Latest News
ਇਤਿਹਾਸ 'ਤੇ ਹਮਲਾ

Published on 09 Sep, 2020 10:27 AM.


ਭਾਰਤੀ ਕਮਿਊਨਿਸਟ ਪਾਰਟੀ ਦੇ ਸਾਂਸਦ ਬਿਨੋਇ ਵਿਸ਼ਵਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੰਡੀਅਨ ਕੌਂਸਲ ਆਫ ਹਿਸਟੋਰੀਕਲ ਰਿਸਰਚ (ਆਈ ਸੀ ਐੱਚ ਆਰ) ਵੱਲੋਂ ਆਜ਼ਾਦੀ ਘੁਲਾਟੀਆਂ ਬਾਰੇ ਇਕ ਪੁਸਤਕ ਦੇ ਜਾਇਜ਼ੇ ਲਈ ਬਣਾਈ ਕਮੇਟੀ ਨੂੰ ਖਤਮ ਕਰਨ ਲਈ ਕਿਹਾ ਹੈ। ਇਹ ਕਮੇਟੀ ਆਰ ਐੱਸ ਐੱਸ ਦੀਆਂ ਕੁਝ ਜਥੇਬੰਦੀਆਂ ਦੀ ਮੰਗ 'ਤੇ ਕਾਇਮ ਕੀਤੀ ਗਈ ਹੈ। ਪੰਜ ਜਿਲਦਾਂ ਵਾਲੀ 'ਡਿਕਸ਼ਨਰੀ ਆਫ ਮਾਰਟੀਅਰਜ਼ : ਇੰਡੀਆ'ਜ਼ ਫਰੀਡਮ ਸਟ੍ਰਗਲ 1857-1947' ਵਿਚ 1921 ਦੇ ਮਪੀਲਾ ਵਿਦਰੋਹ, ਜਿਸ ਨੂੰ ਮਾਲਾਬਾਰ ਦਾ ਵਿਦਰੋਹ ਵੀ ਕਹਿੰਦੇ ਹਨ, ਦੇ ਨਾਇਕਾਂ ਵਰੀਅਮਕੁਨੱਥ, ਕੁੰਜ ਅਹਿਮਦ ਹਾਜੀ ਤੇ ਅਲੀ ਮੁਸਾਲਿਅਰ ਦਾ ਜ਼ਿਕਰ ਹੈ। ਸੰਘ ਪਰਵਾਰ ਇਨ੍ਹਾਂ ਨੂੰ ਹਿੰਦੂ-ਵਿਰੋਧੀ ਮੰਨਦਾ ਹੈ। ਬਹੁਤੇ ਲੋਕਾਂ ਨੂੰ ਖਦਸ਼ਾ ਹੈ ਕਿ ਪੁਸਤਕ ਦੇ ਤੱਤਾਂ ਦਾ ਮੁੜ ਜਾਇਜ਼ਾ ਲੈਣ ਲਈ ਕਮੇਟੀ ਬਣਾਉਣ ਦਾ ਮਤਲਬ ਪੁਸਤਕ 'ਤੇ ਪਾਬੰਦੀ ਲਾਉਣਾ ਹੈ। ਦਿਲਚਸਪ ਗੱਲ ਹੈ ਕਿ ਪੁਸਤਕ ਦੀ ਸਾਫਟ ਕਾਪੀ ਪ੍ਰਧਾਨ ਮੰਤਰੀ ਨੇ ਖੁਦ ਪਿਛਲੇ ਸਾਲ ਰਿਲੀਜ਼ ਕੀਤੀ ਸੀ। ਕਾਮਰੇਡ ਵਿਸ਼ਵਮ ਦਾ ਕਹਿਣਾ ਹੈ ਕਿ ਕਮੇਟੀ ਦਾ ਗਠਨ ਭਾਰਤੀ ਆਜ਼ਾਦੀ ਸੰਗਰਾਮ ਦੇ ਇਤਿਹਾਸ ਨੂੰ ਮੁੜ ਲਿਖਣ ਅਤੇ ਹੁਕਮਰਾਨ ਪਾਰਟੀ ਦੀ ਵਿਚਾਰਧਾਰਾ ਨੂੰ ਸੂਤ ਨਾ ਬੈਠਦੇ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਛੁਟਿਆਉਣ ਦੀ ਕੋਝੀ ਕੋਸ਼ਿਸ਼ ਹੈ। ਆਈ ਸੀ ਐੱਚ ਆਰ ਨੂੰ ਕੁਝ ਲੋਕਾਂ ਨੇ 2016 ਵਿਚ ਰਿਪੋਰਟ ਦੇ ਕੇ ਮੰਗ ਕੀਤੀ ਸੀ ਕਿ ਪੁਸਤਕ ਵਿਚੋਂ ਕਮਿਊਨਿਸਟ ਤੇ ਮੁਸਲਿਮ ਸ਼ਹੀਦਾਂ ਦੇ ਹਵਾਲੇ ਹਟਾਏ ਜਾਣ। ਇਨ੍ਹਾਂ ਸ਼ਹੀਦਾਂ ਵਿਚ ਪੁੰਨੱਪਰਾ-ਵਾਇਲਾਰ-ਕਰੀਵੇਲੋਰ ਅਤੇ ਕਵੁਮਬਈ ਅੰਦੋਲਨਾਂ ਦੇ ਕਮਿਊਨਿਸਟ ਸ਼ਹੀਦ ਅਤੇ ਉਹ ਮੁਸਲਿਮ ਆਜ਼ਾਦੀ ਘੁਲਾਟੀਏ ਸ਼ਾਮਲ ਹਨ, ਜਿਨ੍ਹਾਂ ਵੈਗਨ ਤ੍ਰਾਸਦੀ ਅਤੇ ਮਾਲਾਬਾਰ ਵਿਦਰੋਹ ਵਿਚ ਜਾਨਾਂ ਕੁਰਬਾਨ ਕੀਤੀਆਂ ਸਨ। ਕੇਰਲਾ ਦੇ ਲੋਕਾਂ ਦੇ ਦਿਲਾਂ ਵਿਚ ਇਨ੍ਹਾਂ ਸ਼ਹੀਦਾਂ ਦਾ ਬਹੁਤ ਉੱਚਾ ਰੁਤਬਾ ਹੈ। ਬਸਤੀਵਾਦੀ ਰਾਜ ਖਿਲਾਫ ਇਨ੍ਹਾਂ ਵਿਦਰੋਹਾਂ ਦੌਰਾਨ ਜਾਨਾਂ ਵਾਰਨ ਵਾਲੇ ਨੌਜਵਾਨ ਮਰਦ ਤੇ ਮਹਿਲਾਵਾਂ ਦਾ ਅੰਦੋਲਨ ਭਾਰਤ ਦੇ ਆਜ਼ਾਦੀ ਸੰਘਰਸ਼ ਦਾ ਹੀ ਇਕ ਤਰ੍ਹਾਂ ਨਾਲ ਹਿੱਸਾ ਸੀ। ਕਾਮਰੇਡ ਵਿਸ਼ਵਮ ਨੇ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਅਤੇ ਸੰਵਿਧਾਨ ਦੇ ਨੁਮਾਇੰਦੇ ਹੋਣ ਦੇ ਨਾਤੇ ਉਨ੍ਹਾ ਦੀ ਇਹ ਜ਼ਿੰਮੇਦਾਰੀ ਬਣਦੀ ਹੈ ਕਿ ਉਹ ਸਾਡੇ ਇਤਿਹਾਸ ਨੂੰ ਫਿਰਕੂ ਰੰਗਤ ਦੇਣ ਅਤੇ ਰਾਸ਼ਟਰ ਦੇ ਸਮਾਜੀ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਰੋਕਣ ਅਤੇ ਨਜ਼ਰਸਾਨੀ ਕਮੇਟੀ ਨੂੰ ਤੁਰੰਤ ਖਤਮ ਕਰਨ।
ਮੋਦੀ ਰਾਜ ਦੇ ਪਹਿਲੇ ਕਾਰਜਕਾਲ ਦੌਰਾਨ ਰਾਜ ਸਭਾ ਵਿਚ ਬਹੁਮਤ ਨਾ ਜੁਟਾ ਸਕਣ ਕਾਰਨ ਸੰਘ ਪਰਵਾਰ ਨੂੰ ਆਪਣੇ ਇਰਾਦੇ ਕਾਮਯਾਬ ਕਰਨ ਵਿਚ ਕਾਫੀ ਮੁਜ਼ਾਹਮਤ ਦਾ ਸਾਹਮਣਾ ਕਰਨਾ ਪਿਆ ਸੀ, ਪਰ ਦੂਜੇ ਕਾਰਜਕਾਲ ਵਿਚ ਲੋਕ ਸਭਾ 'ਚ ਲੋੜੋਂ ਕਾਫੀ ਵੱਧ ਸੀਟਾਂ ਮਿਲ ਜਾਣ ਅਤੇ ਰਾਜ ਸਭਾ ਵਿਚ ਆਪੋਜ਼ੀਸ਼ਨ ਦੀਆਂ ਕਈ ਪਾਰਟੀਆਂ ਦੇ ਆਗੂਆਂ ਦਾ ਸਾਥ ਮਿਲ ਜਾਣ ਤੋਂ ਬਾਅਦ ਉਸ ਨੇ ਇਤਿਹਾਸ ਨੂੰ ਬਦਲਣ ਦੀ ਸਪੀਡ ਵਧਾ ਦਿੱਤੀ ਹੈ। ਇਸ ਲਈ ਉਹ ਹਰ ਹਰਬਾ ਵਰਤ ਰਿਹਾ ਹੈ। ਇਸ ਨੂੰ ਖੱਬੀਆਂ-ਜਮਹੂਰੀ ਪਾਰਟੀਆਂ ਹੀ ਰੋਕ ਸਕਦੀਆਂ ਹਨ। ਨਵੀਂ ਸਿੱਖਿਆ ਨੀਤੀ ਨੂੰ ਸੰਘ ਨੇ ਆਪਣੀ ਸੋਚ ਵਾਲੀ ਬਣਾ ਲਿਆ ਹੈ। ਖੁਦ ਤਾਂ ਆਜ਼ਾਦੀ ਸੰਘਰਸ਼ ਵਿਚ ਕੋਈ ਯੋਗਦਾਨ ਪਾਇਆ ਨਹੀਂ ਤੇ ਆਪਣੇ ਆਪ ਨੂੰ ਭਾਰਤ ਦੇ ਅਸਲੀ ਵਾਰਸ ਸਾਬਤ ਕਰਨ ਲਈ ਉਹ ਦੇਸ਼ ਲਈ ਕੁਰਬਾਨੀਆਂ ਕਰਨ ਵਾਲਿਆਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਤੁਲ ਗਿਆ ਹੈ ਅਤੇ ਇਹ ਕੰਮ ਉਹ ਮੋਦੀ ਦੇ ਦੂਜੇ ਕਾਰਜਕਾਲ ਵਿਚ ਹੀ ਪੂਰਾ ਕਰ ਲੈਣਾ ਚਾਹੁੰਦਾ ਹੈ। ਲੋਕਾਂ ਨੂੰ ਇਹ ਸੋਚਣਾ ਪੈਣਾ ਹੈ ਕਿ ਉਨ੍ਹਾਂ ਦੇਸ਼ ਲਈ ਕੁਰਬਾਨ ਹੋਣ ਵਾਲਿਆਂ ਦੇ ਇਤਿਹਾਸ ਤੋਂ ਰੌਸ਼ਨੀ ਲੈਣੀ ਹੈ ਜਾਂ ਅੰਗਰੇਜ਼ਾਂ ਤੋਂ ਮੁਆਫੀ ਮੰਗਣ ਵਾਲਿਆਂ ਤੋਂ। ਸੰਘ ਦੇ ਹਮਲੇ ਲਗਾਤਾਰ ਤੇਜ਼ ਹੋ ਰਹੇ ਹਨ ਤੇ ਇਨ੍ਹਾਂ ਨੂੰ ਰੋਕਣ ਲਈ ਖੱਬੀਆਂ-ਜਮਹੂਰੀ ਤੇ ਧਰਮ ਨਿਰਪੱਖ ਤਾਕਤਾਂ ਨੂੰ ਪੂਰੀ ਤਾਕਤ ਨਾਲ ਮੈਦਾਨ ਵਿਚ ਨਿਤਰਨਾ ਪੈਣਾ ਹੈ।

597 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper