Latest News
ਰਾਮ ਜਨਮ ਭੂਮੀ ਤੋਂ ਬਾਅਦ ਹੁਣ ਕ੍ਰਿਸ਼ਨ ਜਨਮ ਭੂਮੀ ਦਾ ਮਾਮਲਾ ਅਦਾਲਤ 'ਚ

Published on 26 Sep, 2020 10:45 AM.


ਮਥੁਰਾ : ਅਯੁੱਧਿਆ ਦੀ ਸ੍ਰੀ ਰਾਮ ਜਨਮ ਭੂਮੀ ਦਾ ਮਾਮਲਾ ਨਿਬੜਨ ਤੋਂ ਬਾਅਦ ਹੁਣ ਮਥੁਰਾ ਦੀ ਸ੍ਰੀ ਕ੍ਰਿਸ਼ਨ ਜਨਮ ਭੂਮੀ ਦਾ ਮਾਮਲਾ ਕੋਰਟ ਵਿਚ ਪੁੱਜ ਗਿਆ ਹੈ। ਸ਼ੁੱਕਰਵਾਰ ਨੂੰ ਦਾਇਰ ਸਿਵਲ ਮੁਕੱਦਮੇ ਵਿਚ 13.37 ਏਕੜ ਜ਼ਮੀਨ (ਸ੍ਰੀ ਕ੍ਰਿਸ਼ਨ ਜਨਮ ਭੂਮੀ) ਦੇ ਮਾਲਕਾਨਾ ਹੱਕ ਮੰਗੇ ਗਏ ਹਨ। ਨਾਲ ਹੀ ਉਥੋਂ ਸ਼ਾਹੀ ਈਦਗਾਹ ਮਸਜਿਦ ਹਟਾਉਣ ਦੀ ਮੰਗ ਕੀਤੀ ਗਈ ਹੈ। ਦੋਸ਼ ਲਾਇਆ ਗਿਆ ਹੈ ਕਿ ਮਸਜਿਦ ਸ੍ਰੀ ਕ੍ਰਿਸ਼ਨ ਜਨਮ ਭੂਮੀ 'ਤੇ ਬਣਾਈ ਗਈ ਹੈ।
ਪਟੀਸ਼ਨ 'ਭਗਵਾਨ ਸ੍ਰੀ ਕ੍ਰਿਸ਼ਨ ਵਿਰਾਜਮਾਨ' ਦੇ ਨਾਂਅ 'ਤੇ ਕੀਤੀ ਗਈ ਹੈ, ਜਿਸ ਵਿਚ ਉਨ੍ਹਾ ਦੀ ਅੰਤਰੰਗ ਸਖੀ ਦੇ ਤੌਰ 'ਤੇ ਐਡਵੋਕੇਟ ਰੰਜਨਾ ਅਗਨੀਹੋਤਰੀ ਤੇ 6 ਭਗਤ ਸ਼ਾਮਲ ਹਨ। ਪਟੀਸ਼ਨ ਸੁਪਰੀਮ ਕੋਰਟ ਦੇ ਵਕੀਲ ਵਿਸ਼ਣੂ ਸ਼ੰਕਰ ਜੈਨ ਤੋਂ ਦਾਇਰ ਕਰਵਾਈ ਗਈ ਹੈ। ਪਟੀਸ਼ਨ ਮੁਤਾਬਕ ਜਿੱਥੇ ਸ਼ਾਹੀ ਮਸਜਿਦ ਹੈ, ਉਥੇ ਹੀ ਅਸਲ ਕਾਰਾਗਾਰ ਹੈ, ਜਿੱਥੇ ਭਗਵਾਨ ਸ੍ਰੀ ਕ੍ਰਿਸ਼ਨ ਦਾ ਜਨਮ ਹੋਇਆ ਸੀ। ਪਟੀਸ਼ਨ ਵਿਚ ਜ਼ਮੀਨ ਨੂੰ ਲੈ ਕੇ 1968 ਦੇ ਸਮਝੌਤੇ ਨੂੰ ਗਲਤ ਦੱਸਿਆ ਗਿਆ ਹੈ। ਕਈ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਔਰੰਗਜ਼ੇਬ ਨੇ ਪ੍ਰਾਚੀਨ ਕੇਸ਼ਵ ਨਾਥ ਮੰਦਰ ਢਾਹ ਕੇ ਮਸਜਿਦ ਬਣਵਾਈ ਸੀ। 1935 ਵਿਚ ਅਲਾਹਾਬਾਦ ਹਾਈਕੋਰਟ ਨੇ ਵਾਰਾਨਸੀ ਦੇ ਹਿੰਦੂ ਰਾਜਾ ਨੂੰ ਜ਼ਮੀਨ ਦੇ ਕਾਨੂੰਨੀ ਅਧਿਕਾਰ ਸੌਂਪ ਦਿੱਤੇ ਸਨ, ਜਿਸ 'ਤੇ ਮਸਜਿਦ ਖੜ੍ਹੀ ਸੀ। 1951 ਵਿਚ ਸ੍ਰੀ ਕ੍ਰਿਸ਼ਨ ਜਨਮ ਭੂਮੀ ਟਰੱਸਟ ਬਣਾ ਕੇ ਫੈਸਲਾ ਕੀਤਾ ਗਿਆ ਕਿ ਦੁਬਾਰਾ ਮੰਦਰ ਨਿਰਮਾਣ ਕੀਤਾ ਜਾਵੇਗਾ ਤੇ ਉਸ ਦਾ ਪ੍ਰਬੰਧ ਟਰੱਸਟ ਦੇਖੇਗਾ। 1958 ਵਿਚ ਸ੍ਰੀ ਕ੍ਰਿਸ਼ਨ ਜਨਮ ਸਥਾਨ ਸੇਵਾ ਸੰਘ ਨਾਂਅ ਦੀ ਸੰਸਥਾ ਦਾ ਗਠਨ ਕੀਤਾ ਗਿਆ। ਇਸ ਸੰਸਥਾ ਕੋਲ ਕਾਨੂੰਨੀ ਤੌਰ 'ਤੇ ਜ਼ਮੀਨ ਦਾ ਮਾਲਕਾਨਾ ਹੱਕ ਨਹੀਂ ਸੀ, ਫਿਰ ਵੀ ਇਸ ਨੇ ਟਰੱਸਟ ਲਈ ਤੈਅ ਸਾਰੀਆਂ ਜ਼ਿੰਮੇਦਾਰੀਆਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ।
ਸੰਸਥਾ ਨੇ 1964 ਵਿਚ ਜ਼ਮੀਨ 'ਤੇ ਕੰਟਰੋਲ ਕਰਨ ਲਈ ਕੇਸ ਕਰ ਦਿੱਤਾ, ਪਰ ਬਾਅਦ ਵਿਚ ਖੁਦ ਹੀ ਮੁਸਲਿਮ ਧਿਰ ਨਾਲ ਸਮਝੌਤਾ ਕਰ ਲਿਆ। ਸ਼ਾਹੀ ਈਦਗਾਹ ਕਮੇਟੀ ਤੇ ਸ੍ਰੀ ਕ੍ਰਿਸ਼ਨ ਟਰੱਸਟ ਵਿਚਾਲੇ ਸਮਝੌਤਾ ਇਹ ਹੋਇਆ ਕਿ ਜ਼ਮੀਨ ਟਰੱਸਟ ਕੋਲ ਰਹੇਗੀ ਅਤੇ ਮਸਜਿਦ ਦਾ ਪ੍ਰਬੰਧ ਮੁਸਲਿਮ ਕਮੇਟੀ ਕਰੇਗੀ।
ਹੁਣ ਇਸ ਮਾਮਲੇ ਵਿਚ ਪੂਜਾ ਦੀ ਥਾਂ ਬਾਰੇ ਐਕਟ 1991 ਦੀ ਰੁਕਾਵਟ ਹੈ। ਇਸ ਐਕਟ ਮੁਤਾਬਕ ਅਜ਼ਾਦੀ ਦੇ ਦਿਨ (15 ਅਗਸਤ 1947) ਨੂੰ ਜਿਹੜੇ ਧਰਮ ਸਥਾਨ ਜਿਨ੍ਹਾਂ ਭਾਈਚਾਰਿਆਂ ਕੋਲ ਸਨ, ਉਨ੍ਹਾਂ ਕੋਲ ਹੀ ਰਹਿਣਗੇ। ਇਸ ਐਕਟ ਵਿਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਨੂੰ ਛੋਟ ਦਿੱਤੀ ਗਈ ਸੀ। ਪਿਛਲੇ ਸਾਲ 9 ਨਵੰਬਰ ਨੂੰ ਅਯੁੱਧਿਆ ਮਾਮਲੇ ਵਿਚ ਫੈਸਲਾ ਸੁਣਾਉਂਦਿਆਂ ਸੁਪਰੀਮ ਕੋਰਟ ਨੇ ਅਜਿਹੇ ਮਾਮਲਿਆਂ ਵਿਚ ਕਾਸ਼ੀ ਤੇ ਮਥੁਰਾ ਸਮੇਤ ਦੇਸ਼ ਵਿਚ ਨਵੀਂ ਮੁਕੱਦਮੇਬਾਜ਼ੀ ਲਈ ਦਰਵਾਜ਼ਾ ਬੰਦ ਕਰ ਦਿੱਤਾ ਸੀ। ਅਯੁੱਧਿਆ ਮਾਮਲੇ ਵਿਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਅਦਾਲਤਾਂ ਇਤਿਹਾਸਕ ਗਲਤੀਆਂ ਨਹੀਂ ਸੁਧਾਰ ਸਕਦੀਆਂ।

167 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper