Latest News
ਸੈਣੀ ਗ੍ਰਿਫਤਾਰੀ ਟਲਵਾਉਣ 'ਚ ਸਫਲ

Published on 15 Sep, 2020 10:46 AM.


ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੰਗਲਵਾਰ 1991 ਦੇ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿਚ ਪੰਜਾਬ ਪੁਲਸ ਦੇ ਸਾਬਕਾ ਡਾਇਰੈਕਟਰ ਜਨਰਲ ਸੁਮੇਧ ਸਿੰਘ ਸੈਣੀ ਨੂੰ ਗ੍ਰਿਫਤਾਰੀ ਤੋਂ ਅੰਤਰਮ ਸੁਰੱਖਿਆ ਦੇ ਦਿੱਤੀ। ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ, ਜਿਸ ਵਿਚ ਜਸਟਿਸ ਸੁਭਾਸ਼ ਰੈੱਡੀ ਤੇ ਜਸਟਿਸ ਐਮ ਆਰ ਸ਼ਾਹ ਵੀ ਸ਼ਾਮਲ ਸਨ, ਨੇ ਅਗਲੇ ਹੁਕਮਾਂ ਤਕ ਉਸਨੂੰ ਗ੍ਰਿਫਤਾਰ ਨਾ ਕਰਨ ਦੀ ਹਦਾਇਤ ਦਿੰਦਿਆਂ ਕਿਹਾ, ''ਇਹ ਕੇਸ 1991 ਦਾ ਹੈ। ਤੀਹ ਸਾਲਾਂ ਬਾਅਦ ਉਸਨੂੰ ਗ੍ਰਿਫਤਾਰ ਕਰਨ ਦੀ ਕਾਹਲ ਪੈ ਗਈ। ਅਸੀਂ ਤੁਹਾਨੂੰ ਜਵਾਬ ਦਾਖਲ ਕਰਨ ਲਈ ਵਕਤ ਦੇਵਾਂਗੇ।'' ਤਾਂ ਵੀ, ਸੁਪਰੀਮ ਕੋਰਟ ਨੇ ਸੈਣੀ ਨੂੰ ਜਾਂਚ ਵਿਚ ਪੰਜਾਬ ਪੁਲਸ ਨਾਲ ਮਿਲਵਰਤਨ ਕਰਨ ਲਈ ਕਿਹਾ ਹੈ।
ਸੈਣੀ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਉਸਨੂੰ ਪੇਸ਼ਗੀ ਜ਼ਮਾਨਤ ਨਾ ਦੇਣ ਨੂੰ ਚੈਲੰਜ ਕੀਤਾ ਸੀ। ਸੁਪਰੀਮ ਕੋਰਟ ਨੇ ਪੇਸ਼ਗੀ ਜ਼ਮਾਨਤ ਮੰਗਦੀ ਸੈਣੀ ਦੀ ਅਰਜ਼ੀ ਦਾ ਤਿੰਨ ਹਫਤਿਆਂ ਵਿਚ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ। ਉਸਨੇ ਉਸ ਜਵਾਬ ਦਾ ਜਵਾਬ ਦੇਣ ਲਈ ਸੈਣੀ ਨੂੰ ਇਕ ਹਫਤਾ ਦਿੱਤਾ ਹੈ। ਹੁਣ ਅਗਲੀ ਸੁਣਵਾਈ ਚਾਰ ਹਫਤਿਆਂ ਬਾਅਦ ਹੀ ਹੋਵੇਗੀ।
ਸੈਣੀ 'ਤੇ ਦਸੰਬਰ 1991 ਵਿਚ ਦਹਿਸ਼ਤਗਰਦਾਂ ਨੇ ਹਮਲਾ ਕੀਤਾ ਸੀ, ਜਿਸ ਵਿਚ ਤਿੰਨ ਪੁਲਸ ਵਾਲੇ ਮਾਰੇ ਗਏ ਸਨ ਤੇ ਸੈਣੀ ਖੁਦ ਜ਼ਖਮੀ ਹੋ ਗਿਆ ਸੀ। ਇਸਤੋਂ ਬਾਅਦ ਪੁਲਸ ਨੇ ਕਥਿਤ ਤੌਰ 'ਤੇ ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਕਾਰਪੋਰੇਸ਼ਨ (ਸਿਟਕੋ) ਦੇ ਜੂਨੀਅਰ ਇੰਜੀਨੀਅਰ ਮੁਲਤਾਨੀ ਨੂੰ ਚੁੱਕਿਆ ਸੀ। ਬਾਅਦ ਵਿਚ ਮੁਲਤਾਨੀ ਦਾ ਕੋਈ ਪਤਾ ਨਹੀਂ ਲੱਗਾ। ਸੈਣੀ ਲਈ ਸੰਕਟ ਉਦੋਂ ਸ਼ੁਰੂ ਹੋਇਆ ਜਦੋਂ ਮੋਹਾਲੀ ਪੁਲਸ ਨੇ ਮਈ ਵਿਚ ਇਸ ਸੰਬੰਧ ਵਿਚ ਸੈਣੀ ਤੇ ਛੇ ਹੋਰ ਪੁਲਸਮੈਨਾਂ ਖਿਲਾਫ ਐਫ ਆਈ ਆਰ ਦਰਜ ਕੀਤੀ। ਦੋ ਪੁਲਸ ਵਾਲਿਆਂ ਦੇ ਖੁਲਾਸੇ ਤੋਂ ਬਾਅਦ ਅਗਸਤ ਵਿਚ ਇਸ ਕੇਸ ਵਿਚ ਕਤਲ ਦੀ ਧਾਰਾ ਵੀ ਜੋੜ ਦਿੱਤੀ ਗਈ।
ਸੈਣੀ ਦੀ ਤਰਫੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਨੇ ਕਿਹਾ ਕਿ ਇਕ ਸਨਮਾਨਤ ਪੁਲਸ ਅਫਸਰ ਦੇ ਪਿੱਛੇ ਪੈਣ ਦਾ ਇਹ ਇਕ ਗੰਭੀਰ ਮਾਮਲਾ ਹੈ। ਸੈਣੀ ਨੇ ਆਪਣੀ ਅਰਜ਼ੀ ਵਿਚ ਕਿਹਾ, ''ਮੈਂ ਉਦੋਂ ਐਸ ਐਸ ਪੀ ਸੀ, ਜਦੋਂ ਦਹਿਸ਼ਤਗਰਦਾਂ ਨੇ ਮੇਰੇ 'ਤੇ ਹਮਲਾ ਕੀਤਾ। ਮੁਲਤਾਨੀ ਐਲਾਨੀਆ ਭਗੌੜਾ ਸੀ।''
ਰੋਹਤਗੀ ਨੇ ਕਿਹਾ ਕਿ ਸੂਬਾ ਸਰਕਾਰ ਸੈਣੀ ਦੇ ਇਸ ਕਰਕੇ ਪਿੱਛੇ ਪਈ ਹੋਈ ਹੈ ਕਿਉਂਕਿ ਉਸਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਦੋ ਚਾਰਜਸ਼ੀਟਾਂ ਦਾਖਲ ਕੀਤੀਆਂ ਸਨ। 1991 ਤੋਂ ਵਾਪਰੀਆਂ ਘਟਨਾਵਾਂ ਦਾ ਸਿਲਸਿਲੇਵਾਰ ਜ਼ਿਕਰ ਕਰਦਿਆਂ ਰੋਹਤਗੀ ਨੇ ਕਿਹਾ ਕਿ ਸੈਣੀ ਖਿਲਾਫ ਮੰਦਭਾਵਨਾ ਨਾਲ ਐਫ ਆਈ ਆਰ ਦਰਜ ਕੀਤੀ ਗਈ। ਪੰਜਾਬ ਵੱਲੋਂ ਪੇਸ਼ ਸੀਨੀਅਰ ਐਡਵੋਕੇਟ ਸਿਧਾਰਥ ਲੂਥਰਾ ਨੇ ਕਿਹਾ ਕਿ ਹਾਈਕੋਰਟ ਨੇ ਇਹ ਨੋਟ ਕੀਤਾ ਹੈ ਕਿ ਸੈਣੀ ਦੂਜਿਆਂ ਨੂੰ ਧਮਕਾਉਂਦਾ ਰਿਹਾ ਹੈ। ਹਾਈਕੋਰਟ ਨੇ ਇਹ ਵੀ ਨੋਟ ਕੀਤਾ ਕਿ ਸੈਣੀ ਵਲੋਂ ਕੀਤੇ ਅਣਮਨੁੱਖੀ ਸਲੂਕ ਕਾਰਨ ਇਕ ਵਿਅਕਤੀ ਜ਼ਖਮਾਂ ਦੀ ਤਾਬ ਨਾ ਝਲਦਿਆਂ ਮਰ ਗਿਆ ਸੀ। ਰਿਟਾਇਰਮੈਂਟ ਤੋਂ ਬਾਅਦ ਵੀ ਉਹ ਏਨਾ ਦਲੇਰ ਹੈ ਕਿ ਉਸਨੇ ਕੁਝ ਫਾਈਲਾਂ ਆਪਣੇ ਕੋਲ ਰੱਖੀਆਂ ਹੋਈਆਂ ਹਨ। ਇਸਦੀ ਆਗਿਆ ਕਿਵੇਂ ਦਿੱਤੀ ਜਾ ਸਕਦੀ ਹੈ? ਲੂਥਰਾ ਨੇ ਕਿਹਾ ਕਿ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਵਾਅਦਾਮੁਆਫ ਗਵਾਹਾਂ ਤੇ ਚਸ਼ਮਦੀਦਾਂ ਨੇ ਥਾਣੇ ਵਿਚ ਪਹਿਲੀ ਵਾਰ ਦੱਸਿਆ ਕਿ ਮੁਲਤਾਨੀ ਦੇ ਜੇਲ੍ਹ ਵਿਚੋਂ ਭੱਜਣ ਦੀ ਜਿਹੜੀ ਤਸਵੀਰ ਜਾਰੀ ਕੀਤੀ ਗਈ ਸੀ, ਉਹ ਮੁਲਤਾਨੀ ਦੀ ਨਹੀਂ ਸੀ।

229 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper