Latest News
ਬੱਲੇ-ਬੱਲੇ ਨਹੀਂ, ਥੱਲੇ-ਥੱਲੇ

Published on 11 Sep, 2020 10:34 AM.


ਰਾਫ਼ੇਲ ਜਹਾਜ਼ਾਂ ਨੂੰ ਰਸਮੀ ਤੌਰ 'ਤੇ ਹਵਾਈ ਫ਼ੌਜ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਰਾਫੇਲ ਜਹਾਜ਼ਾਂ ਦਾ ਭਾਰਤੀ ਹਵਾਈ ਫੌਜ ਵਿੱਚ ਦਾਖਲਾ ਸੰਸਾਰ ਲਈ ਤਕੜਾ ਸੁਨੇਹਾ ਹੈ, ਖਾਸ ਕਰ ਕੇ ਉਨ੍ਹਾਂ ਲਈ, ਜਿਹੜੇ ਭਾਰਤ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇ ਰਹੇ ਹਨ। ਨਾਂਅ ਲਏ ਬਿਨਾਂ ਉਨ੍ਹਾ ਦਾ ਇਸ਼ਾਰਾ ਪਾਕਿਸਤਾਨ ਤੇ ਚੀਨ ਵੱਲ ਸੀ। ਭਾਜਪਾ ਪੱਖੀ ਭਾਰਤੀ ਮੀਡੀਆ ਤਾਂ ਉਸੇ ਦਿਨ ਤੋਂ ਖੁਸ਼ੀ ਵਿੱਚ ਖੀਵਾ ਹੋਇਆ ਲੁੱਡੀਆਂ ਪਾ ਰਿਹਾ ਹੈ, ਜਿਸ ਦਿਨ ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਫਰਾਂਸ ਤੋਂ ਭਾਰਤ ਪੁੱਜੀ ਸੀ। ''ਬਸ ਚੀਨ ਨੂੰ ਤਾਂ ਕੰਬਣੀ ਛਿੜੀ ਹੋਈ ਹੈ, ''ਪਾਕਿਸਤਾਨੀ ਤਾਂ ਡਰਦੇ ਅੰਦਰੋਂ ਨਹੀਂ ਨਿਕਲ ਰਹੇ'', ਇਹ ਵਾਕ-ਯੁੱਧ ਸੁਣ-ਸੁਣ ਕੇ ਲੋਕਾਂ ਦੇ ਕੰਨ ਪੱਕ ਚੁੱਕੇ ਹਨ। ਸੱਤਾਧਾਰੀ ਖੁਸ਼ ਹਨ, ਕਿਉਂਕਿ ਉਹ ਯੁੱਧ-ਪ੍ਰੇਮੀ ਹਿਟਲਰ ਦੇ ਪਰਮ ਭਗਤ ਹਨ, ਪਰ ਉਹ ਭੁੱਲ ਜਾਂਦੇ ਹਨ ਕਿ ਅੱਜ ਦਾ ਸੰਸਾਰ ਹਿਟਲਰ ਦੇ ਜ਼ਮਾਨੇ ਨਾਲੋਂ ਬਿਲਕੁਲ ਹੀ ਵੱਖਰਾ ਹੈ। ਅੱਜ ਕੋਈ ਦੇਸ਼ ਹਥਿਆਰਾਂ ਦੇ ਭੰਡਾਰ ਜਮ੍ਹਾਂ ਕਰਕੇ ਤਾਕਤਵਾਰ ਨਹੀਂ ਬਣਦਾ, ਸਗੋਂ ਆਪਣੀ ਆਰਥਿਕਤਾ ਦੀ ਮਜ਼ਬੂਤੀ ਤੇ ਆਪਣੇ ਲੋਕਾਂ ਦੀ ਖੁਸ਼ਹਾਲੀ ਦੇ ਸਿਰ ਉੱਤੇ ਸ਼ਕਤੀਸ਼ਾਲੀ ਅਖਵਾ ਸਕਦਾ ਹੈ।
ਅੱਜ ਹਾਲਤ ਇਹ ਹੈ ਕਿ ਅਸੀਂ ਜੀ-20 ਦੇਸ਼ਾਂ ਵਿੱਚੋਂ ਅਰਥ-ਵਿਵਸਥਾ ਦੇ ਹਿਸਾਬ ਨਾਲ ਸਭ ਤੋਂ ਹੇਠਲੇ ਪੌਡੇ ਉੱਤੇ ਪਹੁੰਚ ਚੁੱਕੇ ਹਾਂ। ਇਹੋ ਨਹੀਂ, ਅਸੀਂ ਆਪਣੀ ਤੁਲਨਾ ਜੇਕਰ ਆਪਣੇ ਗੁਆਂਢੀਆਂ, ਸਮੇਤ ਉਨ੍ਹਾਂ ਦੇ ਜਿਨ੍ਹਾਂ ਨੂੰ ਅਸੀਂ ਦਬਕੇ ਮਾਰ ਕੇ ਆਪਣਾ ਰਾਂਝਾ ਰਾਜ਼ੀ ਕਰਦੇ ਹਾਂ, ਨਾਲ ਕਰੀਏ ਤਾਂ ਅਸੀਂ ਮੂੰਹ ਦਿਖਾਉਣ ਜੋਗੇ ਨਹੀਂ ਹਾਂ। ਬੀਤੀ ਤਿਮਾਹੀ ਦੌਰਾਨ ਸਾਡੀ ਜੀ ਡੀ ਪੀ ਦੇ ਮਨਫ਼ੀ 23.9 ਫ਼ੀਸਦੀ ਤੱਕ ਲੁੜ੍ਹਕ ਜਾਣ ਤੋਂ ਬਾਅਦ ਫਿੱਚ ਰੇਟਿੰਗ ਨੇ ਅਨੁਮਾਨ ਲਾਇਆ ਹੈ ਕਿ ਇਸ ਸਾਲ ਭਾਰਤ ਦੀ ਵਿਕਾਸ ਦਰ ਵਿੱਚ 10.5 ਫ਼ੀਸਦੀ ਗਿਰਾਵਟ ਆ ਸਕਦੀ ਹੈ। ਸਾਡੀ ਘਰੇਲੂ ਰੇਟਿੰਗ ਏਜੰਸੀ ਇੰਡੀਆ ਰੇਟਿੰਗਜ਼ ਐਂਡ ਰਿਸਰਚ ਦੇ ਅਨੁਸਾਰ ਹਾਲਤ ਇਸ ਤੋਂ ਵੀ ਬੁਰੀ ਹੋਣ ਵਾਲੀ ਹੈ। ਉਸ ਦਾ ਅਨੁਮਾਨ ਹੈ ਕਿ ਇਸ ਸਾਲ ਜੀ ਡੀ ਪੀ ਵਿੱਚ 11.8 ਫ਼ੀਸਦੀ ਦੀ ਗਿਰਾਵਟ ਹੋ ਸਕਦੀ ਹੈ।
ਸਾਡੀ ਅਰਥ ਵਿਵਸਥਾ ਦੀ ਇਸ ਤਬਾਹੀ ਨੂੰ ਢਕਣ ਲਈ ਸੱਤਧਾਰੀਆਂ ਵੱਲੋਂ ਅਕਸਰ ਕੋਰੋਨਾ ਮਹਾਂਮਾਰੀ ਦਾ ਬਹਾਨਾ ਬਣਾਇਆ ਜਾਂਦਾ ਹੈ। ਸੱਚਾਈ ਇਹ ਹੈ ਕਿ ਸਾਡੇ ਦੇਸ਼ ਦੀ ਇਹ ਤਰਾਸਦੀ ਕਿਸੇ ਕੁਦਰਤੀ ਕਾਰਨ ਕਰਕੇ ਨਹੀਂ ਸਗੋਂ ਸੱਤਾਧਾਰੀਆਂ ਵੱਲੋਂ ਅਪਣਾਈਆਂ ਨੀਤੀਆਂ ਕਾਰਨ ਪੈਦਾ ਹੋਈ ਹੈ। ਕੋਰੋਨਾ ਮਹਾਂਮਾਰੀ ਦਾ ਅਸਰ ਤਾਂ ਸਮੁੱਚੇ ਸੰਸਾਰ ਵਿੱਚ ਪਿਆ ਹੈ ਤੇ ਪੈ ਰਿਹਾ ਹੈ, ਪਰ ਸਭ ਤੋਂ ਬੁਰੀ ਹਾਲਤ ਸਾਡੀ ਹੀ ਹੋਈ ਹੈ। ਅਸੀਂ ਆਪਣੇ ਗੁਆਂਢੀਆਂ ਵੱਲ ਹੀ ਨਿਗ੍ਹਾ ਮਾਰ ਲਈਏ ਤਾਂ ਸਮਝ ਪੈ ਜਾਵੇਗਾ ਕਿ ਸਾਡੇ ਖੇਤ ਨੂੰ ਤਾਂ ਅਵਾਰਾ ਡੰਗਰਾਂ ਤੋਂ ਬਚਣ ਲਈ ਲਾਈ ਵਾੜ ਹੀ ਖਾਈ ਜਾ ਰਹੀ ਹੈ।
ਸ੍ਰੀਲੰਕਾ ਸਾਡਾ ਛੋਟਾ ਜਿਹਾ ਗੁਆਂਢੀ ਹੈ। 21 ਅਪ੍ਰੈਲ 2019 ਨੂੰ ਈਸਟਰ ਦੇ ਮੌਕੇ 'ਤੇ ਉੱਥੇ ਹੋਏ ਬੰਬ ਧਮਾਕਿਆਂ ਨੇ 250 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਸੀ। ਇਨ੍ਹਾਂ ਧਮਾਕਿਆਂ ਕਾਰਨ ਉੱਥੇ ਅਰਥ ਵਿਵਸਥਾ ਦੇ ਕਈ ਖੇਤਰ ਹਾਲੇ ਤੱਕ ਵੀ ਸੰਭਲ ਨਹੀਂ ਸਕੇ। ਇਸ ਦੇ ਬਾਵਜੂਦ 2019-20 ਦੀ ਆਖਰੀ ਤਿਮਾਹੀ ਵਿੱਚ ਉਥੋਂ ਦੀ ਅਰਥ ਵਿਵਸਥਾ ਸਿਰਫ਼ 1.6 ਫੀਸਦੀ ਸੁਕੜੀ ਸੀ। ਉਥੋਂ ਦੀ ਸਰਕਾਰ ਨੇ ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕਰਨ ਵਿੱਚ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ, ਜਿਸ ਦੀ ਸੰਸਾਰ ਭਰ ਵਿੱਚ ਪ੍ਰਸੰਸਾ ਹੋ ਰਹੀ ਹੈ। ਸਾਡਾ ਇੱਕ ਹੋਰ ਛੋਟਾ ਹਮਸਾਇਆ ਨੇਪਾਲ ਹੈ, ਜਿਸ ਦੀ ਵਿਕਾਸ ਦਰ ਹਾਲੇ ਵੀ ਸਾਕਾਰਾਤਮਕ 2.3% ਉੱਤੇ ਬਣੀ ਹੋਈ ਹੈ।
ਬੰਗਲਾਦੇਸ਼ ਨੂੰ ਹਮੇਸ਼ਾ ਅਸੀਂ ਇੱਕ ਗਰੀਬ ਦੇਸ਼ ਸਮਝਦੇ ਰਹੇ ਹਾਂ। 2019 ਦੀ ਪਹਿਲੀ ਤਿਮਾਹੀ ਵਿੱਚ ਬੰਗਲਾਦੇਸ਼ 7.3 ਫ਼ੀਸਦੀ ਦੀ ਵਿਕਾਸ ਦਰ ਨਾਲ ਦੁਨੀਆ ਦੀਆਂ ਤੇਜ਼ੀ ਨਾਲ ਵਧ ਰਹੀਆਂ ਅਰਥ ਵਿਵਸਥਾਵਾਂ ਵਾਲੇ ਦੇਸ਼ਾਂ ਵਿੱਚ 7ਵੇਂ ਸਥਾਨ ਉੱਤੇ ਪੁੱਜ ਗਿਆ ਸੀ। 2019-20 ਦੀ ਪਹਿਲੀ ਤਿਮਾਹੀ ਵਿੱਚ ਵਿਸ਼ਵ ਬੈਂਕ ਵੱਲੋਂ ਬੰਗਲਾਦੇਸ਼ ਦੀ ਵਿਕਾਸ ਦਰ 1.6 ਫ਼ੀਸਦੀ ਰਹਿਣ ਦਾ ਅਨੁਮਾਨ ਲਾਇਆ ਗਿਆ ਸੀ, ਪਰ ਬੰਗਲਾਦੇਸ਼ ਨੇ ਸਭ ਅਨੁਮਾਨਾਂ ਨੂੰ ਝੁਠਲਾਉਂਦਿਆਂ ਆਪਣੀ ਵਿਕਾਸ ਦਰ ਦਾ ਅੰਕੜਾ 5.2 ਫ਼ੀਸਦੀ ਤੱਕ ਪੁਚਾ ਦਿੱਤਾ।
ਹੁਣ ਲਓ ਸਾਡੇ ਰਾਫੇਲ ਤੋਂ ਥਰਥਰ ਕੰਬਣ ਵਾਲੇ ਗੁਆਂਢੀ ਚੀਨ ਦੀ ਗੱਲ। ਚੀਨ ਦੀ ਅਰਥ ਵਿਵਸਥਾ ਜਨਵਰੀ ਤੋਂ ਮਾਰਚ 2020 ਵਿਚਕਾਰ ਮਨਫ਼ੀ 6.8 ਫੀਸਦੀ ਤੱਕ ਸੁੰਗੜ ਗਈ ਸੀ, ਪਰ ਅਪ੍ਰੈਲ-ਜੂਨ 2020 ਦੀ ਪਹਿਲੀ ਤਿਮਾਹੀ ਦੌਰਾਨ ਉਹ ਫਿਰ ਪੈਰਾਂ ਉੱਤੇ ਖੜ੍ਹਾ ਹੋ ਗਿਆ ਤੇ ਉਸ ਦੀ ਵਿਕਾਸ ਦਰ 3.2 ਫ਼ੀਸਦੀ ਉੱਤੇ ਪੁੱਜ ਗਈ। ਚੀਨ ਨੇ ਅੰਸ਼ਕ ਲਾਕਡਾਊਨ ਲਗਾ ਕੇ ਤੇ ਸਿਹਤ ਪ੍ਰਬੰਧਾਂ ਨੂੰ ਫੈਲਾ ਕੇ ਜਿੱਥੇ ਕੋਰੋਨਾ ਮਹਾਂਮਾਰੀ ਉਤੇ ਕਾਬੂ ਪਾਇਆ, ਉੱਥੇ ਆਪਣੀ ਅਰਥ ਵਿਵਸਥਾ ਨੂੰ ਵੀ ਬਚਾਈ ਰੱਖਿਆ। ਜਿੱਥੋਂ ਤੱਕ ਸਾਡੇ ਗੁਆਂਢੀ ਪਾਕਿਸਤਾਨ ਦਾ ਸੰਬੰਧ ਹੈ, ਕੋਰੋਨਾ ਮਹਾਂਮਾਰੀ ਦੌਰਾਨ ਉਸ ਦੀ ਵਿਕਾਸ ਦਰ ਕਾਫ਼ੀ ਗਿਰੀ ਹੈ, ਪਰ ਮਨਫ਼ੀ ਵਿੱਚ ਨਹੀਂ ਗਈ। ਪਾਕਿਸਤਾਨ ਦੀ ਵਿਕਾਸ ਦਰ ਪਹਿਲੀ ਤਿਮਾਹੀ 'ਚ 0.98 ਫ਼ੀਸਦੀ ਰਹੀ। ਪਾਕਿਸਤਾਨ ਨੇ ਲਾਕਡਾਊਨ ਸਿਰਫ਼ ਬਹੁਤੇ ਪ੍ਰਭਾਵਤ ਇਲਾਕਿਆਂ ਵਿੱਚ ਹੀ ਲਾਇਆ ਸੀ, ਜਿਸ ਕਾਰਨ ਉਥੋਂ ਦੀ ਅਰਥ ਵਿਵਸਥਾ ਬਚੀ ਰਹੀ ਹੈ। ਪਾਕਿਸਤਾਨ ਨੇ ਜੁਲਾਈ ਤੱਕ ਹੀ ਕੋਰੋਨਾ ਮਹਾਂਮਾਰੀ ਉੱਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਸੀ। ਜੁਲਾਈ 2019 ਵਿੱਚ ਪਾਕਿਸਤਾਨ ਦੇ ਚਾਲੂ ਖਾਤੇ ਦਾ ਘਾਟਾ 613 ਮਿਲੀਅਨ ਡਾਲਰ ਸੀ, ਪਰ ਜੁਲਾਈ 2020 ਤੱਕ ਘਾਟੇ ਦੀ ਥਾਂ 424 ਮਿਲੀਅਨ ਡਾਲਰ ਸਰਪਲੱਸ ਜਮ੍ਹਾਂ ਹੋ ਚੁੱਕਾ ਸੀ।
ਸਾਡੇ ਦੇਸ਼ ਨੂੰ ਪਹਿਲਾਂ ਨੋਟਬੰਦੀ ਤੇ ਜੀ ਐੱਸ ਟੀ ਨੇ ਤਬਾਹ ਕਰ ਦਿੱਤਾ ਸੀ, ਰਹਿੰਦੀ ਕਸਰ ਨੀਰੋ ਨੇ ਲਾਕਡਾਊਨ ਵਾਲੀ ਬੰਸਰੀ ਵਜਾ ਕੇ ਪੂਰੀ ਕਰ ਦਿੱਤੀ। ਚਾਰ ਘੰਟੇ ਦਾ ਸਮਾਂ ਦੇ ਕੇ ਲਾਗੂ ਕੀਤੇ ਲਾਕਡਾਊਨ ਤੋਂ ਬਾਅਦ ਪੈਦਾ ਹੋਏ ਅਰਾਜਕਤਾ ਵਾਲੇ ਮਾਹੌਲ, ਬੇਹਿਸਾਬੇ ਮਜ਼ਦੂਰ ਪ੍ਰਵਾਸ ਦੀ ਮਨੁੱਖੀ ਤਰਾਸਦੀ ਤੇ ਅੰਤ ਨੂੰ ਖਸਤਾ ਹਾਲ ਹੋ ਚੁੱਕੀ ਅਰਥ ਵਿਵਸਥਾ ਨੇ ਸਾਬਤ ਕਰ ਦਿੱਤਾ ਹੈ ਕਿ ਲਾਕਡਾਊਨ ਦਾ ਐਲਾਨ ਵੀ ਇੱਕ ਤੁਗਲਕੀ ਫਰਮਾਨ ਸੀ।
ਸਾਡੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਅਸੀਂ ਅੱਜ ਵੀ ਆਪਣੇ ਸਿਰ ਹਾਕਮਾਂ ਵੱਲੋਂ ਮੜ੍ਹੀ ਗਈ ਹਰ ਆਫ਼ਤ ਨੂੰ ਪਿਛਲੇ ਜਨਮਾਂ ਦੇ ਪਾਪਾਂ ਦਾ ਫਲ ਸਮਝ ਕੇ ਬਿਨਾਂ ਹੀਲ-ਹੁਜ਼ਤ ਹਜ਼ਮ ਕਰ ਲੈਂਦੇ ਹਾਂ। ਇਸੇ ਕਾਰਨ ਹਾਕਮ ਆਪਣੀ ਹਰ ਨਾਕਾਮੀ ਨੂੰ ਯੁੱਧ ਦੇ ਜਨੂੰਨ ਰਾਹੀਂ ਪੈਦਾ ਕੀਤੇ ਅੰਧ-ਰਾਸ਼ਟਰਵਾਦ ਦੇ ਪਰਦੇ ਹੇਠ ਛੁਪਾ ਲੈਂਦਾ ਹੈ। ਜਿੰਨਾ ਚਿਰ ਦੇਸ਼ ਦੇ ਨਾਗਰਿਕ ਆਪਣੀਆਂ ਅੱਖਾਂ ਉੱਤੇ ਚਾੜ੍ਹੇ ਅੰਧ-ਰਾਸ਼ਟਰਵਾਦ ਦੇ ਖੋਪਿਆਂ ਨੂੰ ਉਤਾਰ ਕੇ ਵਗ੍ਹਾ ਨਹੀਂ ਮਾਰਦੇ, ਓਨਾ ਚਿਰ ਸੱਤਾਧਾਰੀਆਂ ਨੂੰ ਅਰਥ ਵਿਵਸਥਾ, ਬੇਰੁਜ਼ਗਾਰੀ ਤੇ ਭੁੱਖਮਰੀ ਤੋਂ ਜ਼ਰਾ ਵੀ ਫਿਕਰਮੰਦ ਹੋਣ ਦੀ ਲੋੜ ਨਹੀਂ ਹੈ।
-ਚੰਦ ਫਤਿਹਪੁਰੀ

591 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper