Latest News
ਜੰਗ ਸ਼ੁਰੂ ਹੋ ਚੁੱਕੀ ਹੈ

Published on 07 Sep, 2020 09:45 AM.


ਪਿਛਲੇ 6 ਸਾਲਾਂ ਦੇ ਫਾਸ਼ੀ ਰਾਜ ਦੌਰਾਨ ਅਸੀਂ ਉਨ੍ਹਾਂ ਅਣਕਿਆਸੇ ਦਿਨਾਂ ਵਿੱਚੋਂ ਲੰਘੇ ਆ ਰਹੇ ਹਾਂ, ਜਿਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਸਾਡੇ ਸਾਹਮਣੇ ਭੀੜਤੰਤਰੀ ਹਿੰਸਾ ਰਾਹੀਂ ਬੇਗੁਨਾਹ ਮਾਸੂਮ ਨਾਗਰਿਕਾਂ ਨੂੰ ਜਿਬਾਹ ਕੀਤੇ ਜਾਣ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ, ਅਸੀਂ ਤਮਾਸ਼ਬੀਨ ਬਣੇ ਰਹੇ। ਸੱਤਾਧਾਰੀਆਂ ਦੇ ਪਿਛਲੱਗ ਗੁੰਡਿਆਂ ਵੱਲੋਂ ਨਿਹੱਥੀ ਗੌਰੀ ਲੰਕੇਸ਼ ਨੂੰ ਕਤਲ ਕਰ ਦਿੱਤਾ ਗਿਆ, ਪਰ ਸੰਨਾਟਾ ਟੁੱਟ ਨਾ ਸਕਿਆ। ਅਸਹਿਮਤੀ ਦੀ ਆਵਾਜ਼ ਨੂੰ ਕੁਚਲਣ ਲਈ ਵਿਦਿਆਰਥੀਆਂ, ਬੁੱਧੀਜੀਵੀਆਂ ਤੇ ਸਮਾਜ ਸੇਵਕਾਂ ਨੂੰ ਦੇਸ਼ ਧਰੋਹੀ ਗਰਦਾਨ ਕੇ ਜੇਲ੍ਹਾਂ ਵਿੱਚ ਡੱਕਿਆ ਗਿਆ, ਪਰ ਆਮ ਅਵਾਜ਼ਾਂ ਨੇ ਖਾਮੋਸ਼ੀ ਧਾਰਨ ਕਰੀ ਰੱਖੀ। ਲੋਕਤੰਤਰ ਢਾਂਚੇ ਨੂੰ ਲੀਰੋ-ਲੀਰ ਕਰ ਦਿੱਤਾ ਗਿਆ, ਪਰ ਹਰ ਪਾਸੇ ਸਹਿਮ ਛਾਇਆ ਰਿਹਾ।
ਅੱਜ ਲੰਮੀ ਉਡੀਕ ਤੋਂ ਬਾਅਦ ਦੇਸ਼ ਅੰਦਰ ਉਸ ਵਕਤ ਦੀ ਆਹਟ ਸੁਣਾਈ ਦੇ ਰਹੀ ਹੈ, ਜਿਸ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਬੀਤੇ ਅਗਸਤ ਮਹੀਨੇ ਦੌਰਾਨ ਪ੍ਰਸ਼ਾਂਤ ਭੂਸ਼ਣ ਨੇ ਮਾਣਹਾਨੀ ਕੇਸ ਵਿੱਚ ਜਿਸ ਤਰ੍ਹਾਂ ਸੱਤਾਧਾਰੀਆਂ ਨੂੰ ਲਲਕਾਰਿਆ, ਉਸ ਨੇ ਖਾਮੋਸ਼ ਸਹਿਮੇ ਲੋਕਾਂ ਵਿੱਚ ਨਵਾਂ ਜੋਸ਼ ਭਰਨ ਦਾ ਕੰਮ ਕੀਤਾ ਹੈ। ਬਿਨਾਂ ਕਿਸੇ ਜਥੇਬੰਦਕ ਢਾਂਚੇ ਦੇ ਆਮ ਲੋਕ ਜਿਸ ਤਰ੍ਹਾਂ ਪ੍ਰਸ਼ਾਂਤ ਭੂਸ਼ਣ ਦੇ ਹੱਕ ਵਿੱਚ ਖੜ੍ਹੇ ਹੋਏ, ਉਸ ਨੇ 1942 ਦੇ 'ਭਾਰਤ ਛੱਡੋ ਅੰਦੋਲਨ' ਦੀ ਯਾਦ ਤਾਜ਼ਾ ਕਰ ਦਿੱਤੀ, ਜਦੋਂ ਮਹਾਤਮਾ ਗਾਂਧੀ ਨੇ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਅੱਜ ਤੋਂ ਉਹ ਆਪਣੇ-ਆਪ ਨੂੰ ਅਜ਼ਾਦ ਸਮਝਣ। ਬਿਨਾਂ ਸ਼ੱਕ ਅਜ਼ਾਦੀ ਦਾ ਅੰਦੋਲਨ ਸ਼ੁਰੂ ਕਰਨ ਵਿੱਚ ਗ਼ਦਰੀ ਬਾਬਿਆਂ, ਸ਼ਹੀਦ ਭਗਤ ਸਿੰਘ ਦੇ ਸਾਥੀਆਂ ਤੇ ਹੋਰ ਕਰਾਂਤੀਕਾਰੀ ਲਹਿਰਾਂ ਦੀ ਭੂਮਿਕਾ ਨੂੰ ਛੁਟਿਆਇਆ ਨਹੀਂ ਜਾ ਸਕਦਾ, ਪਰ ਗੁਲਾਮੀ ਵਿਰੁੱਧ ਜਨ-ਅੰਦੋਲਨ ਸਿਰਫ਼ 'ਭਾਰਤ ਛੱਡੋ ਅੰਦੋਲਨ' ਹੀ ਬਣ ਸਕਿਆ। 9 ਅਗਸਤ ਨੂੰ ਜਦੋਂ ਮਹਾਤਮਾ ਗਾਂਧੀ ਨੇ 'ਕਰੋ ਜਾਂ ਮਰੋ' ਦਾ ਨਾਅਰਾ ਦਿੱਤਾ ਤਾਂ ਸਮੁੱਚੇ ਅੰਦੋਲਨ ਦੀ ਵਾਗਡੋਰ ਲੋਕਾਂ ਨੇ ਆਪਣੇ ਹੱਥਾਂ ਵਿੱਚ ਲੈ ਲਈ। ਸਰਕਾਰੀ ਦਫ਼ਤਰਾਂ ਉੱਤੇ ਕਬਜ਼ੇ ਕਰ ਲਏ, ਤੇ ਬਲੀਆ (ਯੂ ਪੀ), ਸਤਾਰਾ (ਮਹਾਰਾਸ਼ਟਰ), ਤਾਮਲੁੱਕ (ਪੱਛਮੀ ਬੰਗਾਲ) ਤੇ ਤਾਰਾਪੁਰ (ਬਿਹਾਰ) ਵਿੱਚ ਅਜ਼ਾਦ ਸਰਕਾਰਾਂ ਕਾਇਮ ਕਰ ਲਈਆਂ। ਇਸ ਅੰਦੋਲਨ ਦੌਰਾਨ 50 ਹਜ਼ਾਰ ਕਰਾਂਤੀਕਾਰੀ ਸ਼ਹੀਦ ਤੇ ਲੱਖਾਂ ਜ਼ਖ਼ਮੀ ਹੋਏ ਅਤੇ 1 ਲੱਖ ਤੋਂ ਵੱਧ ਜੇਲ੍ਹੀਂ ਬੰਦ ਰਹੇ। ਇਸ ਦੇ ਸਿੱਟੇ ਵਜੋਂ ਅੰਗਰੇਜ਼ ਭਾਰਤ ਛੱਡਣ ਲਈ ਮਜਬੂਰ ਹੋ ਗਏ। ਪ੍ਰਸ਼ਾਂਤ ਭੂਸ਼ਣ ਨੇ ਆਪਣੇ ਮੁਕੱਦਮੇ ਦੌਰਾਨ ਮਹਾਤਮਾ ਗਾਂਧੀ ਦਾ ਹਵਾਲਾ ਦੇ ਕੇ ਹੀ ਅਸਹਿਮਤੀ ਦੀ ਅਵਾਜ਼ ਨੂੰ ਨਵਾਂ ਬਲ ਦਿੱਤਾ ਹੈ, ਇਸ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ।
ਅੱਜ ਦੇਸ਼ ਦਾ ਨੌਜਵਾਨ ਨਵੇਂ ਜੋਸ਼ ਨਾਲ ਮੈਦਾਨ ਵਿੱਚ ਆ ਚੁੱਕਾ ਹੈ। ਉਹ ਸੱਤਾਧਾਰੀਆਂ ਦੇ ਹਥਿਆਰ ਨੂੰ ਖੋਹ ਕੇ ਉਸੇ ਨੂੰ ਉਨ੍ਹਾਂ ਵਿਰੁੱਧ ਵਰਤਣਾ ਸਿੱਖ ਚੁੱਕਾ ਹੈ। ਯਾਦ ਹੋਵੇਗਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਲਾਕਡਾਊਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਲੋਕਾਂ ਤੋਂ 5 ਵੱਜ ਕੇ 5 ਮਿੰਟ ਉੱਤੇ ਕੋਰੋਨਾ ਭਜਾਉਣ ਲਈ ਤਾਲੀ ਤੇ ਥਾਲੀ ਖੜਕਵਾਈ ਸੀ। ਬੀਤੇ 1 ਸਤੰਬਰ ਨੂੰ ਉਸੇ ਤਰਜ਼ ਉੱਤੇ ਦੇਸ਼ ਭਰ ਵਿੱਚ ਨੌਜਵਾਨਾਂ ਨੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ 5 ਵੱਜ ਕੇ 5 ਮਿੰਟ ਉੱਤੇ ਥਾਲੀਆਂ ਖੜਕਾ ਕੇ ਹਾਕਮਾਂ ਨੂੰ ਬੌਂਦਲਾ ਦਿੱਤਾ। ਸਿੱਟੇ ਵਜੋਂ ਇਸ ਅੰਦੋਲਨ ਦੇ ਇੱਕ ਘੰਟੇ ਅੰਦਰ ਹੀ ਰੇਲ ਮੰਤਰੀ ਪਿਊਸ਼ ਗੋਇਲ ਨੂੰ ਰੇਲ ਭਰਤੀ ਇਮਤਿਹਾਨਾਂ ਦਾ ਐਲਾਨ ਕਰਨਾ ਪਿਆ। ਰੇਲਵੇ ਬੋਰਡ ਦੇ ਚੇਅਰਮੈਨ ਨੇ ਜਿਨ੍ਹਾਂ ਤਿੰਨ ਭਰਤੀ ਇਮਤਿਹਾਨਾਂ ਦਾ ਐਲਾਨ ਕੀਤਾ ਹੈ, ਉਨ੍ਹਾਂ ਵਿੱਚ 1 ਲੱਖ 40 ਹਜ਼ਾਰ ਅਸਾਮੀਆਂ ਹਨ ਤੇ ਅਰਜ਼ੀਆਂ ਦੇਣ ਵਲਿਆਂ ਦੀ ਗਿਣਤੀ 2 ਕਰੋੜ 45 ਲੱਖ ਹੈ। ਇਸ ਤੋਂ ਪਹਿਲਾਂ ਬੇਰੁਜ਼ਗਾਰ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਦੇ 'ਮਨ ਕੀ ਬਾਤ' ਪ੍ਰੋਗਰਾਮ ਉਤੇ ਲੱਖਾਂ ਨਾਪਸੰਦ ਦੀਆਂ ਪ੍ਰਤੀਕ੍ਰਿਆਵਾਂ ਦੇ ਕੇ ਆਪਣਾ ਗੁੱਸਾ ਪ੍ਰਗਟ ਕਰ ਦਿੱਤਾ ਸੀ। ਉਸ ਤੋਂ ਬਾਅਦ ਭਾਜਪਾ ਦੇ ਮੁੱਖ ਬੁਲਾਰੇ ਸੰਬਿਤ ਪਾਤਰਾ ਤੇ ਮੁੱਖ ਮੰਤਰੀ ਅਦਿਤਿਆ ਨਾਥ ਯੋਗੀ ਦੇ ਪ੍ਰੋਗਰਾਮਾਂ ਦਾ ਵੀ ਇਹੋ ਹਸ਼ਰ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸੋਮਵਾਰ ਨਵੀਂ ਸਿੱਖਿਆ ਨੀਤੀ ਸੰਬੰਧੀ ਕਾਨਫ਼ਰੰਸ ਵਿੱਚ ਉਦਘਾਟਨੀ ਭਾਸ਼ਣ ਦਿੱਤਾ ਸੀ। ਇਸ ਪ੍ਰੋਗਰਾਮ ਦਾ ਭਾਜਪਾ ਦੇ ਯੂਟਿਊਬ ਚੈਨਲ ਉਤੇ ਸਿੱਧਾ ਪ੍ਰਸਾਰਨ ਕੀਤਾ ਗਿਆ ਸੀ। ਇਸ ਮੌਕੇ ਵੀ ਲੋਕਾਂ ਵੱਲੋਂ ਪਸੰਦ ਨਾਲੋਂ 5 ਗੁਣਾ ਵੱਧ ਨਾਪਸੰਦ ਪ੍ਰਤੀਕ੍ਰਿਆਵਾਂ ਦਰਜ ਕੀਤੀਆਂ ਗਈਆਂ ਸਨ।
ਰੇਲ ਮੰਤਰੀ ਵੱਲੋਂ ਇਮਤਿਹਾਨਾਂ ਦੇ ਐਲਾਨ ਤੋਂ ਬਾਅਦ ਵੀ ਇਹ ਗੱਲ ਮੁੱਕਣ ਵਾਲੀ ਨਹੀਂ ਹੈ। ਇਹ ਸੋਸ਼ਲ ਮੀਡੀਆ ਅੰਦੋਲਨ ਚਲਾ ਰਹੇ ਨੌਜਵਾਨ ਸਿਰਫ਼ ਰੇਲਵੇ ਭਰਤੀ ਦੇ ਚਾਹਵਾਨ ਹੀ ਨਹੀਂ, ਕਈ ਹੋਰ ਮਹਿਕਮਿਆਂ ਤੇ ਰਾਜਾਂ ਦੇ ਇਮਤਿਹਾਨਾਂ ਦੇ ਸਤਾਏ ਹੋਏ ਨੌਜਵਾਨ ਵੀ ਹਨ। ਇਨ੍ਹਾਂ ਵਿੱਚ ਬੈਂਕ, ਉੱਚ ਸਿੱਖਿਆ ਸੇਵਾ ਆਯੋਗ, ਚੋਣ ਬੋਰਡ, ਲੋਕ ਸੇਵਾ ਆਯੋਗ ਤੇ ਮੁਕਾਬਲੇ ਦੀਆਂ ਹੋਰ ਪ੍ਰੀਖਿਆਵਾਂ ਨਾਲ ਸੰਬੰਧਤ ਕਰੋੜਾਂ ਨੌਜਵਾਨ ਸ਼ਾਮਲ ਹਨ। ਇਹ ਲੜਾਈ ਲਗਾਤਾਰ ਜਾਰੀ ਰਹਿਣੀ ਹੈ, ਕਿਉਂਕਿ ਭਰਤੀ ਇਮਤਿਹਾਨਾਂ ਤੋਂ ਬਾਅਦ ਅਗਲੀ ਲੜਾਈ ਨਤੀਜੇ ਐਲਾਨਣ ਦੀ ਤੇ ਫਿਰ ਉਸ ਤੋਂ ਬਾਅਦ ਨੌਕਰੀ ਹਾਸਲ ਕਰਨ ਲਈ ਵੀ ਲੜਨੀ ਪੈਂਦੀ ਹੈ।
ਇਸੇ ਕਾਰਨ ਬੇਰੁਜ਼ਗਾਰ ਨੌਜਵਾਨ ਜਿੱਥੇ ਨੌਕਰੀਆਂ ਦੀ ਮੰਗ ਕਰ ਰਹੇ ਹਨ, ਉੱਥੇ ਜਨਤਕ ਖੇਤਰ ਦੀਆਂ ਕੰਪਨੀਆਂ ਦੇ ਨਿੱਜੀਕਰਨ ਦਾ ਵੀ ਵਿਰੋਧ ਕਰ ਰਹੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਨਿੱਜੀਕਰਨ ਨੌਕਰੀਆਂ ਦਿੰਦਾ ਨਹੀਂ, ਖੋਂਹਦਾ ਹੈ।
ਪਿਛਲੇ ਕਾਫ਼ੀ ਸਮੇਂ ਤੋਂ ਕਿਸਾਨ ਜਥੇਬੰਦੀਆਂ ਵੀ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਹਨ। ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀ ਵਿੱਚੋਂ ਬੇਦਖ਼ਲ ਕਰਨ ਲਈ ਲਿਆਂਦੇ ਗਏ ਤਿੰਨ ਆਰਡੀਨੈਂਸਾਂ ਨੇ ਇਸ ਨੂੰ ਹੋਰ ਤਿੱਖਾ ਕੀਤਾ ਹੈ। ਸੰਸਦ ਦੇ ਆਉਂਦੇ ਅਜਲਾਸ ਦੌਰਾਨ ਜਦੋਂ ਇਨ੍ਹਾਂ ਆਰਡੀਨੈਂਸਾਂ ਨੂੰ ਕਾਨੂੰਨੀ ਸ਼ਕਲ ਦਿੱਤੀ ਜਾਵੇਗੀ ਤਾਂ ਲੜਾਈ ਹੋਰ ਤੇਜ਼ ਹੋਵੇਗੀ। ਮੰਦਵਾੜੇ ਕਾਰਨ ਨੌਕਰੀਆਂ ਗੁਆ ਚੁੱਕੇ ਮੁਲਾਜ਼ਮ ਤੇ ਮਜ਼ਦੂਰ ਕੋਰੋਨਾ ਮਹਾਂਮਾਰੀ ਦੀਆਂ ਬੰਦਸ਼ਾਂ ਕਾਰਨ ਭਰੇ-ਪੀਤੇ ਚੁੱਪ ਬੈਠੇ ਹਨ। ਆਉਣ ਵਾਲੇ ਸਮੇਂ ਦੌਰਾਨ ਇਨ੍ਹਾਂ ਸਭ ਵਰਗਾਂ ਦਾ ਰੋਹ ਜਨ-ਅੰਦੋਲਨ ਦਾ ਰੂਪ ਜ਼ਰੂਰ ਅਖਤਿਆਰ ਕਰੇਗਾ। ਲੋੜ ਇਨ੍ਹਾਂ ਸਭ ਅੰਦੋਲਨਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਕਾਰਪੋਰੇਟਾਂ ਤੇ ਫਾਸ਼ੀ ਸੱਤਾਧਾਰੀਆਂ ਦੇ ਗਠਜੋੜ ਉਤੇ ਵਦਾਣੀ ਸੱਟ ਮਾਰਨ ਦੀ ਹੈ।
-ਚੰਦ ਫਤਿਹਪੁਰੀ

683 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper