Latest News
6 ਹਥਿਆਰਾਂ ਸਣੇ 2 ਗ੍ਰਿਫਤਾਰ

Published on 15 Sep, 2020 10:45 AM.


ਚੰਡੀਗੜ੍ਹ : ਪੰਜਾਬ ਪੁਲਸ ਨੇ ਖਾਲਿਸਤਾਨ-ਪੱਖੀ ਅੱਤਵਾਦੀ ਮੌਡਿਊਲ ਦਾ ਪਰਦਾਫਾਸ਼ ਕਰਦਿਆਂ ਪੰਜ ਅਪਰਾਧੀਆਂ ਦੀ ਮਿਲੀਭੁਗਤ ਨਾਲ ਕੰਮ ਕਰ ਰਹੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦਾ ਮੌਜੂਦਾ ਸਮੇਂ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ ਜ਼ੈਡ ਐਫ) ਓਪਰੇਟਿਵ ਨਾਲ ਸੰਬੰਧ ਸੀ।ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਹਰਜੀਤ ਸਿੰਘ ਉਰਫ਼ ਰਾਜੂ ਅਤੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ, ਦੋਵੇਂ ਵਸਨੀਕ ਪਿੰਡ ਮੀਆਂਪੁਰ (ਜ਼ਿਲ੍ਹਾ ਤਰਨ ਤਾਰਨ) ਨੂੰ ਏ ਐਸ ਆਈ ਗੁਰਦਰਸ਼ਨ ਸਿੰਘ, ਹੌਲਦਾਰ ਜ਼ੋਰਾ ਸਿੰਘ ਅਤੇ ਹੋਮ ਗਾਰਡ ਪ੍ਰੀਤਪਾਲ ਸਿੰਘ ਨੇ ਰਾਜਪੁਰਾ-ਸਰਹਿੰਦ ਰੋਡ ਦੇ ਹੋਟਲ ਜਸ਼ਨ ਨੇੜੇ ਚੈਕ ਪੋਸਟ 'ਤੇ ਕਾਬੂ ਕੀਤਾ।ਇਨ੍ਹਾਂ ਕੋਲੋਂ ਇਕ 9 ਐਮ ਐਮ ਪਿਸਤੌਲ, ਚਾਰ .32 ਪਿਸਤੌਲ ਅਤੇ ਇਕ .32 ਰਿਵਾਲਵਰ, 8 ਜ਼ਿੰਦਾ ਕਾਰਤੂਸ, ਕਈ ਮੋਬਾਈਲ ਫੋਨ ਅਤੇ ਇਕ ਇੰਟਰਨੈਟ ਡੌਂਗਲ ਬਰਾਮਦ ਕੀਤੇ ਗਏ ਹਨ।ਮੁੱਢਲੀ ਜਾਂਚ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ 4 ਹਥਿਆਰ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਤੋਂ ਮਿਲੇ ਅਤੇ 2 ਸਫੀਦੋਂ (ਜ਼ਿਲ੍ਹਾ ਜੀਂਦ, ਹਰਿਆਣਾ) ਤੋਂ ਮਿਲੇ। ਗੁਪਤਾ ਨੇ ਦੱਸਿਆ ਕਿ ਇਹ ਦੋਵੇਂ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿਚ ਲੋਂੜੀਦੇ ਸਨ ਅਤੇ ਦੋਵਾਂ ਵਿਰੁੱਧ ਥਾਣਾ ਸਰਾਏ ਅਮਾਨਤ ਖਾਂ, ਜ਼ਿਲ੍ਹਾ ਤਰਨ ਤਾਰਨ ਵਿਚ ਆਰਮਜ਼ ਐਕਟ ਤਹਿਤ ਮੁਕੱਦਮਾ ਵੀ ਦਰਜ ਹੈ।
ਮੁੱਢਲੀ ਜਾਂਚ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਦੋਵੇਂ ਪੰਜ ਅਪਰਾਧੀਆਂ ਸ਼ੁਭਦੀਪ ਸਿੰਘ ਉਰਫ਼ ਸ਼ੁਭ ਨਿਵਾਸੀ ਚੀਚਾ (ਜ਼ਿਲ੍ਹਾ ਅੰਮ੍ਰਿਤਸਰ) ਜੋ ਹੁਣ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ, ਅੰਮ੍ਰਿਤਪਾਲ ਸਿੰਘ ਬਾਠ ਨਿਵਾਸੀ ਮੀਆਂਪੁਰ, ਜੋ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ, ਰਣਦੀਪ ਸਿੰਘ ਉਰਫ਼ ਰੋਮੀ ਨਿਵਾਸੀ ਛੇਹਰਟਾ, ਗੋਲਡੀ ਅਤੇ ਆਸ਼ੂ (ਜ਼ਿਲ੍ਹਾ ਕਰਨਾਲ) ਦੇ ਸੰਪਰਕ ਵਿਚ ਸਨ।
ਡੀਜੀਪੀ ਨੇ ਕਿਹਾ ਕਿ ਸ਼ੁਭਦੀਪ ਕੇ ਜ਼ੈਡ ਐਫ ਦਾ ਇੱਕ ਸਰਗਰਮ ਅੱਤਵਾਦੀ ਸੀ, ਜਿਸ ਨੂੰ ਸਤੰਬਰ 2019 ਵਿੱਚ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਮਹਾਵਾ ਤੋਂ ਚੀਨੀ ਡਰੋਨ ਦੀ ਬਰਾਮਦਗੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਸਾਲ ਅਪ੍ਰੈਲ ਵਿੱਚ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ ਆਈ ਏ) ਨੇ ਉਸ ਨਾਲ ਅਕਾਸ਼ਦੀਪ ਸਿੰਘ, ਬਲਵੰਤ ਸਿੰਘ, ਹਰਭਜਨ ਸਿੰਘ, ਬਲਬੀਰ ਸਿੰਘ, ਮਾਨ ਸਿੰਘ, ਗੁਰਦੇਵ ਸਿੰਘ, ਸਾਜਨਪ੍ਰੀਤ ਸਿੰਘ ਅਤੇ ਰੋਮਨਦੀਪ ਸਿੰਘ ਸਮੇਤ 8 ਹੋਰਨਾਂ ਖ਼ਿਲਾਫ਼ ਮੁਹਾਲੀ ਦੀ ਐਨ ਆਈ ਏ ਕੋਰਟ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ। ਇਹ ਕੇਸ ਇਸ ਜਾਣਕਾਰੀ ਨਾਲ ਜੁੜਿਆ ਹੋਇਆ ਹੈ ਕਿ ਪਾਕਿਸਤਾਨ ਸਥਿਤ ਕੇ ਜ਼ੈਡ ਐੱਫ ਦੇ ਮੁਖੀ ਰਣਜੀਤ ਸਿੰਘ ਉਰਫ਼ ਨੀਟਾ ਨੇ ਜਰਮਨ ਅਧਾਰਤ ਕੇ ਜ਼ੈਡ ਐੱਫ ਸੰਚਾਲਕ ਗੁਰਮੀਤ ਸਿੰਘ ਉਰਫ਼ ਬੱਗਾ ਦੀ ਮਿਲੀਭੁਗਤ ਨਾਲ ਹਥਿਆਰ, ਗੋਲਾ ਬਾਰੂਦ, ਵਿਸਫੋਟਕ ਅਤੇ ਨਕਲੀ ਇੰਡੀਅਨ ਕਰੰਸੀ ਨੋਟ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਭਾਰਤ ਵਿੱਚ ਸਮੱਗਲਿੰਗ ਕੀਤੀ ਸੀ।

86 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper