Latest News
ਦਿੱਲੀ ਦੰਗਿਆਂ 'ਚ ਸਾਢੇ 17 ਹਜ਼ਾਰ ਸਫਿਆਂ ਦੀ ਚਾਰਜਸ਼ੀਟ ਦਾਖਲ

Published on 16 Sep, 2020 10:54 AM.


ਨਵੀਂ ਦਿੱਲੀ : ਦੰਗਿਆਂ ਦੀ ਸਾਜ਼ਿਸ਼ ਨਾਲ ਜੁੜੀ ਸਾਢੇ 17 ਹਜ਼ਾਰ ਤੋਂ ਵੱਧ ਸਫਿਆਂ ਦੀ ਚਾਰਜਸ਼ੀਟ ਦਿੱਲੀ ਪੁਲਸ ਨੇ ਬੁੱਧਵਾਰ ਅਦਾਲਤ ਵਿਚ ਦਾਖਲ ਕਰ ਦਿੱਤੀ। ਪੁਲਸ ਦੇ ਸਪੈਸ਼ਲ ਸੈੱਲ ਵੱਲੋਂ ਦਾਖਲ ਚਾਰਜਸ਼ੀਟ ਵਿਚ 15 ਮੁਲਜ਼ਮ ਬਣਾਏ ਗਏ ਹਨ। ਇਨ੍ਹਾਂ ਵਿਚ ਸਫੂਰਾ ਜਰਗਰ ਵੀ ਹੈ, ਜੋ ਜ਼ਮਾਨਤ 'ਤੇ ਹੈ। ਉਸ ਤੋਂ ਇਲਾਵਾ ਆਮ ਆਦਮੀ ਪਾਰਟੀ ਤੋਂ ਮੁਅੱਤਲ ਕੌਂਸਲਰ ਤਾਹਿਰ ਹੁਸੈਨ ਤੇ ਕਈ ਵਿਦਿਆਰਥੀ ਹਨ। ਇਸ ਵਿਚ ਅਜੇ ਉਮਰ ਖਾਲਿਦ ਤੇ ਸ਼ਰਜ਼ੀਲ ਇਮਾਮ ਦੇ ਨਾਂਅ ਸ਼ਾਮਲ ਨਹੀਂ ਕੀਤੇ ਗਏ। ਇਨ੍ਹਾਂ ਦੇ ਨਾਂਅ ਜ਼ਿਮਨੀ ਚਾਰਜਸ਼ੀਟ ਵਿਚ ਸ਼ਾਮਲ ਕੀਤੇ ਜਾਣਗੇ।
ਫਰਵਰੀ ਵਿਚ ਹੋਏ ਦੰਗਿਆਂ ਵਿਚ 53 ਲੋਕ ਮਾਰੇ ਗਏ ਸਨ ਤੇ 200 ਤੋਂ ਵੱਧ ਜ਼ਖਮੀ ਹੋਏ ਸਨ। ਕਰੋੜਾਂ ਦੀ ਜਾਇਦਾਦ ਦਾ ਨੁਕਸਾਨ ਹੋਇਆ ਸੀ। ਕੁਝ ਦੋਸ਼ ਕਰੜੇ ਕਾਨੂੰਨ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂ ਏ ਪੀ ਏ) ਤਹਿਤ ਲਾਏ ਗਏ ਹਨ। ਸਾਰੇ ਮੁਲਜ਼ਮ ਕੌਮਾਂਤਰੀ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ ਬਣਾਏ ਗਏ ਹਨ। ਪੁਲਸ ਅਫਸਰ ਦੇ ਕੋਲ ਖੜ੍ਹੇ ਹੋ ਕੇ ਧਰਨਾਕਾਰੀਆਂ ਨੂੰ ਚੁਕਾਉਣ ਦੀ ਧਮਕੀ ਦੇਣ ਵਾਲੇ ਭਾਜਪਾ ਆਗੂ ਕਪਿਲ ਮਿਸ਼ਰਾ ਵਰਗਿਆਂ ਨੂੰ ਮੁਲਜ਼ਮ ਨਹੀਂ ਬਣਾਇਆ ਗਿਆ। ਸਪੈਸ਼ਲ ਸੈੱਲ ਦੇ ਅਫਸਰ ਡੀ ਸੀ ਪੀ ਕੁਸ਼ਵਾਹਾ ਨਾਲ ਚਾਰਜਸ਼ੀਟ ਨਾਲ ਭਰੇ ਬਕਸੇ ਲੈ ਕੇ ਦੋ ਗੱਡੀਆਂ ਵਿਚ ਪੁੱਜੇ। ਚਾਰਜਸ਼ੀਟ ਵਿਚ 745 ਗਵਾਹ ਬਣਾਏ ਗਏ ਹਨ। ਚਾਰਜਸ਼ੀਟ ਵਿਚ ਸਬੂਤ ਦੇ ਤੌਰ 'ਤੇ ਸੀ ਡੀ ਆਰ ਤੇ ਵਟਸਐਪ ਚੈਟ ਸ਼ਾਮਲ ਹਨ। ਐਤਵਾਰ ਗ੍ਰਿਫਤਾਰ ਕੀਤੇ ਜੇ ਐੱਨ ਯੂ ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੂੰ ਸੋਮਵਾਰ ਕੋਰਟ ਨੇ 10 ਦਿਨ ਦੀ ਹਿਰਾਸਤ ਵਿਚ ਦਿੱਤਾ ਸੀ। ਦਿੱਲੀ ਪੁਲਸ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਆਉਣ ਤੋਂ ਪਹਿਲਾਂ ਦੇ ਉਸ ਦੇ ਭਾਸ਼ਣ ਅਤੇ ਮੁਲਜ਼ਮਾਂ ਨਾਲ ਫੋਨ 'ਤੇ ਹੋਈ ਗੱਲਬਾਤ, ਮੁਲਜ਼ਮਾਂ ਨਾਲ ਮੀਟਿੰਗਾਂ ਤੇ ਸਾਜ਼ਿਸ਼ ਕਰਨ ਦੇ ਆਧਾਰ 'ਤੇ ਮੁਲਜ਼ਮ ਬਣਾਇਆ ਹੈ। ਪੁਲਸ ਨੇ ਕੋਰਟ ਨੂੰ ਦੱਸਿਆ ਕਿ ਦੰਗਿਆਂ ਦੀ ਸਾਜ਼ਿਸ਼ ਕਰਨ ਵਾਲਿਆਂ ਨੇ ਸੀਲਮਪੁਰ ਤੇ ਜਾਫਰਾਬਾਦ ਵਿਚ ਦੰਗੇ ਭੜਕਾਉਣ ਲਈ ਦੋ ਵਟਸਐਪ ਗਰੁੱਪਾਂ ਨੂੰ ਵਰਤਿਆ। ਸਾਜ਼ਿਸ਼ੀਆਂ ਨੇ ਦੰਗਿਆਂ ਦੀ ਯੋਜਨਾ ਬਣਾਈ ਅਤੇ ਇਲਾਕਾ ਪੱਧਰ ਦੇ ਗਭਲੀ ਪਾਲ ਦੇ ਆਗੂਆਂ ਨੇ ਵਰਕਰਾਂ ਤੋਂ ਦੰਗੇ ਕਰਵਾਏ।
ਦਿੱਲੀ ਪੁਲਸ ਦੀ ਕਰਾਈਮ ਬਰਾਂਚ ਜਾਫਰਾਬਾਦ ਵਿਚ ਹੋਈ ਹਿੰਸਾ ਦੇ ਸੰਬੰਧ ਵਿਚ ਦੇਵਾਂਗਨਾ ਕਲੀਤਾ, ਨਤਾਸ਼ਾ ਨਰਵਾਲ ਤੇ ਗੁਲਫਿਸ਼ਾ ਫਾਤਿਮਾ ਖਿਲਾਫ ਪਹਿਲਾਂ ਹੀ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ।
ਦਿੱਲੀ ਪੁਲਸ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੀ ਹੈ। ਉਸ ਦੀ ਜਾਂਚ 'ਤੇ ਦੇਸ਼ ਦੇ ਨਾਮਵਰ ਸਾਬਕਾ ਪੁਲਸ ਅਫਸਰਾਂ ਨੇ ਇਹ ਕਹਿੰਦਿਆਂ ਸਵਾਲ ਉਠਾਏ ਹਨ ਕਿ ਸਿਰਫ ਇਕ ਫਿਰਕੇ ਦੇ ਲੋਕਾਂ ਨੂੰ ਹੀ ਨੂੜਿਆ ਗਿਆ ਹੈ।

160 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper