦੂਜੇ ਨੰਬਰ 'ਤੇ ਗ੍ਰਹਿਣੀਆਂ ਨੇ ਖੁਦਕੁਸ਼ੀਆਂ ਕੀਤੀਆਂ। 21 ਹਜ਼ਾਰ 359, ਯਾਨੀਕਿ 15.4 ਫੀਸਦੀ। ਗ੍ਰਹਿਣੀਆਂ ਤੋਂ ਬਾਅਦ ਖੇਤ ਮਜ਼ਦੂਰਾਂ ਦਾ ਨੰਬਰ ਹੈ। ਉਨ੍ਹਾਂ ਦਾ ਫੀਸਦ 3.1 ਰਿਹਾ। ਬਿਊਰੋ ਨੇ 2014 ਤੋਂ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਨੂੰ 'ਹਾਦਸੇ ਵਿਚ ਮੌਤ ਤੇ ਖੁਦਕੁਸ਼ੀ' ਦੀ ਸ਼੍ਰੇਣੀ ਵਿਚ ਵੰਡਣਾ ਸ਼ੁਰੂ ਕੀਤਾ ਸੀ। 2014 ਵਿਚ ਖੁਦਕੁਸ਼ੀ ਕਰਨ ਵਾਲਿਆਂ ਦਾ ਅੰਕੜਾ 12 ਫੀਸਦੀ ਸੀ, ਪਰ 2015 ਦੇ ਬਾਅਦ ਇਹ ਵਧਦਾ ਹੀ ਜਾ ਰਿਹਾ ਹੈ। 2015 ਵਿਚ ਇਸ ਵਿਚ 17.8 ਫੀਸਦੀ ਵਾਧਾ ਦੇਖਿਆ ਗਿਆ, ਜਦਕਿ 2016 ਵਿਚ 19.2 ਫੀਸਦੀ, 2017 ਵਿਚ 22.1 ਫੀਸਦੀ, 2018 ਵਿਚ 22.4 ਫੀਸਦੀ ਤੇ 2019 ਵਿਚ 23.4 ਫੀਸਦੀ। ਬਿਊਰੋ ਨੇ ਆਪਣੀ ਰਿਪੋਰਟ ਵਿਚ ਖੁਦਕੁਸ਼ੀਆਂ ਨੂੰ 9 ਸ਼੍ਰੇਣੀਆਂ ਵਿਚ ਵੰਡਿਆ ਹੈ, ਜਿਸ ਵਿਚ ਦਿਹਾੜੀ ਮਜ਼ਦੂਰਾਂ, ਗ੍ਰਹਿਣੀਆਂ, ਖੇਤ ਮਜ਼ਦੂਰਾਂ ਤੋਂ ਇਲਾਵਾ ਪੇਸ਼ੇਵਰ/ਤਨਖਾਹਦਾਰ, ਵਿਦਿਆਰਥੀ, ਸਵੈ-ਰੁਜ਼ਗਾਰ ਕਰਨ ਵਾਲੇ, ਰਿਟਾਇਰਡ, ਬੇਰੁਜ਼ਗਾਰ ਤੇ ਹੋਰ ਲੋਕ ਆਉਂਦੇ ਹਨ। ਰਿਪੋਰਟ ਵਿਚ ਸਿਰਫ ਖੁਦਕੁਸ਼ੀਆਂ ਕਰਨ ਵਾਲਿਆਂ ਦੇ ਅੰਕੜੇ ਦਰਸਾਏ ਗਏ ਹਨ। 2019 ਵਿਚ ਖੁਦਕੁਸ਼ੀਆਂ ਕਰਨ ਵਾਲੇ ਬੇਰੁਜ਼ਗਾਰਾਂ ਦਾ ਫੀਸਦ 10.1 ਤਕ ਪੁੱਜ ਗਿਆ। 2019 ਵਿਚ 14 ਹਜ਼ਾਰ 19 ਬੇਰੁਜ਼ਗਾਰਾਂ ਨੇ ਖੁਦਕੁਸ਼ੀਆਂ ਕੀਤੀਆਂ, ਜਦਕਿ 2018 ਵਿਚ 12 ਹਜ਼ਾਰ 936 ਨੇ ਕੀਤੀਆਂ ਸਨ। ਇਕ ਸਾਲ ਵਿਚ ਇਨ੍ਹਾਂ ਦੀਆਂ ਖੁਦਕੁਸ਼ੀਆਂ ਵਿਚ 8.37 ਫੀਸਦੀ ਦਾ ਵਾਧਾ ਹੋ ਗਿਆ।
ਜਿਨ੍ਹਾਂ ਪੰਜ ਰਾਜਾਂ ਵਿਚ ਬੇਰੁਜ਼ਗਾਰਾਂ ਨੇ ਸਭ ਤੋਂ ਵੱਧ ਖੁਦਕੁਸ਼ੀਆਂ ਕੀਤੀਆਂ, ਉਨ੍ਹਾਂ ਵਿਚ ਕੇਰਲਾ (10,963), ਮਹਾਰਾਸ਼ਟਰ (1,511), ਤਾਮਿਲਨਾਡੂ (1,368), ਕਰਨਾਟਕ (1,293) ਤੇ ਓਡੀਸ਼ਾ (858) ਆਉਂਦੇ ਹਨ। 1997 ਵਿਚ 9.8 ਫੀਸਦੀ ਬੇਰੁਜ਼ਗਾਰਾਂ ਨੇ ਖੁਦਕੁਸ਼ੀਆਂ ਕੀਤੀਆਂ ਸਨ। 2007 ਵਿਚ ਸਭ ਤੋਂ ਘੱਟ 6.9 ਫੀਸਦੀ ਬੇਰੁਜ਼ਗਾਰਾਂ ਨੇ ਖੁਦਕੁਸ਼ੀਆਂ ਕੀਤੀਆਂ ਸਨ। 1995 ਤੋਂ 2004 ਤੱਕ ਦਰ 8 ਫੀਸਦੀ ਤੋਂ ਵਧ ਰਹੀ। 2005 ਤੋਂ 2014 ਤੱਕ 8 ਫੀਸਦੀ ਤੋਂ ਘੱਟ ਰਹੀ ਤੇ ਇਸ ਤੋਂ ਬਾਅਦ ਲਗਾਤਾਰ ਵਧਦੀ ਜਾ ਰਹੀ ਹੈ। 2014 ਤੋਂ ਹੀ 'ਸਬਕਾ ਸਾਥ, ਸਬਕਾ ਵਿਕਾਸ' ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਜ ਸ਼ੁਰੂ ਹੋਇਆ।

595 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper