Latest News
ਸਮਾਜਵਾਦ ਦੇ ਪਾਂਧੀ ਰਘੂਵੰਸ਼ ਪ੍ਰਸਾਦ ਸਿੰਘ ਵਿਛੋੜਾ ਦੇ ਗਏ

Published on 13 Sep, 2020 10:30 AM.


ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਤੇ ਸਮਾਜਵਾਦੀ ਆਗੂ ਰਘੂਵੰਸ਼ ਪ੍ਰਸਾਦ ਸਿੰਘ (74) ਦਾ ਐਤਵਾਰ ਏਮਜ਼ ਵਿਚ ਦਿਹਾਂਤ ਹੋ ਗਿਆ। ਕੋਰੋਨਾ ਤੋਂ ਰਾਜ਼ੀ ਹੋਣ ਤੋਂ ਬਾਅਦ ਸਿਹਤ ਵਿਗੜਨ ਕਾਰਨ ਉਨ੍ਹਾ ਨੂੰ ਏਮਜ਼ ਵਿਚ ਦਾਖਲ ਹੋਣਾ ਪਿਆ ਸੀ ਤੇ ਸਿਹਤ ਜ਼ਿਆਦਾ ਵਿਗੜ ਜਾਣ ਕਾਰਨ ਉਨ੍ਹਾ ਨੂੰ ਵੈਂਟੀਲੇਟਰ 'ਤੇ ਰੱਖਣਾ ਪਿਆ। ਦੋ ਦਿਨ ਪਹਿਲਾਂ ਉਨ੍ਹਾ ਲਾਲੂ ਪ੍ਰਸਾਦ ਨੂੰ ਚਿੱਠੀ ਲਿਖ ਕੇ ਆਰ ਜੇ ਡੀ ਛੱਡਣ ਦੀ ਗੱਲ ਕਹੀ ਸੀ। ਇਸ ਦੇ ਜਵਾਬ ਵਿਚ ਲਾਲੂ ਨੇ ਵੀ ਚਿੱਠੀ ਲਿਖ ਕੇ ਕਿਹਾ ਸੀ ਕਿ ਉਹ ਕਿਤੇ ਨਹੀਂ ਜਾਣਗੇ ਅਤੇ ਚੰਗੀ ਤਰ੍ਹਾਂ ਇਲਾਜ ਕਰਵਾਓ, ਉਸ ਤੋਂ ਬਾਅਦ ਗੱਲ ਕਰਾਂਗੇ।
ਉਨ੍ਹਾ ਦੇ ਦਿਹਾਂਤ ਤੋਂ ਬਾਅਦ ਲਾਲੂ ਨੇ ਟਵੀਟ ਕੀਤਾ—ਪਿਆਰੇ ਰਘੂਵੰਸ਼! ਇਹ ਤੁਸੀਂ ਕੀ ਕੀਤਾ? ਮੈਂ ਪਰਸੋਂ ਹੀ ਤੁਹਾਨੂੰ ਕਿਹਾ ਸੀ ਕਿ ਤੁਸੀਂ ਕਿਤੇ ਨਹੀਂ ਜਾ ਰਹੇ ਹੋ, ਪਰ ਤੁਸੀਂ ਏਨੀ ਦੂਰ ਚਲੇ ਗਏ। ਬਹੁਤ ਯਾਦ ਆਓਗੇ।
ਰਾਹੁਲ ਗਾਂਧੀ ਨੇ ਕਿਹਾ ਕਿ ਸਮਾਜੀ ਨਿਆਂ ਲਈ ਰਘੂਵੰਸ਼ ਜੀ ਦਾ ਸੰਘਰਸ਼ ਹਮੇਸ਼ਾ ਯਾਦ ਰੱਖਿਆ ਜਾਵੇਗਾ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾ ਦੇ ਵਿਛੋੜੇ 'ਤੇ ਦੁੱਖ ਪ੍ਰਗਟ ਕੀਤਾ ਹੈ।
ਯੂ ਪੀ ਏ ਸਰਕਾਰ ਵਿਚ ਕੇਂਦਰੀ ਮੰਤਰੀ ਹੁੰਦਿਆਂ ਰਘੂਵੰਸ਼ ਨੇ ਮਨਰੇਗਾ ਲਾਗੂ ਕਰਾਉਣ ਵਿਚ ਅਹਿਮ ਰੋਲ ਅਦਾ ਕੀਤਾ, ਤਾਂ ਜੋ ਪਿੰਡਾਂ ਵਿਚ ਰਹਿਣ ਵਾਲਾ ਢਿੱਡ ਭਰ ਸਕੇ। ਉਨ੍ਹਾ ਨੂੰ ਮਨਰੇਗਾ ਦਾ ਸ਼ਿਲਪਕਾਰ ਮੰਨਿਆ ਜਾਂਦਾ ਸੀ। ਅੱਖੜ ਤੇ ਫੱਕਰ ਆਗੂ ਨੂੰ ਬਿਹਾਰ ਦੇ ਪਿੰਡਾਂ ਦੇ ਲੋਕ ਇਸ ਕਰਕੇ ਵੀ ਯਾਦ ਰਖਣਗੇ ਕਿ ਉਨ੍ਹਾ ਪੱਕੀਆਂ ਸੜਕਾਂ ਮੁਹੱਈਆ ਕਰਾਉਣ ਦੇ ਜਤਨ ਕੀਤੇ।
ਕਿਸੇ ਅੰਗਰੇਜ਼ੀ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀ ਨੇ ਜੇ ਭਾਰਤ ਤੇ ਉਸ ਦੀ ਆਤਮਾ ਪਿੰਡ ਨੂੰ ਸਮਝਣਾ ਹੈ ਤਾਂ ਉਸ ਨੂੰ ਰਘੂਵੰਸ਼ ਦੇ ਜੀਵਨ ਸੰਘਰਸ਼ ਨੂੰ ਪੜ੍ਹਨਾ ਪੈਣਾ ਕਿ ਸਮਾਜਵਾਦ ਨੂੰ ਕਿਵੇਂ ਜੀਵਿਆ ਜਾਂਦਾ। ਆਰੀਆ ਭੱਟ ਦੀ ਧਰਤੀ 'ਤੇ ਜਨਮੇ ਰਘੂਵੰਸ਼ ਹਿਸਾਬ ਦੇ ਨਾਮੀ ਪ੍ਰੋਫੈਸਰ ਸਨ। ਉਨ੍ਹਾ ਸੀਤਾਮੜ੍ਹੀ ਦੇ ਗੋਇਨਕਾ ਕਾਲਜ ਵਿਚ ਪੜ੍ਹਾਇਆ। ਉਨ੍ਹਾ ਜਾਪਾਨ ਵਿਚ ਫਰਾਟੇਦਾਰ ਅੰਗਰੇਜ਼ੀ ਵਿਚ ਹਿਸਾਬ ਦੇ ਫਾਰਮੂਲੇ 'ਤੇ ਲੈਕਚਰ ਦੇ ਕੇ ਦੁਨੀਆ ਨੂੰ ਚੌਂਕਾਇਆ, ਪਰ ਜਦੋਂ ਜੈ ਪ੍ਰਕਾਸ਼ ਨਾਰਾਇਣ ਤੇ ਕਰਪੂਰੀ ਠਾਕੁਰ ਵਰਗਿਆਂ ਨੇ ਸਮਾਜਵਾਦ ਦਾ ਨਾਅਰਾ ਦਿੱਤਾ ਤਾਂ ਚੰਗੀ-ਭਲੀ ਨੌਕਰੀ ਛੱਡ ਕੇ ਅੰਗਰੇਜ਼ੀ ਬੋਲਣ ਵਾਲਾ ਪ੍ਰੋਫੈਸਰ ਪੇਂਡੂ ਬਣ ਗਿਆ, ਤਾਂ ਜੋ ਪਿੰਡ ਦਾ ਗਰੀਬ ਉਨ੍ਹਾ ਨਾਲ ਜੁੜ ਸਕੇ ਤੇ ਆਪਣੀ ਗੱਲ ਬੇਝਿਜਕ ਕਹਿ ਸਕੇ। ਸਿਆਸਤ ਵਿਚ ਆ ਕੇ ਉਨ੍ਹਾ ਧੋਤੀ-ਕੁੜਤਾ ਤੇ ਪਰਨਾ ਆਪਣਾ ਲਿਬਾਸ ਬਣਾ ਲਿਆ। ਜਦੋਂ ਜੀ ਕਰਦਾ ਖੇਤ ਤੇ ਛੱਪੜ ਵਿਚ ਨੰਗੇ ਪੈਰ ਉੱਤਰ ਜਾਂਦੇ। ਲੋਕਾਂ ਨੂੰ ਲਗਦਾ ਹੀ ਨਹੀਂ ਸੀ ਕਿ ਉਨ੍ਹਾ ਵਿਚ ਕੋਈ ਕੇਂਦਰੀ ਮੰਤਰੀ ਆਇਆ ਹੈ। ਦੱਸਦੇ ਹਨ ਕਿ ਕਾਲਜ ਹੋਸਟਲ ਵਿਚ ਰਹਿੰਦਿਆਂ ਉਹ ਚੌਲਾਂ ਦਾ ਭੁਜੀਆ ਖਾ ਕੇ ਗੁਜ਼ਾਰਾ ਕਰਦੇ ਸਨ, ਕਿਉਂਕਿ ਤਨਖਾਹ ਵਿਚੋਂ ਘਰ ਦਾ ਖਰਚ ਕੱਢਣ ਤੋਂ ਬਾਅਦ ਏਨੇ ਪੈਸੇ ਨਹੀਂ ਬਚਦੇ ਸਨ ਕਿ ਦੋ ਵਕਤ ਦੀ ਰੋਟੀ ਜਾ ਜੁਗਾੜ ਹੋ ਸਕੇ। ਰਘੂਵੰਸ਼ 1977 ਵਿਚ ਸਿਆਸਤ ਵਿਚ ਕੁੱਦੇ ਤੇ ਉਹ ਬਿਹਾਰ ਦੇ ਵੈਸ਼ਾਲੀ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਸਨ।

226 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper