Latest News
ਨੌਜਵਾਨਾਂ ਦਾ ਸਬਰ ਨਾ ਪਰਖੋ

Published on 08 Sep, 2020 11:04 AM.

ਫਾਸ਼ੀਵਾਦੀ ਸਰਕਾਰਾਂ ਦਾ ਮੁਢਲਾ ਅਸੂਲ ਹੁੰਦਾ ਹੈ ਕਿ ਵਿਰੋਧ ਦੀ ਹਰ ਆਵਾਜ਼ ਨੂੰ ਕੁਚਲ ਦਿੱਤਾ ਜਾਵੇ। ਸਾਡੇ ਦੇਸ਼ ਵਿੱਚ ਇਹ ਵਰਤਾਰਾ ਮੋਦੀ ਦੀ ਅਗਵਾਈ ਵਿੱਚ ਫਿਰਕੂ ਤੇ ਫਾਸ਼ੀਵਾਦੀ ਭਾਜਪਾ ਦੇ ਕੇਂਦਰ ਦੀ ਸੱਤਾ ਉੱਤੇ ਬਿਰਾਜਮਾਨ ਹੋਣ ਦੇ ਦਿਨ ਤੋਂ ਚੱਲ ਰਿਹਾ ਹੈ। ਅੱਜ ਜਦੋਂ ਬੇਰੁਜ਼ਗਾਰੀ ਦੀ ਮਾਰ ਸਹਿ ਰਹੇ ਨੌਜਵਾਨ ਚਿਰਾਂ ਤੋਂ ਲਟਕਦੇ ਭਰਤੀ ਇਮਤਿਹਾਨਾਂ ਨੂੰ ਸ਼ੁਰੂ ਕਰਨ ਤੇ ਰੁਜ਼ਗਾਰ ਦੀ ਮੰਗ ਲਈ ਆਵਾਜ਼ ਉਠਾ ਰਹੇ ਹਨ ਤਾਂ ਥਾਂ-ਥਾਂ ਉੱਤੇ ਉਨ੍ਹਾਂ ਨੂੰ ਸਰਕਾਰੀ ਦਮਨ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਰੁਜ਼ਗਾਰ ਨੂੰ ਮੂਲ ਅਧਿਕਾਰਾਂ ਵਿੱਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ 5 ਸਤੰਬਰ ਨੂੰ ਨੌਜਵਾਨਾਂ ਵੱਲੋਂ ਦੇਸ਼ਵਿਆਪੀ ਅੰਦੋਲਨ ਛੇੜਿਆ ਗਿਆ ਸੀ, ਜਿਸ ਵਿੱਚ ਲੱਖਾਂ ਨੌਜਵਾਨਾਂ ਵੱਲੋਂ ਘਰਾਂ 'ਚੋਂ ਬਾਹਰ ਨਿਕਲ ਕੇ ਭਾਗ ਲਿਆ ਗਿਆ। ਯੂ ਪੀ ਦੇ ਅਲਾਹਾਬਾਦ ਵਿੱਚ ਇਸ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ 25 ਅੰਦੋਲਨਕਾਰੀਆਂ ਉੱਤੇ ਕੇਸ ਦਰਜ ਕਰ ਲਏ ਗਏ ਹਨ। ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਬੇਰੁਜ਼ਗਾਰ ਮੁਜ਼ਾਹਰਾਕਾਰੀ ਨੌਜਵਾਨਾਂ ਉੱਤੇ ਪੁਲਸ ਵੱਲੋਂ ਲਾਠੀਚਾਰਜ ਕੀਤਾ ਗਿਆ ਤੇ 50 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਿਹਾਰ ਦੇ ਪਟਨਾ ਵਿੱਚ ਰੁਜ਼ਗਾਰ ਦੀ ਮੰਗ ਕਰ ਰਹੇ ਅਧਿਆਪਕਾਂ 'ਤੇ ਪੁਲਸ ਵੱਲੋਂ ਲਾਠੀਆਂ ਵਰ੍ਹਾਈਆਂ ਗਈਆਂ। ਕੋਰੋਨਾ ਮਹਾਂਮਾਰੀ ਵਾਂਗ ਸਾਡੀਆਂ ਸਰਕਾਰਾਂ ਵੀ ਬੇਰਹਿਮ ਹੋ ਗਈਆਂ ਹਨ ਜਾਂ ਉਨ੍ਹਾਂ ਦੀ ਸੋਚ ਏਨੀ ਨਕਾਰਾ ਹੋ ਗਈ ਹੈ ਕਿ ਉਹ ਇਹ ਸਮਝਣੋਂ ਵੀ ਅਸਮਰੱਥ ਹਨ ਕਿ ਇਹ ਬੇਰੁਜ਼ਗਾਰ ਨੌਜਵਾਨ ਕਿੰਨੇ ਦੁਖੀ ਹੋਣਗੇ, ਜਿਹੜੇ ਜਾਨਲੇਵਾ ਬਿਮਾਰੀ ਦੀ ਪ੍ਰਵਾਹ ਕੀਤੇ ਬਿਨਾਂ ਆਪਣੀਆਂ ਜ਼ਿੰਦਗੀਆਂ ਦਾਅ ਉਤੇ ਲਾ ਕੇ ਰੋਸ ਪ੍ਰਗਟ ਕਰਨ ਲਈ ਮਜਬੂਰ ਹੋਏ ਹਨ। ਅੱਜ ਹਾਲਤ ਇਹ ਹਨ ਕਿ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਮਿਲਾ ਕੇ 100 ਤੋਂ ਵੱਧ ਭਰਤੀ ਪ੍ਰੀਖਿਆਵਾਂ ਲਟਕੀਆਂ ਹੋਈਆਂ ਹਨ, ਜਿਨ੍ਹਾਂ ਕਾਰਨ 10 ਕਰੋੜ ਤੋਂ ਵੱਧ ਨੌਕਰੀਆਂ ਦੇ ਚਾਹਵਾਨ ਨੌਜਵਾਨਾਂ ਦੇ ਨੌਕਰੀ ਹਾਸਲ ਕਰਨ ਦੇ ਸੁਫ਼ਨੇ ਟੁੱਟ ਰਹੇ ਹਨ। ਅਸਾਮੀਆਂ ਖਾਲੀ ਪਈਆਂ ਹਨ, ਪਰ ਇਨ੍ਹਾਂ ਨੂੰ ਭਰਨ ਲਈ ਮੰਗ ਦੇ ਇਸ਼ਤਿਹਾਰ ਕੱਢੇ ਨਹੀਂ ਜਾ ਰਹੇ। ਕਿਸੇ ਥਾਂ ਫੀਸ ਦੇ ਕੇ ਫਾਰਮ ਭਰੇ ਜਾ ਚੁੱਕੇ ਹਨ, ਕਈ ਥਾਵਾਂ ਉੱਤੇ ਬਹੁਪੜਾਵੀ ਇਮਤਿਹਾਨਾਂ ਦਾ ਇੱਕ ਪੜਾਅ ਹੋ ਚੁੱਕਾ ਹੈ, ਦੂਜੇ ਦਾ ਇੰਤਜ਼ਾਰ ਹੈ। ਕਿਸੇ ਹੋਰ ਥਾਂ ਇਮਤਿਹਾਨ ਹੋ ਚੁੱਕਾ ਹੈ, ਪਰ ਨਤੀਜਾ ਕੱਢਿਆ ਨਹੀਂ ਜਾ ਰਿਹਾ। ਕਿਸ ਹੋਰ ਥਾਂ ਰਿਜ਼ਲਟ ਆ ਚੁੱਕਾ ਹੈ, ਪਰ ਨਿਯੁਕਤੀ ਪੱਤਰ ਦੀ ਉਡੀਕ ਨਹੀਂ ਮੁੱਕ ਰਹੀ। ਇਸ ਦੌਰਾਨ ਜੇਕਰ ਕਿਸੇ ਨੇ ਮੁਕੱਦਮਾ ਕਰ ਦਿੱਤਾ ਤਾਂ ਫੈਸਲਾ ਉਡੀਕਦਿਆਂ ਉਮਰ ਲੰਘ ਜਾਂਦੀ ਹੈ। ਸਮੁੱਚੇ ਦੇਸ਼ ਅੰਦਰ ਜਵਾਨੀ ਨਾਲ ਇਸ ਤਰ੍ਹਾਂ ਖਿਲਵਾੜ ਹੋ ਰਿਹਾ ਹੈ ਕਿ ਉਸ ਦੀ ਸਿਰਜਨਾਤਮਕ ਸਮਰੱਥਾ ਨੂੰ ਹੀ ਨਸ਼ਟ ਕਰ ਦਿੱਤਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਨੌਜਵਾਨ ਮਨੋਰੋਗੀ ਹੋ ਕੇ ਖੁਦਕੁਸ਼ੀਆਂ ਰਾਹੀਂ ਮੌਤ ਨੂੰ ਗਲੇ ਲਾਉਣ ਲਈ ਮਜਬੂਰ ਹੋ ਜਾਂਦੇ ਹਨ। ਮੋਦੀ ਵੱਲੋਂ 2 ਕਰੋੜ ਨੌਕਰੀਆਂ ਦੇ ਦਿਖਾਏ ਸਬਜ਼ਬਾਗ ਦੇ ਸੁਫ਼ਨੇ ਤਾਰ-ਤਾਰ ਹੋ ਚੁੱਕੇ ਹਨ ਤੇ ਨੌਜਵਾਨ ਪੀੜ੍ਹੀ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਸੀ। ਇਸ ਲਈ ਅੱਜ ਮੋਦੀ ਦੇ ਆਪਦਾ ਨੂੰ ਅਵਸਰ ਵਿੱਚ ਬਦਲਣ ਤੇ ਆਤਮ-ਨਿਰਭਰ ਭਾਰਤ ਦੇ ਜੁਮਲੇ ਨੌਜਵਾਨਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕ ਰਹੇ ਹਨ। ਸਰਕਾਰਾਂ ਲਈ ਹਾਲੇ ਵੀ ਸਮਾਂ ਹੈ ਕਿ ਉਹ ਨੌਜਵਾਨਾਂ ਦੇ ਸੁਫ਼ਨਿਆਂ ਤੇ ਉਮੀਦਾਂ ਨੂੰ ਕਤਲ ਕਰਨ ਅਤੇ ਉਨ੍ਹਾਂ ਦੇ ਗੁੱਸੇ ਦਾ ਦਮਨ ਕਰਨ ਦੀ ਥਾਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਦਾ ਰਾਹ ਫੜਨ। ਕੇਂਦਰ ਤੇ ਰਾਜ ਸਰਕਾਰਾਂ ਸਭ ਖਾਲੀ ਅਹੁਦਿਆਂ ਲਈ ਸਮਾਂਬੱਧ ਪ੍ਰੀਖਿਆਵਾਂ ਕਰਵਾ ਕੇ ਨੌਜਵਾਨਾਂ ਨੂੰ ਨੌਕਰੀਆਂ ਦੇਣ, ਰਿਟਾਇਰਮੈਂਟ ਦੀ ਉਮਰ ਘਟਾਉਣ ਦਾ ਰਾਹ ਤਿਆਗਣ ਤੇ ਜਨਤਕ ਖੇਤਰ ਦੇ ਅਦਾਰਿਆਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਕੇ ਨੌਕਰੀਆਂ ਖ਼ਤਮ ਕਰਨ ਤੋਂ ਬਾਜ਼ ਆਉਣ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਨਵੇਂ ਰੁਜ਼ਗਾਰ ਸਿਰਜਣ ਲਈ ਵਿਸ਼ੇਸ਼ ਵਿਭਾਗ ਬਣਾਉਣ ਤੇ ਰੁਜ਼ਗਾਰ ਮਿਲਣ ਤੱਕ ਹਰ ਬਾਲਗ ਨੂੰ ਰੁਜ਼ਗਾਰ ਭੱਤਾ ਦੇਣ। ਕੇਂਦਰ ਸਰਕਾਰ ਰੁਜ਼ਗਾਰ ਨੂੰ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਕਰੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਦੇਸ਼ ਦਾ ਨੌਜਵਾਨ ਉਨ੍ਹਾਂ ਨਾਲ ਜੁਮਲਿਆਂ ਰਾਹੀਂ ਕੀਤੇ ਵਿਸ਼ਵਾਸਘਾਤ ਨੂੰ ਹੋਰ ਸਹਿਣ ਨਹੀਂ ਕਰੇਗਾ ਤੇ ਸੱਤਾ ਦਾ ਕੋਈ ਵੀ ਜਬਰ ਉਨ੍ਹਾਂ ਦਾ ਰਾਹ ਨਹੀਂ ਰੋਕ ਸਕੇਗਾ।

569 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper