Latest News
ਗ਼ਦਰੀ ਬਾਬਾ ਸੋਹਨ ਸਿੰਘ ਭਕਨਾ ਨੂੰ ਸਮਰਪਤ ਹੋਏਗਾ 29ਵਾਂ 'ਮੇਲਾ ਗ਼ਦਰੀ ਬਾਬਿਆਂ ਦਾ'

Published on 17 Sep, 2020 11:19 AM.

ਜਲੰਧਰ : ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਸਮਰਪਤ ਹੋਏਗਾ 29ਵਾਂ ਮੇਲਾ ਗ਼ਦਰੀ ਬਾਬਿਆਂ ਦਾ। ਇਸ ਵਾਰ ਇੱਕ ਨਵੰਬਰ ਨੂੰ ਇੱਕ ਰੋਜ਼ਾ ਮੇਲਾ ਦਿਨ ਭਰ ਦਾ ਹੀ ਹੋਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇੱਕ ਨਵੰਬਰ ਸਵੇਰੇ ਠੀਕ 10 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਣ ਵਾਲੇ ਇਸ 29ਵੇਂ ਮੇਲੇ 'ਚ ਝੰਡਾ ਲਹਿਰਾਉਣ ਦੀ ਰਸਮ ਗ਼ਦਰੀ ਬਾਬਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੁੱਢਲੇ ਮੈਂਬਰ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਦੇ ਪੋਤਰੇ ਸੁਰਿੰਦਰ ਜਲਾਲਦੀਵਾਲ ਕਰਨਗੇ, ਜੋ ਕਿ ਮੌਜੂਦਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਨ।
ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਦੀ ਵੀਰਵਾਰ ਹੋਈ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਕਿ ਵੱਖ-ਵੱਖ ਵੰਨਗੀਆਂ ਦੇ ਹੋਣ ਵਾਲੇ ਮੁਕਾਬਲੇ, ਵਿੱਦਿਅਕ ਅਦਾਰਿਆਂ ਦੇ ਲੰਮੇ ਸਮੇਂ ਤੋਂ ਬੰਦ ਚਲੇ ਆਉਣ ਕਾਰਨ ਸਫ਼ਲਤਾਪੂਰਵਕ ਨੇਪਰੇ ਚੜ੍ਹਨੇ ਅਸੰਭਵ ਹਨ। ਪਹਿਲੀ ਨਵੰਬਰ ਸਵੇਰੇ 10 ਵਜੇ ਝੰਡਾ ਲਹਿਰਾਉਣ ਅਤੇ ਗ਼ਦਰੀ ਬਾਬਿਆਂ ਦੇ ਮੇਲੇ ਵਿੱਚ ਮੁੱਖ ਬੁਲਾਰੇ ਨਾਮਵਰ ਵਿਦਵਾਨ, ਉੱਘੇ ਨਾਟਕਕਾਰ, ਸੀਨੀਅਰ ਪੱਤਰਕਾਰ ਡਾ. ਸਵਰਾਜਬੀਰ ਅਤੇ ਉੱਘੇ ਖੇਤੀ ਅਰਥ-ਸ਼ਾਸਤਰੀ ਦਵਿੰਦਰ ਸ਼ਰਮਾ ਹੋਣਗੇ। ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਨੇ ਫ਼ੈਸਲਾ ਕੀਤਾ ਕਿ ਇਸ ਵਾਰ ਮੇਲੇ ਵਿੱਚ ਫ਼ਿਰਕੂ ਫਾਸ਼ੀ ਹੱਲੇ, ਜਮਹੂਰੀ ਹੱਕਾਂ 'ਤੇ ਹੋ ਰਹੇ ਵਾਰ, ਬੁੱਧੀਜੀਵੀਆਂ ਦੀ ਕੀਤੀ ਜਾ ਰਹੀ ਜ਼ੁਬਾਨਬੰਦੀ, ਖੇਤੀ ਆਰਡੀਨੈਂਸਾਂ ਰਾਹੀਂ ਜ਼ਰਈ ਖੇਤਰ 'ਤੇ ਬੋਲੇ ਵਿਆਪਕ ਹੱਲੇ, ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ ਉੱਪਰ ਹੋ ਰਹੇ ਚੌਤਰਫ਼ੇ ਵਾਰਾਂ ਅਤੇ ਗ਼ਦਰ ਪਾਰਟੀ ਦੀ ਵਿਰਾਸਤ ਨੂੰ ਅੱਗੇ ਤੋਰਨ ਸੰਬੰਧੀ ਸੁਨੇਹਾ ਕੇਂਦਰਤ ਹੋਏਗਾ।
ਜਨਰਲ ਬਾਡੀ ਦੀ ਮੀਟਿੰਗ ਨੇ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਜਮੇਰ ਸਿੰਘ ਨੂੰ ਪ੍ਰਧਾਨ ਅਤੇ ਸੀਤਲ ਸਿੰਘ ਸੰਘਾ ਨੂੰ ਮੀਤ ਪ੍ਰਧਾਨ ਦੇ ਅਹੁਦੇ ਲਈ ਸਰਬਸੰਮਤੀ ਨਾਲ ਚੁਣ ਲਿਆ। ਮੀਟਿੰਗ 'ਚ ਪਾਸ ਮਤੇ ਰਾਹੀਂ ਜ਼ੋਰਦਾਰ ਮੰਗ ਕੀਤੀ ਗਈ ਕਿ ਮੁਲਕ ਦੇ ਮੰਨੇ-ਪ੍ਰਮੰਨੇ ਬੁੱਧੀਜੀਵੀਆਂ ਤੋਂ ਲੈ ਕੇ ਸਮਾਜਕ-ਜਮਹੂਰੀ ਕਾਰਕੁਨਾਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕੀਤਾ ਜਾਏ। ਧੜਾਧੜ ਝੂਠੇ ਕੇਸ ਮੜ੍ਹਨੇ ਬੰਦ ਕੀਤੇ ਜਾਣ। ਜਮਹੂਰੀ ਹੱਕਾਂ ਦੀ ਆਵਾਜ਼ ਬੰਦ ਕਰਨ ਦੇ ਕਦਮ ਚੁੱਕਣੇ ਬੰਦ ਕੀਤੇ ਜਾਣ। ਖੇਤੀ ਆਰਡੀਨੈਂਸ ਰੱਦ ਕੀਤੇ ਜਾਣ। ਕਮੇਟੀ ਨੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਲੜ ਰਹੀਆਂ ਕਿਸਾਨ ਜੱਥੇਬੰਦੀਆਂ ਦੀ ਹੱਕੀ ਆਵਾਜ਼ ਦੀ ਡਟਵੀਂ ਹਮਾਇਤ ਕਰਨ ਦਾ ਅਤੇ ਵੱਖ-ਵੱਖ ਸੂਬਿਆਂ 'ਚ ਪੰਜਾਬੀ ਭਾਸ਼ਾ ਨੂੰ ਦਰ-ਕਿਨਾਰ ਕਰਨ ਵਿਰੁੱਧ ਵੀ ਮਤਾ ਪਾਸ ਕੀਤਾ।
ਮੀਟਿੰਗ 'ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਗੁਰਮੀਤ ਸਿੰਘ ਢੱਡਾ, ਸੀਨੀਅਰ ਟਰੱਸਟੀ ਨੌਨਿਹਾਲ ਸਿੰਘ, ਮਨਜੀਤ ਸਿੰਘ ਲਾਲੀ, ਹਮਦਰਦਵੀਰ ਨੌਸ਼ਹਿਰਵੀ, ਦੇਸ ਰਾਜ ਉਮਰਪੁਰਾ, ਸਵਾਮੀ ਅਗਨੀਵੇਸ਼, ਡਾ. ਸਤਿੰਦਰ ਔਲਖ, ਰਣਧੀਰ ਸਿੰਘ ਸਮਰਾਵਾਂ ਦੇ ਸਦੀਵੀ ਵਿਛੋੜੇ 'ਤੇ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

206 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper