Latest News
ਮੋਦੀ ਸਰਕਾਰ ਨੇ ਸਾਡੀ ਪੱਗ ਨੂੰ ਹੱਥ ਪਾਇਆ : ਸਿੱਧੂ

Published on 23 Sep, 2020 11:02 AM.


ਅੰਮ੍ਰਿਤਸਰ
(ਜਸਬੀਰ ਸਿੰਘ ਪੱਟੀ)
ਲੰਮੇ ਸਮੇਂ ਤੱਕ ਅਗਿਆਤਵਾਸ ਰਹੇ ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੰੰਘ ਸਿੱਧੂ ਨੇ ਬੁੱਧਵਾਰ ਕਿਹਾ ਕਿ ਕਿਸਾਨਾਂ ਦਾ ਕਿਸੇ ਵੀ ਕਿਸਮ ਦਾ ਸ਼ੋਸ਼ਣ ਕਰਨ ਦਾ ਮੋਦੀ ਸਰਕਾਰ ਨੂੰ ਅਧਿਕਾਰ ਨਹੀਂ ਤੇ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਕਿਸਾਨ ਵਿਰੋਧੀ ਬਿੱਲ ਵਾਪਸ ਨਹੀਂ ਲੈ ਲਏ ਜਾਂਦੇ।
ਕਿਸਾਨ ਬਿੱਲਾਂ ਖਿਲਾਫ ਸਿੱਧੂ ਦੇ ਮਾਰਚ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਪਾਰਟੀ ਪੱਧਰ ਤੋਂ ਉਪਰ ਉਠ ਕੇ ਸ਼ਾਮਲ ਹੋਏ। ਸਿੱਧੂ ਨੇ ਰੋਸ ਵਜੋਂ ਕਾਲੀ ਦਸਤਾਰ ਸਜਾਈ ਹੋਈ ਸੀ ਤੇ ਗਾੜ੍ਹੇ ਰੰਗ ਦੀ ਨਸਵਾਰੀ ਕਮੀਜ਼ ਪਾਈ ਹੋਈ ਸੀ। ਉਹ ਜਿਉਂ ਹੀ ਭੰਡਾਰੀ ਪੁਲ 'ਤੇ ਪੁੱਜੇ ਤਾਂ ਨੌਜਵਾਨਾਂ ਨੇ ਸਿੱਧੂ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ, ਸਿੱਧੂ ਜ਼ਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਸਿੱਧੂ ਤੇਰੀ ਬੱਲੇ-ਬੱਲੇ, ਬਾਕੀ ਸਾਰੇ ਥੱਲੇ ਥੱਲੇ, ਕਿਸਾਨ ਏਕਤਾ ਜ਼ਿੰਦਾਬਾਦ, ਕਾਲਾ ਕਾਨੂੰਨ ਵਾਪਸ ਲਓ, ਆ ਗਿਆ ਸਿੱਧੂ ਛਾ ਗਿਆ ਸਿੱਧੂ ਦੇ ਅਕਾਸ਼ ਗੂੰਜਾਊ ਨਾਅਰੇ ਲਗਾਏ। ਸਿੱਧੂ ਨੇ ਆਪਣੇ ਹੱਥਾਂ ਵਿੱਚ ਦੋ ਬੈਨਰ ਫੜੇ ਹੋਏ ਸਨ, ਜਿਨ੍ਹਾਂ 'ਤੇ ਅਸੀ ਸਾਰੇ ਕਿਸਾਨਾਂ ਦੀ ਹਮਾਇਤ ਵਿੱਚ ਇਕੱਠੇ ਹਾਂ ਲਿਖਿਆ ਹੋਇਆ ਸੀ। ਸਿੱਧੂ ਆਪਣੀ ਗੱਡੀ ਤੋ ਥੱਲੇ ਉਤਰੇ ਤਾਂ ਉਨ੍ਹਾ ਆਪਣੇ ਸਮੱਰਥਕਾਂ ਦਾ ਹੱਥ ਹਿਲਾ ਕੇ ਸੁਆਗਤ ਕੀਤਾ। ਉਹ ਟਰੈਕਟਰ 'ਤੇ ਬੈਠ ਕੇ ਹਾਲ ਗੇਟ ਗਏ, ਜਿੱਥੇ ਸ਼ਹੀਦ ਊਧਮ ਸਿੰਘ ਦਾ ਇਨਕਲਾਬੀ ਬੁੱਤ ਲੱਗਾ ਹੋਇਆ ਹੈ। ਸਿੱਧੂ ਨੇ ਬੁੱਤ ਨੂੰ ਸਲਾਮੀ ਦੇ ਕੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਧਰਨੇ ਵਿੱਚ ਕੈਪਟਨ ਤੋਂ ਡਰਦਾ ਕੋਈ ਵੱਡਾ ਕਾਂਗਰਸੀ ਲੀਡਰ ਸ਼ਾਮਲ ਨਹੀਂ ਹੋਇਆ। ਉਸ ਦੇ ਵਿਧਾਨ ਸਭਾ ਹਲਕਾ ਪੂਰਬੀ ਤੋਂ ਹੀ ਲੀਡਰ, ਵਰਕਰ ਤੇ ਲੋਕ ਸ਼ਾਮਲ ਹੋਏ। ਜਿਹੜੇ ਫਲੈਕਸ ਬੋਰਡ ਵੀ ਲਗਾਏ ਗਏ, ਉਨ੍ਹਾਂ ਉਪਰ ਵੀ ਸਿਰਫ ਨਵਜੋਤ ਸਿੰਘ ਸਿੱਧੂ ਦੀ ਹੀ ਤਸਵੀਰ ਲਗਾਈ ਹੋਈ ਸੀ, ਜਿਸ ਉਪਰ ਸਿੱਧੂ ਦੀ ਸਮਾਜਕ ਪਾਰਟੀ 'ਜਿੱਤੇਗਾ ਪੰਜਾਬ' ਦਾ ਹੀ ਹਵਾਲਾ ਦਿੱਤਾ ਹੋਇਆ ਸੀ।
ਸਿੱਧੂ ਨੇ ਕਿਹਾ ਕਿ ਕਿਸਾਨ ਸਾਡਾ ਮਾਣ, ਕਿਸਾਨ ਸਾਡੀ ਸ਼ਾਨ ਤੇ ਕਿਸਾਨ ਸਾਡੀ ਪੱਗ ਹੈ, ਜਿਸ ਨੂੰ ਮੋਦੀ ਸਰਕਾਰ ਨੇ ਹੱਥ ਪਾਇਆ ਹੈ। ਪੱਗ ਭਾਰਤ ਦੇ ਲੋਕਾਂ ਤੇ ਵਿਸ਼ੇਸ਼ ਕਰਕੇ ਪੰਜਾਬ ਦੀ ਆਨ ਤੇ ਸ਼ਾਨ ਹੈ, ਜਿਸ ਨੂੰ ਕਿਸੇ ਨੂੰ ਵੀ ਹੱਥ ਨਹੀਂ ਪਾਉਣ ਦਿੱਤਾ ਜਾਵੇਗਾ ਤੇ ਜਿਸ ਨੇ ਵੀ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦਾ ਹਸ਼ਰ ਕੀ ਹੋਇਆ, ਉਹ ਇਤਿਹਾਸ ਦੇ ਪੰਨਿਆਂ 'ਤੇ ਦਰਜ ਹੈ। ਉਨ੍ਹਾ ਕਿਹਾ ਕਿ ਉਨ੍ਹਾ ਨੂੰ ਅਗਲੀ ਰਣਨੀਤੀ ਬਣਾਉਣ ਲਈ ਤਿੰਨ-ਚਾਰ ਦਿਨ ਲੱਗ ਸਕਦੇ ਹਨ, ਪਰ ਉਹ ਰਣਨੀਤੀ ਭਾਜਪਾ ਦਾ ਸਿਆਸੀ ਤੌਰ 'ਤੇ ਕਬਰਸਤਾਨ ਬਣੇਗੀ। ਉਨ੍ਹਾ ਕਿਹਾ ਕਿ ਜਦੋਂ ਵੀ ਕੋਈ ਸਾਡੀ ਗੈਰਤ ਨੂੰ ਹੱਥ ਪਾਏਗਾ ਤਾਂ ਸਾਰਾ ਪੰਜਾਬ ਇਕੱਠਾ ਹੋ ਕੇ ਲੜੇਗਾ ਅਤੇ ਇਹ ਬਿੱਲ ਕਿਸੇ ਵੀ ਸੂਰਤ ਵਿੱਚ ਪ੍ਰਵਾਨ ਨਹੀਂ ਕੀਤੇ ਜਾਣਗੇ ਤੇ ਪੰਜਾਬ ਇਨ੍ਹਾਂ ਕਾਲੇ ਬਿੱਲਾਂ ਨੂੰ ਰੱਦ ਕਰਾਉਣ ਲਈ ਇੱਕਮੁੱਠ ਹੋ ਕੇ ਲੜੇਗਾ। ਉਨ੍ਹਾ ਕਿਹਾ ਕਿ ਉਹ ਕਿਸਾਨਾਂ ਨਾਲ ਲੋਹੇ ਦੀ ਲੱਠ ਵਾਂਗ ਖੜ੍ਹੇ ਹਨ ਤੇ ਕਿਸੇ ਵੀ ਸੂਰਤ ਵਿੱਚ ਇਹ ਬਿੱਲ ਲਾਗੂ ਨਹੀਂ ਹੋਣ ਦੇਣਗੇ। ਉਨ੍ਹਾ ਕਿਹਾ ਕਿ ਦੇਸ਼ ਵਿੱਚ ਕਿਸਾਨਾਂ ਨੂੰ ਕਮਜ਼ੋਰ ਕਰਨ ਦਾ ਮਤਲਬ ਹੈ, ਦੇਸ਼ ਨੂੰ ਕਮਜੋਰ ਕਰਨਾ। ਕਿਸਾਨ ਨਹੀਂ ਤਾਂ ਜਹਾਨ ਨਹੀਂ। ਇਸ ਕਰਕੇ ਕਿਸਾਨ ਨੂੰ ਬਚਾਇਆ ਜਾਣਾ ਬਹੁਤ ਜ਼ਰੂਰੀ ਹੈ, ਜਿਹੜੀ ਸਰਕਾਰ ਕਿਸਾਨਾਂ ਦੀ ਕਦਰ ਕਰਨੀ ਨਹੀਂ ਜਾਣਦੀ, ਸਮਝ ਲੈਣਾ ਚਾਹੀਦਾ ਹੈ ਕਿ ਉਹ ਕਦੇ ਵੀ ਦੇਸ਼ ਦੇ ਹਿੱਤ ਵਾਲੀ ਸਰਕਾਰ ਨਹੀਂ ਹੋ ਸਕਦੀ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਵੀ ਸ਼ਾਮਲ ਹੋਏ। ਮਾਸਟਰ ਹਰਪਾਲ ਸਿੰਘ, ਕੌਂਸਲਰ ਅਜੀਤ ਸਿੰਘ ਭਾਟੀਆ ਤੇ ਸ਼ਿਵਾਨੀ ਕੌਂਸਲਰ ਵੱਡੇ ਜੱਥੇ ਲੈ ਕੇ ਇਸ ਧਰਨੇ ਵਿੱਚ ਸ਼ਾਮਲ ਹੋਏ।

141 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper