Latest News
ਕਿਸਾਨਾਂ ਤੋਂ ਬਾਅਦ ਮਜ਼ਦੂਰ-ਮਾਰੂ ਬਿੱਲ ਵੀ ਪਾਸ

Published on 23 Sep, 2020 11:07 AM.

ਨਵੀਂ ਦਿੱਲੀ : ਸਾਂਸਦਾਂ ਦੇ ਕੋਰੋਨਾ ਦੇ ਅੜਿੱਕੇ ਆਉਣ ਦੀ ਚਿੰਤਾ ਦਰਮਿਆਨ ਰਾਜ ਸਭਾ ਬੁੱਧਵਾਰ ਅਣਮਿੱਥੇ ਸਮੇਂ ਲਈ ਉਠ ਗਈ, ਪਰ ਇਸ ਤੋਂ ਪਹਿਲਾਂ ਉਸ ਨੇ ਆਪੋਜ਼ੀਸ਼ਨ ਮੈਂਬਰਾਂ ਦੀ ਗੈਰ-ਹਾਜ਼ਰੀ ਵਿਚ ਤਿੰਨ ਲੇਬਰ ਕੋਡ ਪਾਸ ਕਰ ਦਿੱਤੇ, ਜਿਨ੍ਹਾਂ ਨਾਲ ਮਜ਼ਦੂਰਾਂ ਦੇ ਹੱਕਾਂ ਨੂੰ ਖੋਰਾ ਲੱਗੇਗਾ। ਉਸ ਨੇ ਜੰਮੂ-ਕਸ਼ਮੀਰ ਸਰਕਾਰੀ ਭਾਸ਼ਾ ਬਿੱਲ ਵੀ ਪਾਸ ਕਰ ਦਿੱਤਾ, ਜਿਸ ਵਿਚ ਪੰਜਾਬੀ ਨੂੰ ਬਾਹਰ ਰੱਖਿਆ ਗਿਆ ਹੈ।
ਆਪੋਜ਼ੀਸ਼ਨ ਮੈਂਬਰਾਂ ਨੇ ਸੰਸਦ ਕੰਪਲੈਕਸ ਵਿਚ ਪਾਸ ਕੀਤੇ ਗਏ ਖੇਤੀ ਬਿੱਲਾਂ ਖਿਲਾਫ ਖਾਮੋਸ਼ ਮਾਰਚ ਕੀਤਾ। ਉਨ੍ਹਾਂ ਵੱਲੋਂ ਚੁੱਕੀਆਂ ਹੋਈਆਂ ਤਖਤੀਆਂ 'ਤੇ ਲਿਖਿਆ ਹੋਇਆ ਸੀ—ਕਿਸਾਨ ਬਚਾਓ, ਮਜ਼ਦੂਰ ਬਚਾਓ, ਜਮਹੂਰੀਅਤ ਬਚਾਓ। ਮਹਾਤਮਾ ਗਾਂਧੀ ਦੇ ਬੁੱਤ ਤੋਂ ਅੰਬੇਡਕਰ ਦੇ ਬੁੱਤ ਤੱਕ ਕੱਢੇ ਮਾਰਚ ਵਿਚ ਕਾਂਗਰਸ, ਤ੍ਰਿਣਮੂਲ ਕਾਂਗਰਸ, ਸੀ ਪੀ ਆਈ, ਸੀ ਪੀ ਆਈ-ਐੱਮ, ਡੀ ਐੱਮ ਕੇ, ਆਰ ਜੇ ਡੀ, ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ ਤੇ ਐੱਨ ਸੀ ਪੀ ਦੇ ਮੈਂਬਰ ਸ਼ਾਮਲ ਹੋਏ। ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਕਿਹਾ ਕਿ ਆਪੋਜ਼ੀਸ਼ਨ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਉਨ੍ਹਾ ਨੂੰ ਲੇਬਰ ਕੋਡ ਬਿੱਲ ਆਪੋਜ਼ੀਸ਼ਨ ਦੀ ਗੈਰਹਾਜ਼ਰੀ ਵਿਚ ਪਾਸ ਨਾ ਕਰਨ ਲਈ ਪੱਤਰ ਲਿਖਿਆ ਸੀ, ਪਰ ਉਨ੍ਹਾ ਰਵਾਇਤਾਂ ਨੂੰ ਦੇਖ ਕੇ ਪਾਸ ਕਰਨ ਦੀ ਆਗਿਆ ਦੇ ਦਿੱਤੀ।
ਪਾਸ ਕੀਤੇ ਲੇਬਰ ਬਿੱਲ ਮੁਤਾਬਕ 300 ਵਰਕਰਾਂ ਵਾਲੀ ਕੰਪਨੀ ਸਰਕਾਰ ਤੋਂ ਪੁੱਛੇ ਬਿਨਾਂ ਵਰਕਰਾਂ ਨੂੰ ਕੱਢ ਸਕਦੀ ਹੈ। ਲੇਬਰ ਮੰਤਰੀ ਸੰਤੋਸ਼ ਗੰਗਵਾਰ ਨੇ ਦਲੀਲ ਦਿੱਤੀ ਕਿ ਹੱਦ 100 ਵਰਕਰਾਂ ਤੱਕ ਰੱਖਣ 'ਤੇ ਕੰਪਨੀਆਂ ਜ਼ਿਆਦਾ ਵਰਕਰ ਨਹੀਂ ਰਖਦੀਆਂ ਸਨ। ਉਹ ਜਾਣ-ਬੁਝ ਕੇ ਵਰਕਰਾਂ ਦੀ ਗਿਣਤੀ ਘੱਟ ਰੱਖਦੀਆਂ ਸਨ।
ਉਨ੍ਹਾ ਦਾਅਵਾ ਕੀਤਾ ਕਿ ਇਸ ਨਾਲ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਲੋਕ ਸਭਾ ਨੇ ਲੇਬਰ ਕੋਡ ਮੰਗਲਵਾਰ ਹੀ ਪਾਸ ਕਰ ਦਿੱਤੇ ਸਨ। ਰਾਸ਼ਟਰਪਤੀ ਦੀ ਮਨਜ਼ੂਰੀ ਦੇ ਬਾਅਦ ਇਹ ਕਾਨੂੰਨ ਬਣ ਜਾਣਗੇ। 1952 ਤੋਂ ਬਾਅਦ ਰਾਜ ਸਭਾ ਦਾ ਇਹ ਦੂਜਾ ਸਭ ਤੋਂ ਛੋਟਾ ਸੈਸ਼ਨ ਰਿਹਾ। 14 ਤੋਂ 23 ਸਤੰਬਰ ਤੱਕ ਸਿਰਫ 10 ਬੈਠਕਾਂ ਹੋਈਆਂ, ਜਦਕਿ ਇਕ ਅਕਤੂਬਰ ਤੱਕ 18 ਬੈਠਕਾਂ ਕਰਨੀਆਂ ਤੈਅ ਸਨ। 20 ਅਗਸਤ 1979 ਨੂੰ ਸਿਰਫ ਇਕ ਦਿਨ ਦਾ ਅਜਲਾਸ ਹੋਇਆ ਸੀ, ਕਿਉਂਕਿ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੇ ਉਸੇ ਦਿਨ ਅਸਤੀਫਾ ਦੇ ਦਿੱਤਾ ਸੀ।

317 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper