Latest News
ਸ਼ਹੀਦੇ ਆਜ਼ਮ ਦੇ ਜਨਮ ਦਿਨ ਸਮਾਗਮ ਦੀਆਂ ਤਿਆਰੀਆਂ ਮੁਕੰਮਲ

Published on 26 Sep, 2020 10:44 AM.


ਜਲੰਧਰ : ਸ਼ਹੀਦੇ ਆਜ਼ਮ ਭਗਤ ਸਿੰਘ ਦੇ 113 ਸਾਲਾ ਜਨਮ ਦਿਨ ਮੌਕੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਹੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਤਿਆਰੀ ਕਮੇਟੀ ਦੇ ਕਨਵੀਨਰ ਐਡਵੋਕੇਟ ਰਜਿੰਦਰ ਮੰਡ ਨੇ ਦੱਸਿਆ ਕਿ ਦੋਵਾਂ ਜਥੇਬੰਦੀਆਂ ਨੇ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਦੀ ਪਿਰਤ ਪਾਈ ਹੈ, ਹਰ ਸਾਲ ਇੱਥੇ ਗ਼ਦਰੀ ਬਾਬਿਆਂ ਦੀ ਯਾਦਗਾਰ ਵਿਖੇ ਨੌਜਵਾਨ ਪੀੜ੍ਹੀ ਜੋਸ਼ੋ-ਖਰੋਸ਼ ਨਾਲ ਭਗਤ ਸਿੰਘ ਦਾ ਜਨਮ ਦਿਨ ਮਨਾਉਂਦੀ ਹੈ। ਇਸ ਵਾਰ ਵੀ ਇਸ ਪ੍ਰੰਪਰਾ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਸਮਾਗਮ ਵਿੱਚ ਪਹੁੰਚ ਰਹੇ ਨੌਜਵਾਨਾਂ, ਵਿਦਿਆਰਥੀਆਂ ਲਈ ਰੋਟੀ-ਚਾਹ ਦੇ ਲੰਗਰ ਦੀ ਤਿਆਰੀ ਕੀਤੀ ਗਈ ਹੈ। ਸਮਾਗਮ ਵਿੱਚ 'ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ' (ਏਟਕ) ਵੱਲੋਂ ਜਗਦੀਸ਼ ਚਾਹਲ ਅਤੇ ਅਵਤਾਰ ਸਿੰਘ ਤਾਰੀ ਦੀ ਅਗਵਾਈ ਵਿੱਚ ਲੱਡੂਆਂ ਅਤੇ ਪਾਣੀ ਦਾ ਲੰਗਰ ਲਾਇਆ ਜਾਵੇਗਾ।
ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਕੌਮੀ ਪ੍ਰਧਾਨ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਭਗਤ ਸਿੰਘ ਦੇ ਜਨਮ ਦਿਨ ਮੌਕੇ ਦੇਸ਼ ਦੀ ਜਵਾਨੀ ਦੀ ਪ੍ਰਮੁੱਖ ਸਮੱਸਿਆ ਬੇਰੁਜ਼ਗਾਰੀ ਦੇ ਹੱਲ ਵਾਸਤੇ 'ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ' ਸਥਾਪਤ ਕਰਨ ਦੀ ਆਵਾਜ਼ ਬੁਲੰਦ ਕੀਤੀ ਜਾਵੇਗੀ। ਵਿੱਦਿਆ, ਇਲਾਜ, ਪਾਣੀ ਦੀ ਸੰਭਾਲ, ਨਸ਼ਾਮੁਕਤੀ ਬਾਰੇ ਜਵਾਨੀ ਨੂੰ ਚੇਤਨ ਕੀਤਾ ਜਾਵੇਗਾ।
ਮੀਡੀਆ ਇੰਚਾਰਜ ਰਾਜੇਸ਼ ਥਾਪਾ ਅਤੇ ਸਭਾ ਦੇ ਸੂਬਾਈ ਸਕੱਤਰ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਨੌਜਵਾਨ ਮੁੰਡੇ-ਕੁੜੀਆਂ 28 ਸਤੰਬਰ ਨੂੰ ਜਲੰਧਰ ਪਹੁੰਚ ਰਹੇ ਹਨ। 28 ਸਤੰਬਰ ਨੂੰ ਜਵਾਨੀ ਆਪਣੇ ਹੱਕਾਂ ਲਈ ਢੋਲ-ਢਮੱਕੇ ਨਾਲ ਗਰਜੇਗੀ।

172 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper