Latest News
ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ ਸੰਸਦ 'ਚ ਪਾਸ ਕੀਤਾ ਜਾਵੇ : ਮਾੜੀਮੇਘਾ

Published on 23 Sep, 2020 11:00 AM.

ਜਲੰਧਰ (ਰਾਜੇਸ਼ ਥਾਪਾ)-ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਜਲੰਧਰ ਜ਼ਿਲ੍ਹੇ ਦਾ ਦੌਰਾ ਕਰਨ ਉਪਰੰਤ ਬਿਆਨ ਦਿੱਤਾ ਕਿ ਨੌਜਵਾਨਾਂ ਵਿੱਚ 28 ਸਤੰਬਰ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਲਈ ਪੂਰਨ ਉਤਸ਼ਾਹ ਹੈ। ਉਨ੍ਹਾ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਦੇਸ਼ ਵਿੱਚ ਗ਼ਰੀਬੀ ਤੇ ਬੇਰੁਜ਼ਗਾਰੀ ਦਾ ਪਸਾਰਾ ਬਹੁਤ ਵਧ ਗਿਆ ਹੈ ।ਦੇਸ਼ ਦੀ ਆਰਥਿਕਤਾ ਤਬਾਹ ਹੋ ਗਈ ਹੈ। ਕੇਂਦਰ ਸਰਕਾਰ ਨੇ ਜਿਹੜੇ ਮਜ਼ਦੂਰ ਹਿਜਰਤ ਕਰਕੇ ਆਪਣੇ ਵਤਨਾਂ ਨੂੰ ਗਏ ਸਨ, ਉਨ੍ਹਾਂ ਦੀ ਬਾਤ ਨਹੀਂ ਪੁੱਛੀ। ਉਹ ਸੜਕਾਂ 'ਤੇ ਹਿੰਦ -ਪਾਕਿ ਦੀ ਵੰਡ ਸਮੇਂ ਦੀ ਤਰ੍ਹਾਂ ਕਾਫਲਿਆਂ ਵਿੱਚ ਤੁਰ ਕੇ ਜਾਂਦੇ ਮੀਡੀਆ ਨੇ ਵਿਖਾਏ ਅਤੇ ਕਈ ਮਜ਼ਦੂਰ ਰੇਲਾਂ ਥੱਲੇ ਆ ਕੇ ਮਾਰੇ ਗਏ, ਪਰ ਮੋਦੀ ਦੀ ਸਰਕਾਰ ਨੇ ?
ਉਨਾਂ ਦੀ ਸਾਰ ਨਹੀਂ ਲਈ, ਸਗੋਂ ਉਸ ਵਕਤ ਤੋਂ ਲਗਾਤਾਰ ਲੋਕ ਵਿਰੋਧੀ ਕਾਨੂੰਨ ਬਣਾਉਂਦੀ ਆ ਰਹੀ ਹੈ। ਸਾਰੇ ਦੇਸ਼ ਦਾ ਕਾਰੋਬਾਰ, ਸਰਕਾਰੀ ਅਦਾਰੇ ਅਤੇ ਘਰੇਲੂ ਉਦਯੋਗ ਪ੍ਰਾਈਵੇਟ ਘਰਾਣਿਆਂ ਨੂੰ ਵੇਚੀ ਜਾ ਰਹੀ ਹੈ। ਹੁਣ ਸਰਕਾਰ ਰੇਲਵੇ ਨੂੰ ਵੇਚਣ ਲਈ ਬੜੀ ਕਾਹਲੀ ਹੈ। ਬੈਂਕਾਂ ਦਾ ਕੌਮੀਕਰਨ ਕਰਨ ਦੀ ਥਾਂ ਨਿੱਜੀਕਰਨ ਕੀਤਾ ਜਾ ਰਿਹਾ ਹੈ। ਸਰਕਾਰੀ ਹਸਪਤਾਲ ਜਿਨ੍ਹਾਂ ਕੋਰੋਨਾ ਦੌਰਾਨ ਲੋਕਾਂ ਦੀ ਬਾਂਹ ਫੜੀ ਹੈ, ਉਨ੍ਹਾਂ ਦਾ ਵੀ ਨਿੱਜੀਕਰਨ ਧੜਾਧੜ ਕੀਤਾ ਜਾ ਰਿਹਾ ਹੈ। ਇਨ੍ਹਾਂ ਪ੍ਰਸਥਿਤੀਆਂ ਵਿੱਚ ਦੇਸ਼ ਵਿੱਚ ਬੇਰੁਜ਼ਗਾਰੀ ਬਹੁਤ ਵਧ ਗਈ ਹੈ। ਕੇਂਦਰ ਦੀ ਮੋਦੀ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਸਤੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) ਸੰਸਦ ਵਿੱਚ ਪਾਸ ਕਰੇ। ਇਸ ਕਾਨੂੰਨ ਦੇ ਤਹਿਤ ਅਣਸਿੱਖਿਅਤ ਨੂੰ 20 ਹਜ਼ਾਰ, ਅਰਧ ਸਿੱਖਿਅਤ ਨੂੰ 25 ਹਜ਼ਾਰ, ਸਿੱਖਿਅਤ ਨੂੰ ਪੰਜੀ ਹਜ਼ਾਰ ਅਤੇ ਉੱਚ ਸਿੱਖਿਅਤ ਨੂੰ ਤੀਹ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਤਨਖ਼ਾਹ ਦੀ ਗਰੰਟੀ ਦਿੱਤੀ ਜਾਵੇ ਅਤੇ ਰੁਜ਼ਗਾਰ ਨਾ ਮਿਲਣ ਦੀ ਸੂਰਤ ਵਿੱਚ ਤਨਖ਼ਾਹ ਦਾ ਅੱਧ ਕੰਮ ਇੰਤਜ਼ਾਰ ਭੱਤਾ ਦਿੱਤਾ ਜਾਵੇ। ਇਸ ਕਾਨੂੰਨ ਨੂੰ ਸੰਸਦ ਵਿੱਚ ਪਾਸ ਕਰਵਾਉਣ ਵਾਸਤੇ ਦੇਸ਼ ਭਰ ਵਿੱਚ ਨੌਜਵਾਨ ਸੰਘਰਸ਼ ਕਰ ਰਹੇ ਹਨ ਤੇ ਭਗਤ ਸਿੰਘ ਦੇ ਜਨਮ ਦਿਨ 'ਤੇ 28 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਿਹਾ ਸੂਬਾਈ ਸਮਾਗਮ ਵੀ ਕਾਨੂੰਨ ਬਣਾਉਣ ਉੱਤੇ ਜ਼ੋਰ ਦੇਵੇਗਾ।
ਸੀ ਪੀ ਆਈ ਦੇ ਜਲੰਧਰ ਜ਼ਿਲ੍ਹੇ ਦੇ ਸਕੱਤਰ ਰਾਜਿੰਦਰ ਮੰਡ ਨੇ ਕਿਹਾ ਕਿ 28 ਸਤੰਬਰ 1997 ਤੋਂ ਭਗਤ ਸਿੰਘ ਦਾ ਜਨਮ ਦਿਨ ਹਰ ਸਾਲ ਜਲੰਧਰ ਹੀ ਮਨਾਇਆ ਜਾਂਦਾ ਹੈ, ਉਦੋਂ ਤੋਂ ਲੈ ਕੇ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਾਸਤੇ ਜਲੰਧਰ ਜ਼ਿਲ੍ਹੇ ਦੀ ਅਹਿਮ ਦੇਣ ਹੈ। ਲੰਗਰ ਲਾਉਣ ਦੀ ਪਰੰਪਰਾ, ਚਾਹ-ਪਾਣੀ, ਟੈਂਟ ਆਦਿ ਸਾਰੇ ਪ੍ਰਬੰਧ ਸ਼ਾਨਦਾਰ ਢੰਗ ਨਾਲ ਕੀਤੇ ਜਾਂਦੇ ਹਨ ਅਤੇ ਜ਼ੁੰਮੇਵਾਰ ਸਾਥੀ ਆਪਣੀਆਂ ਪੂਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ। ਹੁਣ ਵੀ ਜਲੰਧਰ ਜ਼ਿਲ੍ਹੇ ਦੇ ਪਾਰਟੀ ਆਗੂਆਂ ਸੀ ਪੀ ਆਈ ਦੇ ਜ਼ਿਲ੍ਹਾ ਜਲੰਧਰ ਦੇ ਸਹਾਇਕ ਸਕੱਤਰ ਰਛਪਾਲ ਕੈਲੇ, ਹਰਜਿੰਦਰ ਸਿੰਘ ਮੌਜੀ, ਰਜੇਸ਼ ਥਾਪਾ ਅਤੇ ਅਵਤਾਰ ਸਿੰਘ ਤਾਰੀ ਨੇ 28 ਸਤੰਬਰ ਨੂੰ ਭਗਤ ਸਿੰਘ ਦੇ ਜਨਮ ਦਿਨ 'ਤੇ ਹੋ ਰਹੇ ਸਮਾਗਮ ਦੀਆਂ ਜ਼ਿੰਮੇਵਾਰੀਆਂ ਲੈ ਕੇ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਨੌਜਵਾਨ ਵਿਦਿਆਰਥੀ ਹੁੰਮ-ਹਮਾ ਕੇ ਢੋਲ-ਢਮੱਕੇ ਨਾਲ ਦੇਸ਼ ਭਗਤ ਯਾਦਗਾਰ ਹਾਲ ਪਹੁੰਚਣੇ ਚਾਹੀਦੇ ਹਨ, ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਨੂੰ ਇਹ ਪਤਾ ਲੱਗ ਜਾਵੇ ਕਿ ਪੰਜਾਬ ਦੇ ਨੌਜਵਾਨ ਭਗਤ ਸਿੰਘ ਦੀ ਸੋਚ ਦੇ ਰਾਹ 'ਤੇ ਚੱਲ ਪਏ ਹਨ ਅਤੇ ਉਨ੍ਹਾਂ ਦੇ ਸੁਪਨਿਆਂ ਦਾ ਸਮਾਜ ਉਸਾਰ ਕੇ ਦੇਸ਼ ਨੂੰ ਖੁਸ਼ਹਾਲ ਬਣਾਉਣਗੇ।

95 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper