Latest News
ਸਹਿਮਤੀ ਨੂੰ ਕੁਚਲਣ ਲਈ ਕਰੜੇ ਕਾਨੂੰਨਾਂ ਦੀ ਅੰਨ੍ਹੀ ਵਰਤੋਂ : ਜਸਟਿਸ ਲੋਕੁਰ

Published on 14 Sep, 2020 10:29 AM.


ਨਵੀਂ ਦਿੱਲੀ : ਵਿਦਿਆਰਥੀਆਂ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ 'ਤੇ ਕਰੜੇ ਕੌਮੀ ਸੁਰੱਖਿਆ ਕਾਨੂੰਨ (ਐੱਨ ਐੱਸ ਏ) ਅਤੇ ਗੈਰਕਾਨੂੰਨੀ ਸਰਗਰਮੀਆਂ ਰੋਕੂ ਸੋਧ ਕਾਨੂੰਨ (ਯੂ ਏ ਪੀ ਏ) ਦੀਆਂ ਧਾਰਾਵਾਂ ਲਾਉਣ ਪਿਛਲੀ ਮਨਸ਼ਾ 'ਤੇ ਸਵਾਲ ਉਠਾਉਂਦਿਆਂ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਮਦਨ ਬੀ ਲੋਕੁਰ ਨੇ ਸੋਮਵਾਰ ਕਿਹਾ ਕਿ ਕੇਂਦਰ ਆਜ਼ਾਦ ਆਵਾਜ਼ ਨੂੰ ਕੁਚਲਣ ਲਈ ਲੋਹੜੇ ਦੀ ਸਖਤਾਈ ਕਰ ਰਿਹਾ ਹੈ।
ਐਡਵੋਕੇਟ ਪ੍ਰਸ਼ਾਂਤ ਭੂਸ਼ਣ ਨੂੰ ਹੱਤਕ ਅਦਾਲਤ ਦੇ ਕੇਸ ਵਿਚ ਇਕ ਰੁਪਈਆ ਜੁਰਮਾਨਾ ਲਾਉਣ ਦੇ ਸੰਦਰਭ ਵਿਚ 'ਬੋਲਣ ਤੇ ਨਿਆਂਪਾਲਿਕਾ ਦੀ ਆਜ਼ਾਦੀ' ਵਿਸ਼ੇ 'ਤੇ ਬਹਿਸ ਵਿਚ ਹਿੱਸਾ ਲੈਂਦਿਆਂ ਜਸਟਿਸ ਲੋਕੁਰ ਨੇ ਕਿਹਾ, 'ਸਟੇਟ ਆਜ਼ਾਦ ਆਵਾਜ਼ ਨੂੰ ਕੁਚਲਣ ਲਈ ਬਹੁਤ ਸਖਤਾਈ ਵਰਤ ਰਹੀ ਹੈ। ਦੇਸ਼ਧ੍ਰੋਹ ਦੇ ਕੇਸਾਂ ਵਿਚ ਚਾਣਚੱਕ ਵਾਧਾ ਹੋ ਗਿਆ ਹੈ। ਆਮ ਨਾਗਰਿਕ ਕੁਝ ਕਹਿੰਦਾ ਹੈ ਤਾਂ ਉਸ 'ਤੇ ਦੇਸ਼ਧ੍ਰੋਹ ਦਾ ਦੋਸ਼ ਲਾ ਦਿੱਤਾ ਜਾਂਦਾ ਹੈ। ਇਸ ਸਾਲ ਵਿਚ ਹੁਣ ਤੱਕ ਦੇਸ਼ਧ੍ਰੋਹ ਦੇ 70 ਕੇਸ ਦਰਜ ਕੀਤੇ ਜਾ ਚੁੱਕੇ ਹਨ।' ਅਲਾਹਾਬਾਦ ਹਾਈ ਕੋਰਟ ਵੱਲੋਂ ਐੱਨ ਐੱਸ ਏ ਤਹਿਤ ਲਾਏ ਗਏ ਦੋਸ਼ਾਂ ਨੂੰ ਖਾਰਜ ਕਰ ਦਿੱਤੇ ਜਾਣ ਤੋਂ ਬਾਅਦ ਹਾਲ ਹੀ ਵਿਚ ਰਿਹਾਅ ਹੋਏ ਡਾ. ਕਫੀਲ ਖਾਨ ਦੀ ਮਿਸਾਲ ਦਿੰਦਿਆਂ ਜਸਟਿਸ ਲੋਕੁਰ ਨੇ ਕਿਹਾ ਕਿ ਉਸ ਦੀ ਨਵੇਂ ਨਾਗਰਿਕਤਾ ਕਾਨੂੰਨ ਖਿਲਾਫ ਤਕਰੀਰ ਨੂੰ ਗਲਤ ਪੜ੍ਹਿਆ ਗਿਆ। ਅਦਾਲਤ ਨੇ ਕਿਹਾ ਕਿ ਤਕਰੀਰ ਤਾਂ ਕੌਮੀ ਅਖੰਡਤਾ ਨੂੰ ਪੱਕਿਆਂ ਕਰਨ ਵਾਲੀ ਸੀ। ਉਨ੍ਹਾ ਕਿਹਾ ਕਿ ਸਟੇਟ ਆਜ਼ਾਦ ਆਵਾਜ਼ ਨੂੰ ਕੁਚਲਣ ਦਾ ਇਕ ਹੋਰ ਢੰਗ ਵੀ ਵਰਤ ਰਹੀ ਹੈ। ਕੋਵਿਡ-19 ਦੇ ਕੇਸਾਂ ਬਾਰੇ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ 'ਤੇ ਇਹ ਦੋਸ਼ ਲਾ ਕੇ ਮੁਕੱਦਮੇ ਕੀਤੇ ਜਾ ਰਹੇ ਹਨ ਕਿ ਉਹ ਜਾਲ੍ਹੀ ਖਬਰਾਂ ਫੈਲਾ ਰਹੇ ਹਨ। ਉਨ੍ਹਾ ਕਿਹਾ ਕਿ ਬਿਆਨਾਂ ਨੂੰ ਗਲਤ ਪੜ੍ਹ ਕੇ ਵੀ ਸਤਾਇਆ ਜਾ ਰਿਹਾ ਹੈ। ਐਡਵੋਕੇਟ ਪ੍ਰਸ਼ਾਂਤ ਭੂਸ਼ਣ ਦੇ ਮਾਮਲੇ ਵਿਚ ਇੰਜ ਹੀ ਹੋਇਆ।
ਉਨ੍ਹਾ ਜਿਹੜੀਆਂ ਗੱਲਾਂ ਟਵੀਟ ਕੀਤੀਆਂ ਸਨ, ਉਸ ਪਿੱਛੇ ਮਨਸ਼ਾ ਨਿਆਂਪਾਲਿਕਾ ਨੂੰ ਛੁਟਿਆਉਣਾ ਨਹੀਂ ਸੀ, ਪਰ ਉਨ੍ਹਾ ਦੀਆਂ ਗੱਲਾਂ ਨੂੰ ਗਲਤ ਪੜ੍ਹਿਆ ਗਿਆ। ਇਸੇ ਤਰ੍ਹਾਂ ਵਿਦਿਆਰਥੀਆਂ ਤੇ ਮਨੁੱਖੀ ਅਧਿਕਾਰ ਕਾਰਕੁਨਾਂ ਦੀਆਂ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਗਲਤ ਪੜ੍ਹ ਕੇ ਉਨ੍ਹਾਂ ਨੂੰ ਯੂ ਏ ਪੀ ਏ ਤਹਿਤ ਜੇਲ੍ਹਾਂ ਵਿਚ ਠੂਸਿਆ ਜਾ ਰਿਹਾ ਹੈ। ਸਾਬਕਾ ਜੱਜ ਨੇ ਇਹਤਿਆਤੀ ਨਜ਼ਰਬੰਦੀ ਦੀ ਬੇਲਗਾਮ ਵਰਤੋਂ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਦੂਜੇ ਪਾਸੇ ਉਨ੍ਹਾਂ ਲੋਕਾਂ ਦਾ ਕੁਝ ਨਹੀਂ ਵਿਗੜਿਆ, ਜਿਨ੍ਹਾਂ ਨੇ ਹਿੰਸਾ ਤੇ ਭੰਨਤੋੜ ਲਈ ਭੜਕਾਇਆ। ਜਸਟਿਸ ਲੋਕੁਰ ਨੇ ਕਿਹਾ ਕਿ ਅਦਾਲਤਾਂ ਵਿਚ ਤਿੰਨ ਕਰੋੜ ਤੋਂ ਵੱਧ ਕੇਸ ਪੈਂਡਿੰਗ ਹਨ। ਨਿਆਂਪਾਲਿਕਾ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਅਤੇ ਨਿਆਂਪਾਲਿਕਾ ਵਿਚ ਪਾਰਦਰਸ਼ਤਾ ਵਧਾਉਣੀ ਚਾਹੀਦੀ ਹੈ।

187 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper