Latest News
ਕਿਸਾਨਾਂ ਨੇ ਦਿੱਲੀ ਦੇ ਤਖ਼ਤ ਨੂੰ ਵੰਗਾਰਿਆ

Published on 14 Sep, 2020 10:32 AM.


ਅੰਮ੍ਰਿਤਸਰ : ਦੇਸ਼ ਦੀ ਖੇਤੀ ਤੇ ਆਰਥਿਕਤਾ ਨੂੰ ਤਬਾਹ ਕਰਨ ਵਾਲੇ ਤਿੰਨ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਨੂੰ ਰੱਦ ਕਰਵਾਉਣ ਅਤੇ ਕੇਂਦਰ ਤੇ ਸੂਬਾ ਸਰਕਾਰ ਦੀਆਂ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਚੜ੍ਹੇ ਸਮੁੱਚੇ ਕਰਜ਼ੇ 'ਤੇ ਲੀਕ ਮਾਰਨ ਆਦਿ ਕਿਸਾਨ-ਮਜ਼ਦੂਰਾਂ ਦੀਆਂ ਅਤੇ ਜ਼ਰੂਰੀ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਦੇਸ਼ ਭਰ ਵਿੱਚ ਉੱਭਰੇ ਕਿਸਾਨ ਤੇ ਵਿਆਪਕ ਰੋਹ ਨੂੰ ਹੋਰ ਪ੍ਰਚੰਡ ਕਰਨ ਹਿੱਤ ਸੋਮਵਾਰ ਇੱਥੇ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ 'ਤੇ ਪਾਰਲੀਮੈਂਟ ਸੈਸ਼ਨ ਦੇ ਪਹਿਲੇ ਦਿਨ ਮਾਝਾ ਜ਼ੋਨ ਦੇ ਦਸ ਹਜ਼ਾਰ ਤੋਂ ਉੱਪਰ ਕਿਸਾਨਾਂ ਨੇ ਰੋਹ ਭਰੀ ਲਲਕਾਰ ਰੈਲੀ ਕੀਤੀ, ਜਿਸ ਵਿਚ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਦੇ ਸਰਗਰਮ ਕਿਸਾਨ ਆਪਣੀਆਂ ਆਪਣੀਆਂ ਜਥੇਬੰਦੀਆਂ ਦੇ ਝੰਡੇ ਤੇ ਮਾਟੋ ਹੱਥਾਂ ਵਿੱਚ ਲੈ ਕੇ ਇਨ੍ਹਾਂ ਆਰਡੀਨੈਂਸਾਂ ਵਿਰੁੱਧ ਗੱਜਦੇ ਨਾਅਰੇ ਮਾਰਦੇ ਕਾਫਲਿਆਂ ਦੇ ਰੂਪ ਵਿੱਚ ਸ਼ਾਮਲ ਹੋਏ। ਅੰਮ੍ਰਿਤਸਰ ਸ਼ਹਿਰ ਵਿੱਚ ਇੰਝ ਲੱਗ ਰਿਹਾ ਸੀ ਕਿ ਕਿਸਾਨਾਂ ਦਾ ਹੜ੍ਹ ਆ ਗਿਆ
ਇਸ ਵਿਸ਼ਾਲ ਮਹਾਂ ਰੈਲੀ ਦੀ ਪ੍ਰਧਾਨਗੀ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਰਤਨ ਸਿੰਘ ਰੰਧਾਵਾ, ਰਵਿੰਦਰ ਸਿੰਘ ਛੱਜਲਵੱਡੀ, ਬਲਬੀਰ ਸਿੰਘ ਕੱਤੋਵਾਲ, ਦਵਿੰਦਰ ਸਿੰਘ ਚਾਟੀਵਿੰਡ, ਹਰਜੀਤ ਸਿੰਘ ਝੀਤਾ ਤੇ ਸੁਖਦੇਵ ਸਿੰਘ ਭਾਗੋਕਾਵਾਂ ਨੇ ਸਾਂਝੇ ਤੌਰ 'ਤੇ ਕੀਤੀ। ਠਾਠਾਂ ਮਾਰਦੀ ਲਲਕਾਰ ਰੈਲੀ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਸੂਬਾਈ ਸੰਯੁਕਤ ਸਕੱਤਰ ਰਘਬੀਰ ਸਿੰਘ ਪਕੀਵਾਂ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਤਬੀਰ ਸਿੰਘ ਸੁਲਤਾਨੀ ਤੇ ਸੂਬਾਈ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਲਖਬੀਰ ਸਿੰਘ ਨਿਜ਼ਾਮਪੁਰੀਆ ਅਤੇ ਪ੍ਰਿਥੀਪਾਲ ਸਿੰਘ ਮਾੜੀਮੇਘਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਅਤੇ ਜਨਰਲ ਸਕੱਤਰ ਕਰਮਜੀਤ ਸਿੰਘ ਤਲਵੰਡੀ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਤੇ ਜਨਰਲ ਸਕੱਤਰ ਨਿਰਵੈਰ ਸਿੰਘ ਡਾਲੇਕੇ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਬਲਬੀਰ ਸਿੰਘ ਰੰਧਾਵਾ ਤੇ ਅਸ਼ਵਨੀ ਕੁਮਾਰ ਲੱਖਣ ਕਲਾਂ ਨੇ ਕਿਹਾ ਕਿ ਅਸਲ ਵਿੱਚ ਕੇਂਦਰ ਦੀ ਮੋਦੀ ਸਰਕਾਰ ਇਨ੍ਹਾਂ ਆਰਡੀਨੈਂਸ ਰਾਹੀਂ ਛੋਟੇ ਤੇ ਦਰਮਿਆਨੇ ਕਿਸਾਨ, ਜੋ ਕੁੱਲ ਕਿਸਾਨੀ ਦਾ 85 ਪ੍ਰਤੀਸ਼ਤ ਬਣਦੇ ਹਨ, ਨੂੰ ਜ਼ਮੀਨ ਤੋਂ ਉਜਾੜ ਕੇ ਬੇਰੁਜ਼ਗਾਰੀ ਦੀ ਦਲਦਲ ਵਿਚ ਧੱਕਣਾ ਚਾਹੁੰਦੀ ਹੈ, ਖੇਤੀ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰ ਰਹੀ ਹੈ ਅਤੇ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਕਿਸਾਨ ਆਗੂਆਂ ਕਿਹਾ ਕਿ ਬਿਜਲੀ ਸੋਧ ਬਿੱਲ 2020 ਰਾਹੀਂ ਕਿਸਾਨਾਂ ਨੂੰ ਟਿਊਬਵੈੱਲਾਂ ਲਈ ਮਿਲੀ ਮੁਫਤ ਬਿਜਲੀ ਤੇ ਗਰੀਬਾਂ ਨੂੰ 200 ਯੂਨਿਟ ਪ੍ਰਤੀ ਮਹੀਨਾ ਮਿਲਦੀ ਮੁਫ਼ਤ ਬਿਜਲੀ ਦੀ ਸਹੂਲਤ ਤੋਂ ਵਾਂਝਿਆ ਕਰਨਾ ਚਾਹੁੰਦੀ ਹੈ ਅਤੇ ਸੂਬਿਆਂ ਦੇ ਅਧਿਕਾਰਾਂ ਨੂੰ ਖੋਰਾ ਲਾ ਕੇ ਸਮੁੱਚੇ ਬਿਜਲੀ ਖਪਤਕਾਰ ਨੂੰ ਮਹਿੰਗੀ ਬਿਜਲੀ ਦੇ ਕੇ ਲੁੱਟ ਕਰਨਾ ਚਾਹੁੰਦੀ ਹੈ। ਕਿਸਾਨਾਂ ਦੀ ਆਰਥਿਕਤਾ ਪਹਿਲਾਂ ਹੀ ਸੰਕਟ ਵਿੱਚ ਹੈ, ਉੱਪਰੋਂ ਮਿਲਦੀਆਂ ਖੇਤੀ ਸਬਸਿਡੀਆਂ ਖੋਹ ਕੇ ਮਹਿੰਗੇ ਡੀਜ਼ਲ ਰਾਹੀਂ ਕਿਸਾਨਾਂ ਦੀ ਆਰਥਿਕਤਾ ਨੂੰ ਹੋਰ ਤਬਾਹ ਕਰ ਰਹੀ ਹੈ। ਸਮੂਹ ਆਗੂਆਂ ਨੇ ਗਰਜਵੀਂ ਆਵਾਜ਼ ਵਿੱਚ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਖੇਤੀ ਨੂੰ ਬਚਾਉਣ ਲਈ ਜੇਕਰ ਉਕਤ ਆਰਡੀਨੈਂਸ ਰੱਦ ਨਾ ਕੀਤੇ, ਡਾ. ਸਵਾਮੀਨਾਥਨ ਦੀਆਂ ਸਿਫਾਰਸ਼ਾਂ ਅਨੁਸਾਰ ਸੀ-2 ਫਾਰਮੂਲੇ 'ਤੇ ਆਧਾਰਤ ਸਮੂਹ ਖੇਤੀ ਜਿਣਸਾਂ ਸਮੇਤ ਦੁੱਧ, ਸਬਜ਼ੀ ਤੇ ਫਲਾਂ ਦੇ ਲਾਹੇਵੰਦ ਭਾਅ ਮੁੱਕਕਰ ਨਾ ਕੀਤੇ, ਬਿਜਲੀ ਸੋਧ ਬਿੱਲ ਵਾਪਸ ਨਾ ਲਿਆ, ਕਿਸਾਨਾਂ-ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਨਾ ਕੀਤੇ ਤੇ ਡੀਜ਼ਲ ਅੱਧੇ ਮੁੱਲ 'ਤੇ ਨਾ ਕੀਤਾ ਤਾਂ ਮੋਦੀ ਸਰਕਾਰ ਕਿਸਾਨ, ਖੇਤ ਮਜ਼ਦੂਰਾਂ ਦੀ ਰੋਹ ਭਰੀ ਆਰਪਾਰ ਦੀ ਲੜਾਈ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਕੱਠ ਨੇ ਇਸ ਮੌਕੇ ਜ਼ੋਰਦਾਰ ਮੰਗ ਕੀਤੀ ਕਿ ਕੋਰੋਨਾ ਦੀ ਆੜ ਹੇਠ ਕਿਸਾਨਾਂ ਤੇ ਹੋਰ ਲੋਕਾਂ ਦੇ ਇਕੱਠਾਂ 'ਤੇ ਪਾਬੰਦੀਆਂ ਨਾ ਲਾਈਆਂ ਜਾਣ, ਕਿਉਂਕਿ ਹਰ ਇੱਕ ਵਿਅਕਤੀ ਨੂੰ ਸੰਵਿਧਾਨਿਕ ਤੇ ਜਮਹੂਰੀ ਹੱਕ ਪ੍ਰਾਪਤ ਹੈ। ਇਸ ਸੰਬੰਧੀ ਕਿਸਾਨਾਂ-ਮਜ਼ਦੂਰਾਂ ਖ਼ਿਲਾਫ਼ ਬਣਾਏ ਪੁਲਸ ਕੇਸ ਵਾਪਸ ਲਏ ਜਾਣ। ਰੈਲੀ ਵਿੱਚ ਮਤੇ ਪਾਸ ਕਰਕੇ ਮੰਗ ਕੀਤੀ ਕਿ ਕਿਸਾਨਾਂ ਦੇ ਗੰਨੇ ਦੇ ਬਕਾਏ ਵਿਆਜ ਸਮੇਤ ਤੁਰੰਤ ਅਦਾ ਕੀਤੇ ਜਾਣ ਅਤੇ ਦੁੱਧ ਦਾ ਪ੍ਰਤੀ ਫੈਟ 2 ਰੁਪਏ ਦਾ ਵਾਧਾ ਕੀਤਾ ਜਾਵੇ ਤੇ ਦੁੱਧ ਦੀ ਖਰੀਦ ਦਾ ਪ੍ਰਬੰਧ ਕੀਤਾ ਜਾਵੇ।
ਹੋਰਨਾਂ ਤੋਂ ਇਲਾਵਾ ਵਿਸ਼ਾਲ ਇਕੱਠ ਨੂੰ ਪ੍ਰਗਟ ਸਿੰਘ ਜਾਮਾਰਾਏ, ਸਤਨਾਮ ਸਿੰਘ ਝੰਡੇਰ, ਬਲਕਾਰ ਸਿੰਘ ਦੁਧਾਲਾ, ਹਰਜੀਤ ਸਿੰਘ ਰਵੀ, ਬਲਵੰਤ ਸਿੰਘ ਘੋਹ, ਭੁਪਿੰਦਰ ਸਿੰਘ ਤਖਤ ਮੱਲ, ਅਵਤਾਰ ਸਿੰਘ ਜੱਸੜ, ਮੁਖਤਾਰ ਸਿੰਘ ਮੱਲਾ, ਸੁੱਚਾ ਸਿੰਘ ਲੱਧੂ, ਗੁਰਮੇਜ ਸਿੰਘ ਸੈਦੋਲੇਹਲ, ਬਲਵਿੰਦਰ ਸਿੰਘ ਰਵਾਲ, ਮੇਜਰ ਸਿੰਘ ਕੜਿਆਲ, ਸ਼ੀਤਲ ਸਿੰਘ ਤਲਵੰਡੀ, ਬਾਬਾ ਅਰਜਨ ਸਿੰਘ ਹੁਸ਼ਿਆਰਨਗਰ, ਭੁਪਿੰਦਰ ਸਿੰਘ ਤੀਰਥਪੁਰਾ, ਅਵਤਾਰ ਸਿੰਘ ਚਾਹਲ, ਪ੍ਰਕਾਸ਼ ਸਿੰਘ ਥੋਥੀਆਂ, ਜਸਵੰਤ ਸਿੰਘ ਸੂਰਵਿੰਡ, ਬਲਦੇਵ ਸਿੰਘ ਸੈਦਪੁਰ, ਦਵਿੰਦਰ ਸੋਹਲ, ਹਰਭਜਨ ਸਿੰਘ ਟਰਪਟੀ, ਹਰਪ੍ਰੀਤ ਸਿੰਘ ਬੁਟਾਰੀ ਤੇ ਦਲਜੀਤ ਸਿੰਘ ਦਿਆਲਪੁਰਾ ਆਦਿ ਨੇ ਵੀ ਵਿਚਾਰ ਰੱਖਦਿਆਂ ਆਪਣੀ ਮੰਗ ਦੁਹਰਾਈ ਕਿ ਕੋਰੋਨਾ ਮਹਾਂਮਾਰੀ ਦੇ ਸਮੇਂ ਸਮੂਹ ਗਰੀਬ ਕਿਸਾਨ ਤੇ ਖੇਤ ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਸਹਾਇਤਾ ਉਨ੍ਹਾਂ ਦੇ ਖਾਤਿਆਂ ਵਿੱਚ ਪਾਈ ਜਾਵੇ। ਇਸ ਸਮੇਂ ਬੀ ਕੇ ਯੂ (ਕ੍ਰਾਂਤੀਕਾਰੀ) ਜਥੇਬੰਦੀ ਦੇ ਸੀਨੀਅਰ ਆਗੂ ਸ਼ਬੇਗ ਸਿੰਘ ਠੱਠਾ ਤੇ ਨਰਿੰਦਰ ਸਿੰਘ ਕੋਟਲਾ ਬਾਮਾ ਨੇ ਵੀ ਰੈਲੀ ਵਿੱਚ ਆਪਣੇ ਵਿਚਾਰ ਰੱਖੇ।
ਪਟਿਆਲਾ : ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ, ਜਿਸ ਵਿੱਚ ਹਿੰਦੁਸਤਾਨ ਪੱਧਰ 'ਤੇ ਤਕਰੀਬਨ 250 ਕਿਸਾਨ ਜਥੇਬੰਦੀਆਂ ਸ਼ਾਮਲ ਹਨ, ਦੇ ਸੱਦੇ 'ਤੇ ਜਿੱਥੇ ਸੋਮਵਾਰ ਪਾਰਲੀਮੈਂਟ ਦੇ ਸਾਹਮਣੇ ਸੰਕੇਤਕ ਪ੍ਰਦਰਸ਼ਨ ਹੋਇਆ, ਹਿੰਦੁਸਤਾਨ ਪੱਧਰ 'ਤੇ ਹਜ਼ਾਰਾਂ ਥਾਵਾਂ 'ਤੇ ਰੋਸ ਪ੍ਰਦਰਸ਼ਨ ਹੋਏ, ਉੱਥੇ ਪੰਜਾਬ ਵਿੱਚ ਵੀ ਪੰਜ ਥਾਵਾਂ 'ਤੇ ਕਿਸਾਨਾਂ ਦੇ ਵਿਸ਼ਾਲ ਰੋਸ ਪ੍ਰਦਰਸ਼ਨ ਵਜੋਂ ਪਟਿਆਲਾ ਅਨਾਜ ਮੰਡੀ ਵਿੱਚ ਵੀ ਕਿਸਾਨਾਂ ਨੇ ਵੱਡੀ ਰੋਸ/ ਵੰਗਾਰ ਰੈਲੀ ਕੀਤੀ। ਇਸ ਦੀ ਅਗਵਾਈ ਡਾ. ਦਰਸ਼ਨ ਪਾਲ ਪ੍ਰਧਾਨ ਪੰਜਾਬ ਚੈਪਟਰ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ ਕੀਤੀ। ਇਹ ਰੈਲੀ ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀਂ ਬੜੀ ਕਾਹਲੀ ਨਾਲ ਪਾਸ ਕੀਤੇ ਤਿੰਨ ਖੇਤੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਵਾਉਣ ਲਈ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਨੇ ਕਿਹਾ ਕਿ ਇਹਨਾਂ ਆਰਡੀਨਂੈਸਾਂ ਨੇ ਜਿੱਥੇ ਸਮੁੱਚੇ ਦੇਸ਼ ਦੇ ਕਿਸਾਨਾਂ ਵਿੱਚ ਵੱਡੀ ਪੱਧਰ ਤੇ ਬੇਚੈਨੀ, ਰੋਸ ਅਤੇ ਅਸੁਰੱਖਿਆ ਪੈਦਾ ਕੀਤੀ ਹੈ, ਉੱਥੇ ਵਿਸ਼ੇਸ਼ ਤੌਰ 'ਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਿੱਚ ਇਹਨਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਵਿਰੁੱਧ ਗੁੱਸੇ ਦਾ ਭਾਂਬੜ ਬਲਣ ਲੱਗ ਪਿਆ ਹੈ, ਜਿਸ ਕਾਰਨ ਉਹ ਕੇਂਦਰ ਸਰਕਾਰ ਖਿਲਾਫ ਸੜਕਾਂ 'ਤੇ ਉੱਤਰ ਆਏ ਹਨ। ਆਗੂਆਂ ਦਾ ਕਹਿਣਾ ਹੈ ਕਿ ਇਹਨਾਂ ਤਿੰਨੇ ਆਰਡੀਨੈਂਸਾਂ ਨਾਲ ਪੰਜਾਬ ਦਾ ਮੰਡੀ ਪ੍ਰਬੰਧ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਜਾਵੇਗਾ। ਸਰਕਾਰੀ ਕੌਮੀ ਅਤੇ ਸੂਬਾਈ ਖਰੀਦ ਏਜੰਸੀਆਂ ਮੰਡੀ ਤੋਂ ਬਾਹਰ ਹੋ ਜਾਣਗੀਆਂ ਅਤੇ ਕਿਸਾਨਾਂ ਨੂੰ ਆਪਣੀ ਫਸਲ ਦੀ ਵਿਕਰੀ ਲਈ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਪ੍ਰਾਈਵੇਟ ਵਪਾਰੀਆਂ ਦੇ ਰਹਿਮੋ-ਕਰਮ 'ਤੇ ਛੱਡ ਦਿੱਤਾ ਜਾਵੇਗਾ। ਬਿਜਲੀ ਸੋਧ ਬਿੱਲ 2020 ਦੇ ਲਾਗੂ ਹੋਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਮਿਲਦੀ ਮੁਫ਼ਤ ਬਿਜਲੀ ਦੀ ਸਹੂਲਤ ਜੋ ਕਿਸਾਨਾਂ ਨੇ ਲੰਮੇ ਸੰਘਰਸ਼ ਦੇ ਜ਼ਰੀਏ ਪ੍ਰਾਪਤ ਕੀਤੀ ਹੋਈ ਹੈ, ਹੌਲੀ-ਹੌਲੀ ਖੁਸ ਜਾਵੇਗੀ ਅਤੇ ਕਿਸਾਨਾਂ ਨੂੰ ਆਪਣੀਆਂ ਬਿਜਲੀ ਮੋਟਰਾਂ ਦੇ ਮੋਟੇ ਬਿੱਲ ਭਰਨੇ ਪੈਣਗੇ। ਬੁਲਾਰਿਆਂ ਦਾ ਮਤ ਹੈ ਕਿ ਜਿੱਥੇ ਇਹ ਚਾਰੇ ਆਰਡੀਨੈਂਸ ਪੰਜਾਬ ਦੀ ਕਿਸਾਨੀ ਲਈ ਮਾਰੂ ਸਾਬਤ ਹੋਣਗੇ, ਉੱਥੇ ਇਹਨਾਂ ਦਾ ਅਸਰ ਸਮਾਜ ਦੇ ਬਾਕੀ ਵਰਗਾਂ ਮਜ਼ਦੂਰ, ਛੋਟੇ ਵਾਪਰੀ ਆਦਿ 'ਤੇ ਵੀ ਪਵੇਗਾ। ਇਹਨਾਂ ਦੇ ਲਾਗੂ ਹੋਣ ਨਾਲ ਪੰਜਾਬ ਰਾਜ ਦੇ ਅਧਿਕਾਰਾਂ 'ਤੇ ਵੀ ਕੈਂਚੀ ਫਿਰੇਗੀ ਅਤੇ ਦੇਸ਼ ਦਾ ਸੰਘੀ ਢਾਂਚਾ ਹੌਲੀ-ਹੌਲੀ ਕੇਂਦਰੀਕ੍ਰਿਤ ਰਾਜ ਵਿੱਚ ਤਬਦੀਲ ਹੋ ਜਾਵੇਗਾ। ਸਾਰੇ ਆਗੂਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਵੇਂ ਵਿਸ਼ਵ ਵਪਾਰ ਸੰਸਥਾ ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਦੇ ਦਬਾਅ ਅਧੀਨ ਨਿੱਜੀਕਰਨ ਦੀਆਂ ਨੀਤੀਆਂ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਲਾਗੂ ਕੀਤੀਆਂ ਜਾ ਰਹੀਆਂ ਹਨ, ਪਰ ਇਹ ਆਰਡੀਨੈਂਸ ਕੋਰੋਨਾ ਦੀ ਆੜ 'ਚ ਬੜੀ ਕਾਹਲੀ ਅਤੇ ਗੈਰ-ਜਮਹੂਰੀ ਢੰਗ ਨਾਲ ਲਿਆਂਦੇ ਗਏ ਹਨ। ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹ ਚਾਰੇ ਆਰਡੀਨੈਂਸ ਤੁਰੰਤ ਰੱਦ ਕੀਤੇ ਜਾਣ ਅਤੇ ਸਰਕਾਰੀ ਮੰਡੀ ਪ੍ਰਬੰਧ ਨੂੰ ਹੋਰ ਮਜਬੂਤ ਕੀਤਾ ਜਾਵੇ ਅਤੇ ਸਾਰੀਆਂ ਫਸਲਾਂ ਦੀ ਐੱਮ ਐੱਸ ਪੀ 'ਤੇ ਖਰੀਦ ਨਿਸਚਿਤ ਕੀਤੀ ਜਾਵੇ। ਸਾਰੇ ਬੁਲਾਰਿਆਂ ਦੇ ਕੇਂਦਰ ਦੀ ਮੋਦੀ ਸਰਕਾਰ ਵਿੱਚ ਭਾਈਵਾਲ ਅਕਾਲੀ ਦਲ ਬਾਦਲ ਦੀ ਕੇਂਦਰ ਪੱਖੀ ਸੋਚ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਇਹਨਾਂ ਦੇ ਮੈਂਬਰ ਪਾਰਲੀਮੈਂਟਾਂ ਨੂੰ ਇਹਨਾਂ ਆਰਡੀਨੈਂਸਾਂ ਦਾ ਪਾਰਲੀਮੈਂਟ ਵਿੱਚ ਵਿਰੋਧ ਕਰਨਾ ਚਾਹੀਦਾ ਹੈ।
ਇਸ ਰੈਲੀ ਨੂੰ ਡਾ. ਦਰਸ਼ਨ ਪਾਲ ਸੂਬਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਜੰਗ ਸਿੰਘ ਭਟੇੜੀ ਜ਼ਿਲਾ ਪ੍ਰਧਾਨ, ਨਿਰਮਲ ਸਿੰਘ ਲਚਕਾਣੀ, ਅਵਤਾਰ ਸਿੰਘ ਕੌਰਜੀਵਾਲਾ, ਪ੍ਰੋ. ਬਾਵਾ ਸਿੰਘ, ਹਰਭਜਨ ਸਿੰਘ ਧੂਹੜ ਸਾਰੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਗੂ, ਹਰੀ ਸਿੰਘ ਦੌਣ ਕਲਾਂ, ਪੂਰਨ ਸਿੰਘ ਨਨਹੇੜਾ, ਭੀਮ ਸਿੰਘ ਸਾਰੇ ਆਗੂ ਜਮਹੂਰੀ ਕਿਸਾਨ ਸਭਾ ਅਤੇ ਬਲਬੀਰ ਸਿੰਘ ਝਲੂਰ, ਸੁਖਦੇਵ ਸਿੰਘ ਲਹਿਲ ਕਲਾਂ ਆਗੂ ਪੰਜਾਬ ਕਿਸਾਨ ਯੂਨੀਅਨ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਆਰਡੀਨੈਸ ਰੱਦ ਨਾ ਕੀਤੇ ਤਾਂ ਪੰਜਾਬ ਸਮੇਤ ਸਮੁੱਚੇ ਹਿੰਦੁਸਤਾਨ ਵਿੱਚ ਕਿਸਾਨ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਅਗਵਾਈ ਵਿੱਚ ਵਿਸ਼ਾਲ ਅਤੇ ਤਿੱਖੇ ਸੰਘਰਸ਼ਾਂ ਦੇ ਰਸਤੇ ਪੈਣ ਲਈ ਮਜਬੂਰ ਹੋਣਗੇ।
ਮੋਗਾ (ਅਮਰਜੀਤ ਬੱਬਰੀ) : ਖੇਤੀ ਆਰਡੀਨੈਂਸ ਰੱਦ ਕਰਾਉਣ ਲਈ ਦੇਸ਼ ਪੱਧਰੀ ਸੱਦੇ ਤਹਿਤ ਪੰਜਾਬ ਦੀਆਂ ਦਸ ਕਿਸਾਨ ਜਥੇਬੰਦੀਆਂ ਵੱਲੋਂ ਮੋਗਾ ਵਿੱਚ ਇੱਕ ਵਿਸ਼ਾਲ ਵੰਗਾਰ ਰੈਲੀ ਕੀਤੀ ਗਈ, ਜਿਸ ਵਿੱਚ ਹਜ਼ਾਰਾਂ ਕਿਸਾਨਾਂ, ਨੌਜਵਾਨਾਂ, ਬੀਬੀਆਂ ਨੇ ਸ਼ਮੂਲੀਅਤ ਕੀਤੀ। ਵੰਗਾਰ ਰੈਲੀ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਲਾਲ ਸਿੰਘ ਗੋਲੇਵਾਲਾ, ਗੁਰਦੀਪ ਵੈਰੋਕੇ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਗੁਰਮੀਤ ਮਹਿਮਾ, ਅਵਤਾਰ ਮਹਿਮਾ, ਕੁੱਲ ਹਿੰਦ ਕਿਸਾਨ ਸਭਾ ਦੇ ਸੂਰਤ ਸਿੰਘ, ਭੁਪਿੰਦਰ ਸਾਂਬਰ, ਭਾਰਤੀ ਕਿਸਾਨ ਯੂਨੀਅਨ ਮਾਨ ਦੇ ਬਲਵੰਤ ਬ੍ਰਹਮਕੇ, ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਸੁਖਦੇਵ ਮੰਡ, ਪੰਜਾਬ ਕਿਸਾਨ ਯੂਨੀਅਨ ਦੇ ਗੁਰਤੇਜ ਸਿੰਘ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਬਲਦੇਵ ਜ਼ੀਰਾ ਨੇ ਨਿਭਾਈ।
ਕਿਸਾਨ ਆਗੂਆਂ ਨੇ ਕਿਹਾ ਕਿ ਇਹ ਤਿੰਨ ਆਰਡੀਨੈਂਸ ਤੀਹਰੇ ਕਤਲ ਦੀ ਸਾਜ਼ਿਸ਼ ਹੈ, ਜੋ ਕਿਸਾਨ, ਮਜ਼ਦੂਰ ਅਤੇ ਗਾਹਕ ਨੂੰ ਤਬਾਹ ਕਰ ਦੇਵੇਗੀ। ਆਰਡੀਨੈਂਸ ਜਿੱਥੇ ਅਨਾਜ ਦੀ ਸਰਕਾਰੀ ਖਰੀਦ ਨੂੰ ਸਮਾਪਤ ਕਰ ਰਹੇ ਨੇ, ਉੱਥੇ ਹੀ ਲੱਖਾਂ ਕਿਸਾਨਾਂ ਨੂੰ ਜ਼ਮੀਨਾਂ ਤੋਂ ਬਾਹਰ ਕਰਕੇ ਯੂਰਪ ਦੀ ਤਰਜ਼ 'ਤੇ ਹਜ਼ਾਰਾਂ ਏਕੜ ਦੇ ਵੱਡੇ ਫਾਰਮ ਸਥਾਪਤ ਕਰਕੇ ਵੱਡੀਆਂ ਕੰਪਨੀਆਂ ਨੂੰ ਖੇਤੀ ਖੇਤਰ 'ਤੇ ਕਬਜ਼ਾ ਕਰਾਉਣ ਵੱਲ ਵਧ ਰਹੇ ਨੇ। ਉਨ੍ਹਾਂ ਕਿਹਾ ਕਿ ਕੰਟਰੈਕਟ ਫਾਰਮਿੰਗ ਦੇ ਨਾਂਅ 'ਤੇ ਅਜਿਹਾ ਭੂ ਮਾਫੀਆ ਪੈਦਾ ਹੋਵੇਗਾ, ਜਿਸ ਨੂੰ ਦੇਸ਼ ਦੀ ਪਾਰਲੀਮੈਂਟ ਕਾਨੂੰਨੀ ਮਾਨਤਾ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਚਾਰ ਹਜ਼ਾਰ ਸ਼ੈਲਰ, ਆੜ੍ਹਤੀਆ, ਪੇਂਡੂ ਮਜ਼ਦੂਰ, ਕਿਸਾਨ ਗਾਹਕ ਤੇ ਛੋਟੇ ਦੁਕਾਨਦਾਰ ਬੁਰੀ ਤਰ੍ਹਾਂ ਤਬਾਹ ਹੋਣਗੇ। ਉਨ੍ਹਾਂ ਕਿਹਾ ਕਿ ਇਹ ਆਰਡੀਨੈਂਸ ਮਹਿਜ਼ ਕਿਸਾਨੀ ਨੂੰ ਤਬਾਹ ਨਹੀਂ ਕਰਨਗੇ, ਪੰਜਾਬ ਸਮੇਤ ਪੂਰੇ ਦੇਸ਼ ਨੂੰ ਬਰਬਾਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸਿਰਫ ਖੇਤੀ ਖੇਤਰ ਵਿੱਚ ਹੀ ਵਾਧਾ ਦਰ ਦਰਜ ਕੀਤੀ ਜਾ ਰਹੀ ਹੈ। ਦੇਸ਼ ਦੀ ਅੱਧੀ ਆਬਾਦੀ ਅਜੇ ਵੀ ਖੇਤੀ ਖੇਤਰ 'ਤੇ ਨਿਰਭਰ ਹੈ, ਪਰ ਸਰਕਾਰ ਇਸ ਖੇਤਰ ਨੂੰ ਵੀ ਹੁਣ ਕਾਰਪੋਰੇਟ ਦੇ ਹੱਥ ਦੇਣ ਜਾ ਰਹੀ ਹੈ, ਜਿਸ ਨਾਲ ਦੇਸ਼ ਵਿੱਚ ਬੇਰੁਜ਼ਗਾਰੀ ਅਤੇ ਭੁੱਖਮਰੀ ਦੇ ਰਿਕਾਰਡ ਟੁੱਟਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਹਾਕਮ ਜਮਾਤੀ ਸਿਆਸੀ ਪਾਰਟੀਆਂ ਕਿਸਾਨਾਂ ਲਈ ਮਹਿਜ਼ ਬਿਆਨਬਾਜ਼ੀ ਕਰ ਰਹੀਆਂ ਨੇ ਤੇ ਮਿਸ਼ਨ 2022 ਦੀ ਗੱਲ ਕਰ ਰਹੀਆਂ ਨੇ। ਮਿਸ਼ਨ ਕਿਸਾਨੀ ਬਚਾਓ ਸਿਰਫ ਕਿਸਾਨ ਜਥੇਬੰਦੀਆਂ ਹੀ ਲੈ ਕੇ ਚੱਲ ਰਹੀਆਂ ਨੇ। ਹੁਣ ਪੰਜਾਬ ਦੀ ਕਿਸਾਨੀ ਆਰ-ਪਾਰ ਦੀ ਲੜਾਈ ਲਈ ਤਿਆਰ ਹੈ। ਉਹਨਾਂ ਕਿਹਾ ਕਿ ਮੋਦੀ ਦੇਸ਼ ਨੂੰ ਫਾਸ਼ੀਵਾਦੀ ਤਾਨਾਸ਼ਾਹੀ ਵੱਲ ਵਧਾ ਰਹੀ ਹੈ। ਹਿੰਦੀ, ਹਿੰਦੂ, ਹਿੰਦੁਸਤਾਨ ਦੇ ਨਾਂਅ 'ਤੇ ਆਮ ਲੋਕਾਂ ਨੂੰ ਕੁਚਲਿਆ ਜਾ ਰਿਹਾ ਹੈ ਤੇ ਕਾਰਪੋਰੇਟ ਨੂੰ ਗੱਫੇ ਬਖਸ਼ੇ ਜਾ ਰਹੇ ਨੇ। ਮੋਦੀ ਹਕੂਮਤ ਦਾ ਹਸ਼ਰ ਵੀ ਦੂਸਰੇ ਤਾਨਾਸ਼ਾਹੀ ਵਰਗਾ ਹੋਵੇਗਾ। ਆਗੂਆਂ ਕਿਹਾ ਕਿ ਆਰਡੀਨੈਂਸ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਪੰਜਾਬ ਇਸਤਰੀ ਸਭਾ ਦੀ ਐਕਟਿੰਗ ਸੂਬਾ ਜਨਰਲ ਸਕੱਤਰ ਨਰਿੰਦਰ ਕੌਰ ਸੋਹਲ ਨੇ ਕਿਹਾ ਹੈ ਕਿ ਭਾਰਤੀ ਮਹਿਲਾ ਫੈਡਰੇਸ਼ਨ (ਐੱਨ ਐੱਫ ਆਈ ਡਬਲਿਊ) ਵੱਲੋਂ ਪਾਰਲੀਮੈਂਟ ਸੈਸ਼ਨ ਦੌਰਾਨ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦੇ ਦਿੱਤੇ ਸੱਦੇ ਦਾ ਮਹਿਲਾਵਾਂ ਨੇ ਭਰਵਾਂ ਹੁੰਗਾਰਾ ਭਰਿਆ। ਉਨ੍ਹਾ ਕਿਹਾ ਕਿ ਮਹਾਂਮਾਰੀ ਦੌਰਾਨ ਸਭ ਤੋਂ ਵੱਧ ਮਾਰ ਔਰਤਾਂ ਨੂੰ ਪਈ ਹੈ, ਜਿਨ੍ਹਾ ਲਈ ਚੁੱਲ੍ਹਾ-ਚੌਂਕਾ ਚਲਾਉਣਾ ਔਖਾ ਹੋ ਗਿਆ ਹੈ। ਪੰਜਾਬ ਇਸਤਰੀ ਸਭਾ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰਦੀ ਹੋਈ, ਕਿਸਾਨ ਜੱਥੇਬੰਦੀਆਂ ਦੀ ਪੂਰਨ ਹਮਾਇਤ ਕਰਦੀ ਹੈ। ਮੰਗ ਕਰਦੀ ਹੈ ਕਿ ਖੇਤੀਬਾੜੀ ਵਿਰੋਧੀ ਆਰਡੀਨੈਂਸ ਅਤੇ ਬਿਜਲੀ ਬਿੱਲ 20 ਵਾਪਸ ਲਏ ਜਾਣ। ਜੰਮੂ-ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਰੁਤਬਾ ਦਿੱਤਾ ਜਾਵੇ। ਅਧਾਰ ਕਾਰਡ ਨੂੰ ਰਾਸ਼ਨ ਕਾਰਡ ਅਤੇ ਪੈਨਸ਼ਨ ਤੋਂ ਵੱਖ ਕੀਤਾ ਜਾਵੇ। ਨਰੇਗਾ ਕਾਮਿਆਂ ਨੂੰ 200 ਦਿਨ ਕੰਮ ਅਤੇ 600 ਰੁਪਏ ਦਿਹਾੜੀ ਦਿੱਤੀ ਜਾਵੇ। ਔਰਤਾਂ ਦੀ ਸੁਰੱਖਿਆ ਦੀ ਗਾਰੰਟੀ ਦਿੱਤੀ ਜਾਵੇ। ਹਰ ਵਿਅਕਤੀ ਲਈ ਰੁਜ਼ਗਾਰ ਦਾ ਪ੍ਰਬੰਧ ਕਰਕੇ ਲੋਕਾਂ ਨੂੰ ਭੁੱਖਮਰੀ ਤੋਂ ਬਚਾਇਆ ਜਾਵੇ ਅਤੇ ਲਾਜ਼ਮੀ ਅਤੇ ਮੁਫ਼ਤ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇ। ਮਾਈਕਰੋ ਫਾਈਨਾਂਸ ਕੰਪਨੀਆਂ ਤੋਂ ਔਰਤਾਂ ਵੱਲੋਂ ਲਿਆ ਕਰਜ਼ਾ ਮੁਆਫ਼ ਕੀਤਾ ਜਾਵੇ। ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਵੰਗਾਰ ਰੈਲੀ ਮੋਗਾ ਵਿੱਚ ਜਸਵੀਰ ਕੌਰ ਚੰਦ ਨਵਾਂ ਬਲਾਕ ਪ੍ਰਧਾਨ ਮੋਗਾ ਦੋ, ਮਨਜੀਤ ਕੌਰ ਚੂਹੜਚੱਕ ਬਲਾਕ ਪ੍ਰਧਾਨ ਮੋਗਾ ਇੱਕ, ਹਰਜਿੰਦਰ ਕੌਰ ਧਰਮਕੋਟ ਦੀ ਅਗਵਾਈ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ।
ਬਰਨਾਲਾ (ਰਜਿੰਦਰ ਬਰਾੜ) : ਦਾਣਾ ਮੰਡੀ ਬਰਨਾਲਾ ਵਿਖੇ 'ਵਿਸ਼ਾਲ ਕਿਸਾਨ ਲਲਕਾਰ ਰੈਲੀ' ਕੀਤੀ ਗਈ। ਇਸ ਕਿਸਾਨ ਲਲਕਾਰ ਰੈਲੀ ਦੀ ਪ੍ਰਧਾਨਗੀ ਮਨਜੀਤ ਧਨੇਰ, ਬਲਕਰਨ ਬਰਾੜ, ਗੁਰਦੀਪ ਰਾਮਪੁਰਾ, ਗੁਰਨਾਮ ਭੀਖੀ, ਗੋਰਾ ਸਿੰਘ ਭੈਣੀਬਾਘਾ, ਭੁਪਿੰਦਰ ਲੌਂਗੋਵਾਲ ਆਦਿ ਆਗੂਆਂ ਨੇ ਕੀਤੀ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਸਰਵਸ੍ਰੀ ਬੂਟਾ ਸਿੰਘ ਬੁਰਜਗਿੱਲ, ਰੁਲਦੂ ਸਿੰਘ ਮਾਨਸਾ, ਪ੍ਰੋ. ਜੈਪਾਲ ਸਿੰਘ ਅਤੇ ਬਲਦੇਵ ਸਿੰਘ ਨਿਹਾਲਗੜ੍ਹ, ਅਮਰਜੀਤ ਕੌਰ, ਜਸਵੀਰ ਕੌਰ ਨੱਤ ਤੇ ਚਰਨਜੀਤ ਕੌਰ ਨੇ ਕਿਹਾ ਕਿ ਤਿੰਨੇ ਖੇਤੀ ਵਿਰੋਧੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ-2020 ਵਾਪਸ ਲਿਆ ਜਾਵੇ, ਨਹੀਂ ਤਾਂ 16 ਸਤੰਬਰ ਨੂੰ ਈਸੜੂ ਭਵਨ ਲੁਧਿਆਣਾ ਵਿਖੇ ਬੁਲਾਈ ਗਈ ਕੁਲ ਹਿੰਦ ਸੰਘਰਸ਼ ਤਾਲਮੇਲ ਕਮੇਟੀ ਵਿੱਚ ਸ਼ਾਮਿਲ 10 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਜਥੇਬੰਦਕ ਘੇਰਾ ਵਿਸ਼ਾਲ ਕਰਕੇ ਅਗਲੇ ਆਰ-ਪਾਰ ਦੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਬੁਲਾਰਿਆਂ ਨੇ ਬਾਦਲ ਅਕਾਲੀ ਦਲ ਦੇ ਯੂ-ਟਰਨ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਮਗਰਮੱਛ ਦੇ ਹੰਝੂ ਵਹਾਉਣੇ ਛੱਡੇ, ਜੇਕਰ ਸੱਚੀਓਂ ਆਰਡੀਨੈਂਸਾਂ ਦਾ ਵਿਰੋਧੀ ਹੈ ਤਾਂ ਕੇਂਦਰ ਸਰਕਾਰ ਤੋਂ ਹਮਾਇਤ ਵਾਪਸ ਲੈ ਕੇ ਕਿਸਾਨ ਹਿੱਤਾਂ ਨੂੰ ਬਚਾਉਣ ਲਈ ਅੱਗੇ ਆਵੇ। ਸਟੇਜ ਸਕੱਤਰ ਦੇ ਫਰਜ਼ ਜਗਮੋਹਣ ਸਿੰਘ ਨੇ ਬਾਖੂਬੀ ਨਿਭਾਉਂਦਿਆਂ ਮੋਦੀ ਫਿਰਕੂ ਵੱਲੋਂ ਭਗਵੇਂ ਫਾਸ਼ੀ ਏਜੰਡੇ ਦੀ ਸਖਤ ਨਿਖੇਧੀ ਕਰਦਿਆਂ ਬੁੱਧੀਜੀਵੀਆਂ, ਵਕੀਲਾਂ, ਸਮਾਜਕ ਕਾਰਕੁਨਾਂ, ਦਲਿਤ ਚਿੰਤਕਾਂ, ਘੱਟ ਗਿਣਤੀਆਂ ਅਤੇ ਨਾਗਰਿਕਤਾ ਸੋਧ ਕਾਨੂੰਨ ਖਿਲ਼ਾਫ ਸੰਘਰਸ਼ ਕਰਨ ਵਾਲੇ ਕਾਰਕੁਨਾਂ ਅਤੇ ਸਿਆਸੀ ਆਗੂਆਂ ਖਿਲ਼ਾਫ ਦੇਸ਼ ਧ੍ਰੋਹ ਦੇ ਦਰਜ ਕੀਤੇ ਮੁਕੱਦਮਿਆਂ ਦੀ ਸਖਤ ਨਿਖੇਧੀ ਕਰਦਿਆਂ ਇਨ੍ਹਾਂ ਨੂੰ ਵਾਪਸ ਲੈਣ ਅਤੇ ਜੇਲ੍ਹੀਂ ਡੱਕੇ ਕਾਰਕੁਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਜੋਰਦਾਰ ਮੰਗ ਕਰਨ ਦੇ ਮਤੇ ਪੇਸ਼ ਕੀਤੇ, ਜਿਸ ਨੂੰ ਜੋਸ਼ੀਲੇ ਨਾਹਰਿਆਂ ਨਾਲ ਪ੍ਰਵਾਨਗੀ ਦਿੱਤੀ ਗਈ। ਇਸ ਕਿਸਾਨ ਲਲਕਾਰ ਰੈਲੀ ਸਮੇਂ ਦਰਸ਼ਨ ਸਿੰਘ ਕੂਨਰ, ਸੁਖਦਰਸ਼ਨ ਸਿੰਘ ਨੱਤ, ਬਲਵੰਤ ਸਿੰਘ ਉੱਪਲੀ, ਰਾਮਫਲ ਸਿੰਘ ਚੱਕ ਅਲੀਸ਼ੇਰ, ਕੁਲਵੰਤ ਸਿੰਘ ਕਿਸ਼ਨਗੜ੍ਹ ਆਦਿ ਸੂਬਾਈ ਆਗੂ ਵੀ ਹਾਜ਼ਰ ਸਨ। ਲੰਗਰ ਦਾ ਪ੍ਰਬੰਧ ਬੀ ਕੇ ਯੂ ਏਕਤਾ ਡਕੌਂਦਾ ਦੀ ਜ਼ਿਲ੍ਹਾ ਬਰਨਾਲਾ ਦੀ ਆਗੂ ਟੀਮ ਨੇ ਦਰਸ਼ਨ ਸਿੰਘ ਉੱਗੋਕੇ ਅਤੇ ਗੁਰਦੇਵ ਸਿੰਘ ਮਾਂਗੇਵਾਲ ਦੀ ਅਗਵਾਈ ਹੇਠ ਕੀਤਾ।

191 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper