Latest News
ਐੱਸ ਜੀ ਪੀ ਸੀ ਦੀ ਟਾਸਕ ਫੋਰਸ ਨੇ ਧਰਨਾਕਾਰੀਆਂ ਦੇ ਨਾਲ-ਨਾਲ ਪੱਤਰਕਾਰ ਵੀ ਕੁੱਟੇ

Published on 15 Sep, 2020 10:44 AM.


ਅੰਮ੍ਰਿਤਸਰ. (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਦੇ ਬਾਹਰ ਗੁੰਮ ਹੋਏ ਸਰੂਪਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨਾਲ ਸੰਬੰਧਤ ਜਥੇਬੰਦੀਆਂ ਦੇ ਮੈਂਬਰਾਂ 'ਤੇ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਨੇ ਹਮਲਾ ਕਰ ਦਿੱਤਾ, ਜਦੋਂ ਉਹ ਸ਼ਾਂਤਮਈ ਢੰਗ ਨਾਲ ਸਤਿਨਾਮ-ਵਾਹਿਗੁਰੂ ਦਾ ਜਾਪ ਕਰ ਰਹੇ ਸਨ ਅਤੇ ਝੜਪ ਵਿੱਚ ਚਾਰ ਨਿਹੰਗ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਲੰਧਰ ਦੇ ਵੈਬ ਚੈਨਲ ਦੇ ਪੱਤਰਕਾਰ ਨੂੰ ਧੱਕੇ ਮਾਰੇ ਗਏ ਤੇ ਇੱਕ ਨਿਊਜ਼ ਚੈਨਲ ਦੇ ਕੈਮਰਾਮੈਨ ਦੀ ਕੁੱਟਮਾਰ ਵੀ ਕੀਤੀ ਗਈ। ਬਾਅਦ ਵਿੱਚ ਭਾਵੇਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਮੁਆਫੀ ਮੰਗ ਲਈ, ਪਰ ਸੰਗਤਾਂ ਵਿੱਚ ਰੋਸ ਇਸ ਕਦਰ ਫੈਲ ਗਿਆ ਕਿ ਕੁੱਟਮਾਰ ਦੀਆਂ ਵੀਡੀਓ ਸੋਸ਼ਲ ਮੀਡੀਏ 'ਤੇ ਅੱਗ ਦੀ ਤਰ੍ਹਾਂ ਫੈਲ ਗਈਆਂ ਤੇ ਸੰਗਤਾਂ ਵੱਡੀ ਗਿਣਤੀ ਵਿੱਚ ਪੁੱਜਣੀਆਂ ਸ਼ੁਰੂ ਹੋ ਗਈਆਂ।
ਪਹਿਲਾਂ ਹੀ ਦਿੱਤੀ ਕਾਲ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਾਲਿਆਂ ਨੇ ਸੋਮਵਾਰ ਸ਼੍ਰੋਮਣੀ ਕਮੇਟੀ ਦੇ ਖਿਲਾਫ ਪੱਕਾ ਮੋਰਚਾ ਲਗਾ ਦਿੱਤਾ ਕਿ ਜਿੰਨਾ ਚਿਰ ਤੱਕ 328 ਸਰੂਪ ਗੁੰਮ ਕਰਨ ਵਾਲਿਆਂ ਦੇ ਖਿਲਾਫ ਮੁਕੱਦਮਾ ਦਰਜ ਨਹੀਂ ਕਰਵਾਇਆ ਜਾਂਦਾ, ਓਨਾ ਚਿਰ ਤੱਕ ਸੰਘਰਸ਼ ਜਾਰੀ ਰਹੇਗਾ। ਸਤਿਕਾਰ ਕਮੇਟੀ ਦੀ 11 ਮੈਂਬਰੀ ਕਮੇਟੀ ਨਾਲ ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਆਹੁਦੇਦਾਰਾਂ ਨੇ ਗੱਲਬਾਤ ਕੀਤੀ, ਪਰ ਜਦਂੋ ਗੱਲ ਕਿਸੇ ਵੀ ਤਣ ਪਤਨ ਨਾ ਲੱਗੀ ਤਾਂ ਸਤਿਕਾਰ ਕਮੇਟੀਆਂ ਦੇ ਨੁਮਾਇੰਦਿਆਂ ਭਾਈ ਸੁਖਜੀਤ ਸਿੰਘ ਖੋਸਾ, ਭਾਈ ਬਲਬੀਰ ਸਿੰਘ ਮੁੱਛਲ, ਭਾਈ ਤਰਲੋਚਨ ਸਿੰਘ ਸੋਹਲ, ਭਾਈ ਲਖਬੀਰ ਸਿੰਘ, ਭਾਈ ਮਨਜੀਤ ਸਿੰਘ ਤੇ ਹੋਰ ਸਾਥੀਆਂ ਨੇ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ ਤੇ ਸ਼੍ਰੋਮਣੀ ਕਮੇਟੀ ਦੇ ਦਫਤਰ ਦੇ ਬਾਹਰ ਬੈਠ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ। ਸ਼੍ਰੋਮਣੀ ਕਮੇਟੀ ਉਸ ਵੇਲੇ ਤਾਂ ਚੁੱਪ ਰਹੀ ਪਰ ਰਾਤ ਨੂੰ ਉਹਨਾਂ ਨੇ ਧਰਨਾਕਾਰੀਆਂ ਦੇ ਦੁਆਲੇ ਟੀਨਾਂ ਲਗਾ ਦਿੱਤੀਆਂ ਤਾਂ ਕਿ ਨਾ ਕੋਈ ਬਾਹਰ ਜਾ ਸਕੇ ਤੇ ਨਾ ਹੀ ਕੋਈ ਬਾਹਰੋਂ ਅੰਦਰ ਆ ਸਕੇ। ਮੰਗਲਵਾਰ ਸਵੇਰੇ ਜਦੋਂ ਸਤਿਕਾਰ ਕਮੇਟੀ ਨਾਲ ਸੰਬੰਧਤ ਸੰਗਤ ਉਹਨਾਂ ਕੋਲ ਆਈ ਤਾਂ ਉਹਨਾਂ ਨੇ ਅੱਗੇ ਟੀਨਾਂ ਲੱਗੀਆਂ ਵੇਖੀਆਂ ਤੇ ਉਹਨÎਾਂ ਨੇ ਉਸ ਵੇਲੇ ਭਾਈ ਸੁਖਜੀਤ ਸਿੰਘ ਖੋਸਾ ਨਾਲ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਕਿਹਾ ਕਿ ਕਿਸੇ ਨਾਲ ਝਗੜਾ ਕਰਨ ਦੀ ਕੋਈ ਲੋੜ ਨਹੀਂ, ਜਿਥੇ ਹੋ, ਉਥੇ ਹੀ ਬੈਠ ਕੇ ਗੁਰਬਾਣੀ ਦਾ ਜਾਪ ਸ਼ੁਰੂ ਕਰ ਦਿਓ। ਜਦੋਂ ਉਹਨਾਂ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਅੱਗੇ ਬੈਠ ਕੇ ਜਾਪ ਸ਼ੁਰੂ ਕਰ ਦਿੱਤਾ ਤਾਂ ਸ਼੍ਰੋਮਣੀ ਕਮੇਟੀ ਦੇ ਵੱਡੀ ਗਿਣਤੀ ਵਿੱਚ ਲੱਠਮਾਰਾਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਚਾਰ ਵਿਅਕਤੀ ਫੱਟੜ ਹੋਏ ਤੇ ਇੱਕ ਨਿਹੰਗ ਸਿੰਘ ਦਾ ਸਿਰ ਪਾੜ ਦਿੱਤਾ ਗਿਆ ਤੇ ਉਸ ਦੇ ਸ਼ਸ਼ਤਰ ਵੀ ਖੋਹ ਲਏ ਗਏ ਤੇ ਚੋਲਾ ਵੀ ਪਾੜ ਦਿੱਤਾ ਗਿਆ। ਫਰਲੇ ਵਾਲੇ ਨਿਹੰਗਾਂ ਦੀ ਸਥਿਤੀ ਬਾਰੇ ਸ਼ਾਇਦ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਕਿ ਇਹ ਗੁਰੂ ਦੀ ਲਾਡਲੀ ਫੌਜ ਹੈ। ਡਾਂਗਾਂ-ਸੋਟਿਆਂ ਨਾਲ ਲੈਸ ਟਾਸਕ ਫੋਰਸ ਨੇ ਬਾਕੀ ਵਿਅਕਤੀਆਂ ਦੀ ਵੀ ਕੁੱਟਮਾਰ ਕੀਤੀ ਤੇ ਕੁਝ ਨਿਹੰਗਾਂ ਨੂੰ ਬੰਦੀ ਬਣਾ ਲਿਆ ਗਿਆ।
ਇਸ ਸੰਬੰਧੀ ਬੀਬੀ ਮਨਿੰਦਰ ਕੌਰ ਨੰਗਲੀ ਨੇ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੀ ਮੈਂਬਰ ਹੈ ਅਤੇ ਸ਼੍ਰੋਮਣੀ ਕਮੇਟੀ, ਨਾਲੇ ਚੋਰ ਨਾਲੇ ਚਤੁਰ ਵਾਲੀ ਭੂਮਿਕਾ ਨਿਭਾਅ ਰਹੀ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਗੁਰੂ ਸਾਹਿਬ ਦੇ ਸਰੂਪਾਂ ਬਾਰੇ ਸੰਗਤਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਤੇ ਦੂਸਰੇ ਪਾਸੇ ਸਰੂਪਾਂ ਦੀ ਭਾਲ ਦੀ ਗੱਲ ਕਰਨ ਵਾਲਿਆਂ ਨੂੰ ਡਾਂਗਾਂ ਨਾਲ ਛੱਲੀਆਂ ਵਾਂਗ ਕੁੱਟਿਆ ਜਾ ਰਿਹਾ ਹੈ, ਜਦ ਕਿ ਸਰੂਪਾਂ ਬਾਰੇ ਜਾਣਕਾਰੀ ਹਰ ਸਿੱਖ ਲੋਚਦਾ ਹੈ। ਉਹਨਾਂ ਕਿਹਾ ਕਿ ਜਿੰਨਾ ਚਿਰ ਤੱਕ ਇਹ ਸਰੂਪਾਂ ਦੀ ਜਾਣਕਾਰੀ ਨਹੀਂ ਮਿਲ ਜਾਂਦੀ ਤੇ ਗੁੰਮ ਕਰਨ ਵਾਲਿਆਂ ਖਿਲਾਫ ਪਰਚਾ ਦਰਜ ਨਹੀਂ ਹੋ ਜਾਂਦਾ, ਉਹ ਕਿਸੇ ਵੀ ਸੂਰਤ ਵਿੱਚ ਧਰਨਾ ਨਹੀਂ ਚੁੱਕਣਗੇ।
ਇਸੇ ਤਰ੍ਹਾਂ ਇਕਵਾਕ ਸਿੰਘ ਪੱਟੀ ਨੇ ਕਿਹਾ ਕਿ ਘਟਨਾ ਇੰਨੀ ਮੰਦਭਾਗੀ ਹੈ ਕਿ ਇਸ ਦੀ ਨਿੰਦਾ ਕਰਦਿਆਂ ਵੀ ਸ਼ਰਮ ਆÀੁਂਦੀ ਹੈ, ਪਰ ਸ਼੍ਰੋਮਣੀ ਕਮੇਟੀ ਦੇ ਅਨਪੜ੍ਹ ਲਾਣੇ ਦੇ ਸ਼ਰਮ ਲਾਗਿਓਂ ਦੀ ਵੀ ਨਹੀਂ ਲੰਘੀ।
ਇੱਕ ਹੋਰ ਸਤਿਕਾਰ ਕਮੇਟੀ ਦੇ ਆਗੂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਹ ਮਹੰਤ ਨਰੈਣੂ ਨਾਲਂੋ ਵੀ ਲੰਘ ਗਏ ਹਨ ਤੇ ਇਹਨਾਂ ਨੇ ਸ਼ਾਂਤਮਈ ਰੋਸ ਮੁਜ਼ਾਹਰਾ ਕਰ ਰਹੇ ਸਿੰਘਾਂ 'ਤੇ ਹਮਲਾ ਕਰਕੇ ਕਿਹੜਾ ਕੱਦੂ ਵਿੱਚ ਤੀਰ ਮਾਰ ਲਿਆ ਹੈ ਪਰ ਉਹ ਓਨਾ ਚਿਰ ਧਰਨਾ ਲਗਾਈ ਰੱਖਣਗੇ, ਜਿੰਨਾ ਚਿਰ ਤੱਕ ਸਰੂਪਾਂ ਬਾਰੇ ਜਾਣਕਾਰੀ ਨਹੀਂ ਮਿਲ ਜਾਂਦੀ ਤੇ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਹੋ ਜਾਂਦੀ। ਉਹਨਾਂ ਕਿਹਾ ਕਿ ਨਾਬਾਲਗ ਬੱਚਿਆਂ ਦੇ ਨਲਾਂ ਵਿੱਚ ਲੱਤਾਂ ਮਾਰੀਆਂ ਗਈਆਂ ਤੇ ਇੱਕ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਵਿੱਚ ਜਨਰਲ ਡਾਇਰ ਦੀ ਰੂਹ ਆ ਚੁੱਕੀ ਹੈ। ਉਹਨਾਂ ਕਿਹਾ ਕਿ ਮੀਡੀਆ ਕਰਮੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਤੇ ਉਹਨਾਂ ਦੇ ਵੀ ਕੈਮਰੇ ਤੋੜੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਪ੍ਰਤਾਪ ਸਿੰਘ ਨੇ ਮੁਆਫੀ ਮੰਗੀ ਹੈ ਪਰ ਸੰਗਤਾਂ ਮੁਆਫੀ ਦੇਣ ਲਈ ਤਿਆਰ ਨਹੀਂ ਹਨ। ਹਰਪ੍ਰੀਤ ਸਿੰਘ ਮੱਖੂ ਨੇ ਤਾਂ ਇਥੋਂ ਤੱਕ ਕਿਹਾ ਕਿ ਜੇਕਰ ਸੰਗਤ ਵਿੱਚੋਂ ਚਾਰ ਨੌਜਵਾਨ ਤੁਹਾਡੀ ਮਾਰਕੁੱਟ ਕਰਕੇ ਮੁਆਫੀ ਮੰਗ ਲੈਣ ਤਾਂ ਕੀ ਉਹ ਮੁਆਫੀ ਦੇਣਗੇ? ਹਾਲੇ ਗੱਲਬਾਤ ਚੱਲ ਹੀ ਰਹੀ ਸੀ ਕਿ ਇਸ ਲੱਠਮਾਰ ਮਾਹਿਰ ਦੀ ਸਿਹਤ ਖਰਾਬ ਹੋ ਗਈ ਤੇ ਉਸ ਨੂੰ ਦੋ ਸੇਵਾਦਾਰ ਫੜ ਕੇ ਅੰਦਰ ਲੈ ਕੇ ਗਏ। ਧਰਨੇ 'ਤੇ ਬੈਠੇ ਪ੍ਰੋ. ਬਲਜਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਈ ਧਾਰਮਿਕ ਸੰਸਥਾ ਨਹੀਂ, ਸਗੋਂ ਗੁੰਡਿਆਂ ਦਾ ਜਮਘਟਾ ਬਣ ਚੁੱਕੀ ਹੈ ਤੇ ਅਨਪੜ੍ਹ ਲਾਣੇ ਨੂੰ ਇਹ ਵੀ ਨਹੀਂ ਪਤਾ ਕਿ ਧਾਰਮਿਕ ਸੰਸਥਾ ਵਿੱਚ ਕਿਵੇਂ ਵਿਚਰਿਆ ਜਾਂਦਾ ਹੈ। ਉਹਨਾਂ ਕਿਹਾ ਕਿ ਉਹ ਇਸ ਘਟਨਾ ਦੀ ਨਿੰਦਾ ਕਰਦੇ ਹਨ ਤੇ ਮੰਗ ਕਰਦੇ ਹਨ ਕਿ ਦੋਸ਼ੀਆਂ ਖਿਲਾਫ ਤੁਰੰਤ ਪੁਲਸ ਕਾਰਵਾਈ ਕੀਤੀ ਜਾਵੇ। ਸਥਾਨਕ ਪੁਲਸ ਨੇ ਵੀ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਈ। ਜਦੋਂ ਦੋਵੇਂ ਧਿਰਾਂ ਉਲਝੀਆਂ ਪਈਆਂ ਸਨ ਤਾਂ ਉਸ ਵੇਲੇ ਪੁਲਸ ਮੂਕ ਦਰਸ਼ਕ ਬਣ ਕੇ ਵੇਖਦੀ ਰਹੀ। ਇਸ ਸੰਬੰਧੀ ਜਦੋਂ ਥਾਣਾ ਗਲਿਆਰਾ ਦੇ ਐੱਸ ਐੱਚ ਓ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਨਹੀਂ ਸੁਣਿਆ ਤੇ ਹੋਲਡ 'ਤੇ ਲਗਾ ਦਿੱਤਾ। ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਪੱਤਰਕਾਰ 'ਤੇ ਹਮਲਾ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਦੋਸ਼ੀਆਂ ਖਿਲਾਫ ਤੁਰੰਤ ਪੁਲਸ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

89 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper