Latest News
ਕਿਸਾਨਾਂ, ਮਜ਼ਦੂਰਾਂ ਤੇ ਵਪਾਰੀਆਂ ਵੱਲੋਂ ਬੱਝਵੀਂ ਤਾਕਤ ਦਾ ਮੁਜ਼ਾਹਰਾ

Published on 15 Sep, 2020 10:52 AM.


ਸ੍ਰੀ ਹਰਗੋਬਿੰਦਪੁਰ. (ਕੌਸ਼ਲ ਪੁਰੀ)-ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ-ਮਜ਼ਦੂਰਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਸੋਮਵਾਰ ਤੋਂ ਲੱਗੇ ਧਰਨੇ ਵਿੱਚ ਪਿੰਡਾਂ ਵਿੱਚੋਂ ਆਪ-ਮੁਹਾਰੇ ਲੋਕ ਲੰਗਰ-ਪ੍ਰਸ਼ਾਦਾ ਲੈ ਕੇ ਬਿਆਸ ਪੁਲ 'ਤੇ ਲੱਗੇ ਧਰਨੇ ਵਿੱਚ ਪੁੱਜ ਰਹੇ ਹਨ। ਦੂਸਰੇ ਦਿਨ ਧਰਨੇ ਦੀ ਅਗਵਾਈ ਹਰਵਿੰਦਰ ਸਿੰਘ ਖੁਜਾਲਾ, ਬਖਸ਼ੀਸ਼ ਸਿੰਘ ਸੁਲਤਾਨੀ, ਸੋਹਣ ਸਿੰਘ ਗਿੱਲ, ਨਿਸ਼ਾਨ ਸਿੰਘ ਨਡਾਲਾ, ਪਰਮਜੀਤ ਸਿੰਘ ਭੁਲੱਥ ਨੇ ਕੀਤੀ ਅਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੀ ਜੰਮ ਕੇ ਨਿਖੇਧੀ ਕੀਤੀ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਗੁਰਪ੍ਰੀਤ ਸਿੰਘ ਖ਼ਾਨਪੁਰ, ਰਣਬੀਰ ਸਿੰਘ ਡੁੱਗਰੀ, ਗੁਰਪ੍ਰਤਾਪ ਸਿੰਘ, ਕੁਲਦੀਪ ਸਿੰਘ ਬੇਗੋਵਾਲ, ਕਸ਼ਮੀਰ ਸਿੰਘ, ਰਣਜੀਤ ਸਿੰਘ ਕਲੇਰ ਬਾਲਾ, ਕੁਲਵੀਰ ਸਿੰਘ ਕਾਹਲੋਂ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਆਰਡੀਨੈਂਸਾਂ ਵਾਲੇ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕਰ ਦਿੱਤੇ ਹਨ, ਪਰ ਵਿਰੋਧੀ ਧਿਰਾਂ ਨੇ ਇਸ ਦਾ ਬਹੁਤਾ ਵਿਰੋਧ ਨਹੀਂ ਕੀਤਾ। ਇਸ ਦਾ ਮਤਲਬ ਇਹ ਹੈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸਿਰਫ਼ ਆਪਣੇ ਤਨਖਾਹਾਂ, ਭੱਤਿਆਂ ਅਤੇ ਪੈਨਸ਼ਨਾਂ ਤੱਕ ਹੀ ਸੀਮਤ ਹਨ। ਪੰਜਾਬ ਦੇ ਲੋਕ ਦਿਨ-ਰਾਤ ਇਨ੍ਹਾਂ ਬਿੱਲਾਂ ਦੇ ਖਿਲਾਫ ਸੜਕਾਂ 'ਤੇ ਡੇਰੇ ਲਾ ਕੇ ਬੈਠੇ ਹੋਏ ਹਨ ਅਤੇ ਪੰਜਾਬ ਦੀ ਸਰਕਾਰ ਵੱਲੋਂ ਆਪਣਾ ਹੀ ਵਕੀਲ ਹਾਈ ਕੋਰਟ ਵਿੱਚ ਖੜ੍ਹਾ ਕਰਕੇ ਲੋਕਾਂ ਨੂੰ ਹਾਈ ਕੋਰਟ ਦੇ ਆਰਡਰ ਕਰਵਾ ਕੇ ਸੜਕਾਂ ਤੋਂ ਉਠਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ।ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਲਈ ਅੰਦਰਖਾਤੇ ਇੱਕ ਹੈ, ਪੰਜਾਬ ਦਾ ਅਕਾਲੀ ਦਲ ਲੋਕਾਂ ਦੇ ਦਬਾਅ ਥੱਲੇ ਆਰਡੀਨੈਂਸਾਂ ਦੇ ਵਾਰ-ਵਾਰ ਯੂ ਟਰਨ ਲੈ ਰਿਹਾ ਹੈ, ਕਿਉਂਕਿ ਅਕਾਲੀ ਦਲ ਦੇ ਹੱਥੋਂ ਸਿਆਸੀ ਜ਼ਮੀਨ ਖਿਸਕ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇ ਸੁਖਬੀਰ ਸਿੰਘ ਬਾਦਲ ਨੂੰ ਥੋੜ੍ਹਾ-ਬਹੁਤਾ ਵੀ ਲੋਕਾਂ ਨਾਲ ਮੋਹ ਹੈ ਤਾਂ ਉਹ ਆਪਣੀ ਪਤਨੀ ਨੂੰ ਕੇਂਦਰੀ ਵਜ਼ਾਰਤ 'ਚੋਂ ਵਾਪਸ ਬੁਲਾ ਲੈਣ ।ਕਿਸਾਨ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਕਿਸਾਨ ਵਿਰੋਧੀ ਆਰਡੀਨੈਂਸ ਤੇ ਬਿਜਲੀ ਸੋਧ ਐਕਟ 2020 ਮੁੱਢੋਂ ਰੱਦ ਹੋਣਾ ਚਾਹੀਦਾ ਹੈ ਅਤੇ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਘਟਾ ਕੇ ਨਿੱਤ ਦਿਨ ਵਧਦੀ ਮਹਿੰਗਾਈ ਨੂੰ ਨੱਥ ਪਾਈ ਜਾਵੇ। ਕਾਰਪੋਰੇਟ ਘਰਾਣਿਆਂ ਨੂੰ ਵੇਚੇ ਜਨਤਕ ਅਦਾਰੇ ਮੁੜ ਬਹਾਲ ਕੀਤੇ ਜਾਣ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਕੇ ਗਰੀਬਾਂ ਨੂੰ ਹਰ ਮਹੀਨੇ ਮੁਫਤ ਇਲਾਜ ਦਿੱਤਾ ਜਾਵੇ। ਗੰਨੇ ਦਾ ਬਕਾਇਆ 681 ਕਰੋੜ ਰੁਪਏ ਵਿਆਜ ਸਮੇਤ ਜਾਰੀ ਕੀਤਾ ਜਾਵੇ ।ਆਬਾਦਕਾਰ ਮਾਲਕਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ। ਗਰੀਬਾਂ ਨੂੰ ਬਿਜਲੀ ਬਿੱਲ ਬਕਾਏ ਖਤਮ ਕਰਕੇ ਇੱਕ ਰੁਪਏ ਯੂਨਿਟ ਬਿਜਲੀ ਦਿੱਤੀ ਜਾਵੇ। ਮਜ਼ਦੂਰਾਂ ਨੂੰ ਪੰਚਾਇਤੀ ਜ਼ਮੀਨ ਵਿੱਚੋਂ ਦਸ-ਦਸ ਮਰਲੇ ਦੇ ਪਲਾਟ ਜਾਰੀ ਕੀਤੇ ਜਾਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ ਨੱਤ, ਅਜੈਬ ਸਿੰਘ, ਗੁਰਵਿੰਦਰ ਖਜਾਲਾ, ਨਿਸ਼ਾਨ ਸਿੰਘ, ਕੁਲਦੀਪ ਸਿੰਘ, ਸੁਖਦੇਵ ਸਿੰਘ ਅੱਲੜਪਿੰਡੀ, ਅਨੋਖ ਸਿੰਘ, ਜਸਬੀਰ ਸਿੰਘ, ਬਿਕਰਮਜੀਤ ਸਿੰਘ ਚੰਦਰਭਾਨ, ਜਗਮੋਹਨ ਦੀਪ ਸਿੰਘ, ਚਮਨ ਸਿੰਘ, ਸੁਦੇਸ਼ ਕੌਰ, ਰਾਣੀ ਸੁਖਵਿੰਦਰ ਕੌਰ, ਕਾਲੂ ਟਾਹਲੀ ਆਦਿ ਆਗੂ ਹਾਜ਼ਰ ਸਨ।
ਮਾਨਸਾ. 'ਰਮਦਿੱਤੇ ਵਾਲਾ' ਚੌਂਕ ਮਾਨਸਾ ਵਿਖੇ ਦਿੱਤੇ ਧਰਨੇ 'ਚ ਹਜ਼ਾਰਾਂ ਕਿਸਾਨ ਆਪਣਾ ਗੁੱਸਾ ਲੈ ਕੇ ਪਹੁੰਚੇ। ਇਸ ਰੋਡ ਜਾਮ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਜਥੇਬੰਦੀਆਂ ਦੇ ਸੀਨੀਅਰ ਆਗੂਆਂ ਬੋਘ ਸਿੰਘ ਮਾਨਸਾ, ਪ੍ਰਸ਼ੋਤਮ ਸਿੰਘ ਗਿੱਲ, ਨਿਰਮਲ ਸਿੰਘ ਝੰਡੂਕੇ, ਸੁਖਦੇਵ ਸਿੰਘ ਕੋਟਲੀ ਨੇ ਸੰਸਦ ਮੈਂਬਰਾਂ ਅਤੇ ਉਨ੍ਹਾਂ ਦੀਆਂ ਪਾਰਟੀਆਂ ਨੂੰ ਚੇਤਾਵਨੀ ਦਿੱਤੀ ਕਿ ਜੇ ਆਰਡੀਨਂੈਸ ਰੱਦ ਨਾ ਕਰਾਇਆ ਤਾਂ ਇਨ੍ਹਾਂ ਪਾਰਟੀਆਂ ਨੂੰ ਪਿੰਡਾਂ 'ਚ ਵੜਨ ਨਹੀਂ ਦਿੱਤਾ ਜਾਵੇਗਾ। ਜ਼ਿਲ੍ਹਾ ਮਾਨਸਾ ਦੀ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬੱਬੀ ਦਾਨੇਵਾਲੀਆ, ਰਾਜ ਕੁਮਾਰ ਐੱਮ.ਸੀ. ਸਰਦੂਲਗੜ੍ਹ, ਪ੍ਰੇਮ ਦੋਦੜਾ ਬੁਢਲਾਡਾ, ਤੇਜਿੰਦਰ ਭੀਖੀ, ਜਗਦੀਸ਼ ਬੋਹਾ ਨੇ ਵੀ ਸੰਬੋਧਨ ਕੀਤਾ ਤੇ ਕਿਹਾ ਕਿ ਜਦੋਂ ਤੱਕ ਆਰਡੀਨੈਂਸ ਖਤਮ ਨਹੀਂ ਹੁੰਦੇ, ਕਿਸਾਨੀ ਜਥੇਬੰਦੀਆਂ, ਆੜ੍ਹਤੀਆ ਜਥੇਬੰਦੀਆਂ ਰਲ ਕੇ ਵੱਡਾ ਸੰਘਰਸ਼ ਤੇਜ਼ ਕਰਨਗੀਆਂ। ਜਿਸ ਦਿਨ ਪਾਰਲੀਮੈਂਟ 'ਚ ਬਿੱਲ 'ਤੇ ਵਿਚਾਰ ਹੋਵੇਗੀ। ਕਿਸਾਨ ਕਾਲੇ ਚੋਲੇ ਪਾ ਕੇ ਦਿੱਲੀ ਪਾਰਲੀਮੈਂਟ ਦਾ ਘਿਰਾਓ ਕਰਨਗੇ।
ਹੋਰਨਾਂ ਤੋਂ ਇਲਾਵਾ ਲਾਭ ਸਿੰਘ ਬਰਨਾਲਾ, ਉਗਰ ਸਿੰਘ ਮਾਨਸਾ, ਦਰਸ਼ਨ ਸਿੰਘ ਜਟਾਣਾ, ਜਗਪਾਲ ਸਿੰਘ ਪੇਰੋਂ, ਰਾਜਿੰਦਰ ਮਾਖਾ, ਤੋਤਾ ਸਿੰਘ ਹੀਰਕੇ, ਜਸਕਰਨ ਸਿੰਘ ਸੇਰਖਾਂ, ਬਲਵੰਤ ਸਿੰਘ ਦਲੀਏਵਾਲੀ, ਕਾਕਾ ਤਲਵੰਡੀ ਅਕਲੀਆ, ਸੰਤੋਖ ਸਿੰਘ ਖੈਰਾ, ਜਸਵੰਤ ਸਿੰਘ ਮਾਨਖੇੜਾ, ਜਗਦੇਵ ਸਿੰਘ ਮੌਜੀਆ, ਸ਼ੇਰ ਸਿੰਘ, ਦਲੇਲ ਸਿੰਘ, ਲਾਟ ਸਿੰਘ, ਰਾਧੇ ਸਿਆਮ, ਜਤਿੰਦਰ ਕੁਮਾਰ, ਰਜੇਸ਼ ਕੁਮਾਰ, ਭੋਲਾ ਸਿੰਘ, ਬਲਵਿੰਦਰ ਸਿੰਘ, ਡਿਪਟੀ ਸਿੰਘ, ਜੱਗਾ ਸਿੰਘ, ਰਮੇਸ਼ ਟੋਨੀ, ਵਿੱਕੀ ਨੰਗਲ, ਗੱਲਾ ਮਜ਼ਦੂਰ ਪ੍ਰਧਾਨ, ਮੀਹਾਂ ਸਿੰਘ, ਉਗਰ ਸਿੰਘ, ਤੋਤਾ ਸਿੰਘ ਹੀਰਕੇ, ਹਰਦੇਵ ਸਿੰਘ ਮਾਈਸਰਖਾਨਾ, ਸਹਿਲ ਚੌਧਰੀ ਸਰਦੂਲਗੜ੍ਹ, ਡਾ. ਧੰਨਾ ਮੰਲ, ਅਭੈ ਗੁਦਾਰਾ, ਗੁਰਪ੍ਰੀਤ ਸਿੰਘ ਵਿੱਕੀ ਆਦਿ ਨੇ ਵੀ ਸੰਬੋਧਨ ਕੀਤਾ।
ਪਾਤੜਾਂ. (ਭੁਪਿੰਦਰਜੀਤ ਮੌਲਵੀਵਾਲਾ/ਰਾਜ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਵੱਖ-ਵੱਖ ਜਨਤਕ ਜਥੇਬੰਦੀਆਂ ਵੱਲੋਂ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਦੋ ਘੰਟੇ ਲਈ ਸੜਕ ਜਾਮ ਕਰਦਿਆਂ ਰੋਹ ਭਰਪੂਰ ਧਰਨਾ ਦਿੱਤਾ ਗਿਆ।
ਇਸ ਦੌਰਾਨ ਇਕੱਤਰ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਆਰਡੀਨੈਂਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਧਰਨੇ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸ਼ਹਿਰੀ ਅਤੇ ਦਿਹਾਤੀ ਇਕਾਈ ਦੇ ਨਾਲ-ਨਾਲ ਆੜ੍ਹਤੀ ਐਸੋਸੀਏਸ਼ਨ, ਪੈਸਟੀਸਾਈਡਜ਼ ਯੂਨੀਅਨ ਅਤੇ ਵਪਾਰ ਮੰਡਲ ਵੱਲੋਂ ਭਰਵਾਂ ਸਹਿਯੋਗ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮਲ ਸਿੰਘ ਹਰਿਆਊ, ਅਕਾਲੀ ਦਲ ਦੇ ਸਰਕਲ ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਖਾਂਗ, ਸ਼ਹਿਰੀ ਪ੍ਰਧਾਨ ਗੋਬਿੰਦ ਸਿੰਘ ਵਿਰਦੀ, ਪੀ ਏ ਡੀ ਬੀ ਚੇਅਰਮੈਨ ਗੁਰਬਚਨ ਸਿੰਘ ਮੌਲਵੀਵਾਲਾ, ਸਰਪੰਚ ਗੁਲਾਬ ਸਿੰਘ ਹਰਿਆਉ ਖੁਰਦ, ਆਮ ਆਦਮੀ ਪਾਰਟੀ ਦੇ ਆਗੂ ਕੁਲਵੰਤ ਬਾਜ਼ੀਗਰ, ਵਪਾਰ ਮੰਡਲ ਦੇ ਪ੍ਰਧਾਨ ਸੁਰਿੰਦਰ ਕੁਮਾਰ ਪੈਂਦ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਕਾਂਸਲ ਨੇ ਕਿਹਾ ਹੈ ਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਇੱਥੋਂ ਦੇ ਲੋਕਾਂ ਦਾ ਸਾਰਾ ਦਾਰੋਮਦਾਰ ਖੇਤੀ ਉੱਤੇ ਨਿਰਭਰ ਹੈ, ਪਰ ਕੇਂਦਰ ਸਰਕਾਰ ਲੋਕਾਂ ਦੀ ਪ੍ਰਵਾਹ ਨਾ ਕਰਦਿਆਂ ਚੰਦ ਕੁ ਘਰਾਣਿਆਂ ਦਾ ਹੱਥ ਠੋਕਾ ਬਣ ਕੇ ਖੇਤੀ ਖੇਤਰ ਨੂੰ ਖ਼ਤਮ ਕਰਨ ਦੇ ਰਾਹ ਤੁਰੀ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਖੇਤੀ ਖਤਮ ਹੋ ਗਈ ਤਾਂ ਵਪਾਰ ਅਤੇ ਦੁਕਾਨਦਾਰੀ ਦੇ ਨਾਲ-ਨਾਲ ਹੋਰ ਸਾਰੇ ਬਿਜ਼ਨੈੱਸ ਤਬਾਹ ਹੋ ਜਾਣਗੇ। ਇਸ ਲਈ ਆਪਣੇ ਰੁਜ਼ਗਾਰ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਖੇਤੀ ਮਾਰੂ ਕਾਨੂੰਨਾਂ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਆਗੂਆਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਕੋਰੋਨਾ ਦੀ ਆੜ ਵਿੱਚ ਲਿਆਂਦੇ ਜਾਣ ਵਾਲੇ ਇਨ੍ਹਾਂ ਆਰਡੀਨੈਂਸਾਂ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਸੀ, ਪਰ ਪਤਾ ਨਹੀਂ ਕਿਉਂ ਸਰਕਾਰ ਨੇ ਇਸ ਤੋਂ ਪਾਸਾ ਵੱਟਦਿਆਂ ਚੋਰੀ-ਛੁਪੇ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਦੀ ਚਾਲ ਚੱਲੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਸੁਲੱਖਣ ਸਿੰਘ, ਭੁਪਿੰਦਰ ਸਿੰਘ ਸੇਲਵਾਲਾ, ਕੁਲਦੀਪ ਸਿੰਘ ਵਿਦੇਸ਼ਾਂ ਅਤੇ ਸ਼ਾਮ ਲਾਲ ਖਾਨੇਵਾਲਾ ਆਦਿ ਹਾਜ਼ਰ ਸਨ।
ਖੰਨਾ. (ਸੁਖਵਿੰਦਰ ਸਿੰਘ ਭਾਦਲਾ/ਪਰਮਿੰਦਰ ਸਿੰਘ ਮੋਨੂੰ)
ਅੱਜ ਖੰਨਾ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਦੀ ਅਗਵਾਈ ਵਿੱਚ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਆੜ੍ਹਤੀ ਤੇ ਕਿਸਾਨ ਜਥੇਬੰਦੀਆਂ ਵੱਲੋਂ ਦੋ ਘੰਟੇ ਪੂਰੀ ਤਰ੍ਹਾਂ ਜਾਮ ਕੀਤਾ ਗਿਆ, ਜਿਸ ਕਾਰਨ ਹਾਈਵੇ 'ਤੇ ਵੱਡਾ ਜਾਮ ਦੇਖਣ ਨੂੰ ਮਿਲਿਆ ਅਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਧਰਨੇ ਵਿੱਚ ਮੰਡੀ ਦੇ ਆੜ੍ਹਤੀ ਐਸੋਸੀਏਸ਼ਨ, ਮੁਨੀਮ ਯੂਨੀਅਨ, ਮਜ਼ਦੂਰ ਯੂਨੀਅਨ ਅਤੇ ਖੰਨਾ ਦੇ ਐੱਮ ਐੱਲ ਏ ਗੁਰਕੀਰਤ ਸਿੰਘ ਕੋਟਲੀ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਬੋਲਦਿਆਂ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਅਤੇ ਅੰਮ੍ਰਿਤ ਬੈਨੀਪਾਲ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨ ਮਿਹਨਤ ਨਾਲ ਅਨਾਜ ਪੈਦਾ ਕਰਦਾ ਹੈ। ਹੁਣ ਇਸ ਆਰਡੀਨੈਂਸ ਰਾਹੀਂ ਕਿਸਾਨਾਂ ਦੇ ਹੱਕ ਮਾਰੇ ਜਾ ਰਹੇ ਹਨ। ਇਸ ਦੇ ਖਿਲਾਫ ਅਸੀਂ ਦੋ ਘੰਟੇ ਲਈ ਸੜਕ ਜਾਮ ਕਰ ਰਹੇ ਹਾਂ। ਉਥੇ ਹੀ ਇਸ ਧਰਨੇ ਵਿੱਚ ਖੰਨਾ ਦੇ ਐੱਮ ਐੱਲ ਏ ਗੁਰਕੀਰਤ ਸਿੰਘ ਕੋਟਲੀ ਦੇ ਪਹੁੰਚਣ 'ਤੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਹ ਇਸ ਧਰਨੇ ਦਾ ਸਿਆਸੀਕਰਨ ਕਰਨ ਪਹੁੰਚੇ ਹਨ। ਇਸ ਮੌਕੇ ਬੋਲਦਿਆਂ ਐੱਮ ਐੱਲ ਏ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦੇ। ਉਹਨਾਂ ਨੇ ਰਾਜੇਵਾਲ ਨੂੰ ਕਿਸਾਨ ਅੰਦੋਲਨ ਵਿੱਚ ਰਾਜਨੀਤੀ ਨਾ ਕਰਨ ਦੀ ਅਪੀਲ ਕਰਨ ਤੇ ਕਿਹਾ ਕਿ ਇਹ ਕਿਸਾਨਾਂ ਦਾ ਮੁੱਦਾ ਹੈ ਇੱਥੇ ਕੋਈ ਰਾਜਨੀਤੀ ਨਹੀਂ ਹੋ ਰਹੀ, ਅਸੀਂ ਤਾਂ ਕਿਸਾਨਾਂ ਦਾ ਸਮਰਥਨ ਕਰਨ ਪਹੁੰਚੇ ਹਾਂ। ਇਸ ਮੌਕੇ ਆੜ੍ਹਤੀ ਐਸੋਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਮਾਰਕੀਟ ਕਮੇਟੀ ਖੰਨ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾਂ, ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ, ਜਨਰਲ ਸਕੱਤਰ ਯਾਦਵਿੰਦਰ ਸਿੰਘ ਲਿਬੜਾ, ਰਛਪਾਲ ਸਿੰਘ ਗਗੜਾ, ਹਮੀਰ ਸਿੰਘ ਰਤਨਹੇੜੀ, ਮੋਹਿਤ ਗੋਇਲ, ਰਾਮ ਚੰਦ ਸੈਕਟਰੀ, ਅਮ੍ਰਿਤਪਾਲ ਰਾਜੇਵਾਲ, ਇਕਬਾਲ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਪਿੰਡਾਂ ਵਿੱਚ ਆਪਣੇ ਟਰੈਕਟਰ-ਟਰਾਲੀਆਂ ਸਮੇਤ ਇਸ ਧਰਨੇ ਵਿੱਚ ਪਹੁੰਚੇ ਹੋਏ ਸਨ।
ਖਮਾਣੋਂ, (ਧਰਮਿੰਦਰ ਲਾਲੀ) -ਕੇਂਦਰ ਵੱਲੋਂ ਕਿਸਾਨੀ ਸੰਬੰਧੀ ਤਿਆਰ ਕੀਤੇ ਆਰਡੀਨੈਂਸ ਦੇ ਵਿਰੋਧ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ, ਆੜ੍ਹਤੀਆਂ ਆਦਿ ਵੱਲੋਂ ਰਾਸ਼ਟਰੀ ਰਾਜ ਮਾਰਗ 'ਤੇ ਪਿੰਡ ਰਾਣਵਾਂ ਵਿਖੇ ਧਰਨਾ ਦਿੱਤਾ ਗਿਆ। ਪੁਲਸ ਵੱਲੋਂ ਵੱਖ-ਵੱਖ ਥਾਵਾਂ 'ਤੇ ਧਰਨੇ ਲਈ ਜਾਂਦੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਨਾਕਾਮ ਕਰਦਿਆਂ ਵੱਡੀ ਗਿਣਤੀ ਕਿਸਾਨ ਅਤੇ ਸਮਰਥਕ ਧਰਨੇ 'ਤੇ ਪਹੁੰਚੇ। ਇਸ ਮੌਕੇ ਕਿਸਾਨਾਂ ਦੇ ਸਮਰਥਨ ਵਿੱਚ ਵਿਧਾਇਕ ਕੁਲਜੀਤ ਸਿੰਘ ਨਾਗਰਾ ਹਲਕਾ ਫਤਿਹਗੜ੍ਹ ਸਾਹਿਬ, ਵਿਧਾਇਕ ਗੁਰਪ੍ਰੀਤ ਸਿੰਘ ਹਲਕਾ ਬਸੀ ਪਠਾਣਾਂ, ਯੂਥ ਕੋਆਰਡੀਨੇਟਰ ਪੰਜਾਬ ਕਾਂਗਰਸ ਕੁਲਦੀਪ ਸਿੰਘ ਸਿੱਧੂਪੁਰ, ਬਲਜੀਤ ਸਿੰਘ ਭੁੱਟਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਾਹਿਬ, ਰੁਪਿੰਦਰ ਹੈਪੀ ਜ਼ਿਲ੍ਹਾ ਇੰਚਾਰਜ ਫਤਿਹਗੜ੍ਹ ਸਾਹਿਬ ਆਮ ਆਦਮੀ ਪਾਰਟੀ ਆਦਿ ਨੇ ਕਿਸਾਨਾਂ ਦਾ ਸਮਰਥਨ ਕਰਦਿਆਂ ਵਿਸ਼ੇ ਦੇ ਸਬੰਧ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਕੇਂਦਰ ਸਰਕਾਰ ਦੀ ਨਿੰਦਾ ਕੀਤੀ।
ਧਰਨੇ ਕਾਰਨ ਮੁੱਖ ਮਾਰਗ ਤੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੁਲਸ ਨੇ ਧਰਨੇ ਕਾਰਨ ਭਾਵੇਂ ਬਦਲਵੇਂ ਰਸਤਿਆਂ ਰਾਹੀਂ ਆਵਾਜਾਈ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਲੇਕਿਨ ਬਹੁਤੇ ਲੋਕਾਂ ਨੂੰ ਪੇਂਡੂ ਰਸਤਿਆਂ ਦਾ ਪਤਾ ਨਾ ਹੋਣ ਕਾਰਨ ਉਨ੍ਹਾਂ ਨੂੰ ਖੱਜਲ-ਖੁਆਰ ਹੋਣਾ ਪਿਆ। ਇਸ ਮੌਕੇ ਸੁਰਿੰਦਰ ਸਿੰਘ ਰਾਮਗੜ੍ਹ ਚੇਅਰਮੈਨ ਮਾਰਕੀਟ ਕਮੇਟੀ ਖਮਾਣੋਂ, ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ, ਤੇਜਿੰਦਰ ਸਿੰਘ ਢਿੱਲੋਂ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਖਮਾਣੋਂ, ਬਲਮਜੀਤ ਸਿੰਘ ਪ੍ਰਿੰਸੀ, ਬਲਜਿੰਦਰ ਸਿੰਘ ਬੌੜ, ਜਸਮੇਰ ਸਿੰਘ ਬਡਲਾ, ਦਰਸ਼ਨ ਸਿੰਘ ਬਿੱਲਾ, ਅਮਰੀਕ ਸਿੰਘ ਰੋਮੀ, ਨੱਥੂ ਰਾਮ ਨੰਗਲਾਂ ਆਦਿ ਹਾਜ਼ਰ ਰਹੇ।

348 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper